ਵਿਦੇਸ਼ » ਸਿੱਖ ਖਬਰਾਂ

ਨਨਕਾਣਾ ਸਾਹਿਬ ਵਿਚ ਕਬਜ਼ੇ ਛੁਡਾਉਣ ਗਏ ਪੁਲਿਸ ਮੁਲਾਜ਼ਮਾਂ ਅਤੇ ਕਬਜ਼ਾਧਾਰੀਆਂ ਵਿਚ ਖੂਨੀ ਟਕਰਾਅ

May 15, 2016 | By

ਨਨਕਾਣਾ ਸਾਹਿਬ: ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਸਥਿਤ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਗਏ ਮਹਿਕਮਾ ਓਕਾਫ (ਵਕਫ ਬੋਰਡ) ਅਤੇ ਕਬਜ਼ਾਧਾਈਆਂ ਵਿਚ ਹੋਏ ਖੂਨੀ ਟਕਰਾਅ ਵਿਚ 11 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮਹਿਕਮਾ ਓਕਾਫ ਵਲੋਂ ਸਮੇਂ-ਸਮੇਂ ’ਤੇ ਮੁਸਲਮਾਨ ਪਰਿਵਾਰਾਂ ਨੂੰ ਕਿਰਾਏ ’ਤੇ ਦਿੱਤੀਆਂ ਗਈਆਂ ਸਨ।

nankana sahib incident 1

ਘਟਨਾ ਉਦੋਂ ਵਾਪਰੀ ਜਦੋਂ ਓਕਾਫ ਦੇ ਚੇਅਰਮੈਨ ਜਨਾਬ ਸਦੀਕ ਉਲ ਫਾਰੂਕ ਦੀ ਅਗਵਾਈ ਵਿਚ ਓਕਾਫ ਦੇ ਕਰਮਚਾਰੀ ਨਨਕਾਣਾ ਸਾਹਿਬ ਸ਼ਹਿਰ ਦੇ ਇਲਾਕੇ ਕੋਟ ਸਨਤ ਰਾਮ ਬਾਈਪਾਸ ਵਿਖੇ ਪੁੱਜੇ ਜਿਥੇ ਇਕ ਮੁਸਲਮਾਨ ਪਰਿਵਾਰ ਵਲੋਂ ਕਰੀਬ 7 ਕਨਾਲ ਜਗ੍ਹਾ ’ਚ ਘਰ ਬਣਾਏ ਸਨ।

nankana sahib incident 2

ਭੜਕੇ ਮੁਸਲਮਾਨ ਪਰਿਵਾਰਾਂ ਦੇ ਮੈਂਬਰਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰਵਾਰ ਮੁੱਖ ਦਰਵਾਜ਼ੇ ਦੇ ਸਾਹਮਣੇ ਬਣੇ ਪਾਕਿਸਤਾਨ ਓਕਾਫ ਬੋਰਡ ਦੇ ਸਮੁੱਚੇ ਦਫਤਰ ਨੂੰ ਅੱਗ ਲਗਾ ਦਿੱਤੀ। ਜਿਸ ਦੇ ਸਿੱਟੇ ਵਜੋਂ ਦਫਤਰ ਦੇ ਸਾਰੇ ਰਿਕਾਰਡ ਸਮੇਤ ਪੰਜ ਮੋਟਰਸਾਈਕਲ, ਜੋ ਓਕਾਫ ਬੋਰਡ ਦੇ ਮੁਲਾਜ਼ਮਾਂ ਦੇ ਸਨ, ਸੜ ਗਏ।

ਇਸ ਦੇ ਨਾਲ ਹੀ ਭੜਕੇ ਲੋਕਾਂ ਨੇ ਚੇਅਰਮੈਨ ਸਦੀਕ ਉਲ ਫਾਰੂਕ ਦੀ ਸਰਕਾਰੀ ਗੱਡੀ ਸਮੇਤ ਹੋਰ ਗੱਡੀਆਂ ਦੀ ਭੰਨ ਤੋੜ ਕੀਤੀ।

ਘਟਨਾ ਦੀ ਨਿੰਦਾ ਕਰਦੇ ਹੋਏ ਓਕਾਫ ਦੇ ਚੇਅਰਮੈਨ ਸਿਦੀਕੁਲ ਫਾਰੂਕ ਨੇ ਇਲਜ਼ਾਮ ਲਾਇਆ ਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਐਮ.ਪੀ.ਏ. ਜ਼ੁਲਕਰਨੈਨ ਹੈਦਰ ਅਤੇ ਸਥਾਨਕ ਕੌਂਸਲਰ ਚੌਧਰੀ ਰਿਆਜ਼ ਹੀ ਅਸਲ ਵਿਚ ਭੂ-ਮਾਫੀਆ ਦੇ ਪਿੱਛੇ ਹਨ। ਇਨ੍ਹਾਂ ਦੇ ਗਰੁੱਪਾਂ ਨੇ ਹੀ 45 ਕਨਾਲ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਜਿਸਦੀ ਬਜ਼ਾਰ ਕੀਮਤ 4 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਰਿਆਜ਼ ਹੀ ਅਸਲ ਵਿਚ ਓਕਾਫ ਦੇ ਦਫਤਰ ਨੂੰ ਅੱਗ ਲਾਉਣ ਦਾ ਮਾਸਟਰ ਮਾਈਂਡ ਹੈ।

ਫਾਰੂਕ ਨੇ ਦੱਸਿਆ ਕਿ ਸਰਕਾਰ ਦੇ ਕੰਮ ’ਚ ਵਿਘਨ ਪਾਉਣ ਲਈ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਜਗ੍ਹਾ ਟਰੱਸਟ ਦੀ ਹੈ ਅਤੇ ਟਰੱਸਟ ਇਸਤੇ ਆਪਣਾ ਮਾਲਕਾਨਾ ਹੱਕ ਬਰਕਰਾਰ ਰੱਖੇਗਾ।

nankana sahib incident 4

ਚੇਅਰਮੈਨ ਫਾਰੂਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੰਜਾਬ ਦੇ ਮੁਖ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਦੇ ਦਿੱਤੀ ਅਤੇ ਸ਼ਹਿਬਾਜ਼ ਸ਼ਰੀਫ ਨੇ ਆਈ.ਜੀ.ਪੀ. ਪੰਜਾਬ ਤੋਂ ਸਾਰੀ ਘਟਨਾ ਦੀ ਜਾਣਕਾਰੀ ਮੰਗੀ ਹੈ।

ਖ਼ਬਰ ਲਿਖੇ ਜਾਣ ਤਕ ਸਿਟੀ ਪੁਲਿਸ ਨਾਜਾਇਜ਼ ਕਾਬਜ਼ਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਕਈ ਲੋਕਾਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,