ਲੇਖ

ਮਾਰਨ ਖੰਡੀ ਨੰਨ੍ਹੀ ਛਾਂ – ਇਹ ਥੱਪੜ ਬਾਦਲ ਦੇ ਪੇਸ਼ ਆਉਣਗੇ

December 6, 2011 | By

– ਕੁਲਵੰਤ ਸਿੰਘ ਢੇਸੀ

ਪੰਜਾਬ ਦੇ ਮੁੱਖ ਮੰਤ੍ਰੀ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਨੰਨ੍ਹੀ ਛਾਂ ਦੇ ਸੰਗਤ ਦਰਸ਼ਨਾਂ ਵਿਚ ਇੱਕ ਵਰਿੰਦਰ ਕੌਰ ਨਾਮੀ ਸਿੱਖ ਟੀਚਰ ਉਤੇ ਪਹਿਲਾਂ ਪੁਲਿਸ ਅਤੇ ਫਿਰ ਬਾਦਲ ਅਕਾਲੀ ਦਲ ਦੇ ਇੱਕ ਸਰਪੰਚ ਵਲੋਂ ਕੀਤੀ ਗੁੰਡਾ ਗਰਦੀ ਨੇ ਦੁਨੀਆਂ ਭਰ ਵਿਚ ਬੈਠੇ ਸਿੱਖ ਹਿਰਦਿਆਂ ਨੂੰ ਬੁਰੀ ਤਾਂ ਵਲੂੰਧਰਿਆ ਹੈ ਅਤੇ ਜਾਪਦਾ ਹੈ ਕਿ ਇਸ ਗੁੰਡਾਗਰਦੀ ਦੀ ਬਾਦਲ ਅਕਾਲੀ ਦਲ ਨੂੰ ਵੱਡੀ ਕੀਮਤ ਅਦਾ ਕਰਨੀ ਪਏਗੀ। ਜੇਕਰ ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾਂ ਸਬੰਧੀ ਆਪਣੇ ਸੌਹਰਾ ਸਾਹਬ ਵਾਂਗ ਸਿਰ ਮਾਰਮੀ ਨੀਤੀ ਅਪਣਾਈ ਰੱਖੀ ਤਾਂ ਫਿਰ ਜਿਥੇ ਉਸ ਦੀ ਨੰਨ੍ਹੀ ਛਾ ਦੀ ਲਫਾਫੇਬਾਜੀ ਦੀ ਫੂਕ ਨਿਕਲ ਜਾਵੇਗੀ ਉਥੇ ਰੋਹ ਵਿਚ ਆਈ ਹੋਈ ਪੰਜਾਬ ਦੀ ਅਬਲਾ ਲੱਗਦੇ ਵਾਹ ਉਸ ਦਾ ਤੂੰਬਾ ਤੂੰਬਾ ਉਡਾ ਦੇਵੇਗੀ। ਚੇਤੇ ਰਹੇ ਕਿ ਇਹ ਘਟਨਾਂ ਉਸ ਵੇਲੇ ਹੋਈ ਹੈ ਜਦੋਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖਰ ਏ ਕੌਮ’ ਅਤੇ ‘ਪੰਥ ਰਤਨ’ ਦੇ ਸਨਮਾਨ ਦੇ ਕੇ ਨਿਵਾਜਿਆ ਜਾ ਰਿਹਾ ਸੀ। ਸ: ਬਾਦਲ ਨੂੰ ਇਹ ਸਨਮਾਨ ਸ੍ਰੀ ਅਨੰਦਪੁਰ ਸਾਹਿਬ ਦੇ ਮੀਨਾਰੇ ਖਾਲਸਾ, ਛੋਟੇ ਘੱਲੂਘਾਰੇ ਦੀ ਯਾਦਗਾਰ, ਵੱਡੇ ਘੱਲੂਘਾਰੇ ਦੀ ਯਾਦਗਾਰ ਅਤੇ ਬਾਬਾ ਬੰਦਾ ਸਿੰਘ ਦੀ ਜੰਗੀ ਯਾਦਗਾਰ ਬਣਾਏ ਜਾਣ ਲਈ ਦਿੱਤਾ ਗਿਆ ਹੈ। ਸੱਚ ਇਹ ਹੈ ਕਿ ਇਹਨਾਂ ਯਾਦਗਾਰਾਂ ਦੇ ਉਦਘਾਟਨ ਬਾਦਲ ਨੇ ਆ ਰਹੀਆਂ ਅਸੈਂਬਲੀ ਚੋਣਾਂ ਨੂੰ ਦੇਖ ਕੇ ਬਹੁਤ ਕਾਹਲੀ ਨਾਲ ਕੀਤੇ ਹਨ ਭਾਵੇਂ ਕਿ ਇਹਨਾਂ ਵਿਚੋਂ ਕੁੱਝ ਇੱਕ ਦੀ ਅਜੇ ਤਿਆਰੀ ਵੀ ਨਹੀਂ ਸੀ ਹੋਈ । ਕਿਸੇ ਵੀ ਕਾਇਦੇ ਕਾਨੂੰਨ ਨੂੰ ਧਿਆਨ ਵਿਚ ਨਾਂ ਰੱਖਕੇ ਜਥੇਦਾਰ ਅਕਾਲ ਤਖਤ ਵਲੋਂ ਸ: ਬਾਦਲ ਨੂੰ ਦਿੱਤੇ ਜਾ ਰਹੇ ਸਨਮਾਨ ਦੀ ਦੁਨੀਆਂ ਭਰ ਵਿਚ ਜਦੋਂ ਬੁਰੀ ਤਰਾਂ ਨਖੇਧੀ ਹੋ ਰਹੀ ਸੀ ਤਾਂ ਅਚਾਨਕ ਹੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨਾਂ ਦੌਰਾਨ ਬਾਦਲ ਅਕਾਲੀ ਦਲ ਦੇ ਇੱਕ ਸਰਪੰਚ ਵਲੋਂ ਪੂਰੀ ਬਦਮਾਸ਼ੀ ਨਾਲ ਇੱਕ ਸਿੱਖ ਟੀਚਰ ਦੇ ਗਲਮੇ ਨੂੰ ਧੂਹਣਾਂ ਅਤੇ ਉਸ ਅਬਲਾ ਦਾ ਮੂੰਹ ਚਪੇੜਾਂ ਨਾਲ ਭੰਨਣ ਦੀ ਖਬਰ ਨੇ ਦਿੱਲੀ ਤਕ ਦੇ ਰਾਜਸੀ ਗਲਿਆਰਿਆਂ ਨੂੰ ਤਾਅ ਦਿੱਤਾ ਹੈ।

ਪਿਛਲੇ ਕਾਫੀ ਅਰਸੇ ਤੋਂ ਬਾਦਲ ਰਾਜ ਵਿਚ ਕਦੀ ਨੂਰਮਹਿਲੀਏ ਅਸ਼ੂਤੋਸ਼ ਵਲੋਂ ਸਿੱਖ ਸਨਮਾਨ ਨੂੰ ਚੈਲੰਜ ਕਰਨ ਦਾ ਮੁੱਦਾ ਭਖਿਆ ਹੈ , ਕਦੀ ਸੌਦੇ ਵਾਲੇ ਵਲੋਂ ਸਿੱਖ ਪੰਥ ਦੀ ਅਣਖ ਨੂੰ ਵੰਗਾਰ ਕੇ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਕਰਨ ਦੇ ਮੁੱਦੇ ਨੇ ਸਿੱਖ ਸਮ੍ਹੂ ਦੀ ਜ਼ਮੀਰ ਨੂੰ ਬੁਰੀ ਤਰਾਂ ਜ਼ਖਮੀ ਕੀਤਾ ਹੈ, ਕਦੀ ਧਰਨੇ ਤੇ ਬੈਠੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਤੇ ਪੁਲਿਸ ਨੇ ਅਣਮਨੁੱਖੀ ਜ਼ਾਲਮਾਨਾਂ ਕਾਰਵਾਈਆਂ ਕੀਤੀਆਂ ਹਨ, ਕਦੀ ਸਿੱਖ ਦੀ ਦਸਤਾਰ ਨੂੰ ਪੁਲਿਸ ਵਲੋਂ ਸਾਰੀ ਦੁਨੀਆਂ ਸਾਹਮਣੇ ਉਛਾਲਿਆ ਗਿਆ ਹੈ ਅਤੇ ਕਦੀ ਅਡਵਾਨੀ ਦੇ ਦੌਰੇ ਦੌਰਾਨ ਪੁਲਿਸ ਵਲੋਂ ਸਿੱਖ ਸਰੂਪ ਨੂੰ ਸਤਾਇਆ ਅਤੇ ਉਸ ਦਾ ਮਖੌਲ ਉਡਾਇਆ ਗਿਆ ਹੈ। ਬੇਸ਼ਕ ਪੰਜਾਬ ਦੇ ਵੱਡੇ ਹਿੱਸੇ ਤੇ ਛਾਏ ਹੋਏ ਬਾਦਲ ਅਤੇ ਬੀ ਜੇ ਪੀ ਪੱਖੀ ਮੀਡੀਏ ਨੇ ਇਹਨਾਂ ਅਣਮਨੁੱਖੀ ਕਾਰਵਾਈਆਂ ਦੀ ਕਵਰੇਜ ਉਸ ਹਿਸਾਬ ਨਹੀਂ ਕੀਤੀ ਜਿਵੇਂ ਕਿ ਕਰਨੀ ਚਾਹੀਦੀ ਸੀ ਪਰ ਤਾਂ ਵੀ ਮੀਡੀਏ ਦੇ ਬੋਲ ਬਾਲੇ ਵਾਲੇ ਇਸ ਯੁੱਗ ਵਿਚ ਕਿਸੇ ਵੀ ਜ਼ੁਲਮ ਅਤੇ ਧਾਂਦਲੀ ਨੂੰ ਲੁਕਾਉਣਾਂ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਅਣਮਨੁੱਖੀ ਕਾਰਵਾਈਆਂ ਦੀ ਬਾਦਲ ਸਰਕਾਰ ਨੂੰ ਨੇੜਲੇ ਭਵਿੱਖ ਵਿਚ ਵੱਡੀ ਕੀਮਤ ਤਾਰਨੀ ਪਏਗੀ। ਸਿੱਖਾਂ ਦਾ ਧਿਆਨ ਧਾਰਮਕ ਸਮਾਰਕਾਂ ਵਲ ਖਿਚ ਕੇ ਸਰਦਾਰ ਬਾਦਲ ਨਾਂ ਤਾਂ ਸੂਬੇ ਦੇ 47 ਲੱਖ ਬੇਰੁਜ਼ਗਾਰ ਨੌਜਵਾਨਾਂ ਦੇ ਸੱਚ ਤੇ ਪਰਦਾ ਪਾ ਸਕਦਾ ਹੈ ਅਤੇ ਨਾਂ ਹੀ ਖੁਦਕਸ਼ੀਆਂ ਨੂੰ ਪਹੁੰਚੀ ਕਿਸਾਨੀ ਦੇ ਮੁੱਦੇ ਨੂੰ ਹੀ ਢੱਕ ਸਕਦਾ ਹੈ। ਚੇਤੇ ਰਹੇ ਕਿ ਭਾਰਤ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਦੇ ਸਬੰਧ ਵਿਚ ਪੰਜਾਬ ਦਾ ਤੀਸਰਾ ਸਥਾਨ ਹੈ ਅਤੇ ਸਾਖਰਤਾ ਵਿਚ ਤਾਂ ਪੰਜਾਬ ਦਿਨੋਂ ਦਿਨ ਥੱਲੇ ਹੀ ਥੱਲੇ ਖਿਸਕ ਰਿਹਾ ਹੈ।
ਆਪਣੇ ਕਰਮਚਾਰੀਆਂ ਕੋਲੋਂ ‘ਫਖਰ ਏ ਖਾਲਸਾ’ ਦਾ ਸਨਮਾਨ ਲੈ ਕੇ ਜਸ਼ਨ ਮਨਾ ਰਹੇ ਬਾਦਲ ਨੂੰ ਇਹ ਜਾਣਕੇ ਪ੍ਰੇਸ਼ਾਨੀ ਜਰੂਰ ਹੋਵੇਗੀ ਕਿ ਕੌਮ ਨੇ ਉਸ ਦੇ ਸਨਮਾਨ ਤੇ ਸਹੀ ਹਰਗਿਜ਼ ਨਹੀਂ ਪਾਈ। ਦੁਨੀਆਂ ਭਰ ਵਿਚ ਬੈਠਾ ਖਾਲਸਾ ਅੱਜ ਆਪਣੇ ਆਜ਼ਾਦ ਮੀਡੀਏ ਰਾਂਹੀਂ ਬਾਦਲੀ ਡਰਾਮੇਂ ਦਾ ਭਾਂਡਾ ਭੰਨਦੇ ਹੋਏ ਖੁਦ ਤਹਿ ਕਰਨ ਵਾਲਾ ਹੈ ਕਿ ਖਾਲਸੇ ਨੇ ਪੰਥ ਰਤਨ ਜਾਂ ਫਖਰ ਏ ਕੌਮ ਵਰਗੇ ਸਨਮਾਨ ਕਿਸ ਨੂੰ ਦੇਣੇ ਹਨ। ਕਾਸ਼ ਬਾਦਲ ਹੱਥੀਂ ਵਿਕਾਊ ਡਰੂ ਬਿਰਤੀ ਵਾਲੇ ਜਥੇਦਾਰਾਂ ਅਤੇ ਜ਼ਰਖ੍ਰੀਦ ਪ੍ਰਧਾਨਾਂ ਨੂੰ ਸਿੱਖ ਕੌਮ ਦੀ ਧੜਕਨ ਦਾ ਅਹਿਸਾਸ ਹੁੰਦਾ ਕਿ ਆਜ਼ਾਦ ਖਾਲਸਾ ਕੀ ਚਾਹੁੰਦਾ ਹੈ। ਅੱਜ ਜਿੰਨੇ ਮਾਣ ਨਾਲ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਗੁਰਨਾਮ ਕੌਰ ਨੂੰ ਪੰਥ ਵਿਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਸ ਦੇ ਮੁਕਾਬਲੇ ਬਾਦਲ ਦੇ ਸ਼ਾਹੀ ਯਤਨ ਤਾਂ ਪਾਂ ਪਾਂਸਕ ਵੀ ਨਹੀਂ ਹਨ। ਸਿਆਣੇ ਕਹਿੰਦੇ ਹਨ ਕਿ ਕਿਸੇ ਬੇਇੱਜ਼ਤ ਵਿਅਕਤੀ ਦੀ ਬਰਾਤੇ ਜਾਣ ਨਾਲੋਂ ਕਿਸੇ ਇੱਜ਼ਤਦਾਰ ਦੇ ਜਨਾਜੇ ਵਿਚ ਜਾਣਾਂ ਵਧੇਰੇ ਸਨਮਾਨ ਦਾਇਕ ਹੁੰਦਾ ਹੈ। ਜੇਕਰ ਬਾਦਲ ਵਰਗਾ ਘਾਗ ਸਿਆਸਤ ਦਾਨ ਏਨੀ ਗੱਲ ਵੀ ਨਹੀਂ ਸਮਝਦਾ ਤਾਂ ਹੁਣ ਓਹ ਵਾਕਈ ‘ਸੱਤਰਾਂ ਕਾ ਮੱਤ ਹੀਣ’ ਹੋ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,