ਸਿਆਸੀ ਖਬਰਾਂ » ਸਿੱਖ ਖਬਰਾਂ

ਦਰਬਾਰ ਸਾਹਿਬ ਦੀ ਤਸਵੀਰ ਨੂੰ ਆਪਣੇ ਪ੍ਰਚਾਰ ਲਈ ਵਰਤਣ ਕਰਕੇ ਐਨ.ਡੀ.ਟੀ.ਵੀ.ਮੁਆਫੀ ਮੰਗੇ:ਸ਼੍ਰੋਮਣੀ ਕਮੇਟੀ

October 4, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਲੋਗੋ ਵਿੱਚ ਪ੍ਰਚਾਰ ਪੋਸਟਰਾਂ ਉਪਰ ਦਰਬਾਰ ਸਾਹਿਬ ਦੀ ਤਸਵੀਰ ’ਤੇ ਗਾਂਧੀ ਦੀਆਂ ਐਨਕਾਂ, ਡਿਟੋਲ ਅਤੇ ਹਾਰਪਿੱਕ ਦੀ ਮਸ਼ਹੂਰੀ ਲਗਾਉਣ ‘ਤੇ ਐਨ.ਡੀ.ਟੀ.ਵੀ. ਚੈਨਲ ਨੂੰ ਸਮੁੱਚੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਐਨ.ਡੀ.ਟੀ.ਵੀ. ਚੈਨਲ ਵੱਲੋਂ ਪਹਿਲਾਂ ਪ੍ਰਚਾਰ ਕਰਨ ਲਈ ਆਪਣਾ ਸੈਟ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵੱਲ ਪਿੱਠ ਕਰਕੇ ਲਗਾਇਆ ਗਿਆ ਸੀ।

ਮੋਦੀ ਦੇ ਸਵੱਛ ਭਾਰਤ ਅਭਿਆਨ ਦਾ ਪ੍ਰਚਾਰ ਕਰਨ ਲਈ ਐਨ.ਡੀ.ਟੀ.ਵੀ. ਦੀ ਟੀਮ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਨੇੜੇ ਆਪਣਾ ਪ੍ਰੋਗਰਾਮ ਪੇਸ਼ ਕਰਦੀ ਹੋਈ

ਮੋਦੀ ਦੇ ਸਵੱਛ ਭਾਰਤ ਅਭਿਆਨ ਦਾ ਪ੍ਰਚਾਰ ਕਰਨ ਲਈ ਐਨ.ਡੀ.ਟੀ.ਵੀ. ਦੀ ਟੀਮ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਨੇੜੇ ਆਪਣਾ ਪ੍ਰੋਗਰਾਮ ਪੇਸ਼ ਕਰਦੀ ਹੋਈ

ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਧਾਰਮਿਕ ਮਰਯਾਦਾ ਨੂੰ ਮੁੱਖ ਰੱਖਦਿਆਂ ਹਟਾਇਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਜਿਹੇ ਮੁਕੱਦਸ ਅਸਥਾਨ ਦੀ ਤਸਵੀਰ ’ਤੇ ਐਨ.ਡੀ.ਟੀ.ਵੀ. ਚੈਨਲ ਵੱਲੋਂ ਪ੍ਰਚਾਰ ਪੋਸਟਰਾਂ ਤੇ ਗਾਂਧੀ ਦੀ ਐਨਕ ਅਤੇ ਡਿਟੋਲ, ਹਾਰਪਿੱਕ ਦੀ ਮਸ਼ਹੂਰੀ ਲਗਾਉਣੀ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਧਰਮ ਨੂੰ ਪ੍ਰਚਾਰ ਖਾਤਰ ਵਰਤਣਾ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਜਿਸ ਦਾ ਅਪਮਾਨ ਕਰਨ ‘ਤੇ ਐਨ.ਡੀ.ਟੀ.ਵੀ. ਚੈਨਲ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,