ਆਮ ਖਬਰਾਂ » ਸਿੱਖ ਖਬਰਾਂ

ਪਟਿਆਲਾ ਘਟਨਾ ਦੀ ਆੜ ਵਿੱਚ ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ ਤੇ ਪਰਦਾਪੋਸ਼ੀ ਦੀ ਕੋਸ਼ਿਸ਼: ਖਾਲੜਾ ਮਿਸ਼ਨ

April 20, 2020 | By

ਤਰਨਤਾਰਨ ਸਾਹਿਬ: ਸੂਬੇ ਵਿਚ ਸਰਗਰਮ ਕਈ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਉੱਤੇ ਕਿਹਾ ਹੈ ਕਿ ਜੇਕਰ ਪੁਲਿਸ ਹਲੀਮੀ ਨਾਲ ਨਿਹੰਗ ਸਿੰਘਾਂ ਨਾਲ ਵਰਤਾਓ ਕਰਦੀ ਹੈ ਤਾਂ ਲੰਘੇ ਐਤਵਾਰ ਪਟਿਆਲਾ ਸਬਜੀ ਮੰਡੀ ਵਿਚ ਵਾਪਰੀ ਮੰਦਭਾਗੀ ਘਟਨਾ ਟਲ ਸਕਦੀ ਸੀ। ਕਦੋਂ ਘਟਨਾ ਮੌਕੇ ਸਿਰਫ ਵਿਅਕਤੀ ਸਨ ਅਤੇ ਕਲੇਸ਼ ਇੱਕ ਜਾਂ ਦੋ ਨਾਲ ਹੋਇਆ ਸੀ ਤਾਂ ਪੁਲਿਸ ਨੇ ਹੈਂਕੜ ਅਤੇ ਖੁੰਦਕ ਕਾਰਨ 11 ਲੋਕਾਂ ਉੱਤੇ ਪਰਚਾ ਦਰਜ਼ ਕਰਕੇ ਅਤੇ ਸਮੇਤ ਇਕ ਬੀਬੀ ਦੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਕਾਰਨ ਹੀ ਲਾਹਨਤ ਖੱਟੀ ਹੈ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਬੀਬੀ ਪਰਮਜੀਤ ਕੌਰ ਖਾਲੜਾ, ਸਤਵਿੰਦਰ ਸਿੰਘ ਪਲਾਸੌਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਲਾਇਰਜ ਫਾਰ ਹਿਊਮਨ ਐਂਡ ਡੈਮੋਕਰੇਟਿਕ ਰਾਈਟਸ ਦੇ ਐਡਵੋਕੇਟ ਬਲਵੰਤ ਸਿੰਘ ਢਿਲੋਂ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਦੀ ਨਿਰਪੱਖ ਅਦਾਲਤੀ ਪੜਤਾਲ ਹੋਣੀ ਚਾਹੀਦੀ ਹੈ।

ਜਥੇਬੰਦੀਆਂ ਨੇ ਕਿਹਾ ਕਿ “ਜਿਨ੍ਹਾਂ ਪੰਜਾਬ ਦੀ ਜਵਾਨੀ ਅਤੇ ਧੀਆਂ-ਭੈਣਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤਾ, ਜਿਨ੍ਹਾਂ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਤਬਾਹ ਕੀਤੀ, ਜਿਨ੍ਹਾਂ ਬੇਅਦਬੀਆਂ ਕਰਵਾਈਆਂ ਉਹ ਕਿਹੜੇ ਮੂੰਹ ਨਾਲ ਕਾਨੂੰਨ ਦੀ ਦੁਹਾਈ ਪਾ ਰਹੇ ਹਨ?” 

ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਪੁਲਿਸ ਨੂੰ ਕਾਨੂੰਨ ਦੀਆਂ ਹੱਦਾਂ ਵਿੱਚ ਰੱਖਣ ਦੀ ਬਜਾਏ ਲੋਕਾਂ ਉਪਰ ਜੁਲਮ ਢਾਹੁਣ ਲਈ ਉਤਸ਼ਾਹਤ ਕਰ ਰਹੀ ਹੈ। 

“ਜਦੋਂ ਕਿ ਕੈਪਟਨ ਸਰਕਾਰ ਨੇ ਹੀ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਬਣਾਇਆ ਸੀ ਜਿਸਨੇ ਹਜ਼ਾਰਾਂ ਝੂਠੇ ਪਰਚੇ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਅੱਜ ਫੇਰ ਪਟਿਆਲਾ ਘਟਨਾ ਕਾਰਨ ਅਤੇ ਕਰੋਨਾ ਵਾਇਰਸ ਖਿਲਾਫ ਲੜਨ ਦੀ ਆੜ ਵਿੱਚ ’84 ਦੇ ਦੋਸ਼ੀ, ਬੇਅਦਬੀਆਂ ਦੇ ਦੋਸ਼ੀ, ਨਸ਼ਿਆਂ ਦੇ ਦੋਸ਼ੀ, ਝੂਠੇ ਮੁਕਾਬਲਿਆਂ ਦੇ ਦੋਸ਼ੀ ਅਤੇ ਹਾਮੀ ਇਕ ਮੰਚ ਤੇ ਇਕੱਠੇ ਹੋ ਗਏ ਹਨ”, ਉਨਾਂ ਅੱਗੇ ਕਿਹਾ।

“ਕਾਨੂੰਨ ਦੀ ਦੁਹਾਈ ਦੇਣ ਵਾਲੇ ਮੌੜ ਮੰਡੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੇ, ਨਸ਼ਿਆਂ ਦੇ ਵੱਡੇ ਮਗਰਮੱਛਾਂ ਨੂੰ ਗ੍ਰਿਫਤਾਰ ਨਾਂ ਕਰ ਸਕੇ ਅਤੇ ਸਾਰੇ ਪੰਜਾਬ ਅੰਦਰ ਹਜ਼ਾਰਾਂ ਏਕੜ ਜਮੀਨ ਤੇ ਨਜਾਇਜ ਕਬਜੇ ਨਾ ਛਡਾ ਸਕੇ, 31 ਹਜ਼ਾਰ ਕਰੋੜ ਦੇ ਅਨਾਜ ਘੋਟਾਲੇ ਦੇ ਦੋਸ਼ੀ ਸਾਹਮਣੇ ਨਾ ਲਿਆ ਸਕੇ ਅਤੇ ਬਿਜਲੀ ਮਾਫੀਆ, ਰੇਤ ਮਾਫੀਆਂ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ” ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਇਨ੍ਹਾਂ ਆਗੂਆਂ ਨੇ ਕਿਹਾ। 

ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਸਾਰੇ ਪੱਤਰਕਾਰਾਂ ਅਤੇ ਹੋਰਨਾਂ ਵਿਅਕਤੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਿਨ੍ਹਾਂ ਪਟਿਆਲਾ ਘਟਨਾ ਬਾਰੇ ਆਪਣੇ ਵਿਚਾਰ ਰੱਖਣ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਜੁਲਮ ਖਿਲਾਫ ਅਵਾਜ ਬੁਲੰਦ ਕਰਨੀ ਗੁਰੂ ਸਾਹਿਬਾਨ ਦਾ ਸੰਦੇਸ਼ ਹੈ ਅਤੇ ਭਾਈ ਜਸਵੰਤ ਸਿੰਘ ਖਾਲੜਾ ਨੇ ਇਸੇ ਲੜੀ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤਿੰਨ ਨੌਜਵਾਨਾਂ ਨੂੰ ਪੰਜਾਬ ਅੰਦਰ ਕਿਤਾਬਾਂ ਰਖਣ ਦੇ ਦੋਸ਼ ਵਿੱਚ ਉਮਰ ਕੈਦ ਹੁੰਦੀ ਹੈ ਤਾਂ ਉਦੋਂ ਵੀ ਝੂਠਾ ਇਨਸਾਫ ਨੰਗਾ ਹੁੰਦਾ ਹੈ ਅਤੇ ਅਜਿਹੇ ਝੂਠੇ ਵਿਕਾਸ ਤੇ ਝੂਠੇ ਇਨਸਾਫ ਨੇ ਦੇਸ ਪੰਜਾਬ ਦੀ ਬਰਬਾਦੀ ਕੀਤੀ ਹੈ।


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।