February 21, 2010 | By ਸਿੱਖ ਸਿਆਸਤ ਬਿਊਰੋ
ਕਾਵੈਂਟਰੀ (21 ਫਰਵਰੀ, 2010): ਭਾਰਤ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਵਲੋਂ ਕਸ਼ਮੀਰ ਦੀ ਅਜ਼ਾਦੀ ਲਈ ਜੂਝ ਰਹੇ ਖਾੜਕੂਆਂ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਵਾਪਸ ਪਰਤਣ ਲਈ ਦਿੱਤਾ ਗਿਆ ਸੱਦਾ ਇੱਕ ਮਹਿਜ਼ ਸਿਆਸੀ ਪੈਂਤੜਾ ਅਤੇ ਚਾਣਕੀਆ ਨੀਤੀ ਦਾ ਹਿੱਸਾ ਹੈ । ਜਿਸ ਦਾ ਮੁੱਖ ਮੰਤਵ ਉਹਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨਾ ਅਤੇ ਸੰਘਰਸ਼ਮਈ ਵਰਗ ਵਿੱਚ ਖਾਨਾਜੰਗੀ ਕਰਵਾਉਣਾ ਅਤੇ ਕੁੱਝ ਇੱਕ ਕਮਜੋ਼ਰ ਬਿਰਤੀ ਵਾਲਿਆਂ ਨੂੰ ਝੁਕਾ ਕੇ ਨਿਰਾਸਾ ਦੇ ਆਲਮ ਵਿੱਚ ਧਕੇਲਣ ਦੀ ਚਾਲ ਹੋ ਸਕਦੀ ਹੈ ।
ਗ੍ਰਹਿ ਮੰਤਰੀ ਦੇ ਬਿਆਨ ਤੋਂ ਕਈ ਸਿੱਖ ਆਗੂ ਵੀ ਸਿਆਸਤ ਕਰਨੋ ਨਹੀਂ ਖੁੰਝੇ ਕਿ ਸਰਕਾਰ ਨੇ ਸਿੱਖ ਖਾੜਕੂਆਂ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਕਿਉਂ ਨਹੀਂ ਦਿੱਤਾ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇਹਨਾਂ ਸਿੱਖ ਆਗੂਆਂ ਨੂੰ ਅਪੀਲ ਕੀਤੀ ਗਈ ਕਿ ਸਿੱਖ ਕੌਮ ਦੀ ਅਣਖ ਗੈਰਤ ਅਤੇ ਸ਼ਾਨ ਨੂੰ ਬਰਕਰਾਰ ਰੱਖਦਿਆਂ ਜਿਹਨਾਂ ਸਿੱਖ ਨੌਜਵਾਨਾਂ ਨੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ । ਤਨ ਮਨ ਅਤੇ ਧਨ ਨਾਲ ਹਿੱਸਾ ਪਾਇਆ , ਉਹਨਾਂ ਨੂੰ ਰਸਤੇ ਤੋਂ ਭਟਕਾਉਣ ਦਾ ਯਤਨ ਨਾ ਕੀਤਾ ਜਾਵੇ । ਆਤਮ ਸਮਰਪਣ ਕਰਨਾ ਜਾਂ ਕੌਮ ਪ੍ਰਤੀ ਕੀਤੀ ਕਿਸੇ ਕੁਰਬਾਨੀ ਤੇ ਪਛਤਾਵਾ ਕਰਨਾ ਖਾਲਸਈ ਪ੍ਰੰਪਰਾਵਾਂ ਦਾ ਹਿੱਸਾ ਨਹੀਂ ਹੈ । ਸ੍ਰ, ਡੱਲੇਵਾਲ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਯੋਧਿਆਂ ਵਾਸਤੇ ਆਮ ਮੁਆਫੀ ਦੇਣ ਦੀ ਮੰਗ ਕਰਕੇ ਆਪਾ ਕੁਰਬਾਨ ਕਰ ਗਏ ਹਜ਼ਾਰਾਂ ਸ਼ਹੀਦਾਂ ਦੇ ਪਵਿੱਤਰ ਖੁਨ ਨੂੰ ਦਾਗ ਨਾ ਲਗਾਵੋ । ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਿੱਖ ਨੇ ਮੁਗਲ , ਅਫਗਾਨੀ,ਦੁਰਾਨੀ, ਅੰਗਰੇਜ਼ ਜਾਂ ਮੌਜੂਦਾ ਹਿੰਦੂ ਜਰਵਾਣੇ ਮੂਹਰੇ ਨਾ ਕਦੇ ਆਤਮ ਸਮਪਣ ਕੀਤਾ ਹੈ ਅਤੇ ਨਾਹੀ ਹੀ ਆਪਣੀ ਕੀਤੀ ਤੇ ਪਛੁਤਾਵਾ ਕੀਤਾ ਹੈ । ਇਸ ਸ਼ਾਨਾਮੱਤੀ ਰਵਾਇਤ ਨੂੰ ਕਦੇ ਵੀ ਆਂਚ ਨਹੀਂ ਆਉਣ ਦਿੱਤੀ ਜਾਵੇਗੀ । ਸਿੱਖ ਕੌਮ ਤੇ ਹੋ ਰਹੇ ਬੇਪਨਾਹ ਜ਼ੁਲਮਾਂ , ਧੱਕੇਸ਼ਾਹੀਆਂ ਨੂੰ ਦਿਲੋਂ ਮਹਿਸੂਸ ਕਰਦਿਆਂ ਸੰਘਰਸ਼ ਵਿੱਚ ਜਿਹਨੇ ਵੀ ਸ਼ਮੂਲੀਅਤ ਕੀਤੀ ਹੈ ਉਸ ਨੇ ਆਪਣੀ ਮਰਜ਼ੀ ਨਾਲ ਹੀ ਕੀਤੀ ਹੋਵੇਗੀ , ਸਿੱਖ ਸੰਘਰਸ਼ ਦੀ ਮੰਜਿਲ ਏ ਮਕਸੂਦ ਤੱਕ ਈਮਾਨਦਾਰੀ ਨਾਲ ਯੋਗਦਾਨ ਪਾਉਣਾ , ਯੋਗਦਾਨ ਪਾਉਣ ਵਾਲਿਆਂ ਦੀ ਮੱਦਦ ਕਰਨਾ ,ਉਹਨਾਂ ਦੀ ਅਵਾਜ਼ ਦੁਨੀਆਂ ਭਰ ਵਿੱਚ ਬੁਲੰਦ ਕਰਨਾ ਹੀ ਅਸਲ ਵਿੱਚ ਕੌਮ ਪ੍ਰਸਤੀ ਹੈ । ਅਗਰ ਮੌਜੂਦਾ ਸਿੱਖ ਆਗੂ ਵਾਕਿਆ ਹੀ ਸਿੱਖ ਨੌਜਵਾਨਾਂ ਪ੍ਰਤੀ ਚਿੰਤਤ ਹਨ ਤਾਂ ਉਹ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਸਤਿਕਾਰਤ ਯਤਨ ਕਰਨ ,ਜੇਹਲਾਂ ਵਿੱਚ ਬੰਦ ਸਿੰਘਾਂ ਦੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਸੁਹਿਰਦਤਾ ਦਿਖਾੳਂੁਦੇ ਆਰਥਿਕ ਪੱਖ ਤੋਂ ਲੋੜਵੰਦ ਸਿੰਘਾਂ ਦੇ ਪਰਿਵਾਰਾਂ ਦੀ ਸਾਰ ਲੈਣ ਅਤੇ ਸ਼ਹੀਦ ਸਿੰਘਾਂ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝਦੇ ਹੋਏ ਉਹਨਾਂ ਦੇ ਅਨੰਦ ਕਾਰਜ ਕਰਵਾਉਣ । ਇੱਕ ਪਾਸੇ ਬਾਦਲ ਸਰਕਾਰ ਸਿੰਘਾਂ ਨੂੰ ਆਏ ਦਿਨ ਫੜ ਫੜ ਕੇ ਜੇਹਲਾਂ ਵਿੱਚ ਡੱਕ ਰਹੀ ਹੈ ਦੂਜੇ ਪਾਸੇ ਵਿਰੋਧੀ ਪਾਰਟੀ ਦੀ ਸਰਕਾਰ ਪਾਸੋਂ ਸਿੱਖ ਨੌਜਵਾਨਾਂ ਪ੍ਰਤੀ ਨਰਮੀ ਦੀ ਮੰਗ ਕਰਕੇ ਸਿਆਸਤ ਕਰ ਰਹੀ ਹੈ । ਜਦਕਿ ਸਿੱਖ ਕੌਮ ਦਾ ਇਸ ਨੂੰ ਕੋਈ ਦਰਦ ਨਹੀਂ ਹੈ ।
Related Topics: United Khalsa Dal U.K