November 10, 2010 | By ਸਿੱਖ ਸਿਆਸਤ ਬਿਊਰੋ
‘‘ਤੈਨੂੰ ਗੱਦੀ ਨਿਆਂ ਕਰਨ ਨੂੰ ਦਿੱਤੀ ਸੀ ਕਿ ਭਰਾਵਾਂ, ਫ਼ਕੀਰਾਂ ਤੇ ਗੁਰੂ ਪੀਰਾਂ ਦੇ ਆਹੂ ਲਾਹੁਣ ਨੂੰ ਦਿੱਤੀ ਸੀ?’’
ਬਾਦਸ਼ਾਹ ਦੀ ਆਤਮਾ ਸਾਰੀ ਉਮਰ ਸੰਤਾਪ ਭੋਗਦੀ ਰਹੀ ਤੇ ਉਹ ਲੋਕਾਂ ਦੇ ਸਤਿਕਾਰ ਤੋਂ ਸੱਖਣਾ ਤਾਰੀਖ ਵਿਚ ਲਾਹਨਤੀ ਮਸ਼ਹੂਰ ਹੋ ਗਿਆ। ਲੋਕਾਂ ਨੂੰ ਸੱਚ ਦਾ ਪ੍ਰਕਾਸ਼ ਦੇਣ ਵਾਲੇ ਬਾਦਲ ਸਾਹਿਬ ਤੁਸੀਂ ਇਸ ਤਰ੍ਹਾਂ ਦੇ ਸੱਚ ਝੂਠ ਦੀਆਂ ਤਾਰੀਖੀ ਕਹਾਣੀਆਂ ਪੜ੍ਹ ਆਏ ਹੋ, ਹੰਢਾ ਆਏ ਹੋ, ਤੁਸਾਂ ਸੱਚ ਦੇ ਰਾਹ ਤੁਰਨ ਦੀ ਗੁਰੂ ਸੌਂਹ ਖਾਧੀ ਸੀ। ਤੁਸੀਂ ਆਪਣੇ ਫਕੀਰਾਂ ਵਰਗੇ ਸੱਚੇ ਸੁੱਚੇ ਭਤੀਜੇ ਲਈ ਕੁਰਾਹੇ ਕਿਵੇਂ ਪੈ ਗਏ?
ਸ਼ਾਇਦ ਮੈਂ ਤੁਹਾਡੀ ਬਾਦਸ਼ਾਹੀ ਆਨ ਸ਼ਾਨ ਵਿਚ ਗੁਸਤਾਖੀ ਕਰ ਗਿਆ ਹਾਂ। ਇਕ ਲੇਖਕ ਫ਼ਕੀਰੀ ਜਾਮੇ ਵਿਚ ਝੂਠ ਕਿਵੇਂ ਬੋਲੇ? ਮੈਂ ਤਾਂ ਤੁਹਾਡੇ ਗਲਤ ਨੂੰ ਲੱਤ ਮਾਰ ਕੇ ਆਪਣੇ ਸੱਚ ਦੇ ਚਲਣ ਨੂੰ ਸੰਭਾਲਾ ਦੇਣ ਲਈ ਭੋਰਾ ਕੁ ਚੂੰਡੀ ਵੱਢੀ ਐ। ਮਹਾਰਾਜਾ ਰਣਜੀਤ ਸਿੰਘ ਦੇ ਮਰਨ ਬਾਅਦ ਹੋਇਆ ਹਾਲ ਬੇਹਾਲ। ਤੁਸਾਂ ਹੀ ਨਹੀਂ, ਸਾਰੇ ਜਹਾਨ ਨੇ ਪੜ੍ਹਿਆ ਤੇ ਦੇਖਿਆ। ਆਪਣੇ ਘਰ ਵਿਚ ਬੇਹਾਲ ਹਾਲਾਤ ਤੋਂ ਜ਼ਰੂਰ ਦੁਖੀ ਹੋਏ ਹੋਵੋਗੇ, ਅਹਿਸਾਸ ਰੱਖਣ ਵਾਲਾ ਹਰ ਬੰਦਾ ਇਸ ਲਾਇਲਾਜ ਬੀਮਾਰੀ ਤੋਂ ਬਚ ਨਹੀਂ ਸਕਿਆ। ਤੁਸੀਂ ਵੀ ਦੁਖੀ ਹੋਏ ਹੋਵੋਗੇ; ਮੈਨੂੰ ਤੁਹਾਡੇ ਨਾਲ ਹਮਦਰਦੀ ਹੈ। ਪਰ ਇਕ ਪੇਂਡੂ ਕਿਸਾਨ ਦੇ ਬੇਟੇ ਦੀ ਹਮਦਰਦੀ ਤੁਹਾਡੇ ਡੋਲੇ ਤੇ ਖੁਰਦੇ ਮਨ ਲਈ ਕੀ ਅਹਿਮੀਅਤ ਰੱਖਦੀ ਹੈ; ਜਦੋਂ ਕਿ ਆਪੂੰ ਬੀਮਾਰੀ ਤੋਂ ਵੀ ਉਠੇ ਹੋ। ਪਰ ਮੈਂ ਸਰਸਵਤੀ ਦਾ ਛੋਟਾ ਜਿਹਾ ਕਮਲਾ ਰਮਲਾ ਬੇਟਾ, ਤੁਹਾਡੀ ਨਰੋਈ ਸਿਹਤ ਲਈ ਕਾਮਨਾ ਕਰਦਾ ਆਂ। ਭਾਵੇਂ ਇਕ ਵੋਟ ਹਾਂ, ਪਰ ਮੁਕਾਬਲੇ ਦੀ ਚੋਣ ਵਿਚ ਕਈ ਵਾਰ ਇਕ ਵੋਟ ਤੀਰ ਤੁੱਕਾ ਹੁੰਦੀ ਜਿੱਤ ਦੀ ਝੰਡੀ ਪੁੱਟ ਲੈਂਦੀ ਹੈ। ਸੱਚ ਦੀ ਇਕ ਵੋਟ ਕਈ ਵਾਰ ਘੜਮੱਸ ਨੂੰ ਹਰਾ ਜਾਂਦੀ ਐ।
ਇਨ੍ਹਾਂ ਸਾਰੀਆਂ ਦਲੀਲਾਂ ਨੂੰ ਖੂਹ ਪਾ ਕੇ, ਪਹਿਲੋਂ ਮੈਨੂੰ ਤੁਹਾਡੀ ਦੁਖੀ ਕਰਦੀ ਦੁਬਿਧਾ ਨਾਲ ਹਮਦਰਦੀ ਐ, ਜ਼ਿੰਦਗੀ ਵਿਚ ਉਤਰਾਅ ਚੜ੍ਹਾਅ ਦੀਆਂ ਲਹਿਰਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਹਨ ਤੇ ਬੁਰੇ ਭਲੇ ਦੇ ਨਤੀਜੇ ਛੱਡ ਜਾਂਦੀਆਂ ਹਨ। ਪਰ ਇਹ ਨਤੀਜੇ ਜੇਤੂ ਬਹਾਦਰੀ ਤੇ ਹਾਰ ਦੀ ਨਮੋਸ਼ੀ ਲੋਕਾਂ ਵਿਚ ਖੜੀ ਕਰ ਜਾਂਦੇ ਹਨ। ਹਜ਼ਾਰਾਂ ਲੱਖਾਂ ਮਰਦੇ ਹਨ; ਕੁਦਰਤ ਹੋਰ ਹਜ਼ਾਰਾਂ ਲੱਖਾਂ ਬਰਾਬਰ ਲਿਆ ਖੜ੍ਹੇ ਕਰਦੀ ਹੈ। ਪਰ ਸਮਾਜ ਵਿਚ ਤਰਥੱਲੀ ਮਚਾਉਣ ਵਾਲਿਆਂ ਨੂੰ ਤਾਰੀਖ ਮੋਟੇ ਸ਼ਬਦਾਂ ਤੇ ਅਲਕਾਬਾਂ ਨਾਲ ਯਾਦ ਕਰਦੀ ਹੈ। ਜਿਸ ਨੂੰ ਪੜ੍ਹ ਕੇ ਆਉਣ ਵਾਲੀਆਂ ਪੀੜ੍ਹੀਆਂ, ਗਲਤ ਸਹੀ ਤੇ ਨੇਕੀ ਬਦੀ ਦੇ ਅਲਕਾਬ ਦੇਂਦੀਆਂ ਹਨ। ਦੁਬਿਧਾ ਵਿਚ ਪਿਆ ਮੈਂ ਏਹੀ ਸੋਚਦਾ ਪ੍ਰੇਸ਼ਾਨ ਆਂ। ਤੁਹਾਡੀ ਕਿਸੇ ਵੀ ਹਿਲਜੁਲ ਨਾਲ ਭਾਵੀ ਪੰਜਾਬ ’ਤੇ ਵਰਤੇਗੀ ਤੇ ਨਤੀਜੇ ਲੋਕ ਭੁਗਤਣਗੇ। ਤਾਰੀਖੀ ਸੱਚ ਇਹ ਹੈ, ਆਜ਼ਾਦ ਹੋਣ ਤੋਂ ਬਾਅਦ ਪੰਜਾਬ ਨਤੀਜੇ ਹੀ ਭੁਗਤ ਰਿਹਾ ਹੈ। ਨਤੀਜੇ ਭੁਗਤਣ ਵਾਲਿਆਂ ਦੀ ਮੋਹਰਲੀ ਕਤਾਰ ਵਿਚ ਤੁਸੀਂ ਵੀ ਖਲੋਵੋਗੇ।
ਮੈਂ ਸਾਧਾਰਨ ਕਿਸਾਨ ਦਾ ਬੇਟਾ ਆਂ। ਸਮੁੱਚੇ ਪੰਜਾਬ ਦੀਆਂ ਖੱਜਲ-ਖੁਆਰੀਆਂ ਬਰਾਬਰ ਭੁਗਤਦਾ ਆਇਆ ਹਾਂ। ਡੀਫੈਂਸ ਆਫ ਇੰਡੀਆ ਰੂਲਜ਼ ਵਿਚ ਅੰਗਰੇਜ਼ ਸਮੇਂ ਜੇਲ੍ਹ ਵਿਚ ਡੱਕਿਆ ਰਿਹਾ ਤੇ ਕਾਂਗਰਸ ਰਾਜ ਵਿਚ ਵੀ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਰਿਹਾ। ਅਤਿਵਾਦ ਤੇ ਕੇਂਦਰ ਦੇ ਪੰਜਾਬ ਨਾਲ ਮਿਥ ਕੇ ਕੀਤੇ ਧੱਕਿਆਂ ਵਿਰੁੱਧ ਹੁੰਗਾਰਦਾ ਆਇਆ ਆਂ। ਗੁਰੂ ਦੀ ਓਟ ਲੈ ਕੇ ਜ਼ੁਲਮਾਂ ਤੇ ਵਿਰੋਧਾਂ ਨਾਲ ਬਰਾਬਰ ਲੜਦਾ ਆਇਆ ਆਂ। ਗੁਰੂ ਆਦੇਸ਼ਾਂ ਤੋਂ ਲਾਗੀ ਹੋਣਾ, ਜ਼ਿੰਦਗੀ ਭਰ ਦਾ ਈਮਾਨ ਗੁਆਣ ਵਰਗੀ ਗੱਲ ਹੈ। ਦਿਲ ਦਾ ਈਮਾਨ ਤੇ ਗੁਰੂ ਭਰੋਸਾ ਲਈ ਉਸ ਦੀ ਸੰਗਤ ਵਿਚ ਹੱਥ ਜੋੜੀ ਖਲੋਤਾ ਰਿਹਾ ਆਂ। ਜੱਟ ਦੀ ਹਿੰਡ ਬੁਰੀ ਬਲਾ, ਗੁਰੂ ਆਦੇਸ਼ਾਂ ਨਾਲ ਤੁਰੀ, ਮੋੜੀ ਨਹੀਂ ਮੁੜੀ ਭਾਵੇਂ ਦੁੱਖਾਂ ਦੇ ਗੱਡੇ ਉੱਤੋਂ ਦੀ ਲੰਘ ਜਾਣ। ਦੁਬਿਧਾ ਬੁਰੀ ਬਲਾ, ਸਿਦਕ ਨੂੰ ਖਾਂਦੀ ਝਟ ਲਾਉਂਦੀ ਐ, ਪਰ ਗੁਰੂ ਰਾਖਾ ਰਿਹਾ। ਉਂਜ ਇਹ ਬਲਾ ਅੰਨ੍ਹੇਰੇ ਸਵੇਰੇ ਸਭ ਨੂੰ ਪੈਂਦੀ ਹੈ। ਜਦੋਂ ਕੋਈ ਆਗੂ ਇਸ ਗਿਆਨ ਤੋਂ ਮੁਖ ਮੋੜਦਾ ਹੈ, ਦੁਬਿਧਾ ਬੀਮਾਰੀ ਦੇ ਕਲਾਵੇ ਵਿਚ ਆ ਜਾਂਦੀ ਹੈ। ਬੀਮਾਰੀ ਤੋਂ ਦੂਰ ਹੁੰਦਾ ਡੋਬੇ ਦੇ ਰਾਹ ਪੈ ਜਾਂਦਾ ਹੈ। ਬਾਦਲ ਸਾਹਬ ਜੀ ਇਸ ਤੋਂ ਅਗਾਂਹ ਬਾਹਾਂ ਖੋਲੀ ਖਲੋਤੀ ਗੋਤੇਹਾਰ ਮੌਤ ਉਸ ਨੂੰ ਬੋਚ ਲੈਂਦੀ ਐ। ਦੁਬਿਧਾ ਵਿਚ ਫਸੀ ਤੁਹਾਡੀ ਗੋਤੇਹਾਰ ਰੂਹ ਨਾਲ ਮੈਨੂੰ ਹਮਦਰਦੀ ਐ। ਤੁਸੀਂ ਪੰਜਾਬ ਦੇ ਰਾਜਸੀ ਘੋਲਾਂ ਵਿਚੋਂ ਨਿਕਲ ਕੇ ਉਭਰੇ ਸੀ, ਪਰਿਵਾਰਵਾਦ ਦੀਆਂ ਬੰਦਸ਼ਾਂ ਵਿਚ ਕਿਵੇਂ ਕੈਦ ਹੋ ਕੇ ਰਹਿ ਗਏ? ਕਹੌਤ ਮਸ਼ਹੂਰ ਐ: ਵੱਡੇ ਆਦਮੀ ਵੱਡੀਆਂ ਮੁਸੀਬਤਾਂ। ਫਿਰ ਕੀ ਰੱਬ ਖੈਰ ਕਰੇ।
ਪੰਜਾਬ ਦੇ ਸਰਬਹਾਰੇ ਜੀਓ। ਤੁਸੀਂ ਘਰੋਗੀ ਕਲੇਸ਼ ਵਿਚ ਹਾਰ ਗਏ। ਮੇਰੇ ਨਾਲ ਸਾਰੇ ਪੰਜਾਬ ਨੂੰ ਤੁਹਾਡੇ ਨਾਲ ਹਮਦਰਦੀ ਐ, ਬਰਾਏ ਮਿਹਰਬਾਨੀ ਆਪਣੀ ਸਾਰੀ ਹਮਦਰਦੀ ਜਨਤਕ ਕਰੋ। ਤੁਸੀਂ ਸਰਬਤ ਦੇ ਭਲੇ ਨਾਲ ਜੁੜੇ ਹੋ। ਘਰ ਦੀ ਸੌੜ ਨਾਲੋਂ ਪੂਰੇ ਪੰਜਾਬ ਨਾਲ ਜੁੜੋ। ਤੁਸੀਂ ਇਕ ਪੁੱਤਰ ਦੇ ਨਹੀਂ, ਸਾਰੇ ਪੰਜਾਬ ਦੇ ਬਾਪੂ ਜੀ ਹੋ। ਗੁਰੂ ਦੇ ਸਰਬਤ ਦੇ ਭਲੇ ਨੂੰ ਤਿਆਗ ਕੇ ਤਾਰੀਖ ਨੂੰ ਕੀ ਮੂੰਹ ਵਖਾਓਗੇ? ਮੈਂ ਉਮਰ ਵਿਚ ਤੁਹਾਡੇ ਨਾਲੋਂ ਵੱਡਾ ਆਂ, ਹਾਲਾਤ ਅਨੁਸਾਰ ਤੁਹਾਡੇ ਪੈਰਾਂ ਵਿਚ ਹੱਥ ਜੋੜੀ ਖਲੋਤਾ ਆਂ। ਤੁਹਾਡੀ ਕਾਰ ਦੇ ਐਕਸੀਡੈਂਟ ਹੋਣ ਤੋਂ ਪਹਿਲਾਂ ਬਾਹਾਂ ਖੋਲ ਲਈਆਂ ਹਨ। ਸੱਚ ਬੋਲਣ ਦੇ ਨਤੀਜੇ ਭੁਗਤਣੇ ਪੈਂਦੇ ਹਨ। ਲੋਕ ਭਲੇ ਲਈ ਡਟਿਆ ਰਹਾਂਗਾ। ਤੁਹਾਡੇ ਆਣੇ ਜਾਣੇ ਰੁਤਬੇ ਖਾਤਰ ਘਰੋਗੀ ਕਲੇਸ਼ ਪੰਜਾਬ ਦੀ ਸਿਰਦਰਦੀ ਕਿਉਂ ਬਣੇ? ਸੱਚ ਬੋਲਣ ਦੇ ਹਮੇਸ਼ਾ ਨਤੀਜੇ ਭੁਗਤਣੇ ਪੈਂਦੇ ਹਨ। ਤੁਹਾਡੀ ਹਲਕੀ ਜਿਹੀ ਕੋਤਾਹੀ, ਪੰਜਾਬ ਵਿਚ ਕਿੰਨੇ ਹੀ ਬੁਰੇ ਨਤੀਜੇ ਪੈਦਾ ਕਰ ਸਕਦੀ ਹੈ। ਜਿਹੜੀ ਮਿੱਤਰ ਢਾਣੀ ਬਹੁਗਿਣਤੀ ਵਾਲੀ ਨਾਲ ਲਈ ਫਿਰਦੇ ਓ, ਮੰਡੀ ਤੇ ਲੈ ਜਾਓ, ਕਿਸੇ ਦੁਆਨੀ ਵੱਟੇ ਨਹੀਂ ਖਰੀਦਣੇ। ਲੋਕ ਹੁਣ ਐਨੇ ਕਮਲੇ ਨਹੀਂ, ਬੀਮਾਰੀਆਂ ਵੀ ਖਰੀਦਣ ਤੇ ਪੱਲਿਓਂ ਦੁਆਨੀਆਂ ਵੀ ਗੁਆਣ। ਤੁਹਾਡੀ ਤੇਜ਼ ਨਜ਼ਰ ਇਨ੍ਹਾਂ ਦੀ ਆਣ ਅਣਖ ਤੇ ਰਸਮੀ ਬਾਰੇ ਸਭ ਜਾਣਦੀ ਹੈ। ਘਰੋਗੀ ਮੋਹ-ਕਲੇਸ਼ ਕੌਮੀ ਆਗੂਆਂ ਨੂੰ ਗੇੜ ਪਾਈ ਰਖਦਾ ਏ। ਤੁਹਾਡੀ ਚੰਗੀ ਭਲੀ ਮੋਹ ਮਾਰੀ ਢਿੱਲੀ ਪਈ ਸੂਰਤ ਨੂੰ ਹਲੂਣਾ ਦੇਣ ਦੀ ਜੁਰਅੱਤ ਤੇ ਗੁਸਤਾਖੀ ਕਰ ਰਿਹਾ ਆਂ। ਸੁੱਚਾ ਮੋਹ ਤਾਰੀਖ ਦਾ ਕੌਮੀ ਹੀਰੋ ਬਣਾਉਂਦਾ ਹੈ ਤੇ ਜਦੋਂ ਇਹ ਖੁਦਗਰਜ਼ ਹੋ ਕੇ ਘਰ ਆ ਵੜੇ, ਨਾ ਘਰਦਾ ਤੇ ਨਾ ਘਾਟ ਦਾ ਰਹਿੰਦਾ ਹੈ। ਕੌਮ ਲਈ ਕੈਦਾਂ ਕੱਟੀਆਂ, ਧੱਕੇ ਧੋੜੇ ਖਾਧੇ। ਫਿਰ ਗੁਰੂ ਨੇ ਸ਼ਾਹੀ ਬਖਸ਼ੀ ਤਾਂ ਹੁਣ ਉਸ ਤੇ ਸੁਆਹ ਧੂੜਨ ’ਤੇ ਆ ਗਏ? ਵਾਹ ਸ਼ਾਮਤ ਮੇਰੇ ਅੱਲਾ! ਤੁਹਾਡੀ ਜ਼ਰਾ ਜਿੰਨੀ ਕਮਜ਼ੋਰੀ ਪੰਜਾਬੀ ਕੌਮ ਨੂੰ ਥੱਲੇ ਲਾਹ ਸਕਦੀ ਹੈ ਤੇ ਤੁਹਾਡੀ ਅਣਖੀਲੀ ਚੜ੍ਹਤ ਸਰ ਬੁਲੰਦੀ ਵੀ ਬਖਸ਼ ਸਕਦੀ ਹੈ। ਮੈਂ ਤੁਹਾਡੇ ਡੋਲਦੇ ਮਨ ਨੂੰ ਉਹ ਲਲਕਾਰਾ ਦੇ ਰਿਹਾ ਆਂ, ਜਿਹੜਾ ਚਿੱਕੜ ਵਿਚ ਖੁੱਭੇ ਗੱਡੇ ਦੇ ਬੈਲਾਂ ਨੂੰ ਜੱਟ ਨੇ ਮਾਰ ਕੇ ਪਾਰ ਕਰ ਲਿਆ ਸੀ। ਬਾਦਲ ਸਾਹਬ! ਸ਼ੇਰ ਗਿੱਦੜਾਂ ਦੀ ਹੁਆਂਕਣੀ ਦੀ ਪ੍ਰਵਾਹ ਨਹੀਂ ਕਰਦੇ। ਤੁਹਾਡੀ ਮੋਟੀ ਚੁੱਪੀ ਪੰਜਾਬ ਦਾ ਤਾਣਾ ਬਾਣਾ ਖਲਾਰ ਕੇ ਰਖ ਦੇਵੇਗੀ। ਹੁਣ ਫੈਸਲਾ ਤੁਸਾਂ ਕਰਨਾ ਹੈ, ਘਰੋਗੀ ਦਲਦਲ ਵਿਚ ਗਰਕ ਹੋਣਾ ਹੈ ਜਾਂ ਕੌਮੀ ਸਰਬੁਲੰਦੀ ਦੇ ਹੀਰੋ ਬਣਨਾ ਹੈ। ਇਹ ਜਾਨ ਤਾਂ ਆਣੀ ਜਾਣੀ ਹੈ। ਖਿਮਾਂ ਕਰਨਾ, ਗੱਲ ਕਰੜੀ ਕਹਿ ਗਿਆ ਹਾਂ। ਮੈਂ ਪੰਜਾਬ ਦੀ ਵਫਾਦਾਰੀ ਵਿਚ ਸੱਚ ਬੋਲਿਆ ਹੈ। ਮੌਤ ਦੇ ਫਰਿਸ਼ਤੇ ਦੀ ਮੁਹਾਰ ਕਿਸੇ ਨਹੀਂ ਮੋੜੀ। ਕੌਮੀ ਪੱਖੋਂ ਦੋਹਾਂ ਭਰਾਵਾਂ ਦੇ ਸਿਰ ਜੁੜਦੇ ਕਰੋ, ਏਸੇ ਵਿਚ ਹੀ ਘਰ ਤੇ ਪੰਜਾਬ ਦਾ ਭਲਾ ਹੀ ਭਲਾ ਹੈ।
ਮੈਂ ਨਿਰਾ ਪੁਰਾ ਤੁਹਾਡੇ ਲਈ ਹੀ ਨਹੀਂ ਹੂਕ ਰਿਹਾ, ਕੱਟਾਂ ਵੱਢਾਂ ਤੋਂ ਥੋੜ੍ਹੀ ਬਹੁਤ ਬਚੀ ਪੰਜਾਬੀ ਕੌਮੀਅਤ ਦਾ ਖਿਆਲ ਕਰੋ। ਤੁਹਾਡੀ ਘਰੋਗੀ ਖਿੱਚੋਤਾਣ ਪੰਜਾਬੀਅਤ ਦਾ ਅਸਲੋਂ ਲੱਕ ਤੋੜ ਦੇਵੇਗੀ। ਇਹ ਵੀ ਸੋਚੋ, ਤੁਸਾਂ ਪੰਜਾਬੀ ਤਾਰੀਖ ਦੇ ਸਨਮੁੱਖ ਹੋਣਾ ਹੈ। ਕੌਮ ਲਈ ਅੱਗੇ ਵਧ ਕੇ ਲੜਨ ਵਾਲੇ ਹੀਰੋ ਹੁੰਦੇ ਐ, ਜਿਹੜੇ ਗ਼ਦਾਰੀਆਂ ਕਰਦੇ ਐ, ਤਾਰੀਖ ਉਨ੍ਹਾਂ ਨੂੰ ਲਾਹਨਤਾਂ ਪਾਉਂਦੀ ਐ। ਮੈਂ ਤੁਹਾਨੂੰ ਨਸੀਅਤ ਨਹੀਂ ਦੇ ਰਿਹਾ, ਘਰ ਦੇ ਕਲੇਸ਼ ਵਿਚ ਡਿੱਗੇ ਮੁਗਲ ਨੂੰ ਮੋਢਾ ਦੇ ਕੇ ਉਗਾਸੋ। ਪਾਟਿਆ ਘਰ ਜੁੜ ਕੇ ਕੌਮੀ ਉਸਾਰੀ ਨੂੰ ਮੋਢਾ ਦੇਵੇ। ਹਰ ਪੱਖੋਂ ਇਕ ਨੰਬਰ ਦਾ ਸੂਬਾ ਕੇਂਦਰੀ ਚੁਸਤੀਆਂ ਨੇ ਅਸਲੋਂ ਥੱਲੇ ਲਾਹ ਕੇ ਰੱਖ ਦਿੱਤਾ। ਪੰਜਾਬੀਆਂ ਦਾ ਪਾਟਣਾ, ਇਹਦਾ ਹੋਰ ਵੀ ਬੇੜਾ ਗਰਕ ਕਰੇਗਾ। ਬਾਦਲ ਸਾਹਬ! ਹੁਣ ਤੁਸੀਂ ਨਿਰੇ ਨਿੱਜੀ ਘਰ ਦੇ ਨਹੀਂ ਰਹੇ ਕੌਮ ਦੇ ਤੁਰਦੇ ਫਿਰਦੇ ਥੰਮ ਬਣ ਚੁੱਕੇ ਹੋ। ਹੁਣ ਤੱਕ ਦੀ ਕੌਮੀ ਸੇਵਾ ਨੂੰ ਅੱਗੇ ਵਧਾਉਣ ਵਿਚ ਹੋਰ ਹੰਭਲਾ ਮਾਰੋ। ਇਸ ਕੌਮੀ ਮੋੜ ’ਤੇ ਹੀਰੋ ਜਾਂ ਜ਼ੀਰੋ ਬਣਨ ਦਾ ਸਵਾਲ ਖੜਾ ਹੋ ਗਿਆ ਏ। ਛੋਟਾ ਮੂੰਹ ਬੜੀ ਬਾਤ; ਤਾਰੀਖ ਦੇ ਇਸ ਖਤਰਨਾਕ ਮੋੜ ’ਤੇ ਮਨ ਹਾਰੋਗੇ, ਪਿਛਲੀ ਸਾਰੀ ਘਾਲ ਕਮਾਈ ਸੁਆਹ ਹੋ ਜਾਵੇਗੀ। ਪੰਜਾਬ ਦੀ ਅਣਖੀਲੀ ਜਦੋਜਹਿਦ ਨੇ ਮੁਗਲਾਂ ਪਠਾਣਾਂ ਦੇ ਛੱਕੇ ਛਡਾਏ। ਗ਼ਦਰੀ ਬਾਬਿਆਂ ਤਰਾਨਵੇਂ ਫਾਂਸੀਆਂ ਝੱਲ ਕੇ ਆਜ਼ਾਦੀ ਦਾ ਮੁੱਢ ਬੰਨਿਆ। ਗੁਰਦੁਆਰਿਆਂ ਦੀ ਆਜ਼ਾਦੀ, ਸ਼ਹਾਦਤਾਂ ਦੇ ਕੇ ਜਿੱਤੀ। ਹੁਣ ਤਾਰੀਖ ਦਾ ਹੱਥ ਫੜਿਆ ਸਿਹਰਾ ਘੱਟੇ ਰਲਾਓਗੇ? ਇਸ ਤੋਂ ਕਿਤੇ ਚੰਗਾ ਸੀ, ਰਾਜਨੀਤੀ ਵਿਚ ਆ ਕੇ ਪੈਰ ਗਿੱਲੇ ਨਾ ਕਰਦੇ।
ਬਾਦਲ ਸਾਹਿਬ, ਐਨੇ ਉੱਚੇ ਤੇ ਸੁੱਚੇ ਇਰਾਦੇ ਵਾਲੇ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਵੱਟਾ ਨਹੀਂ ਲੱਗਣਾ ਚਾਹੀਦਾ। ਤੁਹਾਨੂੰ ਤਸ਼ਬੀਹਾਂ ਤੇ ਮਿਸਾਲਾਂ ਦੇਣ ਦੀ ਲੋੜ ਨਹੀਂ। ਮੈਂ ਤੁਹਾਡੇ ਖਾਮੋਸ਼ ਪਏ ਹੌਸਲੇ ਨੂੰ ਹਲੂਣਾ ਹੀ ਦੇ ਰਿਹਾ ਆਂ।
ਕੌਮੀ ਹੀਰਿਆਂ ਦੀਆਂ ਕੁਰਬਾਨੀਆਂ ਰੌਂਗਟੇ ਖੜ੍ਹੇ ਕਰਨ ਵਾਲਿਆਂ ਦਾ ਅਹਿਸਾਸ ਕਰੋ। ਸਾਡੇ ਮਾਣ ਮਤੇ ਸ਼ਹੀਦਾਂ ਸਿਰ ਤਲੀ ’ਤੇ ਧਰ ਕੇ ਕੁਰਬਾਨੀਆਂ ਦਿੱਤੀਆਂ। ਮਨ ਹਾਰਿਆਂ ਤੇ ਚੁੱਪੀ ਵੱਟਿਆਂ ਕੌਮੀ ਅਣਖ ਨੂੰ ਲਾਜ ਲਗਦੀ ਹੈ। ਇਸ ਸਿਰ ਨੂੰ ਸਦਾ ਬੁਲੰਦ ਰੱਖੋ। ਘਰ ਦੀ ਉਲਝਣ ਨੂੰ ਤੁਸੀਂ ਵੱਡਾ ਜਿਗਰਾ ਕਰਕੇ ਸੁਲਝਾ ਸਕਦੇ ਹੋ। ਇਸ ਭੈੜੀ ਘਟਨਾ ਉੱਤੇ ਸਾਰੇ ਪੰਜਾਬ ਨੇ ‘ਹਾਅ’ ਦਾ ਨਾਅਰਾ ਮਾਰਿਆ ਹੈ। ਮੈਂ ਪੰਜਾਬ ਦੇ ਲੋਕਾਂ ਦੀ ਜ਼ਬਾਨ ਦੀ ਤਰਜਮਾਨੀ ਤੁਹਾਡੇ ਤੱਕ ਪਹੁੰਚਾ ਰਿਹਾ ਆਂ। ਮੈਂ ਹੀ ਨਹੀਂ, ਪੰਜਾਬ ਦੇ ਲੋਕ ਤੁਹਾਡੇ ਨਰਮ ਸਾਹਸ ਨੂੰ ਲੋਹਾ ਹੋਇਆ ਵੇਖਣਾ ਚਾਹੁੰਦੇ ਐ। ਤੁਹਾਡੀ ਦੜ ਵੱਟ ਖਾਮੋਸ਼ੀ ਵੇਖ ਕੇ ਲੋਕਾਂ ਉਂਗਲਾਂ ਮੂੰਹ ਪਾ ਲਈਆਂ ਹਨ। ਲਿਆਕਤ ਤੇ ਗੁਣ ਦੀ ਹਰ ਹੀਲੇ ਹੌਸਲਾ ਅਫਜ਼ਾਈ ਹੋਣੀ ਚਾਹੀਦੀ ਹੈ। ਤੁਹਾਡੀ ਖਾਮੋਸ਼ੀ ਨੂੰ ਨਿਆਂ ਦੀ ਬੱਭ ਮਾਰਨੀ ਚਾਹੀਦੀ ਹੈ। ਮਨਪ੍ਰੀਤ ਦੇ ਗੁਣਾਂ ਨੂੰ ਕੌਮ ਸਲਾਮਾਂ ਕਰਦੀ ਐ। ਉਸ ਦੇ ਅਮੋਲ ਗੁਣਾਂ ਤੇ ਲਿਆਕਤ ਨੂੰ ਹਰ ਹੀਲੇ ਕਾਰੇ ਲਾਇਆ ਜਾਵੇ। ਦੜ ਵੱਟ ਜ਼ਮਾਨਾ ਕੌਮੀ ਗਵਾਹ ਬਣੇਗਾ। ਤੁਹਾਡੀ ਖਾਮੋਸ਼ੀ ਵੇਖ ਕੇ ਮੇਰੀ ਹੈਰਾਨੀ, ਮੈਨੂੰ ਛਾਂਟੇ ਮਾਰ ਰਹੀ ਹੈ।
ਸਾਡੇ ਕੌਮੀ ਹੀਰਿਆਂ ਰਾਜ ਤਿਆਗ ਕੇ ਸੁੱਚੇ ਧਰਮ ਨੂੰ ਗਲ ਲਾਇਆ। ਜਿਹੜੇ ਰਾਜ ਦੀ ਗਰਕਾਲੀ ਵਿਚ ਡਿੱਗ ਪੈਂਦੇ ਐ; ਤੇ ਧਰਮ ਵੱਲੋਂ ਮੁਖ ਮੋੜ ਲੈਂਦੇ ਐ; ਨਤੀਜੇ ਅਹੋ ਕਸ਼ਟ! ਬੇਰ ਡੁਲ੍ਹੇ ਈ ਐ; ਚੁੱਕ ਕੇ ਝੋਲੀ ਪਾਏ ਜਾ ਸਕਦੇ ਐ; ਸਵਾਲ ਇਕ ਖਾਨਦਾਨ ਦਾ ਨਹੀਂ; ਕੌਮੀ ਹਾਨੀ ਦਾ ਹੈ; ‘‘ਸੂਝ ਗਿਆਨ’’ ਨੂੰ ਦੇਸ ਨਿਕਾਲਾ ਦੇ ਕੇ ਕੌਮੀ ਧੱਕੇ ਨਹੀਂ ਖਾਵਾਂਗੇ। ਅਸੀਂ ਆਪਣੀ ਮਾਨਮਤੀ ਤਾਰੀਖ ਨੂੰ ਕੀ ਜਵਾਬ ਦੇਵਾਂਗੇ। ਰਾਜ ਤਾਂ ਲੋਕਾਂ ਦੀ ਸੇਵਾ ਹੈ ਤੇ ਧਰਮ ਕਲਿਆਣਕਾਰੀ। ਗੁਰੂਕਿਆਂ ਨੇ ਸਾਨੂੰ ਦੋਹਾਂ ਨੂੰ ਬਰਾਬਰ ਦੀਖਿਆ ਦਿੱਤੀ ਸੀ। ਫ਼ਕੀਰੀ ਨੇ ਸ਼ਾਹੀ ਨੂੰ ਪੁੱਛਿਆ ਸੀ ‘‘ਸੱਚ ਵੱਡਾ ਕੇ ਰਾਜ?’’ ਜਵਾਬ ਸੀ, ਸੱਚ ਬਿਨਾ ਰਾਜ ਦੋਜ਼ਖ। ਰਾਜ ਆਣੀ ਜਾਣੀ ਚੀਜ਼ ਕਦੇ ਵੀ ਖੁਰ ਸਕਦੀ ਐ। ਸੱਚ ਸਦੀਵੀ ਤਾਰੀਖ ਦਾ ਸੁਨਹਿਰੀ ਪੰਨਾ ਹੈ। ਸੱਚ ਦਾ ਤਿਆਗ ਕਰਕੇ ਕੋਈ ਵੀ ਮਹਾਬਲੀ ਖਲੋਤਾ ਨਹੀਂ ਰਿਹਾ। ਤੁਸੀਂ ਇਹ ਕਿਵੇਂ ਭੁੱਲ ਗਏ, ਘਰ ਨਾਲੋਂ ਸੰਗਤ ਮਹਾਨ ਹੈ। ਅੱਜ ਪੰਜਾਬ ਦੀ ਸੰਗਤ ਅਨਿਆਂ ਵਾਪਰਨ ਸਦਕਾ ਹਾਉਕੇ ਹਾਰ ਐ। ਮੈਂ ਲੋਕਾਂ ਦਾ ਛੋਟਾ ਜਿਹਾ ਲੇਖਕ ਇਹ ਸੱਚ ਤੁਹਾਨੂੰ ਡਾਕ ਰਾਹੀਂ ਪਹੁੰਚਾ ਰਿਹਾ ਆਂ। ਸੱਚ ਨੂੰ ਦਿਲੋਂ ਕੱਢਣ ਵਾਲੇ ਨੂੰ ਲੋਕਾਂ ਤੇ ਤਾਰੀਖ ਨੇ ਧਿਰਕਾਰਿਆ ਹੈ। ਇਸ ਮੋੜ ’ਤੇ ਮੈਂ ਸਾਹਿਤ ਦੇ ਲੇਖ ਲਿਖਣ ਵਾਲਾ ਤੁਹਾਨੂੰ ਮੁੜ ਸੱਚ ਦੇ ਪੈਰਾਂ ’ਤੇ ਖਲੋਤਾ ਵੇਖਣ ਲਈ, ਬਾਹਾਂ ਖੋਲ੍ਹੀ ਰਾਹ ਰੋਕੀ ਖਲੋਤਾ ਹਾਂ। ਧਰਮ ਨਹੀਂ ਤਾਂ ਰਾਜ ਦੀ ਥੂਹ। ਉਂਗਲਾਂ ਮੂੰਹ ਪਾਈ ਕੁਲ ਪੰਜਾਬੀਅਤ ਅਣਹੋਣੀ ਵੇਖ ਹੈਰਾਨ ਪ੍ਰੇਸ਼ਾਨ ਸਾਹ ਰੋਕੀ ਖਲੋਤੀ ਐ। ਬੇਰ ਡੁਲ੍ਹੇ ਈ ਐ, ਚੁਕ ਕੇ ਝਾੜ ਝੋਲੀ ਪਾਏ ਜਾ ਸਕਦੇ ਐ ਤੇ ਪੰਜਾਬ ਦੀਆਂ ਰੁੱਸੀਆਂ ਖੁਸ਼ੀਆਂ ਦੀ ਬਹਾਰ ਮੋੜੀ ਜਾ ਸਕਦੀ ਐ। ਗਿਆਨ ਹਰ ਮਾੜੀ ਹੋਣੀ ਦਾ ਸੁਚੱਜਾ ਕਾਰਸਾਜ਼ ਹੈ।
ਇਸ ਹੋਣੀ ਨੇ ਤੁਹਾਡੇ ਘਰ ਹੀ ਧੂੰਆਂ ਸੱਥਰ ਨਹੀਂ ਪਾਇਆ, ਸਾਰਾ ਪੰਜਾਬ ਸੰਤਾਪ ਛੱਡਿਆ ਏ। ਲੋਕਾਂ ਦੇ ਸੱਚ ਤੇ ਕੁਰਬਾਨੀਆਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ, ਇਹ ਸੱਚ ਤੁਸਾਂ ਦੇਖਿਆ ਹੀ ਨਹੀਂ, ਹੱਡੀਂ ਹੰਢਾਇਆ ਹੈ। ਉਨ੍ਹਾਂ ਸਾਰੀਆਂ ਚੜ੍ਹਦੀ ਕਲਾ ਦੀਆਂ ਕੁਰਬਾਨੀਆਂ ਵਿਚੋਂ ਤੁਸੀਂ ਆਪ ਵੀ ਆਏ ਹੋ। ਚੜ੍ਹਦੀ ਕਲਾ ਦੇ ਗੁਰੂ ਰਾਹ ਤੁਰਦੇ, ਘਰ ਦੇ ਮੋਹ ਕਾਰਨ ਥਿੜਕ ਗਏ, ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ। ਹੰਕਾਰੇ ਔਰੰਗਜ਼ੇਬ ਵਲ ਵੇਖ ਲਵੋ। ਇਹ ਪਹਿਲੋਂ ਅਸਮਾਨੇ ਚਾੜ੍ਹਦੀ ਐ, ਮੁੜ ਗਲਪਰਨੇ ਧਰਤੀ ਪਟਕਾ ਮਾਰਦੀ ਹੈ। ਗੱਲ ਨਿਰੀ ਤੁਹਾਡੇ ਮਨ ਹਾਰਨ ਦੀ ਨਹੀਂ, ਮਲਾਹ ਦੇ ਗਲਤ ਚੱਪੂ ਮਾਰਨ ਨਾਲ ਕੌਮੀ ਬੇੜੀ ਦੇ ਗਰਕਣ ਦਾ ਸਵਾਲ ਖੜ੍ਹਾ ਹੋ ਗਿਆ ਐ। ਤਾਰੀਖੀ ਨਤੀਜਿਆਂ ਦੇ ਹਸ਼ਰ ਨੂੰ ਜਾਣ ਕੇ ਤੁਸੀਂ ਦੋਵੇਂ ਮਲਾਹ ਭਰਾਵਾਂ ਦੀਆਂ ਜੱਫੀਆਂ ਪਵਾਓਗੇ। ਏਸੇ ਵਿਚ ਹੀ ਘਰ ਦਾ ਤੇ ਸਮੁੱਚੀ ਕੌਮ ਦਾ ਭਲਾ ਹੈ। ਜੇ ਕੌਮ ਤੇ ਘਰ ਵਿਚ ਸਾਰਥਕਤਾ ਨਹੀਂ ਆਉਂਦੀ, ਇਹ ਦੀ ਸਾਰੀ ਜ਼ਿੰਮੇਵਾਰੀ ਮੁਖੀ ਹੋਣ ਕਾਰਨ ਤੁਹਾਡੇ ਸਿਰ ਪਵੇਗੀ। ਲਿਖੀ ਜਾ ਰਹੀ ਤਾਰੀਖ ਦਾ ਸਫਾ ਪੁੱਛਦਾ ਹੈ, ਇਸ ਕੌਮੀ ਗਰਕਾਲੀ ਦਾ ਕੌਣ ਜ਼ਿੰਮੇਵਾਰ ਦੋਸ਼ੀ ਹੋਵੇਗਾ? ਹੋਣੀ ਨੇ ਹਾਲੇ ਇਸ ਉਲਝੇ ਮੁਕੱਦਮੇ ਦਾ ਫੈਸਲਾ ਲਿਖਣਾ ਹੈ। ਲੋਕਾਂ ਵੱਲੋਂ ਅਪੀਲ ਮੈਂ ਤੁਹਾਡੇ ਰੂਬਰੂ ਕਰ ਰਿਹਾ ਆਂ। ਤੁਸੀਂ ਦਲੇਰੀ ਨਾਲ ਸੱਚਾ ਸੁੱਚਾ ਫੈਸਲਾ ਲੋਕਾਂ ਵਿਚ ਰੱਖ ਦੇਵੋ। ਤਾਂ ਜੋ ਲੋਕਾਂ ਦੇ ਦਿਲਾਂ ਦੀ ਭਗਦੜ ਸ਼ਾਂਤ ਹੋ ਜਾਵੇ। ਤੁਸਾਂ ਜੇ ਦ੍ਰਿੜ ਇਰਾਦੇ ਨਾਲ ਸੱਚ ਦਾ ਸਟੈਂਡ ਨਾ ਲਿਆ, ਤੁਹਾਡਾ ਘਰ ਹੀ ਨਹੀਂ, ਪੰਜਾਬ ਦਾ ਤਖ਼ਤ ਵੀ ਮੂਧਾ ਹੋ ਸਕਦਾ ਐ। ਲੋਕ ਜਮਹੂਰੀ ਸ਼ਕਤੀ ਨਾਲ ਜਾਣਗੇ, ਸੱਚ ਨੂੰ ਸਲਾਮ ਕਰਨਗੇ। ਇਸ ਥਿੜਕੀ ਉਕਾਈ ਲਈ ਕੁਦਰਤ ਤੁਹਾਨੂੰ ਜ਼ਿੰਮੇਵਾਰ ਠਹਿਰਾਵੇਗੀ ਤੇ ਤਾਰੀਖ ਤੁਹਾਡੇ ਖ਼ਿਲਾਫ਼ ਉਲਟ ਫੈਸਲਾ ਲਿਖੇਗੀ। ਪਿਆਰੇ ਬਾਦਲ ਸਾਹਿਬ ਘਰ ਦੇ ਮੋਹ ਨੂੰ ਸਾਂਝੀ ਸ਼ਕਤੀ ਬਣਾਓ। ਬਹੁਤ ਲੰਮੇ ਸਮੇਂ ਤੋਂ ਤੁਸੀਂ ਘਰ ਪਰਿਵਾਰ ਦੇ ਮੋਹ ਤੋਂ ਅਗਾਂਹ ਲੋਕਾਂ ਦੇ ਆਗੂ ਰਹਿ ਚੁੱਕੇ ਓ। ਯਾਦ ਰਹੇ, ਇਕ ਖੁਦਗਰਜ਼ੀ ਡੋਬਦੀ ਹੈ, ਇਕ ਤਿਆਗ ਕੌਮ ਨੂੰ ਤਾਰਦਾ ਹੈ।
ਤੁਸੀਂ ਕਿੰਨੀ ਹੀ ਜੱਦੋ-ਜਹਿਦ ਨਾਲ ਪੰਜਾਬ ਦੇ ਤਖ਼ਤ ਤਕ ਪੁੱਜੇ ਹੋ। ਮੈਂ ਤਾਂ ਤੁਹਾਡੇ ਅਵੇਸਲੇ ਅਹਿਸਾਸ ਨੂੰ ਹਲੂਣ ਰਿਹਾ ਆਂ, ਸਵਾਲ ਦੋ ਘਰਾਂ ਦੇ ਨਿਰਾਪੁਰਾ ਜੋੜਨ ਦਾ ਹੀ ਨਹੀਂ, ਸਮੁੱਚੇ ਪੰਜਾਬ ਦੇ ਖੇਰੂੰ-ਖੇਰੂੰ ਹੋਣ ਦਾ ਵੀ ਹੈ। ਪੰਜਾਬ ਦੀ ਤਬਾਹੀ ਦੀ ਤੀਲੀ ਤੁਹਾਡੇ ਘਰੋਂ ਚਲ ਰਹੀ ਹੈ। ਸੇਕ ਤਾਂ ਬਾਹਰ ਬੈਠਿਆਂ ਨੂੰ ਵੀ ਆਵੇਗਾ। ਭਲਾ ਇਸ ਕੌਮੀ ਪਰਲੋ ਦੀ ਜ਼ਿੰਮੇਵਾਰੀ ਕੀਹਦੇ ਸਿਰ ਪਵੇਗੀ? ਸੋਚੋ? ਜਿਸ ਦੇ ਹੱਥ ਖਜ਼ਾਨੇ ਦੀ ਕੂੰਜੀ ਐ, ਸਾਰਾ ਕੌਮੀ ਦੋਸ਼ ਉਸ ਸਿਰ ਆ ਪੈਣਾ ਹੈ। ਤੁਸੀਂ ਸਮਝੋ, ਤੁਹਾਡੀ ਚੁੱਪ ਤੁਹਾਨੂੰ ਦੋਸ਼ੀ ਗਰਦਾਨ ਰਹੀ ਹੈ। ਤੁਹਾਡੀ ਅੱਜ ਦੀ ਚੁੱਪ, ਭਲਕ ਦਾ ਦੋਸ਼ੀ ਸਾਬਤ ਕਰੇਗੀ। ਮਿਹਰਬਾਨੀ ਕਰਕੇ ਲੋਕਾਂ ਦੀ ਦੁਹਾਈ ਦਾ ਅਹਿਸਾਸ ਕਰੋ।
ਮਿਹਰਬਾਨ ਬਾਦਲ ਸਾਹਿਬ! ਮੈਨੂੰ ਡਰ ਹੈ ਤੁਹਾਡੇ ਘਰ ਦੀ ਲੜਾਈ ਪੰਜਾਬ ਲਈ ਤਖ਼ਤ ਤੋਂ ਤਖ਼ਤਾ ਨਾ ਬਣ ਜਾਵੇ। ਤੁਹਾਡੇ ਦੋਸਤ-ਰਿਸ਼ਤੇਦਾਰ ਪੰਜਾਬ ਦੀ ਵਿਗੜੀ ਨੂੰ ਸੰਵਾਰਨ ਲਈ ਅੱਗੇ ਨਹੀਂ ਆ ਸਕਦੇ? ਵੱਡੇ ਤੋਂ ਡਰਦੇ ਸਭ ਜੀਭਾਂ ਠਾਕੀ ਬੈਠੇ ਐ। ਪੰਜਾਬ ਤਾਂ ਦਰਿਆਵਾਂ ਦਾ ਪਾਣੀ ਤੇ ਪਾਣੀ ਵਾਲੀ ਬਿਜਲੀ ਮੁਫਤ ਵਿਚ ਹੀ ਖੋਹਣ ਨਾਲ ਕੰਗਾਲ ਹੋਇਆ ਬੈਠਾ ਐ। ਵੱਡੀਆਂ ਡਿਗਰੀਆਂ ਵਾਲੇ ਲੱਖਾਂ ਦੀਆਂ ਰਿਸ਼ਵਤਾਂ ਨਾ ਦੇ ਸਕਣ ਕਾਰਨ ਪ੍ਰਦੇਸ਼ਾਂ ਨੂੰ ਤੁਰ ਗਏ। ਰਿਸ਼ਵਤਖੋਰ ਅਫਸਰਸ਼ਾਹੀ ਨੇ ਗੁਣ ਨੂੰ ਇਕ ਤਰ੍ਹਾਂ ਕੁੱਟ ਕੇ ਪ੍ਰਦੇਸ਼ਾਂ ਨੂੰ ਤੋਰਿਆ ਏ। ਪੰਜਾਬ ਸਿਰ ਅਰਬਾਂ-ਖਰਬਾਂ ਦਾ ਕਰਜ਼ਾ ਚਾੜ੍ਹ ਕੇ ਉਠਣ ਜੋਗਾ ਹੀ ਨਹੀਂ ਛੱਡਿਆ। ਪੰਜਾਬ ਕਾਂਗਰਸ ਨਲੱਜੀ ਹੋਈ ਕੇਂਦਰ ਵੱਲ ਝਾਕਦੀ ਹੈ। ਪੰਜਾਬ ਦੀ ਅਮੀਰ ਵਿਰਾਸਤ, ਦਰਿਆਵਾਂ ਦਾ ਕੀਮਤੀ ਪਾਣੀ ਬਿਜਲੀ ਮੁਫਤ ਦੇ ਕੇ ਆਪਣੀਆਂ ਹੀ ਵਜ਼ੀਰੀਆਂ ਹਾਸਲ ਕੀਤੀਆਂ। ਲੱਖ ਲਾਹਨਤ ਪੰਜਾਬ ਵਿਚ ਰਹਿਣ ਦੇ। ਮਾਲੀ ਤੌਰ ’ਤੇ ਇਕ ਨੰਬਰ ਦਾ ਜਲੀਆਂ ਪਾਉਂਦਾ ਸੂਬੀ ਸੂਬਾ ਦਸ ਨੰਬਰ ’ਤੇ ਲਿਆ ਖੜ੍ਹਾ ਕੀਤਾ। ਦੇਸ਼ ਦੀ ਭੁੱਖ ਮਿਟਾਉਣਾ ਕਿਸਾਨ, ਕਰਜ਼ ਹੇਠ ਆਇਆ ਖੁਦਕੁਸ਼ੀਆਂ ਨੂੰ ਪਹੁੰਚ ਗਿਆ ਹੈ। ਨਾ ਇੱਟਾਂ ਦਾ ਭੱਠਾ ਮੁੱਕੇ ਤੇ ਨਾ ਖੋਤਾ ਛੁੱਟੇ। ਮਰ ਗਿਆ ਪੰਜਾਬ ਦਾ ਕਿਸਾਨ ਦੇਸ਼ ਦੀ ਭੁੱਖ ਮਿਟਾਉਂਦਾ। ਕੇਂਦਰ ਦਾ ਕਰਜ਼ਾ ਪੰਜਾਬ ਦੀ ਕਮਾਊ ਧੌਣ ਭੰਨੀ ਆ ਰਿਹਾ ਐ।
ਪੁੱਤ ਮਰਗੇ ਗਵਾਂਢਣ ਤੇਰੇ , ਗਲੀ ਦੇ ਵਿਚੋਂ ਯਾਰ ਮੋੜਿਆ।
ਮਿਸਟਰ ਜਿਨਾਹ ਸ੍ਰ. ਹਰੀ ਸਿੰਘ ਰਾਹੀਂ ਸਿੱਖਾਂ ਨੂੰ ਝਨਾਂ ਦਰਿਆ ਤੋਂ ਮਾਰਕੰਡਾ ਦਰਿਆ ਤਕ ਖੁਦਮੁਖਤਾਰ ਸਟੇਟ ਦੇਂਦਾ ਸੀ। ਵੀਹ ਫੀਸਦੀ ਫੌਜੀ ਭਰਤੀ ਤੇ ਲਾਹੌਰ ਦੀ ਰਾਜਧਾਨੀ ਹੁਣ ਰੋ ਲਓ ਬਹਿ ਕੇ ਮਾਸਟਰ ਸਿੰਘ ਤੇ ਬਲਦੇਵ ਸਿੰਘ ਦੀ ਜਾਨ ਨੂੰ, ਜਿਨ੍ਹਾਂ ਗੁਲਾਮ ਦਰ ਗੁਲਾਮ ਬਣਾ ਕੇ ਰੱਖ ਦਿੱਤੇ। ਦੁਨੀਆਂ ਵਿਚ ਕੋਈ ਯਾਰ-ਬੇਲੀ ਨਹੀਂ, ਜਿਹੜਾ ਲੁੱਟਿਆ-ਪੁੱਟਿਆ ਲਈ ‘ਹਾਅ’ ਦਾ ਨਾਅਰਾ ਮਾਰੇ। ਹੁਣ ਅੱਧਾ ਕਰਜ਼ਾ ਮਾਫ ਕਰਵਾਉਂਦੇ ਸ੍ਰ. ਮਨਪ੍ਰੀਤ ਸਿੰਘ ਨੂੰ ਵਜ਼ੀਰੀ ਤੋਂ ਵੀ ਹੱਥ ਧੋਣੇ ਪਏ। ਦੇਖੋ ਯਾਰੋ ਅੱਧਾ ਕਰਜ਼ਾ ਮੁਆਫ ਕਰਵਾਉਣ ਦਾ ਹਸ਼ਰ। ਪੰਜਾਬ ਨੂੰ ਜੁੰਡੇ ਪੁਟਾ ਕੇ ਵੀ ਅਕਲ ਨਹੀਂ ਆਉਂਦੀ। ਸਿਆਣੇ ਆਖਿਆ ਸੀ, ਉਖਲ, ਪੁੱਤ ਨਾ ਜੰਮਈ, ਧੀ ਅੰਨ੍ਹੀ ਚੰਗੀ। ਲੋਕੋ ਨੇਕੀ ਕਰਦਿਆਂ ਦਾ ਹਸ਼ਰ ਤੇ ਸਾਡੀ ਅਕਲ ਦੇ ਦੁਆਲੇ ਵੱਲ ਵੇਖੋ। ਵਾਸਤਾ ਤੁਹਾਡੇ ਵੱਡਿਆਂ ਦਾ ਬਾਦਲ ਸਾਹਿਬ, ਵਿਗੜੇ ਹਾਲਾਤ ਨੂੰ ਸੰਭਾਲੋ। ਨਹੀਂ ਅਲਾਮਾਂ ਇਕਬਾਲ ਦੇ ਸ਼ੇਅਰ ਵਾਂਗ ‘ਤੁਮਾਰੀ ਦਾਸਤਾਂ ਤਕ ਨਾ ਹੋਗੀ ਦਾਸਤਾਨੋ ਮੇਂ।’ ਇਸ ਰਾਜ ਦਾ ਨਿਆਂ ਵੇਖੋ, ਦਸ ਜ਼ਿਲ੍ਹਿਆਂ ਦਾ ਪੰਜਾਬ ਦੇਸ਼ ਦੇ ਤਰੇਹਟ ਫੀਸਦੀ ਭੁੱਖੇ ਲੋਕਾਂ ਦਾ ਢਿੱਡ ਵੀ ਭਰੇ ਤੇ ਕਰਜ਼ੇ ਦੀਆਂ ਜੁੱਤੀਆਂ ਵੀ ਖਾਵੇ। ਦੁਖੀ ਹੋਇਆ ਮਨ ਆਖ ਰਿਹਾ ਏ, ਸ਼ਾਬਾਸ਼ੇ ਪੰਜਾਬ ਦੀਆਂ ਕਾਂਗਰਸੀ ਤੇ ਅਕਾਲੀ ਸਰਕਾਰਾਂ ਦੇ। ਕੇਂਦਰ ਦੀ ਚੁਸਤ ਵਿਉਂਤ ਨੇ ਕਰਜ਼ਾ ਚਾੜ੍ਹ ਕੇ ਪੰਜਾਬ ਦੀ ਆਣ ਅਣਖ ਹੀ ਨਹੀਂ ਮਾਰੀ, ਉਠਣ ਜੋਗਾ ਈ ਨਹੀਂ ਛੱਡਿਆ। ਸ਼ੇਰ ਦੀ ਤੜ ਮਾਰਨ ਵਾਲਾ ਪੰਜਾਬ ਭਿੱਜੀ ਬਿੱਲੀ ਬਣਿਆ ਕੰਬ ਰਿਹਾ ਐ। ਕਮਲੇ ਲਾਣੇ ਵਿਚ ਅਕਲ ਕੁੱਟ ਹੀ ਖਾਂਦੀ ਐ। ਸਾਰੇ ਪੰਜਾਬ ਦੀਆਂ ਦਿਨੇ ਦੁਪਹਿਰੇ ਕੁੱਟ ਖਾਂਦੇ ਸੱਚ ਨੂੰ ਵੇਖਿਆ। ਹੁਣ ਪਾ ਲਵੋ ਚੰਡੀਗੜ੍ਹ ਖੇਡਾਂ।
ਕਮਲੇ ਲਾਣੇ ਵਿਚ ਸਿਆਣਪ ਨੇ ਹਮੇਸ਼ਾ ਕੁੱਟ ਖਾਧੀ ਹੈ। ਪਰ ਮਨਪ੍ਰੀਤ ਨੇ ਸੱਦੀ ਮੀਟਿੰਗ ਵਿਚ ਨਾ ਜਾ ਕੇ ਗਲਤੀ ਕੀਤੀ¨ਉਹ ਅੱਧੇ ਕਰਜ਼ੇ ਦੀ ਮਾਫੀ ਦਾ ਸੱਚ ਮੀਟਿੰਗ ਵਿਚ ਰੱਖ ਕੇ ਨਸ਼ੰਗ ਉਠ ਆਉਂਦਾ। ਗੁੱਸਾ ਕਈ ਵਾਰ ਸੱਚ ਨੂੰ ਵੀ ਉਖੇੜਾ ਦੇ ਮਾਰਦਾ ਹੈ। ਸਾਰੇ ਪੰਜਾਬੀਆਂ ਦਿਨੇ ਦੁਪਹਿਰੇ ਕੁੱਟ ਖਾਂਦਾ ਸੱਚ ਵੇਖਿਆ। ਘਰਦਿਆਂ ਮਸੋਸੀ ਵੱਟੀ, ਪਰ ਬਾਹਰਲਿਆਂ ‘ਧਾਹ’ ਮਾਰੀ। ਬਾਦਲ ਸਾਹਿਬ ਤੁਸਾਂ ਸੱਚ ਨੂੰ ਕੁੱਟ ਪੈਂਦੀ ਦੇਖੀ ਤੇ ਚੁੱਪ ਧਾਰੀ ਰੱਖੀ, ਕਿਉਂ? ਇਸ ਲਈ ਕਿ ਕੁੱਟ ਤੁਹਾਡੇ ਪੁੱਤਰ ਦੇ ਇਸ਼ਾਰੇ ’ਤੇ ਪੈ ਰਹੀ ਸੀ। ਤਾਏ ਦੀ ਰਿਸ਼ਤੇਦਾਰੀ ਨੇ ਘੁੰਡ ਕੱਢ ਲਿਆ ਤੇ ਮਨਸੂਰ ਦੀ ਸਚਾਈ ਪੰਜਾਬ ਦੀ ਪਰ੍ਹੇ ਵਿਚ ਖਿੱਚੀ-ਧੂਹੀ ਗਈ। ਸੱਚ ਝੂਠ ਦਾ ਇਹ ਤਮਾਸ਼ਾ ਪੰਜਾਬ ਨੇ ਹੀ ਨਹੀਂ ਸਾਰੀ ਦੁਨੀਆਂ ਨੇ ਦੇਖਿਆ। ਹਮਦਰਦ ਲੋਕਾਂ ਦੀਆਂ ਅੱਖੀਆਂ ਵਗਦੀਆਂ ਤੁਸਾਂ ਵੀ ਵੇਖੀਆਂ। ਪੁੱਤਰ ਤੇ ਭਤੀਜੇ ਲਈ ਤੁਹਾਡੀ ਹਮਦਰਦੀ ਕਿੱਥੇ ਖਲੋਤੀ ਸੀ? ਹੈਰਾਨੀ! ਭਲਾ ਬਾਦਲ ਜੀ! ਇਸ ਵਿਚ ਬਦਨਾਮੀ ਕੀਹਦੀ ਹੋਈ ਐ?
ਕਿਸੇ ਹੈਂਕੜਬਾਜ਼ ਪੰਜਾਬੀ ਨੇ ਆਪਣੇ ਬਰਾਬਰ ਉਠਦੇ ਭਲੇਮਾਣਸ ਨੂੰ ਖਤਮ ਕਰਨ ਲਈ ਬੰਦੇ ਤੋਰ ਦਿੱਤੇ। ਭਾੜੇ ਦੇ ਬੰਦਿਆਂ ਨਿਰਦੋਸ਼ ਕਤਲ ਕਰ ਦਿੱਤਾ। ਵਿਚਾਰਾ ਜੱਜ ਸ਼ਸ਼ੋਪੰਜ ਵਿਚ ਕਤਲ ਕਰਵਾਉਣ ਵਾਲਾ ਅਸਲ ਦੋਸ਼ੀ ਹੈ ਜਾਂ ਭਾੜਾ ਲੈਣ ਵਾਲੇ ਗੁਨਾਹਗਾਰ ਐ? ਬਾਦਲ ਜੀ! ਸਾਰੀ ਅਕਾਲੀ ਪਾਰਟੀ ਅੱਜ ਤੁਹਾਡੇ ਨਾਲ ਖੜ੍ਹੀ ਹੈ। ਪਰ ਭਲਕ ਦਾ ਕੋਈ ਇਤਬਾਰ ਨਹੀਂ। ਭਲਕ ਦੇ ਨਤੀਜੇ ’ਤੇ ਆਸਾਰ ਮਾੜੇ ਹੀ ਸੰਕੇਤ ਦੇ ਰਹੇ ਹਨ। ਤੁਹਾਡੀ ਅੰਦਰਲੀ ਈਮਾਨਦਾਰੀ ਨੇ ਕਿਉਂ ਮੋਟੀ ਚੁੱਪ ਵੱਟ ਲਈ ਹੈ। ਤੁਹਾਡੀ ਚੁੱਪ ਹਾਲਾਤ ਨੂੰ ਧੋਖਾ ਨਹੀਂ ਦੇ ਸਕਦੀ। ਕੁਦਰਤ ਨਾਲ ਸਿੱਧੀ ਟੱਕਰ ਵਿਚ ਆਦਮੀ ਹਰ ਹਾਲ ਆਪੇ ਜ਼ਖਮੀ ਹੋਇਆ ਹੈ। ਭਵਿੱਖ ਦੇ ਅੰਨ੍ਹੇਰੇ ਵਿਚ ਕੁਝ ਵੀ ਅਣਕਿਆਸਿਆ ਵਾਪਰ ਸਕਦਾ ਹੈ। ਜਿਹੜਾ ਨੀਤੱਗ ਭਵਿੱਖ ਨੂੰ ਥੋੜ੍ਹੀ-ਬਹੁਤੀ ਦੂਰੀ ਤਕ ਨਹੀਂ ਤਾੜਦਾ, ਤਾਰੀਖ ਉਸ ਨੂੰ ਪਛਾੜ ਦਿੰਦੀ ਹੈ। ਤੁਹਾਡੀ ਲੰਮੀ ਸੋਚ ਨਾਲ ਪੰਜਾਬ ਦਾ ਸਿਰ ਉੱਚਾ ਰਿਹਾ ਹੈ ਤੇ ਇਨ੍ਹਾਂ ਵਿਗੜੇ ਤੇ ਕਰਜ਼ਾਈ ਹਾਲਾਤ ਵਿਚ ਤੁਹਾਡੀ ਖਾਮੋਸ਼ੀ, ਕਿਤੇ ਇਤਿਹਾਸ ਦੀ ਦੋਸ਼ੀ ਨਾ ਬਣ ਜਾਵੇ। ਮੈਨੂੰ ਇਹ ਡਰ ਖਾ ਰਿਹਾ ਹੈ।
ਮੈਂ ਉੱਚੇ-ਨੀਵੇਂ ਪੜਾਵਾਂ ਤੋਂ ਢਲਦਾ ਪਾਣੀ ਨੀਵੇਂ ਥਾਂ ਆ ਟਿਕਿਆ ਆਂ। ਤੇ ਬੰਨਵੇਂ ਸਾਲ ਦੀ ਉਮਰ ਵਿਚ ਉਖੜੇ ਨਤੀਜਿਆਂ ਦੇ ਨਚੋੜ ਵਿਚ ਬੋਲ ਰਿਹਾ ਆਂ। ਇਸ ਆਜ਼ਾਦੀ ਖੁਣੋਂ ਕੀ ਥੁੜ੍ਹਿਆ ਸੀ। ਭਵਿੱਖ ਲਈ ਤੁਹਾਡੀ ਆਗੂ ਵਜੋਂ ਚੁੱਪੀ, ਸਾਰਥਿਕ ਰਾਹਤ ਲਈ ਦੋਸ਼ੀ ਨਾ ਬਣ ਜਾਵੇ। ਸਰਕਾਰਾਂ ਆਪਣੀਆਂ ਗਲਤੀਆਂ ਦੋਸ਼ ਸਹਿਜ ਹੀ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਹਜ਼ਮ ਕਰ ਜਾਂਦੀਆਂ ਹਨ। ਪਰ ਸਮੇਂ ਨੇ ਕਦੇ ਕਿਸੇ ਨੂੰ ਮੁਆਫ ਨਹੀਂ ਕੀਤਾ। ਲੋਕ ਤੁਹਾਡੀ ਚੁੱਪੀ ’ਤੇ ਹੈਰਾਨ-ਪ੍ਰੇਸ਼ਾਨ ਹਨ, ਜਿਨ੍ਹਾਂ ਭਵਿੱਖ ਦੇ ਮਾੜੇ ਨਤੀਜੇ ਭੁਗਤਣੇ ਹਨ। ਇਸ ਉਮਰ ਵਿਚ ਮੈਂ ਆਪਣੇ ਪਰਿਵਾਰ ਨਾਲੋਂ ਪੰਜਾਬ ਦੇ ਹਿੱਤਾਂ ਦਾ ਪਹਿਲਾਂ ਵੱਧ ਖੈਰ ਖਾਹ ਆਂ। ਪਰ ਪੰਜਾਬ ਦੀ ਖੈਰ-ਖਾਹੀ ਦੀ ਸੌਂਹ ਚੁੱਕ ਕੇ ਉਸ ਦਾ ਸਰਬਰਾਹ ਇਸ ਸੱਚ ਤੋਂ ਕਿਉਂ ਉਖੜੇ? ਯਾਦ ਰਹੇ ਤੁਹਾਡਾ ਘਰ ਪੰਜਾਬ ਵਿਚ ਹੈ, ਪੰਜਾਬ ਤੁਹਾਡੇ ਘਰ ਵਿਚ ਕੈਦ ਨਹੀਂ। ਪੰਜਾਬ ਦੇ ਆਗੂ ਨੂੰ ਖਬਰਦਾਰੀ ਵਜੋਂ ਬੋਲ ਰਿਹਾ ਆਂ:
‘‘ਬਾਹਲੀਆਂ ਗੱਲਾਂ ਦਾ ਚਾ ਵੇ,
ਗੱਲ ਇਕੋ ਬਥੇਰੀ।’
ਲੋਕਾਂ ਲਈ ਨੇਕੀ ਦੇ ਰਾਹੋਂ ਉਖੜਨਾ, ਜ਼ਿੰਦਗੀ ਭਰ ਦਾ ਪਛਤਾਵਾ। ਬਸ ਮਨਪ੍ਰੀਤ ਦੀ ਨੇਕੀ ਤੇ ਲਿਆਕਤ ਨੂੰ ਘਰ ਮੋੜ ਲਿਆਵੋ। ਪੰਜਾਬ ਵਸਦਾ ਰਹਿ ਜਾਊ। ਨਹੀਂ, ਪੰਜਾਬ ਦੀ ਵਜ਼ਾਰਤ ਕਾਣੀਆਂ ਕੌਡਾਂ ਖੇਡਦੀ ਰਹੇਗੀ। ਤੁਹਾਡੀ ਚੁੱਪੀ ਤੁਹਾਡੇ ਸਾਰੇ ਸਾਥੀਆਂ ਦੇ ਸਾਹ ਘੁੱਟੀ ਬੈਠੀ ਐ। ਸ਼ੇਰ ਦੇ ਭੈਅ ਕਾਰਨ ਲੂੰਬੜ ਗਿੱਦੜ ਸਾਹਮਣੇ ਬੋਲਦੇ ਨਹੀਂ। ਜਹਾਂਗੀਰ ਦੇ ਦਰਬਾਰੀਆਂ ਨੂੰ ਉਸ ਦੀਆਂ ਵੱਡੀਆਂ ਗਲਤੀਆਂ ਦਾ ਅਹਿਸਾਸ, ਸ਼ਾਹ ਹੁਸੈਨ ਫਕੀਰ ਨਮਾਣਾ ਹੀ ਕਰਵਾਉਂਦਾ ਸੀ। ਹਰ ਪੱਖੋਂ ਨਿਰਦੋਸ਼ ਤੇ ਹਰ ਆਰਥਿਕ ਪੱਖ ਵਿਚ ਨਿਪੁੰਨ, ਮਨਪ੍ਰੀਤ ਨੂੰ ਬਾਹੋਂ ਫੜ ਕੇ ਉਸ ਦੀ ਕੁਰਸੀ ’ਤੇ ਲਿਆ ਬਹਾਵੋ। ਨੇਕੀ ਕਮਾਉਣ ਵਾਲਿਆਂ ਨੂੰ ਸਜ਼ਾ ਦੇਣ ਵਾਲੇ ਇਤਿਹਾਸ ਦੇ ਦੋਸ਼ੀ ਬਣ ਜਾਂਦੇ ਹਨ। ਇਸ ਪੈਂਤੜੇ ਤੋਂ ਉਖੜੋਗੇ, ਮਾੜੇ ਨਤੀਜੇ ਸਾਰਾ ਪੰਜਾਬ ਭੁਗਤੇਗਾ। ਖਾਮੋਸ਼ੀ ਤੋੜੋ, ਸੱਚ ਦਾ ਰਾਹ ਫੜੋ, ਉਖੜਿਆ ਪੰਜਾਬ ਤੁਹਾਨੂੰ ਦੁਆਵਾਂ ਦੇਵੇਗਾ।
ਸਵਾਲ ਖੜ੍ਹਾ ਪੁਕਾਰ ਰਿਹਾ ਹੈ, ਘਰ ਦੇ ਪੁੱਤਰ ਮੋਹ ਵਿਚ ਗਰਕਣਾ ਹੈ ਕਿ ਪੰਜਾਬ ਦਾ ਹੀਰੋ ਬਣਨਾ ਹੈ? ਤੁਸੀਂ ਰਾਜਸੀ ਈਮਾਨਦਰੀ ਦਾ ਗਲਾ ਨਹੀਂ ਘੁੱਟ ਸਕਦੇ। ਜ਼ਿੰਦਗੀ ਲਈ ਸੱਚ ਤੇ ਝੂਠ ਦੇ ਦੋ ਹੀ ਰਾਹ ਹਨ। ਸਹੀ ਨੀਤੀ ਤੁਹਾਨੂੰ ਪੁੱਠੇ ਰਾਹ ਨਹੀਂ ਜਾਣ ਦੇਵੇਗੀ। ਜਾਵੋਗੇ ਤਾਂ ਨਤੀਜੇ ਘਰ ਪਰਿਵਾਰ ਨਾਲ ਸਾਰੀ ਕੌਮ ਵੀ ਭੁਗਤੇਗੀ। ਬੁਰੇ ਨਤੀਜੇ ਤੇ ਭੈੜਾ ਅੰਜਾਮ ਤਾਰੀਖ ਨੂੰ ਮਿਲੇਗਾ। ਇਕ ਲੇਖਕ ਆਪਣੇ ਲੋਕਾਂ ਨਾਲ ਖਲੋਤਾ ਸਰਬਤ ਦਾ ਕਲਿਆਣ ਚਾਹੁੰਦਾ ਹੈ। ਲੋਕਾਂ ਦੀ ਭਲਾਈ ਨਾਲ ਹੀ ਤੁਹਾਡਾ ਸਿਰ ਉੱਚਾ ਹੈ। ਲੋਕਾਂ ਦੀ ਭਲਾਈ, ਤੁਹਾਡੀ ਸਰਬੁਲੰਦੀ ਤੇ ਵਡਿਆਈ। ਇਹ ਸਭ ਕੁਝ ਜਾਣਦੇ ਉਮਰ ਭਰ ਹੰਢਿਆ ਆਏ ਹੋ। ਮੈਂ ਤਾਂ ਕੇਵਲ ਤੁਹਾਡੇ ਡਾਵਾਂਡੋਲ ਅਹਿਸਾਸ ਨੂੰ ਚੇਤੰਨ ਕਰ ਰਿਹਾ ਆਂ। ਘੁੱਟੀ ਵੱਟੀ ਅਕਲ ਨੂੰ ਖੁੱਲ੍ਹ ਕੇ ਸੇਵਾ ਕਰਨ ਦੇਵੋ। ਲੋਕ ਭਲੇ ਪਰ ਲੋਕ ਸੁਹੇਲੇ ਹੋਣ ਦੇਵੋ। ਲੋਕ ਆਗੂ ਰਾਜਾ ਪੈਦਾ ਕਰਦੇ ਹਨ ਤੇ ਉਹ ਉਨ੍ਹਾਂ ਦੀ ਸੇਵਾ ਕਰਦਾ ਹੈ। ਇਹ ਦਰਗਾਹੀ ਸਰਬਤ ਦੇ ਭਲੇ ਦਾ ਅਸੂਲ ਹੈ। ਕਿਸੇ ਵੀ ਕਰਾਈਸਿਸ ਵਿਚ ਆਏ ਆਗੂ ਨੂੰ ਸੰਭਾਲਣਾ, ਉਹ ਦੇ ਲੋਕਾਂ ਦਾ ਫਰਜ਼ ਹੈ। ਤੁਹਾਡਾ ਤੇ ਲੋਕਾਂ ਦਾ ਉਹੀ ਫਰਜ਼ ਦਾਸ ਆਪਣੀ ਤੁੱਛ ਸੇਵਾ ਨਾਲ ਪੂਰਾ ਕਰ ਰਿਹਾ ਹੈ। ਤੁਸੀਂ ਇਹ ਸਾਰੀਆਂ ਜਮਾਤਾਂ ਤੇ ਅਸੂਲ ਲਾਹੌਰੋਂ ਪੜ੍ਹ ਆਏ ਸੀ। ਵੱਖ-ਵੱਖ ਤਰ੍ਹਾਂ ਦੇ ਰੁਝੇਵੇਂ, ਦੁਸ਼ਮਣਾਂ ਦੇ ਉਲਝੇਵੇਂ ਤੇ ਅਕੇਵੇਂ ਦੇਣ ਵਾਲੇ ਕਲੇਸ਼ ਮਨੁੱਖ ਨੂੰ ਰਾਹੋਂ ਕੁਰਾਹ ਕਰਦੇ ਹਨ, ਪਰ ਤਾਰੀਖ ਪੈਦਾ ਕਰਨ ਵਾਲੇ ਦ੍ਰਿੜ੍ਹ ਇਰਾਦੇ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ।
ਜ਼ਿੰਦਗੀ ਵਿਚ ਡੁਲਾਵੇ ਤੇ ਹਲੂਣੇ ਸੁੱਤੇ ਹੀ ਆ ਜਾਂਦੇ ਹਨ, ਪਰ ਦ੍ਰਿੜ੍ਹ ਇਰਾਦੇ ਇਨ੍ਹਾਂ ਨੂੰ ਸਹਿਜ ਹੀ ਸਰਪਾਸ ਕਰ ਜਾਂਦੇ ਹਨ। ਸੂਝ ਦੇ ਅਹਿਸਾਸ ਨੂੰ ਧੱਕਾ ਨਹੀਂ ਲੱਗਣਾ ਚਾਹੀਦਾ। ਤੁਸੀਂ ਮੇਰੇ ਨਾਲੋਂ ਉਮਰ ਵਿਚ ਛੋਟੇ ਹੋ ਤੇ ਗਿਆਨ ਤੇ ਲੋਕ ਸੇਵਾ ਵਿਚ ਫੰਨੇ ਖਾਂ ਹੋ। ਉਦਾਸੀਆਂ ਤੇ ਪਤਝੜਾਂ ਦੀ ਬਹਾਦਰ ਰੂਹਾਂ ਨੇ ਕਦੇ ਪ੍ਰਵਾਹ ਨਹੀਂ ਕੀਤੀ। ਇਹ ਨਸੀਹਤ ਮੈਂ ਨਿਪੋਲੀਅਨ ਦੀ ਆਪ ਬੀਤੀ ਤੋਂ ਲਈ ਸੀ। ਜ਼ਿੰਦਗੀ ਵਿਚ ਆਈਆਂ ਔਖਾਂ, ਮਨੁੱਖ ਨੂੰ ਹੁਸ਼ਿਆਰ ਹੀ ਨਹੀਂ, ਬਹਾਦਰ ਵੀ ਬਣਾਉਂਦੀਆਂ ਹਨ। ਤੁਸੀਂ ਗੁਰੂ ਨਾਨਕ ਦੀ ਸੱਚੀ ਸੁੱਚੀ ਸੋਚ ਤੇ ਗੁਰੂ ਗੋਬਿੰਦ ਸਿੰਘ ਦੀ ਬਹਾਦਰ ਜੁਰਅੱਤ ਦੀ ਪੈਦਾਵਾਰ ਹੋ। ਮਾਮੂਲੀ ਝੱਖੜ-ਝਾਂਜਾ ਤੁਹਾਨੂੰ ਉਦਾਸ ਨਹੀਂ ਕਰ ਸਕਦਾ। ਤੁਸੀਂ ਇਕ ਬਹਾਦਰ ਕੌਮ ਦਾ ਸਚਿਆਰਾ ਅਮਲ ਹੋ। ਮਾਮੂਲੀ ਤਾਪ ਸਰਬਾਹ ਤੁਹਾਡੇ ਨੇੜੇ ਫਟਕਣਾ ਨਹੀਂ ਚਾਹੀਦਾ। ਤੁਹਾਡੀ ਸੋਚ ਕੌਮ ਨੂੰ ਹੀ ਨਹੀਂ, ਉਸ ਦੇ ਭਵਿੱਖ ਨੂੰ ਵੀ ਜਵਾਬਦੇਹ ਹੈ। ਝੂਠ ਤੇ ਗਲਤ ਦਾ ਅੰਨ੍ਹੇਰਾ ਪਾੜ ਕੇ ਸੱਚ ਦਾ ਸਵੇਰਾ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ। ਯਾਦ ਰਹੇ, ਕੌਮੀ ਫਰਜ਼ਾਂ ਸਾਹਮਣੇ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਦਾ ਮੋਹ ਨਹੀਂ ਕੀਤਾ ਸੀ। ਸੌਂਪੀ ਕੌਮੀ ਅਮਾਨਤ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਡਟ ਕੇ ਨਿਬਾਹੋ। ਯਾਦ ਰਹੇ ਇਸ ਮਹਾਜ਼ ਤੋਂ ਜ਼ਰਾ ਜਿੰਨਾ ਵੀ ਪਾਸਾ ਵੱਟੋਗੇ ਤਾਰੀਖ ਭਾਜੜਾਂ ਵਿਚ ਲਿਆ ਖੜ੍ਹਾ ਕਰੇਗੀ। ਲੋਕਾਂ ਦੇ ਸੱਚ ਲਈ ਅੜੋਗੇ, ਲੜੋਗੇ, ਤਾਰੀਖ ਦੇ ਹੀਰੋ ਬਣੋਗੇ। ਹੀਰੋ ਤੋਂ ਜ਼ੀਰੋ ਦੀ ਪ੍ਰੀਖਿਆ ਵਿਚੋਂ ਹਰ ਮਨੁੱਖ ਨੂੰ ਗੁਜ਼ਰਨਾ ਪਿਆ ਹੈ।
ਮੇਰਾ ਤਾਇਆ ਆਂਹਦਾ ਹੁੰਦਾ ਸੀ ‘‘ਡੱਡੀਏ, ਨੇਕੀ ਤੇ ਸੱਚ ਦਾ ਰਾਹ ਕਦੇ ਨਾ ਛੱਡੀਏ। ਗੁਰੂ ਰੁੱਸ ਜਾਵੇ, ਸਿੱਖੀ ਦਾ ਰਹਿੰਦਾ ਕੁਝ ਨਹੀਂ।’’ ਜੋ ਪੁਰਖਿਆਂ ਮੌਤ ਦਿੱਤੀ, ਉਹਦੇ ਅਨੁਸਾਰ ਹੀ ਲਿਖਿਆ ਏ। ਮੇਰੀ ਆਖਰੀ ਅਰਜ਼ ਹੈ, ਘਰ ਨਾਲ ਪੰਜਾਬ ਵਸਦਾ ਰੱਖਣਾ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ। ਕਰਮ ਤੇ ਧਰਮ ਦੋਵੇਂ ਸਕੇ ਭਰਾ, ਲੜਨਗੇ ਤਾਂ ਘਰ ਹੀ ਨਹੀਂ, ਪੰਜਾਬ ਪਹਿਲਾਂ ਵੀਰਾਨ ਹੋਵੇਗਾ। ਅਸੀਂ, ਗੁਰੂ ਦੀ ਵਿਰਾਸਤ, ਸਰਬਤ ਦੇ ਭਲੇ ਦੇ ਪਾਬੰਦ ਆਂ। ਡੋਲੇ ਮਨ ਨੂੰ ਗੁਰੂ ਦੇ ਹਜ਼ੂਰ ਕਰੋ, ਨਰੋਈ ਸਮੱਤ ਮਿਲੇਗੀ। ਮਨਪ੍ਰੀਤ ਤੇ ਉਸ ਦੀ ਲਿਆਕਤ ਨੂੰ ਲੋਕਾਂ ਦੀ ਸੇਵਾ ਵਿਚ ਲਾਓ। ਉਹ ਦੀ ਸੇਵਾ ਦਾ ਫਲ ਪੰਜਾਬ ਤੇ ਲੋਕਾਂ ਦਾ ਸਿਰ ਬੁਲੰਦ ਕਰੇਗੀ। ਇਹ ਸਾਰੇ ਸਬਕ ਤੁਸਾਂ ਪਹਿਲਾਂ ਹੀ ਪੜ੍ਹੇ ਹਨ। ਮੈਂ ਤਾਂ ਪੰਜਾਬ ਦੇ ਲੋਕਾਂ ਦੀ ਦੁਖੀ ਭਾਵਨਾ ਤੁਹਾਡੇ ਅੱਗੇ ਆਪਣੇ ਫਰਜ਼ ਤੇ ਧਰਮ ਵਜੋਂ ਰੱਖੀ ਹੈ। ਮੈਨੂੰ ਦ੍ਰਿੜ ਵਿਸ਼ਵਾਸ ਐ, ਤੁਸੀਂ ਲੋਕਾਂ ਦੀ ਭਾਵਨਾ ਨੂੰ ਧੱਕਾ ਨਹੀਂ ਦਿਓਗੇ।
ਹੁਣ ਸਤਿ-ਕੁਸਤਿ ਦਾ ਫੈਸਲਾ ਤੁਸਾਂ ਕਰਨਾ ਹੈ। ਮੈਂ ਤਾਂ ਤੁਹਾਡਾ ਮੋਢਾ ਹਿਲਾ ਕੇ ਯਾਦ ਹੀ ਕਰਵਾਉਣਾ ਸੀ। ਗੁਰੂ ਦਾ ਸਿੱਖ ਬਣਨਾ ਹੈ ਜਾਂ ਘੇਸਲ ਮਾਰਨੀ ਹੈ? ਮੈਂ ਤਾਂ ਤੁਹਾਡੇ ਡੋਲੇ ਦਿਲ ਨੂੰ ਸਥਿਰਤਾ ਯਾਦ ਕਰਵਾਈ ਐ। ਗੁਰੂ ਦਾ ਫਰਮਾਨ ਸੀ, ਆਗੂ ਹੋ ਕੇ ਸੰਗਤ ਦੀ ਸੇਵਾ ਤੋਂ ਖਿਸਕੇ, ਉਸ ਨੂੰ ਢੋਈ ਕੋਈ ਨਹੀਂ। ਮੈਨੂੰ ਦ੍ਰਿੜ ਭਰੋਸਾ ਹੈ, ਤੁਸੀਂ ਸੰਗਤ ਤੇ ਗੁਰੂ ਵਿਸ਼ਵਾਸ ਉਤੇ ਡਟ ਕੇ ਪਹਿਰਾ ਦੇਵੋਗੇ। ਭਤੀਜੇ ਤੀਜੇ ਦੀ ਕਹੌਤ ਨੂੰ ਰੱਦ ਕਰੋਗੇ ਤੇ ਆਪ ਉਹ ਦੇ ਘਰ ਜਾ ਕੇ ਉਸ ਨੂੰ ਮਾਣ ਤੇ ਬਣਦੇ ਪਿਆਰ ਨਾਲ ਗਲ ਲਾਓਗੇ। ਇਸ ਤਰ੍ਹਾਂ ਗੁਰੂ ਅਤੇ ਪੰਜਾਬ ਦੇ ਲੋਕਾਂ ਦੀਆਂ ਅਸੀਸਾਂ ਦੇ ਬਰਾਬਰ ਹੱਕਦਾਰ ਬਣੋਗੇ। ਆਰਥਿਕ ਪੱਖੋਂ ਹਾਰ ਰਹੇ ਬੁੱਢੇ ਪੰਜਾਬ ਨੂੰ ਜੇਤੂ ਜਵਾਨ ਕਰੋਗੇ।
ਤੱਤੇ ਠੰਢੇ ਸ਼ਬਦ ਵਰਤੇ ਜਾਣ ਦੀ ਖਿਮਾਂ ਮੰਗਦਾ ਆਂ। ਤੁਹਾਡੀ ਨਰੋਈ ਸਿਹਤ ਲਈ ਗੂਰੂ ਅੱਗੇ ਪ੍ਰਾਰਥਨਾ ਕਰਦਾ ਆਂ। ਮੈਨੂੰ ਪੱਕਾ ਭਰੋਸਾ ਹੈ, ਮੇਰੇ ਸਤਿਕਾਰ ਤੇ ਪੰਜਾਬ ਦੇ ਲੋਕਾਂ ਦੇ ਪਿਆਰ ਤੇ ਹਿੱਤਾਂ ਨੂੰ ਹਰ ਹਾਲ ਮੁੱਖ ਰੱਖੋਗੇ।
ਪੂਰੇ ਭਰੋਸੇ ਨਾਲ ਅਮਲੀ ਵਿਸ਼ਵਾਸ ਦੀ ਮੰਗ ਕਰਦਾ,
ਜਸਵੰਤ ਸਿੰਘ ਕੰਵਲ
ਪਿੰਡ ਤੇ ਡਾਕਘਰ ਢੁੱਡੀਕੇ, (ਜ਼ਿਲ੍ਹਾ ਮੋਗਾ
Related Topics: Badal Dal