ਖਾਸ ਖਬਰਾਂ

ਕੀ ਚਿਦੰਬਰਮ ਨੂੰ ਸਿੱਖੀ ਅਣਖ ਦੇ ਪ੍ਰਤੀਕ ਪੱਤਰਕਾਰ ਜਰਨੈਲ ਸਿੰਘ ਦੀ ਜੁੱਤੀ ਭੁੱਲ ਗਈ ਹੈ?

June 29, 2011 | By

P Chitambram Shoeਭਾਰਤ ਦੀ ਪ੍ਰਮੁੱਖ ਨਿਊਜ਼ ਏਜੰਸੀ ਪੀ. ਟੀ. ਆਈ. ਵਲੋਂ 25 ਜੂਨ, 2011 ਨੂੰ ਇੱਕ ਖਬਰ ਜਾਰੀ ਕੀਤੀ ਗਈ ਹੈ, ਜਿਸ ਨੂੰ ਭਾਰਤ ਭਰ ਦੇ ਮੀਡੀਆ ਚੈਨਲਾਂ ਨੇ ਬੜੀ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤਾ ਹੈ। ਖਬਰ ਦਾ ਸਿਰਲੇਖ ਹੈ – ‘‘ਚਿਦੰਬਰਮ ਵਲੋਂ ਸਿੱਖਾਂ ਨੂੰ ਸਲਾਹ – 1984 ਨੂੰ ਭੁੱਲੋ-ਮਾਫ ਕਰੋ ਅਤੇ ਨਵੇਂ ਭਾਰਤ ਦਾ ਨਿਰਮਾਣ ਕਰੋ।’’ ਖਬਰ ਦੇ ਵੇਰਵੇ ਅਨੁਸਾਰ ‘‘ਦਿੱਲੀ ਵਿਖੇ ਕੇਂਦਰੀ ਗੁਰੂ ਸਿੰਘ ਸਭਾ ਵਲੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਸਨਮਾਨ ਵਿੱਚ ਇੱਕ ਸਮਾਗਮ ਕੀਤਾ ਗਿਆ, ਜਿਹੜਾ ਕਿ 142 ਸਿੱਖਾਂ ਦੇ ਨਾਮ ਕਾਲੀ ਸੂਚੀ ਵਿੱਚੋਂ ਹਟਾਏ ਜਾਣ ਵਿੱਚ, ਚਿਦੰਬਰਮ ਦੀ ਭੂਮਿਕਾ ਦੀ ਸ਼ਲਾਘਾ ਕਰਨ ਲਈ ਸੀ। ਇਸ ਸਮਾਗਮ ਵਿੱਚ ਗ੍ਰਹਿ ਮੰਤਰੀ ਨੇ 1984 ਦੇ ਸਿੱਖ ਕਤਲੇਆਮ ਦੀਆਂ ਯਾਦਾਂ ਨੂੰ ਭੁੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਇਸ ਦੁਖਦ ਘਟਨਾ ਤੋਂ ਅੱਗੇ ਵਧ ਗਿਆ ਹੈ ਅਤੇ ਇਹ ਸਮਾਂ ਮੁਆਫ ਕਰਨ ਅਤੇ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨ ਦਾ ਹੈ। … 1984 ਦੀਆਂ ਘਟਨਾਵਾਂ ਤੋਂ ਦੇਸ਼ ਹੁਣ ਅੱਗੇ ਲੰਘ ਆਇਆ ਹੈ, ਇਹ ਜਿਹੜਾ ਇੱਕ ਨਿੱਕਾ ਜਿਹਾ ਸਿੱਖਾਂ ਦੀਆਂ ‘ਕਾਲੀਆਂ ਸੂਚੀਆਂ’ ਦਾ ਰੇੜਕਾ ਰਹਿ ਗਿਆ ਸੀ, ਉਹ ਵੀ ਦੂਰ ਕਰ ਦਿੱਤਾ ਗਿਆ ਹੈ। ਅਸੀਂ ਉਦੋਂ ਅੱਗੇ ਵਧੇ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ, ਅਸੀਂ ਅੱਗੇ ਵਧੇ ਜਦੋਂ 1984 ਦੀਆਂ ਘਟਨਾਵਾਂ ਲਈ ਮਨਮੋਹਣ ਸਿੰਘ ਨੇ ਮੁਆਫੀ ਮੰਗੀ, ਅਸੀਂ ਅੱਗੇ ਵਧੇ ਜਦੋਂ ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਬਣੀ। ਮੈਂ ਖੁਸ਼ ਹਾਂ ਕਿ ਮੈਂ ਸਿੱਖਾਂ ਦੀ ਕਾਲੀ ਸੂਚੀ ਵਿੱਚੋਂ 142 ਨਾਮ ਕੱਢਣ ਵਿੱਚ ਆਪਣਾ ਰੋਲ ਅਦਾ ਕੀਤਾ ਹੈ…. ਹੁਣ ਰਹਿੰਦਾ ਰੇੜਕਾ ਵੀ ਮੁੱਕ ਗਿਆ ਹੈ… ਇਸ ਸਮਾਗਮ ਵਿੱਚ ਮੌਜੂਦ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ, ਚਿਦੰਬਰਮ ਦੇ ਹੌਂਸਲੇ ਦੀ ਦਾਦ ਦਿੰਦਿਆਂ, ਕਾਲੀ ਸੂਚੀ ’ਚੋਂ ਸਿੱਖਾਂ ਦੇ ਨਾਮ ਕੱਢਣ ’ਤੇ ਉਸ ਦਾ ਧੰਨਵਾਦ ਕੀਤਾ।’’

ਸਭ ਤੋਂ ਪਹਿਲਾਂ ਤਾਂ ‘ਹਰ ਦੂ ਲਾਹਨਤ’ ਉਨ੍ਹਾਂ ਝੋਲੀਚੁੱਕ ਸਿੱਖਾਂ ਅਤੇ ਉਨ੍ਹਾਂ ਵਲੋਂ ਖੜ੍ਹੀਆਂ ਕੀਤੀਆਂ ‘ਡੰਮੀ ਜਥੇਬੰਦੀਆਂ’ ਨੂੰ ਭੇਜਣੀ ਬਣਦੀ ਹੈ, ਜਿਹੜੇ ਕਿ ਖੁਸ਼ਾਮਦੀ ਸਮਾਗਮਾਂ ਦਾ ਆਯੋਜਨ ਕਰਕੇ, ਸਮੁੱਚੀ ਸਿੱਖ ਕੌਮ ਨੂੰ ਸ਼ਰਮਸਾਰ ਕਰਦੇ ਹਨ। ਉਪਰੋਕਤ ਸਮਾਗਮ ਵਿੱਚ, ਚਿਦੰਬਰਮ ਅਤੇ ਸ਼ੀਲਾ ਦੀਕਸ਼ਤ ਨੂੰ ਤਲਵਾਰਾਂ ਭੇਟ ਕੀਤੀਆਂ ਗਈਆਂ, ਜਿਹੜੀਆਂ ਕਿ ਉਨ੍ਹਾਂ ਨੇ ਨੰਗੀਆਂ ਕਰਕੇ ਲਹਿਰਾਈਆਂ। ਇਹ ਕੁਕਰਮ, ਸਿੱਖ ਕੱਕਾਰਾਂ ਦਾ ਅਤਿ-ਮਹੱਤਵਪੂਰਨ ਹਿੱਸਾ ਕ੍ਰਿਪਾਨ ਦੀ ਭਾਰੀ ਬੇਅਦਬੀ ਹੈ। ਚਿਦੰਬਰਮ ਵਲੋਂ ਕੀਤੀ ਗਈ ਸਮੁੱਚੀ ਟਿੱਪਣੀ, ਸਿੱਖ ਕੌਮ ਨੂੰ ਬੇਗੈਰਤ ਤੇ ਜ਼ਲੀਲ ਸਾਬਤ ਕਰਨ ਤੋਂ ਬਿਨਾਂ ਹੋਰ ਕੋਈ ਅਰਥ ਨਹੀਂ ਰੱਖਦੀ।

ਪਾਠਕਜਨ! ਇਹ ਉਹ ਹੀ ਚਿਦੰਬਰਮ ਹੈ, ਜਿਸ ਨੇ 17 ਫਰਵਰੀ, 2010 ਨੂੰ ਜੰਮੂ ਵਿੱਚ ਕੀਤੀ ਆਪਣੀ ਪ੍ਰੈ¤ਸ ਕਾਨਫਰੰਸ ਵਿੱਚ ਕਿਹਾ ਸੀ – ‘ਜਿਹੜੀ ਆਤਮ-ਸਮਰਪਣ ਅਤੇ ਆਮ ਮੁਆਫੀ ਦੀ ਨੀਤੀ, ਕੇਂਦਰ ਸਰਕਾਰ ਵਲੋਂ ਬਣਾਈ ਜਾ ਰਹੀ ਹੈ, ਉਹ ਸਿਰਫ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਹੈ, ਪੰਜਾਬ ਦੇ ਸਿੱਖ ਬਾਗੀਆਂ ’ਤੇ ਇਹ ਲਾਗੂ ਨਹੀਂ ਹੁੰਦੀ…।’ ਜਦੋਂ ਚਿਦੰਬਰਮ ਦੀ ਇਸ ਟਿੱਪਣੀ ਦਾ ਸਿੱਖਾਂ ਵਲੋਂ ਭਾਰੀ ਵਿਰੋਧ ਹੋਇਆ ਤਾਂ ਚਿਦੰਬਰਮ ਨੇ 21 ਫਰਵਰੀ, 2010 ਨੂੰ ਕੀਤੇ ਆਪਣੇ ਪੰਜਾਬ ਦੇ ਦੌਰੇ ਦੌਰਾਨ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ, ਅਟਾਰੀ (ਅੰਮ੍ਰਿਤਸਰ) ਵਿਖੇ, ਆਪਣੀ ਚਾਣਕਿਆ ਨੀਤੀ ਦੀ ਸੁੰਦਰ ਵਿਆਖਿਆ ਕਰਦਿਆਂ ਕਿਹਾ ਸੀ – ‘ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਵਲੋਂ ਜਿਹੜਾ ਨਵੀਂ ਆਤਮ ਸਮਰਪਣ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਉਹ ਸਾਰੇ ਭਾਰਤ ਵਾਸੀਆਂ ਲਈ ਹੈ। ਭਾਰਤ ਸਰਕਾਰ ਬਾਹਰਲੇ ਦੇਸ਼ਾਂ ਵਿੱਚ ਵਸਦੇ ਖਾਲਿਸਤਾਨੀਆਂ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਕਰ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਖਾਲਿਸਤਾਨ ਦੀ ਮੰਗ ਛੱਡਣੀ ਪਵੇਗੀ… ਵੈਸੇ ਪੰਜਾਬ ਵਿਚਲੀ ‘ਐਮਨੈਸਟੀ’ ਦਾ ਖਰੜਾ ਤਾਂ ਬਾਦਲ ਸਾਹਿਬ ਵੀ ਲਿਖ ਸਕਦੇ ਹਨ।’

ਯਾਦ ਰਹੇ ਇਹ ਉਹ ਹੀ ਚਿਦੰਬਰਮ ਹੈ, ਜਿਹੜਾ 1970ਵਿਆਂ ਵਿੱਚ ਇੰਦਰਾ ਗਾਂਧੀ ਦੇ ਭਾਸ਼ਣਾਂ ਦਾ ‘ਤਾਮਿਲ’ ਜ਼ੁਬਾਨ ਵਿੱਚ ਅਨੁਵਾਦ ਕਰਿਆ ਕਰਦਾ ਸੀ ਅਤੇ ਉਸ ਵਲੋਂ 1975-76 ਵਿੱਚ ‘ਐਮਰਜੈਂਸੀ ਲਾਉਣ ਦਾ ਸਭ ਤੋਂ ਵੱਡਾ ਸਮਰਥਕ ਸੀ। 1980ਵਿਆਂ ਵਿੱਚ ਉਹ ਰਾਜੀਵ ਗਾਂਧੀ ਦੀ, ਸਿੱਖ ਵਿਰੋਧੀ ‘ਚੰਡਾਲ ਚੌਂਕੜੀ’ ਦਾ ਵੀ ਸ਼ਿੰਗਾਰ ਸੀ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਸੱਚ ਨੂੰ ਬਾਹਰ ਆਉਣ ਤੋਂ ਰੋਕਣ ਲਈ, ਉਹ ਹਰ ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ‘ਕਵਰ-ਮੈਨ’ ਰਿਹਾ ਹੈ। ਮਨਮੋਹਣ ਸਿੰਘ ਸਰਕਾਰ ਦੀ ਪਿਛਲੀ ਸਰਕਾਰ (2004-2005) ਵੇਲੇ, ਇਸ ਨੇ ਸੀ. ਬੀ. ਆਈ. ਰਾਹੀਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ‘ਕਲੀਨ ਚਿੱਟ’ ਦਿਵਾਈ ਸੀ। ਕਾਂਗਰਸ ਪਾਰਟੀ ਨੇ ਇਨ੍ਹਾਂ ਦੋਹਾਂ ਕਾਤਲਾਂ ਨੂੰ ਦਿੱਲੀ ਦੇ ਪਾਰਲੀਮਾਨੀ ਹਲਕਿਆਂ ਤੋਂ ਐਮ. ਪੀ. ਦੀਆਂ ਟਿਕਟਾਂ ਵੀ ਦੇ ਦਿੱਤੀਆਂ ਸਨ। ਇਸ ਨਹਿਰੂ ਖਾਨਦਾਨ ਦੇ ‘ਟਾਊਟ ਦੁਮਛੱਲੇ’ ਨੂੰ 7 ਅਪ੍ਰੈਲ, 2009 ਨੂੰ ਇੱਕ ਹਿੰਦੀ ਅਖਬਾਰ ਦੇ ਡਿਫੈਂਸ ਮਸਲਿਆਂ ਦੇ ਪੱਤਰਕਾਰ ਸਰਦਾਰ ਜਰਨੈਲ ਸਿੰਘ ਨੇ, ਦਿੱਲੀ ਵਿਚਲੀ ਇੱਕ ਪ੍ਰੈ¤ਸ ਕਾਨਫਰੰਸ ਵਿੱਚ ਜਦੋਂ ਉਪਰੋਂ-ਥਲੀ ਦੋ ਸਵਾਲ ਪੁੱਛੇ (ਕਿ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਨੇ ਕਿਵੇਂ ਕਲੀਨ ਚਿੱਟ ਦਿੱਤੀ ਹੈ?) ਤਾਂ ਚਿਦੰਬਰਮ ਜਵਾਬ ਦੇਣ ਤੋਂ ‘ਆਕੀ’ ਹੋ ਗਿਆ। ਰੋਹ ਵਿੱਚ ਆਏ ਸ. ਜਰਨੈਲ ਸਿੰਘ ਨੇ, ਚਿਦੰਬਰਮ ਵੱਲ ਜੁੱਤੀ ਵਗਾਹ ਮਾਰੀ ਸੀ, ਜਿਹੜੀ ਖਬਰ ਦੁਨੀਆ ਭਰ ਦੇ ਮੀਡੀਏ ਵਿੱਚ ਆਈ। ਮਜਬੂਰਨ ਕਾਂਗਰਸ ਪਾਰਟੀ ਨੂੰ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਟਿਕਟਾਂ ਰੱਦ ਕਰਨੀਆਂ ਪਈਆਂ ਸਨ। ਇਉਂ ਜਾਪਦਾ ਹੈ ਕਿ ਦੋ ਸਾਲ ਦੇ ਵਿੱਚ ਵਿੱਚ ਹੀ ਚਿਦੰਬਰਮ ਨੂੰ ‘ਖਾਲਸਾਈ ਜੁੱਤੀ’ ਦੀ ਸ਼ਾਨ ਭੁੱਲ ਗਈ ਹੈ, ਜਿਸ ਨੇ ਬਿਨ੍ਹਾਂ ਵੱਜੇ ਦੋ ਐਮ. ਪੀ. ਝਟਕਾ ਦਿੱਤੇ ਸਨ। ਪੱਤਰਕਾਰ ਜਰਨੈਲ ਸਿੰਘ ਨੇ, ਆਪਣੇ 16-17 ਸਾਲ ਦੇ ਪੱਤਰਕਾਰੀ ਕੈਰੀਅਰ ਨੂੰ ਦਾਅ ’ਤੇ ਲਾ ਕੇ ਅਤੇ ਹਰ ਕਿਸਮ ਦੇ ਖਤਰਿਆਂ ਨੂੰ ਝੱਲਣ ਦੀ ਦਲੇਰੀ ਵਿਖਾ ਕੇ ਜੇ ਸਿੱਖ ਅਣਖ ਕਾਇਮ ਰੱਖੀ ਸੀ ਤਾਂ ਚਿਦੰਬਰਮ ਅਤੇ ਉਸ ਦੀ ਨਸਲ ਦੇ ਜ਼ਮੀਰ-ਫਰੋਸ਼ ਸਿਆਸਤਦਾਨ, ਬਾਹਰਲੀਆਂ ਅਜ਼ਾਦ – ਹਵਾਵਾਂ ਵਿੱਚ ਵਿਚਰਲੇ ਖਾਲਿਸਤਾਨੀਆਂ ਤੋਂ ਕਿਸ ਵਰਤਾਰੇ ਦੀ ਆਸ ਰੱਖਦੇ ਹਨ?

ਚਿਦੰਬਰਮ ਇੱਕ ਬੜਾ ਘਾਗ ਸਿਆਸਤਦਾਨ ਹੈ ਅਤੇ ਕੇਂਦਰੀ ਮੰਤਰੀ ਪ੍ਰਣਾਬ ਮੁਖਰਜੀ ਵਾਂਗ, ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਵੀ ਹੈ। ਉਸ ਨੇ ਦਿੱਲੀ ਸਮਾਗਮ ਵਿਚਲੀ ਟਿੱਪਣੀ ਬੜੇ ਨਾਪਤੋਲ ਨਾਲ ਕੀਤੀ ਹੈ ਕਿਉਂਕਿ ਉਸ ਨੇ ਚਾਣਕਿਆ ਨੀਤੀ ਦੇ ਨਾਲ-ਨਾਲ ਹਾਰਵਰਡ ਯੂਨੀਵਰਸਿਟੀ ਨੀਤੀ ਵਿੱਚ ਵੀ ਮੁਹਾਰਤ ਹਾਸਲ ਕੀਤੀ ਹੋਈ ਹੈ। ਉਹ ਜਿੱਥੇ ਫੋਕੀਆਂ ਸਿਫਤਾਂ ਨਾਲ ਸਿੱਖਾਂ ਨੂੰ ਉ¤ਲੂ ਬਣਾ ਰਿਹਾ ਹੈ, ਉਥੇ ਉਹ ਰਾਜੀਵ ਗਾਂਧੀ ਚੌਂਕੜੀ (ਜਿਸ ਦਾ ਉਹ ਆਪ ਵੀ ਹਿੱਸਾ ਸੀ) ਦੇ ਆਪਣੇ ਯਾਰਾਂ (ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲ ਨਾਥ ਆਦਿਕ) ਨੂੰ ਵੀ ਕਾਨੂੰਨੀ ਖੱਜਲ-ਖੁਆਰੀ ਤੋਂ ਮਹਿਫੂਜ਼ ਕਰਨਾ ਚਾਹੁੰਦਾ ਹੈ। ਕਾਲੀ ਸੂਚੀ ’ਚੋਂ 142 ਨਾਂ ਕੱਢਣ ਦੀ ਡਰਾਮੇਬਾਜ਼ੀ ਦਾ ਜਲੂਸ ਪਹਿਲਾਂ ਹੀ ਨਿਕਲਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਇਸ ਲਿਸਟ ਵਾਲਿਆਂ ਨੂੰ ਤਾਂ ਕਿਸੇ ਨੇ ਕੀ ਰਿਆਇਤ ਦੇਣੀ ਹੈ, ਜਿਨ੍ਹਾਂ ਦੇ ਨਾਂ ਇਸ ਲਿਸਟ ਵਿੱਚ ਨਹੀਂ ਹਨ, ਉਨ੍ਹਾਂ ਨੂੰ ਵੀ ਪਿਛਲੇ ਦਿਨੀਂ ਭਾਰਤ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਲਖਵਿੰਦਰ ਸਿੰਘ ਕੈਨੇਡਾ ਸ਼ਾਮਲ ਹਨ, ਜਿਨ੍ਹਾਂ ਦੇ ਪਿਤਾ ਪੰਜਾਬ ਵਿੱਚ ਚੜ੍ਹਾਈ ਕਰ ਗਏ ਹਨ ਅਤੇ ਉਨ੍ਹਾਂ ਨੂੰ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਵੀਜ਼ਾ ਨਹੀਂ ਦਿੱਤਾ ਗਿਆ।

ਬਲੈਕ-ਲਿਸਟਾਂ ਦੇ ਪ੍ਰਸੰਗ ਵਿੱਚ, ਬਾਹਰਲੇ ਸਿੱਖਾਂ ਦੀਆਂ ਜਥੇਬੰਦੀਆਂ ਵਲੋਂ ਬੜੀ ਸਪੱਸ਼ਟਤਾ ਦੇ ਨਾਲ, ਆਪਣੀ ਖਾਲਿਸਤਾਨੀ ਨੀਤੀ ਦਾ ਪ੍ਰਗਟਾਵਾ ਵਾਰ-ਵਾਰ ਕੀਤਾ ਜਾ ਚੁੱਕਾ ਹੈ। ਚਿਦੰਬਰਮ ਤੇ ਉਸ ਦੀ ਹਾਕਮ ਨਸਲ ਦੇ ਲੋਕ ਇਸ ਨੂੰ ਭਲੀਭਾਂਤ ਜਾਣਦੇ ਹਨ ਪਰ ਉਹ ਖੁਸ਼ਾਮਦੀ ਸਿੱਖਾਂ ਨੂੰ ਅੱਗੇ ਕਰਕੇ, ਸਿੱਖ ਕੌਮ ਨੂੰ ਠਿੱਠ ਕਰਨ ਦੇ ਆਹਰ ਵਿੱਚ ਹਨ।

ਬਾਹਰਲੇ ਸਿੱਖਾਂ ਦੀਆਂ ਭਾਵਨਾਵਾਂ ਦੀ ਠੀਕ ਤਰਜ਼ਮਾਨੀ ਕਰਦਿਆਂ, ‘ਖਾਲਿਸਤਾਨ ਦੇ ਸ਼ਹੀਦ ਪਰਿਵਾਰ ਜਥੇਬੰਦੀ’ ਦੇ ਸਪੋਕਸਮੈਨ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਨੇ ਆਪਣੇ ਮੀਡੀਆ ਬਿਆਨ ਵਿੱਚ ਕਿਹਾ ਸੀ – ‘ਭਾਰਤ ਵਿੱਚ ਜਿਹੜੇ ਸਿੱਖ, ਭਾਰਤੀ ਗੁਲਾਮੀ ਵਿਰੁੱਧ, ਸ਼ਾਂਤਮਈ ਸੰਘਰਸ਼ ਕਰਕੇ, ਹਿੰਦੋਸਤਾਨ ਦੀ ਪ੍ਰਭੂਸੱਤਾ ਨੂੰ ਵੰਗਾਰ ਰਹੇ ਹਨ, ਉਹ ਅਸਲ ਵਿੱਚ ਸਿੱਖ ਬਾਗੀ ਹਨ, ਜੋ ਬਾਦਸ਼ਾਹ ਬਣਨ ਲਈ ਤੜਪ ਰਹੇ ਹਨ। ਉਹ ਤੜਪ, ਖਾਲਿਸਤਾਨੀ ਬੇਤਾਬੀ ਹੈ, ਜੋ ਖਾਲਿਸਤਾਨ ਦਾ ਝੰਡਾ ਸੰਸਾਰ ਦੇ ਹੋਰ ਦੇਸ਼ਾਂ ਦੇ ਬਰਾਬਰ ਝੁੱਲਣਾ ਵੇਖਣਾ ਚਾਹੁੰਦੀ ਹੈ। ਸਿੱਖ ਨੌਜਵਾਨ ਕਦੇ ਵੀ ਗੁੰਮਰਾਹ ਨਹੀਂ ਹੋਏ ਬਲਕਿ ਹਿੰਦੋਸਤਾਨ ਦੇ ਹਾਕਮਾਂ ਨੂੰ, ਰੂਸ ਦੇ ਸਾਮਰਾਜਵਾਦੀਆਂ, ਆਰ. ਐਸ. ਐਸ. ਤੇ ਬ੍ਰਾਹਮਣਵਾਦੀ ਦੀਆਂ ਹਿਟਲਰੀ ਨੀਤੀਆਂ ਨੇ, ਗੁੰਮਰਾਹ ਕਰਕੇ ਸਿੱਖਾਂ ਵਿਰੁੱਧ ਭੜਕਾਇਆ ਤੇ ਜੂਨ-ਨਵੰਬਰ, 1984 ਦੇ ਸਿੱਖ ਕਤਲੇਆਮ ਲਈ ਉਕਸਾਇਆ। ਸਿੱਖ ਨੌਜਵਾਨਾਂ ਨੇ ਖਾਲਿਸਤਾਨ ਦੀ ਕਾਇਮੀ ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ ਅਤੇ ਸਾਰਾ ਸਿੱਖ ਜਗਤ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦਾ ਹੈ ਅਤੇ ਹਰ ਉਸ ਖਾਲਿਸਤਾਨੀ ਲਈ ਦਿਲ ਵਿੱਚ ਅਥਾਹ ਮੁਹੱਬਤ ਰੱਖਦਾ ਹੈ, ਜੋ ਖਾਲਸਾ ਪ੍ਰਭੂਸੱਤਾ ਨੂੰ ਪ੍ਰਾਪਤ ਕਰਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰ ਰਿਹਾ ਹੈ…..।’

ਚਿਦੰਬਰਮ ਅਤੇ ਉਸ ਦੀ ਪੰਜਾਬ ਵਿਚਲੀ ‘ਨਸਲ’, ਇਹ ਗੱਲ ਯਾਦ ਰੱਖੇ ਕਿ ਬਾਗੀਆਂ ਨੇ ਵੀ ਜ਼ੁਲਮ ਕਰਨ ਵਾਲਿਆਂ ਦੀਆਂ ‘ਕਾਲੀਆਂ ਸੂਚੀਆਂ’ ਬਣਾਈਆਂ ਹੁੰਦੀਆਂ ਹਨ। ਦੂਸਰੇ ਸੰਸਾਰ ਯੁੱਧ ਦੌਰਾਨ, ਨਾਜ਼ੀ ਜ਼ੁਲਮਾਂ ਦਾ ਸ਼ਿਕਾਰ ਯਹੂਦੀਆਂ ਨੇ, ਇਜਰਾਈਲ ਦੇਸ਼ ਬਣਨ ਤੋਂ ਬਾਅਦ, ਫਿਰ ਕਿਵੇਂ ਦੋਸ਼ੀਆਂ ਨੂੰ ਧੂਹ-ਧੂਹ ਕੇ, ਇਜ਼ਰਾਈਲ ਲਿਆ ਕੇ ਸਜ਼ਾ ਯਾਫਤਾ ਕੀਤਾ ਸੀ ਉਹ ਹੁਣ ਸੰਸਾਰ ਇਤਿਹਾਸ ਦਾ ‘ਸੁਨਹਿਰੀ ਹਿੱਸਾ’ ਹੈ। ਖਾਲਿਸਤਾਨ ਦੀ ਕਾਇਮੀ, ਜਿਹੜੀ ਕਿ ਨਿਸ਼ਚੇਵਾਚਕ ਅਤੇ ਅਟੱਲ ਹੈ, ਬਹੁਤੀ ਦੂਰ ਨਹੀਂ ਹੈ। ਪਿਛਲੇ 27 ਵਰ੍ਹਿਆਂ ਦੇ ਹਿਟਲਰ, ਆਈਕਮੈਨ (ਹਿਟਲਰ ਦਾ ਹਿੱਟਮੈਨ), ਡਾਇਰ, ਬੀ. ਟੀ. (ਪੁਲੀਸ ਮੁਖੀ, ਜਿਸ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੰਘਾਂ ਨੂੰ ਬੜੀ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟਿਆ ਸੀ) ਆਦਿ ਕਾਤਲਾਂ ਦੀ ‘ਸ਼ਨਾਖਤ’ ਅਸੀਂ ਚੰਗੀ ਤਰ੍ਹਾਂ ਕੀਤੀ ਹੈ। ਇਤਮੀਨਾਨ ਰੱਖੋ, ਤੁਹਾਡੇ ਸਭ ਤੱਕ ‘ਖਾਲਸਾਈ ਇਨਸਾਫ’ ਜ਼ਰੂਰ ਪਹੁੰਚੇਗਾ।

ਸਾਨੂੰ ਆਪਣੇ ਗੁਰੂ ਦਾ ਫੁਰਮਾਨ, ਜਿਸ ਨੂੰ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਅੰਕਿਤ ਕੀਤਾ ਹੋਇਆ ਹੈ, ਚੰਗੀ ਤਰ੍ਹਾਂ ਯਾਦ ਹੈ – ਖਾਲਸਾ ਜਾਂ ਬਾਦਸ਼ਾਹ ਜਾਂ ਬਾਗੀ।

‘ਰਾਜ ਕਰੈ ਹੈ, ਇਕੈ ਲੜ ਮਰੈ ਹੈਂ।’

– ਡਾ. ਅਮਰਜੀਤ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,