ਸਿਆਸੀ ਖਬਰਾਂ

ਕੀ ਬਾਦਲ ਨੇ ਚੋਣ ਮੈਨੀਫ਼ੈਸਟੋ ‘ਚ ਸਿੱਖਾਂ ਲਈ ਅਰਦਾਸਾਂ ਕਰਨ ਦਾ ਹੀ ਵਾਅਦਾ ਕੀਤਾ ਸੀ?

November 6, 2010 | By

ਫ਼ਤਿਹਗੜ੍ਹ ਸਾਹਿਬ, 4 ਨਵੰਬਰ : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਪੰਜਾਬ ਸਰਕਾਰ ‘ਤੇ ਕਾਬਜ਼ ਅਕਾਲੀ ਦਲ ਬਾਦਲ ਦੀ ਸਿੱਖ ਵਿਰੋਧੀ ਭੂਮਿਕਾ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ‘ਤੇ ਅਰਦਾਸ ਦਿਵਸ ਮਨਾ ਕੇ ਬਾਦਲਕੇ ਸਿੱਖਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਸਗੋਂ ਉਹ ਸਿੱਖੀ ਦੇ ਭਗਵਾਂਕਰਨ ਦੀ ਹੀ ਕੋਸ਼ਿਸ਼ ਕਰ ਰਹੇ ਹਨ। ਹੁਣ 26 ਸਾਲਾਂ ਬਾਅਦ ਤਾਂ ਬਾਦਲ ਸਰਕਾਰ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਮਤਾ ਪਾਸ ਕਰ ਰਹੇ ਹਨ ਤੇ ਇਹ ਆਪ ਹੀ ਦੱਸ ਦੇਣ ਕਿ ਅੱਜ ਇਨ੍ਹਾਂ ਵਲੋਂ ਕੀਤੀਆਂ ਅਰਦਾਸਾਂ ਕਦੋਂ ਸੰਪੂਰਨ ਹੋਣਗੀਆਂ।ਭਾਈ ਚੀਮਾ ਨੇ ਕਿਹਾ ਕਿ ਅਰਦਾਸ ਤਾਂ ਸਮੁੱਚਾ ਸਿੱਖ ਪੰਥ ਰੋਜ਼ਾਨਾਂ ਦੋਵੇਂ ਸਮੇਂ ਕਰਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਤੇ ਨਾ ਹੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਿਰਫ਼ ਮਤੇ ਹੀ ਸਿੱਖਾਂ ਨੂੰ ਇਨਸਾਫ ਦਿਵਾ ਸਕਦੇ ਹਨ ਕਿਉਂਕਿ ਮਤਿਆਂ ਅਤੇ ਅਰਦਾਸਾਂ ਤੋਂ ਅਗਲੇ ਕਦਮ ਪੁੱਟਣ ਵਿਚ ਇਨ੍ਹਾ ਲੋਕਾਂ ਦੀ ਕੋਈ ਰੁਚੀ ਨਹੀਂ। ਭਾਈ ਚੀਮਾ ਨੇ ਕਿਹਾ ਕਿ ਬਾਦਲ ਦਲੀਆਂ ਦਾ ਅਰਦਾਸ ਦਿਵਸ ਉਸੇ ਘਟਨਾਕ੍ਰਮ ਦਾ ‘ਰੀਮਿਕਸ’ ਹੈ ਜਦੋਂ ਅਬਦਾਲੀ ਸੋਮਨਾਥ ਮੰਦਰ ਨੂੰ ਲੁੱਟ ਕੇ ਤੇ ਹਿੰਦੂ ਲੜਕੀਆਂ ਨੂੰ ਜ਼ਬਰੀ ਚੁੱਕ ਕੇ ਲੈ ਗਿਆ ਜਿਨ੍ਹਾਂ ਨੂੰ ਸਿੱਖਾਂ ਨੇ ਅਪਣੀਆਂ ਜਾਨਾਂ ‘ਤੇ ਖੇਡ ਕੇ ਛੁਡਾਇਆ ਪਰ ਪੁਜਾਰੀ ਟੱਲੀਆਂ ਖੜਕਾਉਂਦੇ ਤੇ ਅਰਦਾਸਾਂ ਕਰਦੇ ਰਹੇ। ਬਾਦਲਕੇ ਵੀ ਅੱਜ ਇਹੋ ਕੁਝ ਕਰ ਰਹੇ ਹਨ। ਜਦਕਿ ਸਿੱਖੀ ਸਾਨੂੰ ਉਦਮ ਕਰਨ ਦੀ ਸਿੱਖਿਆ ਦਿੰਦੀ ਹੈ ।ਬਾਦਲਕੇ ਅਪਣੇ ਖ਼ੁਦ ਲਈ ਤਾਂ ‘ਉਦਮ’ ਕਰ ਸਕਦੇ ਹਨ ਪਰ ਜਿਨ੍ਹਾਂ ਸਿੱਖਾਂ ਦੀਆਂ ਵੋਟਾਂ ਲੈ ਕੇ ਉਹ ਸਰਕਾਰ ਚਲਾ ਰਹੇ ਹਨ ਉਨ੍ਹਾਂ ਵਾਸਤੇ ਬਾਦਲਕਿਆਂ ਕੋਲ ਸਿਰਫ਼ ਅਰਦਾਸਾਂ ਹੀ ਹਨ ਹੋਰ ਕੁਝ ਨਹੀਂ। ਕੀ ਚੋਣ ਮੇਨੀਫ਼ੈਸਟੋ ਵਿਚ ਸਿੱਖ ਕਤਲੇਆਮ ਦੇ ਪੀੜਤਾਂ ਨਾਲ ਸਮੁੱਚੀ ਕੌਮ ਲਈ ਬਾਦਲਕਿਆਂ ਨੇ ਅਰਦਾਸਾਂ ਕਰਨ ਦਾ ਹੀ ਵਾਅਦਾ ਕੀਤਾ ਸੀ? ਜੇ ਸਰਕਾਰ ਬਣਾਉਣ ਦਾ ਉਦੇਸ਼ ਕੰਮ ਕਰਕੇ ਵਿਖਾਉਣ ਦੀ ਥਾਂ ਅਰਦਾਸਾਂ ਕਰਨਾ ਹੀ ਸੀ ਤਾਂ ਇਹ ਕੰਮ ਤਾ ਗੁਰਧਾਮਾਂ ‘ਤੇ ਕਾਬਜ਼ ਪੁਜਾਰੀ ਸ੍ਰੇਣੀ ਨਿੱਤ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਨਿਜ਼ਾਮ ਹੱਥੋਂ ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਕੁਝ ਨਹੀਂ ਕਰਨਾ ਚਾਹੁੰਦੇ। ਕੱਲ੍ਹ ਸਿੱਖ ਜਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਜਿਸ ਤਰ੍ਹਾ ਬਾਦਲ ਸਰਕਾਰ ਨੇ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨਾਲ ਸਿੱਖ ਕੌਮ ਪ੍ਰਤੀ ਇਨ੍ਹਾਂ ਦੀ ਗੁਪਤ ਪਾਲਿਸੀ ਸਾਹਮਣੇ ਆ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,