ਸਿਆਸੀ ਖਬਰਾਂ

ਗੁਰਧਾਮਾਂ ਨੂੰ ਸਿਆਸਤ ਤੇ ਮਹੰਤਸ਼ਾਹੀ ਤੋਂ ਆਜ਼ਾਦ ਕਰਵਾਉਣਾ ਸ਼੍ਰੋਮਣੀ ਕਮੇਟੀ ਚੋਣਾਂ ਦਾ ਮੁੱਖ ਮੁੱਦਾ ਹੋਵੇਗਾ : ਪੰਚ ਪ੍ਰਧਾਨੀ

September 24, 2010 | By

ਲੁਧਿਆਣਾ, 23 ਸਤੰਬਰ (ਪੰਜਾਬ ਨਿਊਜ ਨੈੱਟ.) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਹਮ ਖਿਆਲ ਪਾਰਟੀਆਂ ਨੂੰ ਨਾਲ ਲੈ ਕੇ ਗੁਰਧਾਮਾਂ ਨੂੰ ਸਿਆਸਤ ਤੇ ਮਹੰਤਸ਼ਾਹੀ ਤੋਂ ਆਜ਼ਾਦ ਕਰਵਾਉਣ ਦੇ ਮੁੱਦੇ ’ਤੇ ਲੜੀਆਂ ਜਣਗੀਆਂ। ਦਲ ਦੇ ਕੌਮੀ ਆਹੁਦੇਦਾਰ ਭਾਈ ਕਮੱਕਿਰ ਸਿੰਘ ਮੁਕੰਦਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਇਸਦੇ ਨਾਲ ਹੀ ਸਿੱਖੀ ਦਾ ਸਰਬਪੱਖੀ ਪ੍ਰਚਾਰ, ਅੰਤਰਰਾਸ਼ਟਰੀ ਮੰਚ ’ਤੇ ਸਿੱਖੀ ਦੀ ਸਹੀ ਪੇਸ਼ਕਾਰੀ ਕਰਨਾ ਸਾਡਾ ਇਹ ਚੋਣਾਂ ਲੜਣ ਦਾ ਮੁੱਖ ਮਕਸਦ ਹੋਵੇਗਾ। ਭਾਈ ਹਰਪਾਲ ਸਿੰਘ ਚੀਮਾ ਨੇ ਕਿਾਹ ਕਿ ਜੇਕਰ ਕੌਮ ਇਨ੍ਹਾਂ ਚੋਣਾਂ ਵਿਚ ਗੁਰਦੁਆਰਾ ਪ੍ਰਬੰਧ ਸਾਡੇ ਹੱਥ ਸੌਂਪਦੀ ਹੈ ਤਾਂ ਮੌਜ਼ੂਦਾ ਸਮੇਂ ਵਾਂਗ ਸ਼੍ਰੋਮਣੀ ਕਮੇਟੀ ਕਿਸੇ ਧਿਰ ਦੀ ਅਜ਼ਾਰੇਦਾਰ ਨਹੀਂ ਹੋਵੇਗੀ ਸਗੋਂ ਸਮੁੱਚੇ ਪੰਥ ਦੀ ਇਹ ਸਾਂਝੀ ਸੰਸਥਾ ਬਣ ਕੇ ਵਿਚਰੇਗੀ। ਕੌਮ ਵਲੋਂ ਅਨੇਕਾ ਕੁਰਬਾਨੀਆਂ ਬਾਅਦ ਹੋਂਦ ਵਿਚ ਲਿਆਂਦੀ ਗਈ ਇਸ ਸੰਸਥਾ ਵਿਚ ਸਿਆਸਤ ਤੇ ਨਵੀਂ ਮਹੰਤਸ਼ਾਹੀ ਵਲੋਂ ਪੈਦਾ ਕੀਤੀਆਂ ਕੁਰੀਤੀਆਂ, ਆਚਰਨਹੀਣਤਾ, ਭ੍ਰਿਸ਼ਟਾਚਾਰ ਤੇ ਭਾਈਭਤੀਜਾਵਾਦ ਦਾ ਖ਼ਾਤਮਾ ਕਰਨਾ ਬੇ-ਹੱਦ ਜ਼ਰੂਰੀ ਹੈ। ਅੱਜ ਗੁਰੂ ਦੀ ਗੋਲਕ ਦਾ ਪੈਸਾ ਕੌਮੀ ਤੇ ਇਨਸਾਨੀ ਹਿੱਤਾਂ ਦੀ ਥਾਂ ਕਾਬਜ਼ ਧਿਰ ਵਲੋਂ ਅਪਣੇ ਸਿਆਸੀ ਮਨੋਰਥਾਂ ਲਈ ਵਰਤਿਆ ਜਾ ਰਿਹਾ ਹੈ।

ਮੀਟਿੰਗ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਸਿੱਖ ਰਾਸ਼ਟਰ ਦੀ ਸੁਪਰੀਮ ਅਥਾਰਿਟੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਹੀ ਅਰਥਾਂ ਵਿਚ ਸਰਵ-ਉੱਚ ਤੇ ਸਰਬ ਪ੍ਰਵਾਨਿਤ ਬਣਾਇਆ ਜਾਵੇਗਾ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸਤ ਧਰਮ ਤੋਂ ਪ੍ਰੇਰਿਤ ਹੋਵੇਗੀ। ਆਗੂਆਂ ਨੇ ਕਿਹਾ ਕਿ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੇ ਪਾਰਟੀ ਦੇ ਹੋਰ ਆਹੁਦੇਦਾਰਾਂ ਦੀਆਂ ਗ੍ਰਿਫ਼ਤਾਰੀਆਂ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹਨ। ਸਰਕਾਰ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਰਾਹੀਂ ਵਿਚਾਰਧਾਰਿਕ ਵਿਰੋਧੀਆਂ ਨੂੰ ਦਬਾਉਣਾ ਚਾਹੁੰਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵਲੋਂ ਕਿਸਾਨ ਮੰਗਾਂ ਲਈ ਰੱਖੇ ਧਰਨੇ ਦੀ ਪੁਰਜ਼ੋਰ ਹਿਮਾਇਤ ਕਰਦਿਆਂ ਪੰਥਕ ਆਗੂਆਂ ਨੇ ਕਿਹਾ ਕਿ ਅਸੀਂ ਰਾਜੇਵਾਲ ਦੇ ਨਾਲ ਹਾਂ ਜੇਕਰ ਇਸ ਧਰਨੇ ਦੌਰਾਨ ਉਨ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਸਰਕਾਰ ਇਸਦੀ ਸਿੱਧੀ ਜਿੰਮੇਵਾਰ ਹੋਵੇਗੀ। ਇਸ ਮੀਟਿੰਗ ਵਿੱਚ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸ. ਦਇਆ ਸਿੰਘ ਕੱਕੜ, ਸ.ਬਲਦੇਵ ਸਿੰਘ ਸਿਰਸਾ, ਭਾਈ ਹਰਪਾਲ ਸਿੰਘ ਚੀਮਾ, ਸ. ਅਮਰੀਕ ਸਿੰਘ ਈਸੜੂ, ਸ. ਜਸਵੀਰ ਸਿੰਘ ਖੰਡੂਰ, ਸ. ਸੰਤੋਖ ਸਿੰਘ ਸਲਾਣਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਬਾਬਾ ਹਰਦੀਪ ਸਿੰਘ ਮਹਿਰਾਜ, ਚਰਨਜੀਤ ਸਿੰਘ ਸੁੱਜੋਂ,  ਸ. ਦਰਸ਼ਨ ਸਿੰਘ ਜਗਾ ਰਾਮਤੀਰਥ, ਸੁਖਦੇਵ ਸਿੰਘ ਡੋਡ, ਸੰਦੀਪ ਸਿੰਘ ਕੈਨੇਡੀਅਨ ਆਦਿ ਆਗੂ ਵੀ ਹਾਜ਼ਰ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,