October 14, 2011 | By ਸਿੱਖ ਸਿਆਸਤ ਬਿਊਰੋ
ਕਿਹਾ: “ਅਡਵਾਨੀ ਨੂੰ ਪੰਜਾਬ ਦੀ ਫਿਰਕੂ ਸਦਭਾਵਨਾ ਭੰਗ ਕਰਨ ਦੀ ਇਜ਼ਾਜਤ ਨਹੀਂ ਦੇਵਾਂਗੇ”
ਮੋਗਾ (14 ਅਕਤੂਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਐਲਾਨ ਕੀਤਾ ਹੈ ਕਿ ਐਲ ਕੇ ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਪਿਛਲੀਆਂ ਯਾਤਰਾਵਾਂ ਦੌਰਾਨ ਧਾਰਮਿਕ ਘਟਗਿਣਤੀਆਂ ਦੇ ਖਿਲਾਫ ਹਿੰਸਾ ਭੜਕਾਉਣਾ ਤੇ ਫਿਰਕੂ ਹਿੰਸਾ ਫੈਲਾਉਣਾ ਅਡਵਾਨੀ ਦਾ ਇਤਿਹਾਸ ਰਿਹਾ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਭਾਜਪਾ ਆਗੂ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਬੜੇ ਮਾਣ ਨਾਲ ਇਸ ਗਲ ਨੂੰ ਮੰਨਿਆ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤ ਸਰਕਾਰ ਵਲੋਂ ਕੀਤੀ ਗਈ ਫੌਜੀ ਕਾਰਵਾਈ ਵਿਚ ਉਸ ਦੀ ਹੱਥ ਸੀ। ਜੂਨ 1984 ਵਿਚ ਅਡਵਾਨੀ ਦੇ ਸਮਰਥਨ ਨਾਲ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੀ ਗਈ ਫੌਜੀ ਕਾਰਵਾਈ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਗਿਆ ਸੀ ਤੇ ਹਜ਼ਾਰਾਂ ਸਿਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਸਮੁਚੇ ਭਾਰਤ ਵਿਚ ਸਿਖਾਂ ਦੇ ਖਿਲਾਫ ਇਕ ਹਿੰਸਕ ਲਹਿਰ ਚਲ ਪਈ ਸੀ ਜੋ ਇਕ ਦਹਾਕੇ ਤੋਂ ਵੀ ਵਧ ਸਮਾਂ ਜਾਰੀ ਰਹੀ।
ਪੀਰ ਮੁਹੰਮਦ ਅਨੁਸਾਰ ਅਸੀ ਐਲ ਕੇ ਅਡਵਾਨੀ ਨੂੰ ਪੰਜਾਬ ਦੀ ਫਿਰਕੂ ਇਕਸੁਰਤਾ ਨੂੰ ਭੰਗ ਨਹੀਂ ਕਰਨ ਦਿਆਂਗੇ ਕਿਉਂਕਿ ਧਾਰਮਿਕ ਘਟਗਿਣਤੀਆਂ ਦੇ ਖਿਲਾਫ ਹਿੰਸਾ ਨੂੰ ਭੜਕਾਉਣਾ ਅਡਵਾਨੀ ਦਾ ਇਤਿਹਾਸ ਰਿਹਾ ਹੈ। 1992 ਵਿਚ ਅਡਵਾਨੀ ਦੀ ਰਥ ਯਾਤਰਾ ਬਾਬਰੀ ਮਸਜਿਦ ਢਾਹੁਣ ਦਾ ਕਾਰਨ ਬਣੀ ਸੀ ਤੇ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੀਆਂ ਹਤਿਆਵਾਂ ਤੇ 2008 ਵਿਚ ਇਸਾਈਆਂ ਦੇ ਕਤਲੇਆਮ ਲਈ ਵੀ ਉਸ ਦੀ ਪਾਰਟੀ ਭਾਜਪਾ ਹੀ ਜ਼ਿੰਮੇਵਾਰ ਹੈ।
ਫੈਡਰੇਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ 1 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰਕੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਅਡਵਾਨੀ ਦੀ ਯਾਤਰਾ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕਣ ਲਈ ਇਕ ਲਹਿਰ ਦੀ ਸ਼ੁਰੂਆਤ ਕਰੇਗੀ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਪੂਰੇ ਰਾਜ ਦਾ ਦੌਰਾ ਕਰਕੇ ਸਿਖਾਂ ਨੂੰ ਲਾਮਬੰਦ ਕਰੇਗੀ ਤਾਂ ਜੋਂ ਉਹ ਅਡਵਾਨੀ ਦੀ ਯਾਤਰਾ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕਣ ਲਈ ਰਾਜਪੁਰਾ ਨੇੜੇ ਸ਼ੰਭੂ ਬਾਰਡਰ ’ਤੇ ਇਕੱਠੇ ਹੋਣ। ਪੰਜਾਬ ਦੇ ਆਪਣੇ ਇਸ ਦੌਰੇ ਦੌਰਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਵਲੋਂ ਸ੍ਰੀ ਹਰਿੰਮਦਰ ਸਾਹਿਬ ’ਤੇ ਫੌਜੀ ਕਾਰਵਾਈ ਵਿਚ ਅਡਵਾਨੀ ਦੀ ਭੂਮਿਕਾ ਅਤੇ ਐਸ ਏ ਡੀ (ਬਾਦਲ) ਦਾ ਭਾਜਪਾ ਨਾਲ ਗਠਜੋੜ ਬਾਰੇ ਸਿਖਾਂ ਨੂੰ ਯਾਦ ਦਿਵਾਇਆ ਜਾਵੇਗਾ।
ਪੀਰ ਮੁਹੰਮਦ ਨੇ ਕਿਹਾ ਕਿ ਕਿੰਨੀ ਮੰਦਭਾਗੀ ਗਲ ਹੈ ਕਿ ਐਸ ਏ ਡੀ (ਬਾਦਲ) ਦਾ ਭਾਜਪਾ ਵਰਗੀ ਪਾਰਟੀ ਨਾਲ ਗਠਜੋੜ ਹੈ ਜਿਸ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਅਤੇ ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਕਾਰਵਾਈ ਵਿਚ ਆਪਣਾ ਹਥ ਹੋਣ ਬਾਰੇ ਦਸ ਕੇ ਮਾਣ ਮਹਿਸੂਸ ਕਰਦੇ ਹਨ।
ਫੈਡਰੇਸ਼ਨ ਦੇ ਆਗੂਆਂ ਡਾ. ਕਾਰਜ ਸਿੰਘ ਧਰਮ ਸਿੰਘਵਾਲਾ, ਗੁਰਮੁਖ ਸਿੰਘ ਸੰਧੂ, ਜਗਰੂਪ ਸਿੰਘ ਚੀਮਾ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਅਤੇ ਦਰਸ਼ਨ ਸਿੰਘ ਘੋਲੀਆ ਨੇ ਸਿਖਾਂ, ਮੁਸਲਮਾਨਾਂ, ਦਲਿਤਾਂ ਤੇ ਇਸਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਤੇ ਪੰਜਾਬ ਦੀ ਫਿਰਕੂ ਇਕਸੁਰਤਾ ਦੀ ਰਾਖੀ ਲਈ ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕਣ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੀ ਮੁਹਿੰਮ ਨਾਲ ਜੁੜਣ।
Related Topics: All India Sikh Students Federation (AISSF), BJP, Rath Yatra, ਪੀਰ ਮੁਹੰਮਦ, ਰਥ ਯਾਤਰਾ