ਸਿਆਸੀ ਖਬਰਾਂ

ਪੀਰਮੁਹੰਮਦ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਵੱਖਰੇ ਤੌਰ ‘ਤੇ ਲੜ੍ਹਨ ਦਾ ਐਲਾਨ; ਕਿਹਾ ਪੰਚ ਪ੍ਰਧਾਨੀ ਤੇ ਹੋਰ ਹਮਖਿਆਲੀ ਦਲਾਂ ਨਾਲ “ਤਾਲਮੇਲ” ਵੀ ਕੀਤਾ ਜਾਵੇਗਾ

March 17, 2011 | By

ਲੁਧਿਆਣਾ (ਮਾਰਚ 17, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਵਿਚ ਸਥਾਪਤੀ ਵਿਰੋਧੀ ਧੜਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਏਕਤਾ ਦੇ ਅਸਾਰ ਹਾਲ ਦੀ ਘੜੀ ਮੱਧਮ ਹੀ ਨਜ਼ਰ ਆ ਰਹੇ ਹਨ ਤੇ ਹਾਲ ਵਿਚ ਹੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਵੱਲੋਂ ਵੱਖਰੇ ਤੌਰ ਉੱਤੇ ਚੋਣਾ ਲੜ੍ਹਨ ਦੇ ਕੀਤੇ ਗਏ ਐਲਾਨ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਹੰਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਕੰਮ ਕਰਨ ਤੇ ਕਮੇਟੀ ਚੋਣਾਂ ਦੀ ਦੇਖਰੇਖ ਲਈ ਇਕ ਤਾਲਮੇਲ ਕਮੇਟੀ ਕਾਇਮ ਕੀਤੇ ਜਾਣ ਦੇ ਐਲਾਨ ਨੇ ਇਨ੍ਹਾਂ ਚੋਣੀ ਵਿਚ ਹੋਣ ਵਾਲੀ ਸੰਭਾਵੀ ਰਜ਼ਾਮੰਦੀ ਦੀ ਮੁਢਲੀ ਜਿਹੀ ਰੂਪ-ਰੇਖਾ ਦੀ ਦੱਸ ਜ਼ਰੂਰ ਪਾਈ ਹੈ।

ਭਾਵੇਂ ਕਿ ਬਾਦਲ ਦਲ ਵਿਰੋਧੀ ਕਈ ਅਕਾਲੀ ਧੜੇ ਸ਼੍ਰੋਮਣੀ ਕਮੇਟੀ ਵਿਚ ਹਿੱਸਾ ਲੈ ਰਹੇ ਹਨ, ਪਰ ਇਨ੍ਹਾਂ ਵਿਚ ਸਿਧਾਂਤਕ ਜਾਂ ਅਮਲੀ ਏਕਤਾ ਅਜੇ ਤੱਕ ਸੰਭਵ ਨਹੀਂ ਹੋ ਸਕੀ ਜਿਸ ਦਾ ਫਾਇਦਾ ਸਾਫ ਰੂਪ ਵਿਚ ਬਾਦਲ ਦਲ ਨੂੰ ਮਿਲਣ ਵਾਲਾ ਹੈ।

ਆਪਣੀ ਜਥੇਬੰਦੀ ਦੇ ਏਜੰਡੇ ਦਾ ਐਲਾਨ ਕਰਦਿਆਂ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਿਖਾਂ ਦੀ ਵੱਖਰੀ ਪਛਾਣ ਲਈ ਸੰਘਰਸ਼ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਕਬਜ਼ੇ ਹੇਠ ਸ਼੍ਰੋਮਣੀ ਕਮੇਟੀ ਨੇ ਸਿਖਾਂ ਦੀ ਵੱਖਰੀ ਪਛਾਣ ਲਈ ਕਦੀ ਕੁਝ ਨਹੀਂ ਕੀਤਾ ਤੇ ਬੇਇਨਸਾਫੀ ਦੇ ਖਿਲਾਫ ਕਦੀ ਆਵਾਜ਼ ਨਹੀਂ ਉਠਾਈ ਤੇ ਇਸ ਸੰਸਥਾ ਰਾਹੀਂ ਬਾਦਲ ਦਲ ਸਿਆਸੀ ਲਾਹਾ ਲੈ ਰਿਹਾ ਹੈ।

ਉਨ੍ਹਾਂ ਆਪਣੀ ਜਥੇਬੰਦੀ ਦਾ ਜੋ ਏਜੰਡਾ ਜਾਰੀ ਕੀਤਾ ਹੈ, ਉਹ ਇਸ ਤਰ੍ਹਾਂ ਹੈ:

ਸ੍ਰੀ ਅਕਾਲ ਤਖਤ ਦੀ ਸਰਵਉਂਚਤਾ: ਅਸੀਂ ਸ੍ਰੀ ਅਕਾਲ ਤਖਤ ਨੂੰ ਸਿਖ ਧਰਮ ਦੇ ਸਰਵਉਂਚ ਤਖਤ ਵਜੋਂ ਮੰਨਦੇ ਹਾਂ ਤੇ ਇਸ ਵਿਚ ਵਿਸ਼ਵਾਸ ਰਖਦੇ ਹਾਂ ਤੇ ਸ੍ਰੀ ਅਕਾਲ ਤਖਤ ਦੀ ਪਛਾਣ ਤੇ ਸਰਵਉਂਚਤਾ ਨੂੰ ਬਰਕਰਾਰ ਰੱਖਣ ਤੇ ਹੋਰ ਵਧਾਉਣ ਲਈ ਕੰਮ ਕਰਦੇ ਰਹਾਂਗੇ।
ਧਾਰਾ 25 ਵਿਚ ਸੋਧ-ਸਿਖ ਧਰਮ ਇਕ ਵਖਰਾ ਧਰਮ: ਸਵਿਧਾਨ ਦੀ ਧਾਰਾ 25 ਸਿਖ ਧਰਮ ‘ਤੇ ਅਧਿਕਾਰ ਜਮਾਉਂਦਾ ਹੈ ਤੇ ਇਸ ਨੂੰ ਸਿਖਾਂ ‘ਤੇ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਥੋਪਿਆ ਗਿਆ ਸੀ। ਸਿਖਾਂ ਦੀ ਵਖਰੀ ਵਛਾਣ ਬਹਾਲ ਕਰਨ ਲਈ ਧਾਰਾ 25 ਵਿਚ ਸੋਧ ਕਰਨ ਵਾਸਤੇ ਤੇ ਸਮਰਥਨ ਜੁਟਾਉਣ ਲਈ ਕੰਮ ਕਰਾਂਗੇ।
ਸਿਖ ਪਛਾਣ ਬਾਰੇ ਜਾਗਰੂਕਤਾ-ਪੰਜ ਕਕਾਰ: ਪੰਜ ਕਕਾਰਾਂ ਖਾਸ ਕਰਕੇ ਦਸਤਾਰ ਤੇ ਕਿਰਪਾਨ ਨੂੰ ਸਿਖ ਧਰਮ ਦੀ ਪਛਾਣ ਦੇ ਥੰਮ ਵਜੋਂ ਤੇ ਯੂ ਐਨ ਚਾਰਟਰ ਤੇ ਸੰਯੁਕਤ ਰਾਸ਼ਠਰ ਮਨੁੱਖੀ ਅਧਿਕਾਰ ਐਲਾਨਨਾਮੇ ਤਹਿਤ ਇਸ ਨੂੰ ਪਹਿਨਣ ਦੇ ਸਿਖਾਂ ਦਾ ਅਧਿਕਾਰ ਬਾਰੇ ਵਿਸ਼ਵ ਪੱਧਰ ‘ਤੇ ਜਾਗਰੂਕਤਾ ਫੈਲਾਉਣ ਬਾਰੇ।
ਸਿਖ ਨਸਲਕੁਸ਼ੀ 1984-1997: ਪੰਜਾਬ, ਦਿੱਲੀ , ਹਰਿਆਣਾ ਤੇ ਹੋਰ ਰਾਜਾਂ ਵਿਚ 1984-1997 ਦੌਰਾਨ ਸਿਖਾਂ ਦੇ ਹੋਏ ਕਤਲੇਆਮ ਨੂੰ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਦੀ ਧਾਰਾ 2 ਤਹਿਤ ਸਿਖ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਲਈ ਕੰਮ ਕਰਾਂਗੇ। ਅਤੇ ਸ਼ਹੀਦ-ਏ-ਮਿਨਾਰ ਦੀ ਸਥਾਪਨਾ ਕੀਤੀ ਜਾਵੇਗੀ ਤੇ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਵਿਚ ਹੋਏ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਸਰਕਾਰੀ ਛੁਟੀ ਐਲਾਨਣ ਲਈ ਕੰਮ ਕਰਾਂਗੇ।
ਨਸ਼ਾ ਮੁਕਤ ਪੰਜਾਬ: ਨਸ਼ਿਆਂ ਦੀਆਂ ਬੁਰਾਈਆਂ ਬਾਰੇ ਜਾਗੂਰਕਤਾ ਫੈਲਾ ਕੇ ਇਕ ‘ਨਸ਼ਾ ਮੁਕਤ ਪੰਜਾਬ’ ਦੀ ਸਿਰਜਣਾ ਕਰਾਂਗੇ।
ਖਾਲਸਾ ਇਨਸਾਫ: ਲੋਕਾਂ ਦੇ ਝਗੜੇ ਨਿਪਟਾਉਣ ਲਈ ਖਾਲਸਾ ਪੰਚਾਇਤ ਪ੍ਰਣਾਲੀ ਦਾ ਸਥਾਪਨਾ ਤੇ ਪ੍ਰਚਾਰ ਕੀਤਾ ਜਵੇਗਾ। ਸਿਖਾਂ ਦੇ ਅਧਿਕਾਰਾਂ ਦੀ ਆਵਾਜ਼ ਉਠਾਉਣ ਲਈ ਜੇਲਾਂ ਵਿਚ ਬੰਦ ਸਿਖਾਂ ਦੀ ਕਾਨੂੰਨੀ ਲੜਾਈ ਲੜਣ ਲਈ ਫੰਡ ਦੀ ਸਥਾਪਨਾ।
ਕਿਸਾਨ ਸੰਭਾਲ ਲਹਿਰ: ਕਰਜੇ ਨਾ ਮੋੜ ਸਕਣ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਬਚਾਉਣ ਲਈ ਐਸ ਜੀ ਪੀ ਸੀ ਕਰਜੇ ਮੋੜਣ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਮਦਦ ਕਰੇਗੀ।
ਸ਼ਹੀਦ ਪਰਿਵਾਰਾਂ ਦੀ ਮਦਦ: 1984 ਤੋਂ ਲੈਕੇ ਹੁਣ ਤੱਕ ਸ਼ਹੀਦ ਹੋਏ ਸਿਖਾਂ ਦੇ ਪਰਿਵਾਰਾਂ ਲਈ ਪੈਨਸ਼ਨ ਜਾਰੀ ਕੀਤੀ ਜਾਵੇਗੀ।
ਪੰਜਾਬ ਰੋਜ਼ਗਾਰ ਸਕੀਮ: ਐਸ ਜੀ ਪੀ ਸੀ ਦਾ ਵਖਰਾ ਵਿੰਗ ਸਥਾਪਿਤ ਕੀਤਾ ਜਾਵੇਗੀ ਜੋ ਕਿ ਪੰਜਾਬ ਰੋਜ਼ਗਾਰ ਸਕੀਮ ਚਲਾਏਗੀ ਜਿਸ ਤਹਿਤ ਪ੍ਰੋਜੈਕਟਸ ਤੇ ਅਦਾਰੇ ਸਥਾਪਿਤ ਕੀਤੇ ਜਾਣਗੇ ਤਾਂ ਜੋ ਪੰਜਾਬ ਵਿਚ ਰੋਜ਼ਗਾਰ ਦੇ ਵਧੇਰੇ ਮੌਕੇ ਦਿੱਤੇ ਜਾ ਸਕਣ।
ਧੀਆਂ ਬਚਾਓ ਲਹਿਰ: ਭਰੂਣ ਹਤਿਆ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਤੇ ਲਿੰਗ ਦੀ ਬਰਾਬਰਤਾ ਨੂੰ ਪ੍ਰੋਤਸਾਹਨ ਕਰਨ ਲਈ ਸੰਸਥਾ ਦੀ ਸਥਾਪਨਾ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,