ਆਮ ਖਬਰਾਂ

ਪੰਜਾਬ ਵਿੱਚੋਂ ਫੌਜੀ ਭਰਤੀ ਲਈ ਯੋਗ ਜਵਾਨ ਨਹੀਂ ਮਿਲ ਰਹੇ, ਖਾ ਲਈ ਜਵਾਨੀ ਨਸ਼ਿਆਂ ਤੇ ਤੰਗੀਆਂ ਤੁਰਸ਼ੀਆਂ ਨੇ

July 12, 2010 | By

ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚੋਂ ਭਾਰਤੀ ਫੌਜ ਲਈ ਕੀਤੀਆਂ ਗਈਆਂ ਭਰਤੀ ਰੈਲੀਆਂ ਤੋਂ ਇਹ ਗੱਲ ਉੱਭਰਕੇ ਸਾਹਮਣੇ ਆਈ ਹੈ ਕਿ ਪੂਰੇ ਪੰਜਾਬ ਵਿੱਚੋਂ ਫੌਜ ਦੀਆਂ ਸਿਗਨਲ ਕੋਰਜ਼ ਅਤੇ ਸਿੱਖ ਬਟਾਲੀਅਨਾ ਲਈ ਲੋੜੀਂਦੇ ਜਵਾਨਾ ਦੀ ਪੂਰਤੀ ਨਹੀਂ ਹੋ ਸਕੀ,ਜਿਸ ਕਰਕੇ ਫੌਜ ਨੂੰ ਇਹ ਖਲਾਅ ਪੂਰਨ ਲਈ ਗੁਆਂਢੀ ਸੂਬਿਆਂ ਵਿੱਚੋਂ ਭਰਤੀ ਕਰਨੀ ਪਈ। ਇੱਥੇ ਵਰਨਣਯੋਗ ਹੈ ਕਿ ਉਹ ਵੀ ਸਮਾਂ ਸੀ ਜਦੋਂ ਅੰਗਰੇਜ਼ ਪੰਜਾਬ ਦੇ ਗਜ਼ ਗਜ਼ ਚੌੜੀਆਂ ਹਿੱਕਾਂ ਵਾਲੇ ਜਵਾਨਾ ਨੂੰ ਖੁਸ਼ੀ ਖੁਸ਼ੀ ਫੌਜ ਵਿਚ ਭਰਤੀ ਕਰਦੇ ਸਨ ਅਤੇ ਪੰਜਾਬ ਵਰਗੇ ਦਰਸ਼ਨੀ ਜਵਾਨ ਹਿੰਦੁਸਤਾਨ ਦੇ ਹੋਰ ਕਿਸੇ ਕੋਨੇ ਚੋਂ ਨਹੀਂ ਸਨ ਲੱਭਦੇ। ਪੰਜਾਬ ਦੇ ਗੱਭਰੂਆਂ ਦੀ ਬਹਾਦਰੀ ਅਤੇ ਸੁਹੱਪਣ ਦਾ ਫੌਜ ਵਿੱਚ ਵੱਖਰਾ ਮੁਕਾਮ ਸੀ,ਪਰ ਅੱਜ ਅਜਿਹਾ ਕੀ ਵਾਪਰ ਗਿਆ ਹੈ ਕਿ ਪੰਜਾਬ ਦੀ ਜਵਾਨੀ ਹੱਡੀਆਂ ਦੀ ਮੁੱਠ ਬਣਕੇ ਰਹਿ ਗਈ ਹੈ।

ਪੰਜਾਬ ਵਿਚ ਅੱਜ ਪਾਣੀ ਦੀਆਂ ਨਦੀਆਂ ਸੁੱਕ ਰਹੀਆਂ ਹਨ ਅਤੇ ਨਸ਼ਿਆਂ ਦੇ ਦਰਿਆ ਜੋਬਨ ਤੇ ਵਹਿ ਰਹੇ ਹਨ,ਜਿਨ੍ਹਾ ਵਿਚ ਪੰਜਾਬ ਦੀ ਜਵਾਨੀ ਡੁੱਬ ਕੇ ਗੋਤੇ ਖਾਈ ਜਾ ਰਹੀ ਹੈ। ਪੰਜਾਬ ਵਿਚ ਸਭ ਤੋਂ ਵਧੇਰੇ ਨਸ਼ਾ ਸ਼ਰਾਬ ਦਾ ਹੈ ਅਤੇ ਇਸ ਨਸ਼ੇ ਨੂੰ ਪੰਜਾਬੀਆਂ ਵੱਲੋਂ ਪੂਰੀ ਮਾਨਤਾ ਮਿਲੀ ਹੋਈ ਹੈ। ਜਦੋਂ ਕਿ ਸ਼ਰਾਬ ਮਨੁੱਖ ਨੂੰ ਸਿਹਤ ਪੱਖੋਂ ਵੱਡਾ ਨੁਕਸਾਨ ਪਹੁੰਚਾਉਂਦੀ ਹੈ। ਇਸਤੋਂ ਇਲਾਵਾ ਹੋਰ ਵੀ ਅਣਗਿਣਤ ਨਸ਼ੇ ਹਨ,ਜੋ ਮਾਪਿਆਂ ਦੀ ਨਜ਼ਰ ਤੋਂ ਉਹਲੇ ਵਰਤੇ ਜਾ ਰਹੇ ਹਨ । ਹੋਰ ਤਾਂ ਹੋਰ ਹੁਣ ਤਾਂ ਹੈਰੋਇਨ ਦੀਆਂ ਖੇਪਾਂ ਵੀ ਸਭ ਤੋਂ ਵਧ ਪੰਜਾਬ ਚੋਂ ਫੜੀਆਂ ਜਾ ਚੁੱਕੀਆਂ ਹਨ। ਪ੍ਰਾਪਤ ਅੰਕੜਿਆਂ ਮੁਤਾਬਕ ਮਾਲਵੇ ਚ 65 ਫੀ ਸਦੀ,ਦੁਆਬੇ ਚ 68 ਫੀ ਸਦੀ ਅਤੇ ਮਾਝੇ ਚ 61 ਫੀ ਸਦੀ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ। ਦੂਸਰਾ ਸਿਤਮਜ਼ਰੀਫੀ ਵਾਲੀ ਗੱਲ ਇਹ ਵੀ ਹੈ ਕਿ ਖੁੱਲ੍ਹੀਆਂ ਖੁਰਾਕਾਂ ਖਾਣ ਵਾਲੇ ਪੰਜਾਬੀਆਂ ਵਿਚੋਂ ਅੱਜ ਤੰਗੀਆਂ ਤੁਰਸ਼ੀਆਂ ਦੇ ਮਾਰੇ ਬਹੁਤੇ ਮਾਪੇ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ,ਘਿਉ ਖੋਹਕੇ ਆਪਣੀ ਕਬੀਲਦਾਰੀ ਦਾ ਡੰਗ ਟਪਾਉਣ ਲਈ ਇਸਨੂੰ ਮੁੱਲ ਵੇਚਕੇ ਆਪਣਾ ਜੂਨ ਗੁਜ਼ਾਰਾ ਕਰਦੇ ਹਨ ਅਤੇ ਕਈ ਆਪਣੇ ਬੱਚਿਆਂ ਲਈ ਲੋੜੀਂਦੀਆਂ ਖੁਰਾਕੀ ਵਸਤਾਂ ਮੁੱਲ ਖਰੀਦਕੇ ਦੇਣ ਤੋਂ ਅਸਮਰਥ ਹਨ,ਫਿਰ ਚੌੜੀਆਂ ਹਿੱਕਾਂ ਵਾਲੇ ਛੇ ਛੇ ਫੁੱਟੇ ਜਵਾਨ ਭਾਰਤੀ ਫੌਜ ਲਈ ਕਿੱਥੋਂ ਮਿਲਣ ਵਾਲੇ ਹਨ। ਦੂਸਰਾ ਉਂਜ ਵੀ ਨੌਜਵਾਨਾ ਵਿੱਚ ਫੌਜ ਦੀ ਨੌਕਰੀ ਪ੍ਰਤੀ ਦਿਲਚਸਪੀ ਘਟਦੀ ਜਾ ਰਹੀ ਹੈ,ਜਿਸਦੇ ਕਈ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਇਹ ਕਿ ਫੌਜ ਦੀ ਸੇਵਾ 24 ਘੰਟੇ ਅਤੇ ਮੁਸ਼ਕਿਲਾਂ ਭਰੀ ਹੈ,ਪਰ ਉਸਦੇ ਮੁਕਾਬਲੇ ਚੰਗੀਆਂ ਤਨਖਾਹਾਂ ਨਹੀਂ। ਫੌਜ ਚੋਂ ਸੇਵਾ ਮੁਕਤ ਹੋਏ ਫੌਜੀ ਪਿਛਲੇ ਲੰਮੇਂ ਸਮੇਂ ਤੋਂ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਕਰਦੇ ਆ ਰਹੇ ਹਨ ਪਰ ਸਰਕਾਰਾਂ ਅਣਗੌਲਿਆ ਕਰਦੀਆਂ ਆ ਰਹੀਆਂ ਹਨ। ਜਿਸ ਕਰਕੇ ਉਹ ਨਿਰਾਸ਼ਤਾ ਵਿੱਚ ਹਨ ਅਤੇ ਅੱਗੋਂ ਆਪਣੇ ਬੱਚਿਆਂ ਨੂੰ ਫੌਜ ਵਿਚ ਭੇਜਣ ਦੀ ਬਜਾਏ ਸਿਵਲ ਦੀ ਨੌਕਰੀ ਨੂੰ ਤਰਜੀਹ ਦਿੰਦੇ ਹਨ। ਉਂਜ ਨੌਜਵਾਨਾ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਵੀ ਘਟਦੀ ਜਾ ਰਹੀ ਹੈ ਅਤੇ ਇਸ ਭਾਵਨਾ ਨੂੰ ਪੈਦਾ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਜੇਕਰ ਕੋਈ ਨੌਜਵਾਨ ਸਰੀਰਕ ਪੱਖੋਂ ਲੋੜੀਂਦੇ ਮਾਪਦੰਡਾਂ ਤੇ ਪੂਰਾ ਉੱਤਰਦਾ ਵੀ ਹੈ ਤਾਂ ਉਹ ਲਿਖਤੀ ਟੈਸਟ ਚੋਂ ਮਾਰ ਖਾ ਜਾਂਦਾ ਹੈ,ਕਿਉਂ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਵਿੱਦਿਆ ਪੱਖੋਂ ਭੱਠਾ ਬਹਿ ਚੁੱਕਾ ਹੈ ਅਤੇ ਪੇਂਡੂ ਆਮ ਛੋਟੇ ਕਿਸਾਨ,ਗਰੀਬ ਆਪਦੇ ਬੱਚਿਆਂ ਨੂੰ ਚੰਗੀ ਵਿੱਦਿਆ ਦਿਵਾਉਣ ਲਈ ਮਾਡਲ ਸਕੂਲਾਂ ਦਾ ਖਰਚ ਸਹਿਣ ਨਹੀਂ ਕਰ ਸਕਦੇ,ਜਿਸ ਕਰਕੇ ਉਹ ਫੌਜ ਲਈ ਜਰੂਰੀ ਵਿਸ਼ਿਆਂ,ਗਣਿਤ,ਸਾਇੰਸ ਵਿਚੋਂ ਮਾਰ ਖਾ ਜਾਂਦੇ ਹਨ ਅਤੇ ਘਰ ਜੋਗੇ ਹੀ ਰਹਿ ਜਾਂਦੇ ਹਨ ਜੋ ਵਿਹਲੇ ਰਹਿਕੇ ਕਈ ਤਰਾਂ ਦੀਆਂ ਬੁਰੀਆਂ ਆਦਤਾਂ ਦਾ ਸ਼ਿਕਾਰ ਹੁੰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।