
October 26, 2010 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, 25 ਅਕਤੂਬਰ (ਪੰਜਾਬ ਨਿਊਜ਼ ਨੈੱਟ.) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ, ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਤੇ ਦਲ ਦੇ ਪਟਿਆਲਾ ਜਿਲ੍ਹੇ ਦੇ ਆਗੂ ਗੁਰਮੀਤ ਸਿੰਘ ਗੋਗਾ ਨੇ ਪੰਜਾਬ ਦੇ ਸਮੁੱਚੇ ਵਰਗਾਂ ਨੂੰ 3 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਉਨ੍ਹਾਂ ਦੇ ਮੁੜ ਵਸੇਵੇ ਦਾ ਪ੍ਰਬੰਧ ਕਰਨ ਲਈ ਭਾਰਤੀ ਨਿਜ਼ਾਮ ‘ਤੇ ਦਬਾਅ ਪਾਇਆ ਜਾ ਸਕੇ ਅਤੇ ਇਸ ਕਤਲੇਆਮ ਦੌਰਾਨ ਸ਼ਹੀਦ ਕੀਤੇ ਗਏ ਸਮੂਹ ਸਿੱਖਾਂ ਨੂੰ ਸਰਧਾਂਜਲੀ ਦਿੱਤੀ ਜਾ ਸਕੇ।
ਅੱਜ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਭਾਰਤੀ ਨਿਜ਼ਾਮ ਪਿਛਲ਼ੇ 26 ਸਾਲਾਂ ਤੋਂ ਪੀੜਤਾਂ ਨੂੰ ਇਨਸਾਫ਼ ਦੇਣ ਦੀ ਥਾਂ ਅਦਾਲਤਾਂ ਵਿਚ ਖੱਜਲ ਖੁਆਰ ਕਰਕੇ ਉਨ੍ਹਾਂ ਨੂੰ ਸਜ਼ਾ ਹੀ ਦੇ ਰਿਹਾ ਹੈ ਤੇ ਸਿੱਖਾਂ ਦੇ ਕਾਤਲ ਭਾਰਤੀ ਆਜ਼ਾਦੀ ਦਾ ਨਿੱਘ ਮਾਣਦੇ ਹੋਏ ਬੇਖੌਫ ਘੁੰਮ ਰਹੇ ਹਨ। ਇਨ੍ਹਾਂ 26 ਸਾਲਾਂ ਵਿਚ ਜਾਂਚ ਕਮਿਸ਼ਨਾਂ ਦੇ ਡਰਾਮਿਆਂ ਤੇ ਅਦਾਲਤਾਂ ਦੀਆਂ ਖੁਆਰੀਆਂ ਤੋਂ ਬਿਨਾਂ ਪੀੜਤਾਂ ਨੂੰ ਦੇਸ਼ ਦੀ ਨਿਆਂ ਵਿਵਸਥਾ ਤੋਂ ਹੋਰ ਕੁਝ ਹਾਸਲ ਨਹੀਂ ਹੋ ਸਕਿਆ। ਅਕਾਲੀ ਦਲ ‘ਤੇ ਕਾਬਜ਼ ਬਾਦਲ ਧੜੇ ਲਈ ਵੀ ਉਹ ਵੋਟ ਬੈਂਕ ਤੋਂ ਵੱਧ ਕੁਝ ਅਹਿਮੀਅਤ ਨਹੀਂ ਰੱਖਦੇ। ਸਿੱਖਾਂ ਦੇ ਮਾਮਲੇ ਵਿਚ ਦੇਸ਼ ਦੇ ਤੰਤਰ ਲਈ ਇਨਸਾਫ਼ ਦੇ ਅਰਥ ਹਮੇਸਾਂ ਵੱਖਰੇ ਰਹੇ ਹਨ ਤੇ ਉਕਤ ਕਾਰਨ ਹੀ ਇਸ ਕਤਲੇਆਮ ਦੇ ਪੀੜਤਾਂ ਦੀ ਦੁਰਦਸ਼ਾ ਲਈ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਭਾਵੇਂ ਉਹ ਸਿੱਖ, ਹਿੰਦੂ, ਮੁਸਲਮਾਨ ਜਾਂ ਕਿਸੇ ਵੀ ਧਰਮ ਨਾਲ ਸਬੰਧਿਤ ਹੈ ਇਸ ਬੰਦ ਨੂੰ ਸਮਰਥਨ ਜ਼ਰੂਰ ਦਵੇ। 3 ਨਵੰਬਰ ਨੂੰ ਪੂਰਾ ਦਿਨ ਬੰਦ ਰੱਖਿਆ ਜਾਵੇਗਾ। ਇਸ ਦਿਨ ਦੁਕਾਨਾਂ, ਸਾਰੇ ਕਾਰੋਬਾਰੀ ਤੇ ਵਿਦਿਅਕ ਅਦਾਰੇ ਬੰਦ ਰੱਖੇ ਜਾਣਗੇ।ਪਰ ਲੋਕਾਂ ਦੀ ਸਹੂਲਤ ਲਈ ਰੇਲ ਆਵਾਜਈ ਸਵੇਰੇ 5 ਵਜੇ ਤੋਂ 12 ਵਜੇ ਤੱਕ ਹੀ ਬੰਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬੰਦ ਪੂਰੀ ਤਰ੍ਹਾਂ ਸਾਂਤਮਈ। ਇਸ ਸਮੇਂ ਉਨ੍ਹਾਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਕੇਹਰ ਸਿੰਘ ਮਾਰਵਾ, ਮੇਹਰ ਸਿੰਘ ਬਸੀ ਪਠਾਣਾ, ਭਗਵੰਤ ਸਿੰਘ ਮਹੱਦੀਆਂ, ਪਰਮਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ।