
September 10, 2012 | By ਸਿੱਖ ਸਿਆਸਤ ਬਿਊਰੋ
ਲੰਡਨ (10 ਸਤੰਬਰ, 2012): ਪੰਜਾਬ ਪੁਲੀਸ ਦੀਆਂ ਸਿੱਖਾਂ ਤੇ ਦਮਨਕਾਰੀ ਕਾਰਵਾਈਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਸ੍ਰ,ਲਵਸਿ਼ੰਦਰ ਸਿੰਘ ਡੱਲੇਵਾਲ ਨੇ ਜਾਰੀ ਬਿਆਨ ਵਿੱਚ ਜਲੰਧਰ ਅਤੇ ਨਵਾਂ ਸ਼ਹਿਰ ਪੁਲੀਸ ਤੇ ਦੋਸ਼ ਲਗਾਇਆ ਕਿ ਉਹ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਰਗਰਮ ਆਗੂ ਸ੍ਰ. ਚਰਨਜੀਤ ਸਿੰਘ ਸੁੱਜੋਂ ਨੂੰ ਝੂਠੇ ਕੇਸਾ ਵਿੱਚ ਫਸਾ ਰਹੀ ਹੈ ਜਦਕਿ ਉਹ ਪੰਜ ਮਹੀਨੇ ਤੋਂ ਇੰਗਲੈਂਡ ਵਿੱਚ ਹੈ।
ਬੀਤੇ ਦਿਨੀਂ ਪੁਲੀਸ ਨੇ ਉਹਨਾਂ ਦੇ ਪਿੰਡ ਸੁੱਜੋਂ ਵਿਖੇ ਛਾਪਾ ਮਾਰ ਕੇ ਘਰ ਦੀ ਫੋਲਾ ਫਰਾਲੀ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਡਰਾਉਣ ਧਮਕਾਉਣ ਲਈ ਤਰਾਂ ਤਰਾਂ ਦੇ ਡਰਾਵੇ ਦਿੱਤੇ। ਇਸ ਤੋਂ ਪਹਿਲਾਂ ਇੱਕ ਹੋਰ ਸਿੰਘ ਨੂੰ ਸੀ.ਆਈ.ਏ ਸਟਾਫ ਵਿੱਚ ਭਾਰੀ ਇੰਟੈਰੋਗੇਟ ਕੀਤਾ ਗਿਆ ,ਉਸ ਤੋਂ ਭਾਈ ਪ੍ਰਭਦਿਆਲ ਸਿੰਘ ਅਤੇ ਸੁੱਜੋਂ ਬਾਰੇ ਪੁੱਛਗਿੱਛ ਕੀਤੀ ਗਈ।
ਸ੍ਰ. ਚਰਨਜੀਤ ਸਿੰਘ ਸੁੱਜੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਨਜਰਬੰਦ ਭਾਈ ਜਗਤਾਰ ਸਿੰਘ ਹਾਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਤੋਂ ਇਲਾਵਾ ਨਾਭਾ ਜੇਲ੍ਹ ਵਿੱਚ ਬੰਦ ਸਿੰਘਾਂ ਦੀਆਂ ਤਰੀਕਾਂ ਤੇ ਲਗਾਤਾਰ ਜਾਂਦਾ ਰਿਹਾ ਹੈ। ਜਿਸ ਕਾਰਨ ਪੁਲੀਸ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ।
ਯੂਨਾਈਇਡ ਖਾਲਸਾ ਦਲ ਵਲੋਂ ਪੁਲੀਸ ਦੀਆਂ ਸਿੱਖ ਨੌਜਵਾਨਾਂ ਨੂੰ ਦਬਾਉਣ ਹਿੱਤ ਕੀਤੀਆਂ ਜਾ ਰਹੀਆਂ ਇਹਨਾਂ ਧੱਕੜ ਕਾਰਵਾਈਆਂ ਦੀ ਸਖਤ ਅਲੋਚਨਾ ਕੀਤੀ ਗਈ ।ਅਜਿਹਾ ਪੰਜਾਬ ਪੁਲੀਸ ਦੇ ਮੁਖੀ ਸੁਮੇਧ ਸੈਣੀ ਦੇ ਹੁਕਮਾਂ ਨਾਲ ਕੀਤਾ ਜਾ ਰਿਹਾ ਹੈ ਜੋ ਕਿ ਸੈਂਕੜੇ ਸਿੱਖਾਂ ਦਾ ਨੂੰ ਸ਼ਹੀਦ ਕਰਨ ਦਾ ਦੋਸ਼ੀ ਹੈ । ਗੌਰ ਤਲਬ ਹੈ ਕਿ ਚਰਨਜੀਤ ਸਿੰਘ ਦੀ ਬੰਗਾ ਵਿੱਚ ਧਾਰਮਿਕ ਲਿਟਰੇਚਰ ਦੀ ਦੁਕਾਨ ਸੀ ਜਿਸਨੂੰ ਮਾਰਚ ਮਹੀਨੇ ਤੋਂ ਪੁਲੀਸ ਨੇ ਬੰਦ ਕਰਵਾਇਆ ਹੋਇਆ ਹੈ।
Related Topics: Charanjit Singh Sujjon, Loveshinder Singh Dallewal, United Khalsa Dal U.K