ਸਿਆਸੀ ਖਬਰਾਂ

ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸ਼੍ਰੋ.ਅ.ਦ. (ਬਾਦਲ) ਦੇ ਸਾਰੇ ਅਹੁਦਿਆਂ ਤੋਂ ਅਸਤੀਫਾ

October 23, 2018 | By

ਅੰਮ੍ਰਿਤਸਰ: ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼ਮੂਲੀਅਤ ਕਾਰਣ ਸੂਬੇ ਵਿੱਚ ਹਾਸ਼ੀਏ ਤੇ ਆਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅੱਜ ਉਸ ਵੇਲੇ ਇੱਕ ਹੋਰ ਝਟਕਾ ਲੱਗ ਜਦੋਂ ਇਸ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੱੁਦੇ ਅਤੇ ਕੋਰ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਅਸਤੀਫੇ ਦਾ ਐਲਾਨ ਕਰਦਿਆਂ ਬ੍ਰਹਮਪੁਰਾ ਸਾਲ 2019 ਵਿੱਚ ਹੋਣ ਵਾਲੀ ਲੋਕ ਸਭਾ ਚੋਣ ਲਈ ਹਲਕਾ ਖਡੂਰ ਸਾਹਿਬ ਦੀ ਟਿਕਟ ਦੀ ਦਾਅਵੇਦਾਰੀ ਵੀ ਛੱਡ ਦਿੱਤੀ ਹੈ।

⊕ ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ: PUNJAB POLITICS: RANJIT SINGH BRAHAMPURA RESIGNS FROM ALL POSTS IN SAD (BADAL)

ਅੱਜ ਆਪਣੀ ਅੰਮ੍ਰਿਤਸਰ ਸਥਿੱਤ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗਲਬਾਤ ਕਰਨ ਵੇਲੇ ਬ੍ਰਹਮਪੁਰਾ ਦੇ ਨਾਲ ਲੋਕ ਸਭਾ ਹਲਕਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ: ਰਤਨ ਸਿੰਘ ਅਜਨਾਲਾ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਮਨਮੋਹਨ ਸਿੰਘ ਸਠਿਆਲਾ ਹਾਜਰ ਸਨ।

ਰਣਜੀਤ ਸਿੰਘ ਬ੍ਰਹਮਪੁਰਾ (ਖੱਬਿਓਂ ਦੂਜੀ ਥਾਂ ਤੇ) ਅਤੇ ਹੋਰ

ਗਲਬਾਤ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ 60 ਸਾਲ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਹ ਵਫਾਦਾਰ ਸਿਪਾਹੀ ਹੈ ਤੇ ਰਹੇਗਾ ਪਰ ਹੁਣ ਉਹ ਉਮਰ ਦੇ 8ਵੇਂ ਦਹਾਕੇ ਵਿੱਚ ਦਾਖਲ ਹੋ ਚੱੁਕਾ ਹੈ ਤੇ ਦਲ ਵਲੋਂ ਦਿੱਤੀਆਂ ਜਿੰਮੇਵਾਰੀਆਂ ਨਿਭਾਉਣ ਤੋਂ ਅਸਮਰੱਥ ਹੈ।

ਪੱਤਰਕਾਰਾਂ ਵਲੋਂ ਘੜੀ-ਮੁੜੀ ਅਸਤੀਫੇ ਦਾ ਅਸਲ ਕਾਰਣ ਪੁਛੇ ਜਾਣ ਤੇ ਉਨ੍ਹਾਂ ਕਿਹਾ ‘ਸਭ ਕੁਝ ਮੇਰੇ ਕੋਲੋਂ ਹੀ ਨਾ ਪੁੱਛੀ ਜਾਵੋ ਤੁਸੀਂ ਖੁਦ ਸਮਝਦਾਰ ਹੋ’।

ਇੱਕ ਸਵਾਲ ਦੇ ਜਵਾਬ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹਨਾਂ ਆਪਣੇ ਸਾਥੀ ਪਾਰਟੀ ਆਗੂਆਂ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਸਹਿਤ, ਕੁਝ ਸਮਾਂ ਪਹਿਲਾਂ ਪਾਰਟੀ ਦੇ ਪ੍ਰਬੰਧਕੀ ਢਾਂਚੇ ਤੇ ਕਾਰਜਸ਼ੈਲੀ ਬਾਰੇ ਅਵਾਜ ਬੁਲੰਦ ਕੀਤੀ ਸੀ ਤਾਂ ਪਾਰਟੀ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ 5-7 ਵਾਰ ਫੋਨ ਜਰੂਰ ਕੀਤਾ ਸੀ ਪਰ ਉਸ ਬਾਅਦ ਵਿੱਚ ਕਦੇ ਕੋਈ ਗਲ ਨਹੀ ਹੋਈ।

ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਉੱਤੇ ਸ਼੍ਰੋ.ਅ.ਦ. (ਬਾਦਲ) ਨੂੰ ਲੋਕਾਂ ਵਿੱਚ ਝੱਲਣੀ ਪੈ ਰਹੀ ਨਮੋਸ਼ੀ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਉਹ ਖੁਦ ਅਜੇਹੀਆਂ ਦਰਦਨਾਕ ਘਟਨਾਵਾਂ ਮੌਕੇ ਦਲ ਵਿੱਚ ਸਨ। ਪਰ ਜਿਉਂ ਹੀ ਜਾਣੇ ਅਨਜਾਣੇ ਵਿੱਚ ਕੀਤੀਆਂ ਭੁੱਲਾਂ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਦਰਬਾਰ ਸਾਹਿਬ ਜਾ ਕੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੁੰਦਿਆਂ ਹੋਈਆਂ ਭੱੁਲਾਂ ਦਾ ਪਸ਼ਚਾਤਾਪ ਕਰ ਆਏ ਸਨ।

ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਸਾਕਾ ਬਹਿਬਲ ਕਲਾਂ ਬਾਰੇ ਹਾਲ ਵਿੱਚ ਹੀ ਉਦੋਂ ਬੋਲਣਾ ਸ਼ੁਰੂ ਕੀਤਾ ਹੈ ਜਦੋਂ ਕਿ ਸ਼੍ਰੋ.ਅ.ਦ. (ਬਾਦਲ) ਇਹਨਾਂ ਕਾਰਿਆਂ ਵਿੱਚ ਸ਼ਮੂਲੀਅਤ ਕਾਰਨ ਤਕਰੀਬਨ ਹਾਸ਼ੀਏ ਤੇ ਆ ਗਿਆ ਹੈ। ਬ੍ਰਹਮਪੁਰਾ ਨੇ ਸ਼੍ਰੋ.ਅ.ਦ. (ਬਾਦਲ) ਵੱਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੇ ਗਏ ਇਕੱਠ ਵਿੱਚ ਵੀ ਸ਼ਮੂਲੀਅਤ ਨਹੀਂ ਸੀ ਕੀਤੀ ਤੇ ਹਾਲ ਵਿੱਚ ਹੀ ਉਸਨੇ ਬਰਗਾੜੀ ਵਿੱਚ ਚੱਲ ਰਹੇ ‘ਇਨਸਾਫ ਮੋਰਚੇ’ ਵਿੱਚ ਹੀ ਹਾਜ਼ਰੀ ਭਰੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,