March 26, 2012 | By ਸਿੱਖ ਸਿਆਸਤ ਬਿਊਰੋ
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੇ ਮਾਮਲੇ ਵਿਚ ਬੀਤੇ ਦਿਨ, ਐਤਵਾਰ ਨੂੰ, ਪੰਜਾਬ ਸਮੇਤ ਦੁਨੀਆ ਭਰ ਵਿਚ ਭਾਰੀ ਸਰਗਰਮੀ ਚੱਲਦੀ ਰਹੀ।
ਬਾਦਲ ਦਲ ਦੀ ਇਕੱਤਰਤਾ:
ਐਤਵਾਰ ਨੂੰ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਕਮੇਟੀ ਦੀ ਇਕੱਤਰਤਾ ਹੋਈ ਜਿਸ ਵਿਚ ਬਾਦਲ ਦਲ ਦੇ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤੀ ਰਾਸ਼ਟਰਪਤੀ ਕੋਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾਣ ਵਾਲੀ ਫਾਂਸੀ ਵਿਰੁਧ ਦਰਖਾਸਤ ਦਾਖਲ ਕਰਨ ਲਈ ਕਿਹਾ ਹੈ।
ਬਾਦਲ ਦਲ ਨੇ ਕਿਹਾ ਹੈ ਕਿ ਉਹ ਭਾਈ ਰਾਜੋਆਣਾ ਨੂੰ ਫਾਂਸੀ ਤੋਂ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣਗੇ।
ਬੇਅੰਤ ਪਰਵਾਰ ਦਾ ਪ੍ਰਤੀਕਰਮ:
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਜਿਸ ਨੂੰ ਕਤਲ ਕਰਨ ਦੇ ਮਾਮਲੇ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਹੈ, ਦੇ ਪਰਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਫਾਂਸੀ ਤੋਂ ਬਦਲ ਕੇ ਉਮਰ ਕੈਦ ਕੀਤੀ ਜਾਂਦੀ ਹੈ ਤਾਂ ਇਸ ਪਰਵਾਰ ਨੂੰ ਕੋਈ ਇਤਰਾਜ਼ ਨਹੀਂ ਹੈ।
ਫਾਂਸੀ ਰੱਦ ਕਰਵਾਉਣ ਬਾਰੇ ਸਿਆਸੀ ਦਲਾਂ/ਜਥੇਬੰਦੀਆਂ/ਧਿਰਾਂ ਦਾ ਨਜ਼ਰੀਆ:
– ਕਾਂਗਰਸ:
ਪੰਜਾਬ ਕਾਂਗਰਸ ਦੇ ਉੱਚ ਹਲਕਿਆਂ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਪਰਵਾਰ ਤੇ ਪੰਜਾਬ ਸਰਕਾਰ ਵਿਚਲੀ ਮੁੱਖ ਰਾਜਸੀ ਧਿਰ ਬਾਦਲ ਦਲ ਨੇ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਕੇ ਉਮਰ ਕੈਦ ਵਿਚ ਤਬਦੀਲ ਕਰਨ ਦੀ ਗੱਲ ਕੀਤੀ ਹੈ, ਜਿਸ ਪਿਛੇ ਇਨ੍ਹਾਂ ਦਾ ਆਪਣਾ-ਆਪਣਾ ਨਜ਼ਰੀਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਤੇ ਉਸ ਦੇ ਪਰਵਾਰ ਦੀ ਸਿਫਤ ਕੀਤੀ ਤੇ ਕਿਹਾ ਕਿ ਬੇਅੰਤ ਸਿੰਘ ਨੇ ਪੰਜਾਬ ਵਿਚ “ਸ਼ਾਂਤੀ” ਲਿਆਉਣ ਲਈ ਬੜੇ ਉੱਦਮ ਕੀਤੇ ਤੇ ਇਸੇ ਤਹਿਤ ਹੀ ਆਪਣੀ ਜਾਨ ਵਾਰ ਦਿੱਤੀ ਤੇ ਹੁਣ ਬੇਅੰਤ ਸਿੰਘ ਦਾ ਸਿਆਸੀ ਪਰਵਾਰ ਵੀ ਪੰਜਾਬ ਦੀ ਸ਼ਾਂਤੀ ਲਈ ਭਾਈ ਰਾਜੋਆਣਾ ਦੀ ਫਾਂਸੀ “ਮਾਫ” ਕਰਨ ਦੀ ਗੱਲ ਕਰਕੇ ਪੰਜਾਬ ਦੀ ਸ਼ਾਂਤੀ ਬਰਕਰਾਰ ਰੱਖਣ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ।
– ਬੇਅੰਤ ਪਰਵਾਰ:
ਬੇਅੰਤ ਸਿੰਘ ਪਰਵਾਰ ਦਾ ਵੀ ਇਹੀ ਨਜ਼ਰੀਆ ਹੈ ਕਿ ਪੰਜਾਬ ਦੀ ਸ਼ਾਂਤੀ ਲਈ ਉਨ੍ਹਾਂ ਪਰਵਾਰ ਨੇ ਪਹਿਲਾਂ ਵੀ “ਕੁਰਬਾਨੀ” ਕੀਤੀ ਹੈ ਤੇ ਉਹ ਹੁਣ ਵੀ ਪੰਜਾਬ ਦੀ “ਸ਼ਾਂਤੀ” ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
– ਬਾਦਲ ਦਲ:
ਇਸ ਮਾਮਲੇ ਵਿਚ ਬਾਦਲ ਦਲ ਦਾ ਨਜ਼ਰੀਆ ਵੀ ਕਾਂਗਰਸ ਤੇ ਬੇਅੰਤ ਪਰਵਾਰ ਤੋਂ ਵੱਖਰਾ ਨਹੀਂ ਹੈ ਤੇ ਉਨ੍ਹਾਂ ਵੀ ਪੰਜਾਬ ਦੀ “ਸ਼ਾਂਤੀ” ਲਈ ਬੇਅੰਤ ਪਰਵਾਰ ਵੱਲੋਂ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ।
– ਭਾਜਪਾ:
ਇਸ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦਾ ਆਪਣਾ ਹੀ ਵੱਖਰਾ ਮਤ ਹੈ। ਭਾਜਪਾ ਪੰਜਾਬ ਦੇ ਮੁਖੀ ਅਸ਼ਵਨੀ ਸ਼ਰਮਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ “ਦਹਿਸ਼ਤਗਰਦ” ਦੱਸਦਿਆਂ ਕਿਹਾ ਹੈ ਕਿ “ਭਾਜਪਾ ਦਾ ਅੱਤਵਾਦ ਬਾਰੇ ਬੜਾ ਸਪਸ਼ਟ ਮਤ ਹੈ। ਅਸੀਂ ਇਸ ਦੀ ਹਰ ਵਨਗੀ ਦਾ ਵਿਰੋਧ ਕਰਦੇ ਹਾਂ। ਇਸ ਮਾਮਲੇ ਬਾਰੇ ਅਦਾਲਤਾਂ ਨੇ ਫੈਸਲਾ ਕੀਤਾ ਹੈ ਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ”।
– ਪੰਥਕ ਜਥੇਬੰਦੀਆਂ:
ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਸਿੱਖ ਨਜ਼ਰੀਏ ਨੂੰ ਪੇਸ਼ ਕਰਦਿਆਂ ਕਿਹਾ ਹੈ ਕਿ ਭਾਈ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਸਿੱਖਾਂ ਖਿਲਾਫ ਭਾਰਤ ਸਰਕਾਰ ਵੱਲੋਂ ਵਿੱਢੀ ਜੰਗ ਦਾ ਪ੍ਰਤੱਖ ਵਾਰ ਹੈ। ਪੰਥਕ ਜਥੇਬੰਦੀਆਂ ਦਾ ਮੰਨਣਾ ਹੈ ਕਿ 1984 ਦੇ ਹਮਲੇ ਤੋਂ ਬੇਅੰਤ ਸਿੰਘ ਸਰਕਾਰ ਦੇ ਸਮੇਂ ਤੱਕ ਭਾਰਤ ਵਿਚ ਸਿੱਖਾਂ ਸਾਹਮਣੇ “ਹੋਂਦ ਦਾ ਸਵਾਲ” ਹੀ ਖੜ੍ਹਾ ਹੋ ਗਿਆ ਸੀ ਜਿਸ ਕਰਕੇ ਸਿੱਖਾਂ ਕੌਮ ਦੀ ਸਮੂਹਕ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ “ਕੁਦਰਤੀ ਨਿਆਂ” ਅਤੇ ਇਤਿਹਾਸਕ ਪ੍ਰੰਪਰਾ ਤੋਂ ਸੇਧ ਲੈਂਦਿਆਂ ਹੀ ਭਾਈ ਬਲਵੰਤ ਸਿੰਘ ਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦਾ ਫੈਸਲਾ ਕੀਤਾ ਤਾਂ ਕਿ ਜੁਲਮ ਦੀ ਹਨੇਰੀ ਨੂੰ ਠੱਲ੍ਹ ਪਾਈ ਜਾ ਸਕੇ।
ਖਿਤਾਬ ਮੁੜ ਵਿਚਾਰਾਂਗੇ: ਜਥੇਦਾਰ
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ “ਜਿੰਦਾ ਸ਼ਹੀਦ” ਦਾ ਖਿਤਾਬ ਰੱਦ ਕਰ ਦਿੱਤਾ ਸੀ, ਇਸ ਤੋਂ ਪੈਦਾ ਹੋਏ ਹਾਲਾਤ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹ ਛੇਤੀ ਹੀ ਪੰਜ ਤਖਤ ਸਾਹਿਬ ਦੇ ਜਥੇਦਾਰਾਂ ਦੀ ਇਕੱਤਰਤਾ ਬੁਲਾ ਰਹੇ ਹਨ ਜਿਸ ਵਿਚ ਇਸ ਖਿਤਾਬ ਬਾਰੇ ਮੁੜ ਵਿਚਾਰ ਕੀਤੀ ਜਾਵੇਗੀ।
ਪਟਿਆਲਾ ਬੀ. ਐਸ. ਐਫ. ਹਵਾਲੇ:
31 ਮਾਰਚ, 2012 ਨੂੰ ਭਾਈ ਬਲਵੰਤ ਸਿੰਘ ਨੂੰ ਪਟਿਆਲਾ ਵਿਖੇ ਦਿੱਤੀ ਜਾ ਰਹੀ ਫਾਂਸੀ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ ਵਿਚ ਨੀਮ ਫੌਜੀ ਤਾਕਤ ਬੀ. ਐਸ. ਐਫ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਉੰਝ ਇਹ ਫੌਜ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਸਰਹੱਦਾਂ ਉੱਤੇ ਹੀ ਤਾਇਨਾਤ ਕੀਤੀ ਜਾਂਦੀ ਹੈ।
ਦੇਸ਼-ਵਿਦੇਸ਼ ਵਿਚ ਰੋਹ ਵਧ ਰਿਹਾ ਹੈ:
ਬੀਤੇ ਦਿਨ ਪੰਜਾਬ ਵਿਚ ਕਈ ਥਾਈ ਰੋਹ ਮੁਜਾਹਰੇ ਹੋਏ ਹਨ ਤੇ ਵਿਦੇਸ਼ ਤੋਂ ਮਿਲ ਰਹੀਆਂ ਖਬਰਾਂ ਅਨੁਸਾਰ ਵੀ ਵਿਦੇਸ਼ੀ ਰਹਿੰਦੇ ਸਿੱਖਾਂ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਖਿਲਾਫ ਭਾਰੀ ਰੋਹ ਮਿਲ ਰਿਹਾ ਹੈ। ਬੀਤੇ ਦਿਨ ਨਿਊਜ਼ੀਲੈਂਡ ਵਿਚ ਭਾਰੀ ਰੋਸ ਮੁਜਾਹਰਾ ਹੋਇਆ ਹੈ ਅਤੇ ਕੈਨੇਡਾ ਤੇ ਆਸਟ੍ਰੇਲੀਆਂ ਤੋਂ ਸਿੱਖ ਸਿਆਸਤ ਨੂੰ ਮਿਲੀਆਂ ਖਬਰਾਂ ਅਨੁਸਾਰ ਓਥੇ ਅੱਜ ਅਤੇ ਕੱਲ ਭਾਰੀ ਰੋਸ ਮੁਜਾਹਰੇ ਹੋਣਗੇ।
ਕੈਲੇਫੋਰਨੀਆ ਵਿਖੇ ਭਾਰਤੀ ਸਫਾਰਤਖਾਨੇ ਅੱਜੇ ਰੋਸ ਪ੍ਰਦਰਸ਼ਨ:
ਸਰਕਾਰ ਵਲੋਂ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੇ ਫੈਸਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਕੈਲੀਫੋਰਨੀਆ ਵਲੋਂ ਭਾਰਤੀ ਸਫਾਰਤਖਾਨੇ ਦੇ ਦਫਤਰ ਸਾਹਮਣੇ ਇਕ ਬਹੁਤ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਬਰਕਲੇ ਯੂਨੀਵਰਸਿਟੀ, ਡੇਵਿਸ ਯੂਨੀਵਰਸਿਟੀ, ਸਾਂਟਾਕਰੂਜ਼ ਯੂਨੀਵਰਸਿਟੀ ਤੇ ਸੈਨਹੌਜੇ ਸਟੇਟ ਯੂਨੀਵਰਸਿਟੀ ਦੇ ਸਿੱਖ ਵਿਦਿਆਰਥੀ ਵਿਦਿਆਰਥਣਾਂ ਤੋਂ ਇਲਾਵਾ ਆਸ-ਪਾਸ ਦੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਸਿੱਖ ਸੰਗਤਾਂ ਨੇ ਹੁੰਮਹੁਮਾ ਕੇ ਭਾਗ ਲਿਆ।
ਮੰਜੀ ਸਾਹਿਬ ਵਿਖੇ ਅਰਦਾਸ ਸਮਾਗਮ:
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਐਤਵਾਰ ਨੂੰ ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੰਜੀ ਹਾਲ ‘ਚ ਅਖੰਡ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਉਨ੍ਹਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।
28 ਮਾਰਚ ਨੂੰ ਸ਼ਾਂਤਮਈ ਬੰਦ ਕੀਤਾ ਜਾਵੇ: ਜਥੇਦਾਰ
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਾਰਿਆਂ ਨੂੰ 28 ਮਾਰਚ ਨੂੰ ਪੰਜਾਬ ਬੰਦ ਦਾ ਹੁਕਮ ਦਿਤਾ ਤੇ ਸਾਂਤੀ ਨਾਲ ਆਪਣਾ ਰੋਸ ਜ਼ਾਹਿਰ ਕਰਨ ਦੀ ਅਪੀਲ ਕੀਤੀ।
ਰਾਜੋਆਣਾ ਵਾਸੀਆਂ ਨੇ ਪਟਿਆਲਾ ਜੇਲ੍ਹ ਅੱਗੇ ਧਰਨਾ ਮਾਰਿਆ:
ਬੀਤੇ ਦਿਨ ਭਾਈ ਰਾਜੋਆਣਾ ਦੀ ਹਮਾਇਤ ‘ਤੇ ਰਾਜੋਆਣਾ ਅਤੇ ਰਾਜੋਆਣਾ ਖੁਰਦ ਦੋਵੇਂ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਸੈਂਟਰਲ ਜੇਲ ਪਟਿਆਲਾ ਅੱਗੇ ਜ਼ੋਰਦਾਰ ਰੋਸਮਈ ਧਰਨਾ ਠੋਕਿਆ ਤੇ ਸ਼ਹਿਰ ਵਿਚ ਸ਼ਾਂਤਮਈ ਮਾਰਚ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸੰਦੇਸ਼ ਤਹਿਤ ਹਰ ਸਿੱਖ ਨੂੰ ਆਪਣੇ ਘਰ ‘ਤੇ ਕੇਸਰੀ ਝੰਡੇ ਲਗਾਉੁਣ ਦੀ ਪ੍ਰੇਰਣਾ ਦਿੱਤੀ, ਉਧਰੋਂ ਰਾਜੋਆਣਾ ਪਿੰਡ ਦੇ ਵਾਸੀਆਂ ਵਲੋਂ ਧਰਨੇ ਕਾਰਨ ਪਟਿਆਲਾ ਪੁਲਸ ਨੇ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਸਨ। ਰਾਜੋਆਣਾ ਪਿੰਡ ਤੋਂ ਸੰਗਤਾਂ ਦੀ ਅਗਵਾਈ ਕਰ ਰਹੇ ਜ਼ਿਲਾ ਪ੍ਰੀਸ਼ਦ ਮੈਂਬਰ ਰਾਜਵੀਰ ਸਿੰਘ, ਨਰਿੰਦਰ ਸਿੰਘ ਸੰਗੇੜਾ ਸਾਬਕਾ ਸਰਪੰਚ, ਜਗਦੀਪ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਗਰੇਵਾਲ, ਲਛਮਣ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਭਾਈ ਰਾਜੋਆਣਾ ਦਾ ਪਿੰਡ ਰਾਜੋਆਣਾ ਅਤੇ ਦੂਜਾ ਪਿੰਡ ਰਾਜੋਆਣਾ ਖੁਰਦ ਦੇ ਲੋਕ ਪੂਰੀ ਤਰ੍ਹਾਂ ਭਾਈ ਰਾਜੋਆਣਾ ਦੇ ਨਾਲ ਹਨ। ਅੱਜ ਦੂਜੇ ਪਾਸੇ ਇਸ ਮਾਰਚ ਨੂੰ ਲੈ ਕੇ ਪਟਿਆਲਾ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਸਾਊਥਹਾਲ ਵਿਖੇ ਭਾਈ ਰਾਜੋਆਣਾ ਦੀ ਚੜ੍ਹਦੀਕਲਾ ਲਈ ਨਗਰ-ਕੀਰਤਨ:
ਸਾਊਥਹਾਲ (ਇੰਗਲੈਂਡ) ਵਿਖੇ ਭਾਈ ਰਾਜੋਆਣਾ ਦੀ ਚੜ੍ਹਦੀਕਲਾ ਲਈ ਨਗਰ-ਕੀਰਤਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਭਾਈ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ।
ਭਾਈ ਰਾਜੋਆਣਾ ਦਾ ਸੰਭਾਵੀ ਸੰਦੇਸ਼:
ਬੀਤੇ ਦਿਨ ਐਤਵਾਰ ਹੋਣ ਕਰਕੇ ਅੱਜ ਭਾਈ ਬਲਵੰਤ ਸਿੰਘ ਦਾ ਕੋਈ ਵੀ ਸੰਦੇਸ਼ ਜੇਲ੍ਹ ਵਿਚੋਂ ਬਾਹਰ ਨਹੀਂ ਆਇਆ। ਉਮੀਦ ਹੈ ਕਿ ਅੱਜ ਉਨ੍ਹਾਂ ਦੀ ਧਰਮ ਭੈਣ ਕਮਲਜੀਤ ਕੌਰ ਜੇਲ੍ਹ ਵਿਚ ਭਾਈ ਰਾਜੋਆਣਾ ਨਾਲ ਮੁਲਾਕਾਤ ਕਰੇਗੀ ਅਤੇ ਭਾਈ ਰਾਜੋਆਣਾ ਵੱਲੋਂ ਉਸ ਰਾਹੀਂ ਸਿੱਖ ਸੰਗਤਾਂ ਲਈ ਕੋਈ ਹੋਰ ਸੰਦੇਸ਼ ਵੀ ਜੇਲ੍ਹ ਤੋਂ ਬਾਹਰ ਭੇਜਿਆ ਜਾ ਸਕਦਾ ਹੈ।
ਬਾਦਲ ਦਾ ਵਿਧਾਨ ਸਭਾ ਵਿਚ ਬਿਆਨ ਅੱਜ:
ਅਖਬਾਰੀ ਖਬਰਾਂ ਅਨੁਸਾਰ ਅੱਜ, ਸੋਮਵਾਰ ਨੂੰ, ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਬਾਦਲ ਦਲ ਭਾਈ ਬਲਵੰਤ ਸਿੰਘ ਦੇ ਮਾਮਲੇ ਵਿਚ ਪੰਜਾਬ ਵਿਧਾਨ ਸਭਾ ਵਿਚ ਬਿਆਨ ਦੇਣਗੇ।
ਸ਼੍ਰੋਮਣੀ ਕਮੇਟੀ ਅੱਜ ਭਾਰਤੀ ਰਾਸ਼ਟਰਪਤੀ ਤੱਕ ਪਹੁੰਚ ਕਰੇਗੀ:
ਸੰਭਾਵਨਾ ਹੈ ਕਿ ਭਾਈ ਬਲਵੰਤ ਸਿੰਘ ਦੀ ਫਾਂਸੀ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਭਾਰਤ ਦੇ ਰਾਸ਼ਟਰਪਤੀ ਤੱਕ ਪਹੁੰਚ ਕਰੇਗੀ।
ਚੰਡੀਗੜ੍ਹ ਦੀ ਅਦਾਲਤ ਦੀ ਕਾਰਵਾਈ ਬਾਰੇ ਸੰਭਾਵਨਾ:
ਚੰਡੀਗੜ੍ਹ ਦੀ ਜਿਸ ਅਦਾਲਤ ਵੱਲੋਂ ਜਾਰੀ ਕੀਤੇ ਗਏ “ਕਾਲੇ ਵਰੰਟ” ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਬੀਤੇ ਦਿਨ੍ਹੀਂ ਵਾਪਸ ਭੇਜ ਦਿਤੇ ਸਨ ਅੱਜ ਉਹ ਪੱਤਰ ਚੰਡੀਗੜ੍ਹ ਦੀ ਉਸ ਸੈਸ਼ਨ ਅਦਾਲਤ ਵਿਚ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਅਦਾਲਤ ਵੱਲੋਂ ਇਸ ਬਾਰੇ ਅਗਲੀ ਕਾਰਵਾਈ, ਅੱਜ ਜਾਂ ਆਉਂਦੇ ਦਿਨ੍ਹਾਂ ਵਿਚ, ਤੈਅ ਕੀਤੀ ਜਾ ਸਕਦੀ ਹੈ।
Related Topics: Akal Takhat Sahib, Badal Dal, Bhai Balwant Singh Rajoana, BJP, Congress Government in Punjab 2017-2022, Sikh organisations