ਲੇਖ

ਬਾਦਲਾਂ ਦੇ “ਅਰਦਾਸ ਦਿਵਸ” ਦਾ ਤਲਖ ਸੱਚ

November 2, 2018 | By

  ਨਰਿੰਦਰ ਪਾਲ ਸਿੰਘ
ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ ਅਤੇ ਦੋਸ਼ੀਆਂ ਲਈ ਸਜਾਵਾਂ ਦੀ ਅਰਦਾਸ ਕਰਦਿਆਂ ਅੱਜ ਬਾਦਲਕਿਆਂ ਨੇ ਇੱਕ ਹੋਰ ਅਹਿਮ ਕਦਮ ਪੁਟਦਿਆਂ ਸਾਲ 2015 ਵਿੱਚ ਉਨ੍ਹਾਂ ਦੇ ਹੀ ਰਾਜ ਭਾਗ ਦੌਰਾਨ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਰਤਾਰੇ ਦੇ ਦੋਸ਼ੀਆਂ ਨੂੰ ਸਜਾਵਾਂ ਲਈ ਅਰਦਾਸ ਕੀਤੀ ਹੈ। ਪਰ ਇਸ ਅਰਦਾਸ ਵਿੱਚ ਕਿਧਰੇ ਵੀ ਇਹ ਜਿਕਰ ਨਹੀ ਆਇਆ ਕਿ ਬੇਅਦਬੀ ਕਾਂਡ ਦੀ ਵਜ੍ਹਾ ਕਰਕੇ ਵਾਪਰੇ ਸਾਕਾ ਬਹਿਬਲ ਕਲਾਂ ਦੇ ਪੀੜਤਾਂ ਨੂੰ ਵੀ ਇਨਸਾਫ ਮਿਲ ਜਾਏ। ਇਹ ਵੀ ਬੇਨਤੀ ਨਹੀਂ ਕੀਤੀ ਗਈ ਕਿ ਸਾਕਾ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਵੀ ਸਜਾ ਮਿਲ ਜਾਏ। ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਕੀਤਾ ਗਿਆ ਭਾਰਤੀ ਫੌਜੀ ਹਮਲਾ ਅਤੇ ਨਵੰਬਰ 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਮੁੱਖ ਸ਼ਹਿਰਾਂ ਵਿੱਚ ਅੰਜ਼ਾਮ ਦਿੱਤਾ ਗਿਆ ਸਿੱਖ ਕਤਲੇਆਮ, ਪਿਛਲੇ 34 ਸਾਲ ਤੋਂ ਬਾਦਲ ਦਲ ਦਾ ਅਜਿਹਾ ਸਿਆਸੀ ਹਥਿਆਰ ਹੈ ਜਿਸਨੂੰ ਉਹ ਹਰ ਵਿਧਾਨ ਸਭਾ ਤੇ ਲੋਕ ਸਭਾ ਚੋਣ ਮੌਕੇ ਆਪਣੀ ਸਿਆਸੀ ਵਿਰੋਧੀ ਧਿਰ ਕਾਂਗਰਸ ਖਿਲਾਫ ਵਰਤਦਾ ਰਿਹਾ ਹੈ ਤੇ ਹੁਣ ਵੀ ਵਰਤ ਰਿਹਾ ਹੈ ਪਰ ਦਲ ਨੇ ਜੂਨ 84 ਤੇ ਨਵੰਬਰ 84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜੋ ਹੁਣ ਤੀਕ ਪੂਣੀ ਕੱਤੀ ਹੈ ਉਹ ਮਨੁਖੀ ਹੱਕਾਂ ਦੇ ਰਾਖੇ ਹਰ ਚਿੰਤਕ ਲਈ ਹਮੇਸ਼ਾਂ ਹੀ ਚਿੰਤਾ ਦਾ ਵਿਸ਼ਾ ਰਹੀ ਹੈ ਤੇ ਅੱਜ ਵੀ ਹੈ। ਬਹੁਤ ਵਾਰ ਇਹ ਸਵਾਲ ਪੁਛਿਆ ਜਾਂਦਾ ਹੈ ਕਿ ਆਖਰ ਕਿਸੇ ਸਿਆਸੀ ਪਾਰਟੀ ਦੀ ਐਨੀ ਲੰਬੀ ਮੁੱਦਾ ਅਧਾਰਿਤ ਜੰਗ ਅਸਫਲ ਕਿਉਂ ਹੈ ਕਿ ਉਹ ਇਨਸਾਫ ਲਈ ਲੜਨ ਦਾ ਦਾਅਵਾ ਵੀ ਕਰਦੀ ਹੈ ਤੇ ਵਕਤ ਆਉਣ ਤੇ ਮੁੱਦੇ ਨੂੰ ਠੰਡੇ ਬਸਤੇ ਪਾਉਣ ਦਾ ਗਿਆਨ ਵੀ ਰੱਖਦੀ ਹੈ।
ਇਨ੍ਹਾਂ ਚਿੰਤਾਵਾਂ ਤੇ ਸ਼ੰਕਿਆਂ ਦਾ ਜਵਾਬ ਅੱਜ ਬਾਦਲ ਦਲ ਵਲੋਂ ਅਕਾਲ ਤਖਤ ਸਾਹਿਬ ਤੇ ਕਰਵਾਏ ਅਰਦਾਸ ਸਮਾਗਮ ਤੇ ਇਸ ਮੌਕੇ ਵਰਤੀ ਗਈ ਅਰਦਾਸ ਦੀ ਸ਼ਬਦਾਵਲੀ ਨੇ ਸਾਫ ਦੇ ਦਿੱਤਾ ਹੈ। ਜੇਕਰ ਕਿਤੇ ਦਲ ਦੀ ਨਵੰਬਰ 1984 ਵਿੱਚ ਮਾਰੇ ਗਏ ਲੋਕਾਂ ਤੇ ਪੀੜਤਾਂ ਨੂੰ ਇਨਸਾਫ ਬਾਰੇ ਵਿਚਾਰਿਆ ਜਾਏ ਤਾਂ ਪਿਛਲੇ 34 ਸਾਲ ਵਿੱਚ ਇੱਕ ਵਾਰ ਵੀ ਅਜਿਹਾ ਸਮਾਂ ਨਹੀਂ ਆਇਆ ਜਦੋਂ ਦਲ ਨੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਹੋਏ ਜਾਂ ਇਨ੍ਹਾਂ ਪੀੜਤਾਂ ਦੇ ਪ੍ਰੀਵਾਰਾਂ ਤੇ ਵਿਸ਼ੇਸ਼ ਕਰਕੇ ਦਿੱਲੀ ਦੀਆਂ ਉਨ੍ਹਾਂ ਵਿਧਵਾ ਕਲੋਨੀਆਂ ਵਿੱਚ ਜਾ ਕੇ ਹਾਲਾਤਾਂ ਦਾ ਜਾਇਜਾ ਲਿਆ ਹੋਵੇ। ਪਰ ਇਸ ਸਭ ਦੇ ਬਾਵਜੂਦ ਨਵੰਬਰ 84 ਦੇ ਪੀੜਤਾਂ ਨੂੰ ਕੁਝ ਨਾ ਜ਼ਿਕਰਯੋਗ ਰਾਹਤ ਮਿਲੀ ਹੈ ਤੇ ਉਹ ਰਾਹਤ ਦਿਵਾਉਣ ਵਾਲੇ ਹਨ ਉਹ ਸਮਾਜ ਸੇਵੀ ਤੇ ਮਨੱੁਖੀ ਹੱਕਾਂ ਦੀ ਰਾਖੀ ਲਈ ਕੰਮ ਕਰਨ ਵਾਲੇ ਹਨ, ਜਿਹਨਾਂ ਨੇ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਭਾਰਤ ਹੀ ਨਹੀਂ, ਪੂਰੇ ਵਿਸ਼ਵ ਨੂੰ ਦਸਤਾਵੇਜੀ ਸਬੂਤਾਂ ਨਾਲ ਦੱਸਿਆ ਕਿ ਨਵੰਬਰ 84 ਦੇ ਦੋਸ਼ੀ ਕੌਣ ਤੇ ਦੋਸ਼ੀ ਕਿਥੇ ਹਨ? ਹਾਂ ਇਹ ਜਰੂਰ ਹੈ ਕਿ ਜਿਹਨਾਂ ਵਕੀਲਾਂ ਨੇ ਵਿਸ਼ਵ ਭਰ ਦੇ ਮਾਨਵਤਾ ਹਿਤੈਸ਼ੀਆਂ ਦੁਆਰਾ ਕੀਤੀ ਆਰਥਿਕ ਮਦਦ ਨਾਲ ਪੀੜਤਾਂ ਲਈ ਇਨਸਾਫ ਦੀ ਕਾਨੂੰਨੀ ਲੜਾਈ ਲੜੀ, ਬਾਦਲ ਦਲ ਨੇ ਉਨ੍ਹਾਂ ਨੁੰ ਛੱਜ ਵਿੱਚ ਪਾ ਕੇ ਛੱਟਣ ਦਾ ਕੋਈ ਮੋਕਾ ਖਾਲੀ ਨਹੀ ਜਾਣ ਦਿੱਤਾ।ਇਹੀ ਕਾਰਣ ਹੈ ਕਿ ਸਾਲ 2017 ਵਿੱਚ ਪੰਜਾਬ ਦੀ ਸੱਤਾ ਤੋਂ ਬਾਹਰ ਕਰ ਦਿੱਤੇ ਗਏ ਬਾਦਲ ਦਲ ਨੂੰ ਜਦੋਂ ਦੁਬਾਰਾ ਨਵੰਬਰ 84 ਦਾ ਸਿੱਖ ਕਤਲੇਆਮ ਤੇ ਪੀੜਤਾਂ ਨੁੰ ਇਨਸਾਫ ਦੀ ਯਾਦ ਆਈ ਤਾਂ ਆਮ ਲੋਕਾਂ ਨੇ ਵੀ ਐਲਾਨੀਆ ਕਹਿ ਦਿੱਤਾ ‘ਲਉ 2019 ਲਈ ਡਰਾਮਾ ਸ਼ੁਰੂ ਹੋ ਗਿਆ ਜੇ’। ਖਲਕਤ ਦੀ ਇਸ ਅਵਾਜ ਉਪਰ ਅੱਜ ਖੁਦ ਬਾਦਲ ਦਲ ਨੇ ਉਸ ਵੇਲੇ ਮੋਹਰ ਲਾ ਦਿੱਤੀ ਜਦੋਂ ਉਸਨੇ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਅਰਦਾਸ ਸਮਾਗਮ ਮੌਕੇ ਸਾਲ 2015 ਵਿੱਚ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਲਈ ਵੀ ਅਰਦਾਸ ਕਰਵਾਈ। ਇਹ ਤਾਂ ਹਰ ਕੋਈ ਜਾਣਦਾ ਹੈ ਤੇ 28 ਅਗਸਤ 2018 ਨੁੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਤੇ ਵੱਖ ਵੱਖ ਟੀ.ਵੀ. ਚੈਨਲਾਂ ਰਾਹੀਂ ਮੌਕੇ ਤੇ ਵਿਖਾਈ ਕੀਤੀ ਬਹਿਸ ਨੇ ਵੀ ਸਾਫ ਕਰ ਦਿੱਤਾ ਹੈ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਬਾਦਲਾਂ ਵਲੋਂ ਆਪਣੇ ਜਥੇਦਾਰਾਂ ਰਾਹੀਂ ਮੁਆਫ ਕਰਵਾਏ ਡੇਰਾ ਸਿਰਸਾ ਮੁਖੀ ਅਤੇ ਬਾਦਲਾਂ ਦੀ ਆਪਣੀ ਸਰਕਾਰ ਤੇ ਉਸਦੇ ਅਹਿਲਕਾਰਾਂ ਦਾ ਕੀ ਰਿਸ਼ਤਾ ਰਿਹਾ ਸੀ ਤੇ ਹੁਣ ਕੀ ਹੈ?
ਪਿਛਲੇ ਤਿੰਨ ਸਾਲ ਤੋਂ ਇਹ ਅਵਾਜ ਪੰਥਕ ਗਲਿਆਰਿਆਂ ਵਿੱਚ ਬੁਲੰਦ ਅਵਾਜ ਗੂੰਜੀ ਹੈ ਤੇ ਇਨਸਾਫ ਪਸੰਦ ਲੋਕਾਂ ਨੇ ਵੀ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਹੈ ਕਿ ਬੇਅਦਬੀ ਕਾਂਡ ਵਿੱਚ ਦੇਰੀ ਲਈ ਤਤਕਾਲੀਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ (ਜੋ ਬਾਦਲ ਦਲ ਦਾ ਸਰਪ੍ਰਸਤ ਹੈ) ਅਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ (ਜੋ ਬਾਦਲ ਦਲ ਦਾ ਪ੍ਰਧਾਨ ਹੈ) ਸਿੱਧੇ ਤੌਰ ਤੇ ਜਿੰਮੇਵਾਰ ਹਨ ਜਿਹਨਾਂ ਨੇ ਜੂਨ 2015 ਤੋਂ ਅਪ੍ਰੈਲ 2017 ਤੀਕ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ।
ਹਰ ਕੋਈ ਜਾਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਰੱਖਣ ਵਾਲਾ ਵੀ ਬਾਦਲ ਦਲ ਹੀ ਹੈ। ਲੋਕ ਇਹ ਵੀ ਭਲੀ ਭਾਂਤ ਜਾਣਦੇ ਹਨ ਤੇ ਇਹ ਤਲਖ ਹਕੀਕਤ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜੇ ਕਿਧਰੇ ਪਰਕਾਸ਼ ਸਿੰਘ ਬਾਦਲ ਵਲੋਂ 17 ਅਕਤੂਬਰ 2015 ਨੂੰ ਅਕਾਲ ਤਖਤ ਦੇ ਜਥੇਦਾਰ ਦੇ ਨਾਮ ਲਿਖੇ ਪੱਤਰ ਨੂੰ ਗੌਰ ਨਾਲ ਵਾਚਿਆ ਜਾਏ ਤਾਂ ਸਾਫ ਪਤਾ ਲਗਦਾ ਕਿ ਬੇਅਦਬੀ ਕਾਂਡ ਤੋਂ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਫੈਸਲੇ ਕੌਣ ਲੈਂਦਾ ਹੈ ਤੇ ਜਦੋਂ ਉਸ ਪੱਤਰ ਦੀ ਇਹ ਲਾਈਨ ਧਿਆਨ ਨਾਲ ਪੜ੍ਹੀ ਜਾਏ ਜੋ ਕਹਿੰਦੀ ਕਿ ਪ੍ਰਸ਼ਾਸਨਿਕ ਅਹੁਦੇ ਤੇ ਰਹਿੰਦਿਆਂ ਕਈ ਵਾਰ ਸਖਤ ਫੈਸਲੇ ਲੈਣੇ ਪੈਂਦੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਬਾਦਲ ਪ੍ਰੀਵਾਰ ਨੇ ਕਦੇ ਅਜੇਹੇ ਫੈਸਲਿਆਂ ਪ੍ਰਤੀ ਪਸ਼ਚਤਾਪ ਨਹੀਂ ਕੀਤਾ। ਹੁਣ ਕੁਝ ਕਨਸੋਆਂ ਮਿਲ ਰਹੀਆਂ ਹਨ ਕਿ ਅਕਾਲ ਤਖਤ ਸਾਹਿਬ ਦਾ ਨਵਾਂ ਕਾਰਜਕਾਰੀ ਜਥੇਦਾਰ ਲਾਉਣ ਤੋਂ ਬਾਅਦ ਬਾਦਲ ਪਰਵਾਰ ਬੀਤੇ ਵਿੱਚ ਹੋਈਆਂ ਭੁੱਲਾਂ ਬਖਸ਼ਾਉਣ ਦਾ ਡਰਾਮਾ ਵੀ ਕਰ ਸਕਦਾ ਹੈ ਤੇ ਇਸੇ ਕੜੀ ਦਾ ਪਹਿਲਾ ਹਿੱਸਾ ਸੀ ਬਾਦਲਕਿਆਂ ਵੱਲੋਂ 1 ਨਵੰਬਰ ਨੁੰ ਕਰਵਾਇਆ ਗਿਆ ਅਰਦਾਸ ਸਮਾਗਮ। ਜਿਸ ਵਿੱਚ ਬੇਅਦਬੀ ਦੇ ਉਨ੍ਹਾਂ ਦੋਸ਼ੀਆਂ ਲਈ ਸਜਾਵਾਂ ਦੀ ਮੰਗ ਹੈ ਜਿਹਨਾਂ ਦੀ ਪੁਸ਼ਤਪਨਾਹੀ ਹੀ ਬਾਦਲਾਂ ਨੇ ਕੀਤੀ ਪਰ ਇਸ ਅਰਦਾਸ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਲਈ ਸਜਾਵਾਂ ਜਾਂ ਪੀੜਤਾਂ ਨੂੰ ਇਨਸਾਫ ਦਾ ਜਿਕਰ ਨਹੀਂ ਹੈ। ਵੈਸੇ ਬਾਦਲਾਂ ਵਲੋਂ ਕਰਵਾਏ ਅੱਜ ਦੇ ਅਰਦਾਸ ਸਮਾਗਮ ਤੋਂ ਉਸਦੀ ਆਪਣੀ ਪਾਰਟੀ ਦੇ ਵਰਕਰਾਂ ਨੇ ਹੀ ਦੂਰੀ ਬਣਾਈ ਰੱਖੀ ਹੈ। ਸਮਝ ਤਾਂ ਉਹ ਵੀ ਰੱਖਦੇ ਹਨ ਕਿ ਇੱਕ ਪਾਸੇ ‘ਅਕਾਲੀ’ ਕਹਾਉਣ ਵਾਲੇ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਵਲੋਂ ਕੀਤੀ ਅਰਦਾਸ 72 ਵੇਂ ਦਿਨ ਸ਼ਹਾਦਤ ਦਾ ਮਾਰਗ ਅਪਣਾ ਲੈਂਦੀ ਹੈ ਤੇ ਦੂਸਰੇ ਪਾਸੇ ਖੁਦ ਨੂੰ ਪੰਥਕ ਹੋਣ ਦਾ ਭਰਮ ਵਾਲੇ ਬਾਦਲਾਂ ਨੂੰ ਤਿੰਨ ਸਾਲ ਲਗ ਜਾਂਦੇ ਹਨ ਕਿ ਉਹ ਆਪਣੇ ਗੁਰੂ ਦੀ ਬੇਅਦਬੀ ਦੇ ਦੌਸ਼ੀਆਂ ਨੂੰ ਸਜਾਵਾਂ ਲਈ ਅਰਦਾਸ ਕਰ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,