ਖਾਸ ਖਬਰਾਂ

ਜਗਦੀਸ਼ ਟਾਇਟਲਰ ਵਿਰੁੱਧ ਇਕ ਹੋਰ ਗਵਾਹ ਰੇਸ਼ਮ ਸਿੰਘ ਸਾਹਮਣੇ ਆਇਆ

February 15, 2010 | By

ਜਲੰਧਰ (15 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ 15 ਫਰਵਰੀ, 2010 ਨੂੰ ਛਪੀ ਇੱਕ ਅਹਿਮ ਖਬਰ ਅਨੁਸਾਰ ਸੀ. ਬੀ. ਆਈ. ਲਈ ਇਕ ਨਵੀਂ ਚੁਣੌਤੀ ਦੇ ਰੂਪ ਵਿਚ ਜਗਦੀਸ਼ ਟਾਈਟਲਰ ਦੇ ਖਿਲਾਫ਼ ਗਵਾਹੀ ਦੇਣ ਲਈ ਰੇਸ਼ਮ ਸਿੰਘ ਨਾਂਅ ਦਾ ਇਕ ਹੋਰ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਰੇਸ਼ਮ ਸਿੰਘ ਇਸ ਵੇਲੇ ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ’ਚ ਰਹਿ ਰਿਹਾ ਹੈ। ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜ਼ਿਕਰਯੋਗ ਕੰਮ ਕਰ ਰਹੀਆਂ ਜਥੇਬੰਦੀਆਂ ਸਿੱਖਸ ਫ਼ਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੱਲ ਕਰਦਿਆਂ ਫ਼ੈਡਰੇਸ਼ਨ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਨਵੰਬਰ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੂੰ ਭਾਵੇਂ ਸੀ. ਬੀ. ਆਈ. ਨੇ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਹੈ ਕਿ ਗਿਆਨੀ ਸੁਰਿੰਦਰ ਸਿੰਘ ਅਤੇ ਜਸਬੀਰ ਸਿੰਘ ਦੇ ਬਿਆਨ ਸਾਰਥਕ ਨਹੀਂ ਹਨ, ਲੇਕਿਨ ਹੁਣ ਇਕ ਹੋਰ ਚਸ਼ਮਦੀਦ ਗਵਾਹ ਰੇਸ਼ਮ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਵੀ ਇਕ ਹਲਫੀਆ ਬਿਆਨ ਦੇ ਕੇ ਨਾ ਕੇਵਲ ਇਸ ਕਤਲੇਆਮ ਲਈ ਜਗਦੀਸ਼ ਟਾਈਟਲਰ ਨੂੰ ਦੋਸ਼ੀ ਠਹਿਰਾਇਆ ਹੈ ਸਗੋਂ ਕਿਹਾ ਹੈ ਕਿ ਉਹ ਸੀ.ਬੀ.ਆਈ. ਸਾਹਮਣੇ ਟਾਈਟਲਰ ਖਿਲਾਫ਼ ਗਵਾਹੀ ਦੇਣ ਲਈ ਤਿਆਰ ਹੈ। ਆਪਣੇ 4 ਜਨਵਰੀ, 2010 ਨੂੰ ਬਣਾਏ ਹਲਫ਼ਨਾਮੇ ਵਿਚ ਟੈਕਸੀ ਚਾਲਕ ਰਹੇ ਰੇਸ਼ਮ ਸਿੰਘ ਨੇ ਕਿਹਾ ਹੈ ਕਿ 1 ਨਵੰਬਰ, 1984 ਨੂੰ ਚੱਲ ਰਹੇ ਕਤਲੇਆਮ ਦੌਰਾਨ ਗੁਰਦੁਆਰਾ ਪੁਲਬੰਗਸ਼ ਕੋਲੋਂ ਲੰਘਦੇ ਹੋਏ ਉਸਨੇ ਗੁਰਦੁਆਰਾ ਸਾਹਿਬ ਦੀ ਇਮਾਰਤ ’ਚੋਂ ਧੂੰਆਂ ਨਿਕਲਦਾ ਅਤੇ ਬਾਹਰ ਟਾਈਟਲਰ ਦੀ ਅਗਵਾਈ ਵਿਚ ਇਕ ਹਜੂਮ ਨਾਅਰੇ ਲਾਉਂਦਾ ਵੇਖਿਆ। ਉਸਨੇ ਟਾਈਟਲਰ ਨੂੰ ਭੀੜ ਨੂੰ ਭੜਕਾਉਂਦੇ ਹੋਏ ਅਤੇ ਭੀੜ ’ਤੇ ਖਿਝਦੇ ਹੋਏ ਅਤੇ ਗੁਰਦੁਆਰਾ ਸਾਹਿਬ ਵਿਚ ਲੁਕੇ ਹੋਏ ਸਿੱਖਾਂ ਨੂੰ ਬਾਹਰ ਕੱਢ ਕੇ ਲਿਆਉਣ ਦੇ ਹੁਕਮ ਦਿੰਦੇ ਹੋਏ ਵੇਖਿਆ ਅਤੇ ਸੁਣਿਆ। ਉਸਨੇ ਇਕ ਸਿੱਖ ਨੂੰ ਵੀ ਵੇਖਿਆ, ਜਿਸ ਦੇ ਗਲ ’ਚ ਟਾਇਰ ਪਿਆ ਸੀ ਅਤੇ ਜਿਸ ਨੂੰ ਭੀੜ ਨੇ ਅੱਗ ਲਾ ਦਿੱਤੀ ਸੀ। ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਦਸੰਬਰ 2008 ਵਿਚ ਉਸਨੂੰ ਪਤਾ ਲੱਗਾ ਕਿ ਸੀ. ਬੀ. ਆਈ. ਦੀ ਇਕ ਟੀਮ ਉਨ੍ਹਾਂ ਗਵਾਹਾਂ ਦੇ ਬਿਆਨ ਦਰਜ ਕਰਨ ਵਾਸਤੇ ਯੂ. ਐਸ. ਏ. ਆ ਰਹੀ ਸੀ, ਜਿਨ੍ਹਾਂ ਨੇ ਨਵੰਬਰ 1984 ਵਿਚ ਜਗਦੀਸ਼ ਟਾਈਟਲਰ ਨੂੰ ਸਿੱਖਾਂ ਦੇ ਕਾਤਲਾਂ ਦੀ ਅਗਵਾਈ ਕਰਦੇ ਹੋਏ ਅਤੇ ਭੜਕਾਉਂਦੇ ਹੋਏ ਵੇਖਿਆ ਸੀ। ਜਿਸ ਤੇ ਉਸਨੇ ਮਨੁੱਖੀ ਅਧਿਕਾਰ ਸੰਸਥਾ ‘ਸਿੱਖਸ ਫਾਰ ਜਸਟਿਸ’ ਦੇ ਸ. ਗੁਰਪਤਵੰਤ ਸਿੰਘ ਪੰਨੂ ਨਾਲ ਸੰਪਰਕ ਕੀਤਾ ਜੋ ਕਿ ਗਵਾਹਾਂ ਸੁਰਿੰਦਰ ਸਿੰਘ ਅਤੇ ਜਸਬੀਰ ਸਿੰਘ ਦੀ ਪੈਰਵਾਈ ਕਰ ਰਹੇ ਸਨ। ਰੇਸ਼ਮ ਸਿੰਘ ਨੇ ਦੱਸਿਆ ਕਿ ਸੀ.ਬੀ.ਆਈ. ਟੀਮ ਦੇ ਨਿਊਯਾਰਕ ਹੋਣ ਬਾਰੇ ਪਤਾ ਲੱਗਣ ’ਤੇ ਉਹ ਕੈਲੀਫੋਰਨੀਆ ਤੋਂ ਨਿਊਯਾਰਕ ਗਿਆ ਅਤੇ ਨਿਊਯਾਰਕ ਵਿਚ ਇੰਡੀਅਨ ਅੰਬੈਸੀ ਦੇ ਬਾਹਰ 22 ਅਤੇ 23 ਦਸੰਬਰ 2008 ਨੂੰ ਉਡੀਕ ਕੀਤੀ, ਪਰੰਤੂ ਉਸਦੇ ਬਿਆਨ ਨਿਊਯਾਰਕ ਵਿਖੇ ਰਿਕਾਰਡ ਨਹੀਂ ਕੀਤੇ ਗਏ। ਰੇਸ਼ਮ ਸਿੰਘ ਅਨੁਸਾਰ ਉਹ 25 ਅਤੇ 26 ਦਸੰਬਰ 2008 ਨੂੰ ਭਾਰਤੀ ਕੌਂਸਲੇਟ, ਸਾਨ ਫਰਾਂਸਿਸਕੋ ਕੈਲੀਫੋਰਨੀਆ ਦੇ ਬਾਹਰ ਮੌਜੂਦ ਰਿਹਾ ਅਤੇ ਗਵਾਹਾਂ ਦੇ ਵਕੀਲ ਨੇ ਸੀ.ਬੀ.ਆਈ. ਨੂੰ ਉਸਦੇ ਹਾਜ਼ਰ ਹੋਣ ਬਾਰੇ ਜਾਣੂ ਕਰਾਇਆ ਤਾਂ ਜੋ ਬਿਆਨ ਦਰਜ ਕੀਤਾ ਜਾ ਸਕੇ। ਸੀ.ਬੀ.ਆਈ. ਨੇ ਆਪਣੇ ਯੂ.ਐਸ.ਏ. ਦੌਰੇ ਦੌਰਾਨ ਉਸਦੀ ਭਾਰਤੀ ਕੌਂਸਲੇਟ ਨਿਊਯਾਰਕ ਅਤੇ ਸਾਨ ਫਰਾਂਸਿਸਕੋ ਦੇ ਬਾਹਰ ਮੌਜੂਦ ਹੋਣ ਅਤੇ ਸੀ.ਬੀ.ਆਈ. ਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਉਸਦਾ ਬਿਆਨ ਰਿਕਾਰਡ ਨਹੀਂ ਕੀਤਾ। ਸੀ.ਬੀ.ਆਈ. ਵੱਲੋਂ ਇਸ ਮਾਮਲੇ ਨੂੰ ਲਗਾਤਾਰ ਟਾਲਦੇ ਆਉਣ ਅਤੇ ਉਸਦੀ ਗਵਾਹੀ ਦਰਜ ਕਰਨ ਤੋਂ ਕਤਰਾਉਣ ਤੋਂ ਬਾਅਦ ਹੁਣ ਉਸਨੇ ਹਲਫ਼ਨਾਮਾ ਤਿਆਰ ਕੀਤਾ ਹੈ ਜਿਸ ਦੇ ਜ਼ਰੀਏ ਉਹ ਭਾਰਤੀ ਅਦਾਲਤਾਂ ਅਤੇ ਕਾਨੂੰਨੀ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰਕੇ ਸੀ.ਬੀ.ਆਈ. ਨੂੰ ਉਸਦਾ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਜਾਣ।

ਰੇਸ਼ਮ ਸਿੰਘ ਦੀ ਗਵਾਹੀ ਦਰਜ ਕਰਨ ਤੋਂ ਕਿਉਂ ਭੱਜ ਰਹੀ ਹੈ ਸੀ. ਬੀ. ਆਈ.?

ਰੇਸ਼ਮ ਸਿੰਘ ਵੱਲੋਂ ਸੀ.ਬੀ.ਆਈ. ਦੇ ਅਮਰੀਕਾ ਦੌਰੇ ਦੌਰਾਨ ਜਗਦੀਸ਼ ਟਾਈਟਲਰ ਦੇ ਖਿਲਾਫ਼ ਬਿਆਨ ਦਰਜ ਕਰਵਾਉਣ ਦੀ ਇੱਛਾ ਪ੍ਰਗਟ ਕਰਨ ਦੇ ਬਾਵਜੂਦ ਸੀ.ਬੀ.ਆਈ. ਵੱਲੋਂ ਉਸਦੇ ਬਿਆਨ ਨਾ ਦਰਜ ਕਰਨ ਅਤੇ ਉਸ ਮਗਰੋਂ ਵੀ ਇਸ ਮਾਮਲੇ ਵਿਚ ਆਨਾਕਾਨੀ ਕੀਤੇ ਜਾਣ ਦਾ ਮਾਮਲਾ ਸਿੱਖਸ ਫ਼ਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਵਕੀਲਾਂ ਵੱਲੋਂ ਦਿੱਲੀ ਸਥਿਤ ਕੜਕੜਕੁੰਮਾ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਮਾਨਯੋਗ ਜੱਜ ਸ੍ਰੀ ਰਾਕੇਸ਼ ਪੰਡਿਤ ਦੇ ਸਾਹਮਣੇ ਰੱਖਿਆ ਜਾਵੇਗਾ। ਵਰਨਣਯੋਗ ਹੈ ਕਿ ਜਗਦੀਸ਼ ਟਾਈਟਲਰ ਦੇ ਖਿਲਾਫ਼ ਕੇਸ ਦੀ ਸੁਣਵਾਈ ਉਕਤ ਅਦਾਲਤ ਵਿਚ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਫ਼ੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਗਲੀ ਪੇਸ਼ੀ 23 ਫਰਵਰੀ ਨੂੰ ਹੈ। ਜਿਸ ਵਿਚ ਸਿੱਖਸ ਫ਼ਾਰ ਜਸਟਿਸ ਵੱਲੋਂ ਸ੍ਰੀਮਤੀ ਵਰਿੰਦਰ ਗਰੋਵਰ, ਰੈਬੇਕਾ ਜੌਹਨ ਅਤੇ ਸ: ਨਵਕਿਰਨ ਸਿੰਘ ਵਕੀਲਾਂ ਵਜੋਂ ਪੇਸ਼ ਹੋਣਗੇ। ਰੇਸ਼ਮ ਸਿੰਘ ਦੇ ਵਕੀਲ ਸ: ਗੁਰਪਤਵੰਤ ਸਿੰਘ ਪੰਨੂੰ ਨੇ ਸੀ.ਬੀ.ਆਈ. ਤੋਂ ਇਹ ਮੰਗ ਕੀਤੀ ਸੀ ਕਿ ਉਹ ਇਹ ਦੱਸੇ ਕਿ ਨਵੇਂ ਗਵਾਹ ਦੀ ਗਵਾਹੀ ਕਦ ਅਤੇ ਕਿੱਥੇ ਰਿਕਾਰਡ ਕਰਵਾਈ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,