ਆਮ ਖਬਰਾਂ

ਸਾਦਿਕ ਦੇ ਬਿਜਲੀ ਘਰ ਦਾ ਨਿਰਮਾਣ ਚੱਲ ਰਿਹਾ ਕੀੜੀ ਦੀ ਤੋਰ

February 14, 2010 | By

ਫਰੀਦਕੋਟ (6 ਫਰਵਰੀ, 2010 – ਗੁਰਭੇਜ ਸਿੰਘ ਚੌਹਾਨ): ਦੋ ਸਾਲ ਪਹਿਲਾਂ ਸ: ਸੁਖਬੀਰ ਸਿੰਘ ਬਾਦਲ ਨੇ ਇਕ ਹੀ ਦਿਨ ਮਾਲਵੇ ਵਿਚ ਕਈ ਗਰਿੱਡਾਂ ਦੇ ਨੀਂਹ ਪੱਥਰ ਰੱਖੇ ਸਨ,ਜਿਨ੍ਹਾ ਵਿਚੋਂ ਕਈ ਨਵੇਂ ਬਣਨੇ ਸਨ ਅਤੇ ਕਈ ਅਪਗ੍ਰੇਡ ਹੋਣੇ ਸਨ। ਜਿਲ੍ਹਾ ਫਰੀਦਕੋਟ ਦੇ ਸਬ ਡਵੀਜ਼ਨ ਸਾਦਿਕ ਦਾ ਗਰਿੱਡ ਜੋ ਪਹਿਲਾਂ 132 ਕੇ ਵੀ ਦਾ ਬਣਿਆਂ ਹੋਇਆ ਸੀ ਉਸਨੂੰ ਅਪਗ੍ਰੇਡ ਕਰਕੇ ਇਸੇ ਦਿਨ 220 ਕੇ ਵੀ ਕਰਨ ਦਾ ਵੀ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ। ਕਾਫੀ ਸਮਾਂ ਤਾਂ ਇਕੱਲਾ ਨੀਂਹ ਪੱਥਰ ਹੀ ਨਜ਼ਰ ਆਉਂਦਾ ਰਿਹਾ ਪਰ ਫਿਰ ਕਿਤੇ ਸਰਕਾਰ ਦੇ ਮਨ ਮਿਹਰ ਪਈ ਅਤੇ ਇਸਦਾ ਨਿਰਮਾਣ ਸ਼ੁਰੂ ਹੋਇਆ ਪਰ ਲੋਕ ਸਭਾ ਚੋਣਾ ਆ ਜਾਣ ਕਾਰਨ ਅਤੇ ਸ: ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਬਾਦਲ ਬਠਿੰਡੇ ਤੋਂ ਚੋਣ ਮੈਦਾਨ ਵਿਚ ਉੱਤਰ ਆਉਣ ਕਾਰਨ  ਸਾਦਿਕ ਤੋਂ ਇਸ ਗਰਿੱਡ ਦਾ ਆਇਆ ਸਾਮਾਨ ਫਿਰ ਚੁੱਕਕੇ ਸੰਬੰਧਤ ਮਹਿਕਮੇਂ ਨੇ ਬਠਿੰਡਾ ਜਿਲ੍ਹੇ ਵਿਚ ਵਰਤ ਲਿਆ ਅਤੇ ਇਸਦਾ ਨਿਰਮਾਣ ਫਿਰ ਰੁਕ ਗਿਆ।

220 ਕੇ ਵੀ ਗਰਿੱਡ ਸਬ ਸ਼ਟੇਸ਼ਨ ਸਾਦਿਕ ਦਾ ਸੁਖਬੀਰ ਬਾਦਲ ਵੱਲੋਂ ਰੱਖਿਆ ਨੀਂਹ ਪੱਥਰ  ਅਤੇ ਖਿੱਲਰਿਆ ਪਿਆ ਸਾਮਾਨ। ਤਸਵੀਰ: ਗੁਰਭੇਜ ਸਿੰਘ ਚੌਹਾਨ

220 ਕੇ ਵੀ ਗਰਿੱਡ ਸਬ ਸ਼ਟੇਸ਼ਨ ਸਾਦਿਕ ਦਾ ਸੁਖਬੀਰ ਬਾਦਲ ਵੱਲੋਂ ਰੱਖਿਆ ਨੀਂਹ ਪੱਥਰ ਅਤੇ ਖਿੱਲਰਿਆ ਪਿਆ ਸਾਮਾਨ। ਤਸਵੀਰ: ਗੁਰਭੇਜ ਸਿੰਘ ਚੌਹਾਨ

ਫੇਰ ਕਾਫੀ ਦੇਰ ਇਸ ਦਾ ਕੰਮ ਰੁਕਿਆ ਰਿਹਾ ਜੋ ਹੁਣੇ ਹੁਣੇ ਸ਼ੁਰੂ ਹੋਇਆ ਸੀ ਕਿ ਫਿਰ ਕਿਸੇ ਸਿਆਸੀ ਦਬਾਅ ਕਾਰਨ ਗਰਿੱਡ ਉਸਾਰੀ ਮੰਡਲ ਮੋਗਾ ਵਾਲੇ ਇਸਦੇ ਨਿਰਮਾਣ ਵਾਲੇ ਮੈਟੀਰੀਅਲ ਦੇ ਹੇਠਲੇ ਢਾਂਚੇ ਦੇ ਦੋ ਟਰਾਲੇ ਭਰਕੇ ਮੋਗਾ ਜਿਲ੍ਹੇ ਦੇ ਪਿੰਡ ਹਿੰਮਤਪੁਰਾ ਵਿਖੇ ਚੁੱਕ ਕੇ ਲੈ ਗਏ ਹਨ। ਟਾਵਰ ਲਾਈਨ ਦਾ ਕੰਮ ਵੀ ਮੱਧਮ ਰਫਤਾਰ ਨਾਲ ਚੱਲ ਰਿਹਾ ਹੈ। ਜਦੋਂ ਕਿ ਮੋਗਾ ਜਿਲ੍ਹੇ ਦੇ ਅਜੀਤਵਾਲ ਅਤੇ ਬਾਘਾ ਪੁਰਾਣਾ ਦੇ ਨੀਂਹ ਪੱਥਰ ਵੀ ਇਸੇ ਦਿਨ ਹੀ ਰੱਖੇ ਗਏ ਸਨ ਜੋ ਬਣਕੇ ਤਿਆਰ ਹੋ ਗਏ ਹਨ ਪਰ ਇੱਥੇ ਅਜੇ ਸੇਰ ਚੋਂ ਪੂਣੀ ਨਹੀਂ ਕੱਤੀ ਗਈ। ਜੇਕਰ ਇਹ ਕੰਮ ਇਸੇ ਤਰਾਂ ਕੀੜੀ ਦੀ ਤੋਰ ਚੱਲਦਾ ਰਿਹਾ ਤਾਂ ਇਸ ਗਰਿੱਡ ਦਾ ਨਿਰਮਾਣ ਹੋਣ ਵਿਚ ਅਜੇ ਦੋ ਸਾਲ ਹੋਰ ਲੱਗ ਜਾਣਗੇ। ਜਦੋਂ ਕਿ ਝੋਨੇ ਦਾ ਸੀਜ਼ਨ ਆਉਣ ਵਿਚ ਸਿਰਫ ਤਿੰਨ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ। ਇੱਥੇ ਵਰਨਣਯੋਗ ਹੈ ਇੱਥੇ ਕੰਮ ਰਿਹਾ 132 ਕੇ ਵੀ ਗਰਿੱਡ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ ਅਤੇ ਝੋਨੇ ਦੇ ਸੀਜ਼ਨ ਵਿਚ ਮਹਿਕਮਾਂ ਇਸਨੂੰ ਕਦਮ ਫੂਕ ਫੂਕ ਕੇ ਚਾਰ ਸ਼ਿਫਟਾਂ ਵਿਚ ਖੇਤੀ ਖੇਤਰ ਨੂੰ ਸਪਲਾਈ ਦੇ ਕੇ ਚਲਾਉਂਦਾ ਆ ਰਿਹਾ ਹੈ। ਇਸ ਸਾਲ ਵਿਚ ਸਰਕਾਰ ਨੇ ਓ ਵਾਈ ਟੀ ਸਕੀਮ ਤਹਿਤ ਧੜਾਧੜ ਕੁਨੈਕਸ਼ਨ ਦਿੱਤੇ ਹਨ ਅਤੇ ਕਿਸਾਨਾ ਨੇ ਮੱਛੀ ਮੋਟਰਾਂ ਪਾ ਕੇ ਉਨ੍ਹਾ ਦੇ ਲੋਡ ਵੀ ਡਬਲ ਕਰਵਾ ਲਏ ਹਨ ਜਿਸ ਨਾਲ ਇਸ ਵਾਰ ਲੋਡ ਅੱਗੇ ਤੋਂ ਬਹੁਤ ਜਿਆਦਾ ਵਧ ਗਿਆ ਹੈ ਅਤੇ ਐਨੇ ਲੋਡ ਨੂੰ ਚੁੱਕਣਾ ਛੋਟੇ ਗਰਿੱਡ  ਦੇ ਵੱਸ ਦੀ ਗੱਲ ਨਹੀ। ਜੇਕਰ ਸੰਬੰਧਤ ਵਿਭਾਗ ਨੇ ਨਵੇਂ ਗਰਿੱਡ ਦੇ ਨਿਰਮਾਣ ਵਿਚ ਤੇਜੀ ਲਿਆਕੇ ਇਸਨੂੰ ਸਮੇਂ ਸਿਰ ਚਾਲੂ ਨਾ ਕੀਤਾ ਤਾਂ ਇਸ ਇਲਾਕੇ ਦੇ ਕਿਸਾਨਾ ਨੂੰ ਬਿਜਲੀ ਸਮੱਸਿਆ ਦਾ ਵੱਡਾ ਸਾਹਮਣਾ ਕਰਨਾ ਪਏਗਾ ਅਤੇ ਡੀਜ਼ਲ ਫੂਕਕੇ ਹੀ ਝੋਨੇ ਪਾਲਣੇ ਪੈਣਗੇ ਜੋ ਪਹਿਲਾਂ ਹੀ ਕਿਸਾਨੀ ਪਹੁੰਚ ਤੋਂ ਬਾਹਰ ਦੀ ਗੱਲ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।