February 7, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਦੀ 32ਵੀਂ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਫਰੀਮੌਂਟ, ਕੈਲੀਫ਼ੋਰਨੀਆ ਵਿਖੇੇ 11 ਫ਼ਰਵਰੀ 2018 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਫਰੀਮੌਂਟ ਗੁਰਦਵਾਰਾ ਸਾਹਿਬ ਵਲੋਂ ਸਮੂਹ ਪੰਥਿਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਕਾ ਨਕੋਦਰ ਦੇ ਚਾਰਾਂ ਸ਼ਹੀਦਾਂ ਦੀ ਯਾਦ ਵਿੱਚ ਐਤਵਾਰ ਨੂੰ ਸਵੇਰੇ 10:00 ਵਜੇ ਸ਼ਹੀਦੀ ਕਾਨਫਰੰਸ ਕੀਤੀ ਜਾਵੇਗੀ। ਪ੍ਰਬੰਧਕਾਂ ਵਲੋਂ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਸ਼ਹੀਦੀ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਨ੍ਹਾਂ ਸੂਰਬੀਰ ਯੋਧਿਆਂ ਨੂੰ ਜਿਨ੍ਹਾਂ ਗੁਰੂ ਗਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਆਪਾ ਵਾਰਿਆ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ।
ਵਰਨਣਯੋਗ ਹੈ ਕਿ 4 ਫਰਵਰੀ 1986 ਵਾਲੇ ਦਿਨ ਨਕੋਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਹਿੱਤ ਇਕੱਠੀ ਹੋਈ ਪੁਰ ਅਮਨ ਸੰਗਤ ‘ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਉਕਤ ਚਾਰ ਨੌਜਵਾਨ ਸਿੰਘ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਸਨ ।
ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਸਾਕਾ ਨਕੋਦਰ ਸੰਬੰਧੀ ਪੰਜਾਬ ਸਰਕਾਰ ਨੇ ਜੋ ਅਦਾਲਤੀ ਜਾਂਚ ਰਿਟਾਇਰਡ ਜੱਜ ਗੁਰਨਾਮ ਸਿੰਘ ਕੋਲੋਂ ਕਾਰਵਾਈ ਸੀ ਉਸ ਨੂੰ ਬਿਨਾ ਕਿਸੇ ਦੇਰੀ ਦੇ ਜਨਤਿਕ ਕੀਤਾ ਜਾਵੇ ਤਾਂ ਕਿ ਰਿਪੋਰਟ ਦਾ ਸੱਚ ਸਾਹਮਣੇ ਆ ਸਕੇ ।
ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ 5 ਫਰਵਰੀ 1986 ਨੂੰ ਰਿਟਾਇਰਡ ਜੱਜ ਗੁਰਨਾਮ ਸਿੰਘ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਸਰੂਪਾਂ ਸਬੰਧੀ ,4 ਸਿੱਖ ਨੌਜਵਾਨਾਂ ਦੇ ਪੁਲਿਸ ਦੀ ਗੋਲੀ ਨਾਲ ਕੀਤੇ ਕਤਲਾਂ ਅਤੇ ਇਨ੍ਹਾਂ ਚਾਰੇ ਸਿੱਖ ਨੌਜਵਾਨਾਂ ਦਾ ਸਰਕਾਰੀ ਹੁਕਮਾਂ ਦੇ ਵਿਰੁੱਧ ਜਾਕੇ ਆਪ ਅੰਤਿਮ ਸੰਸਕਾਰ ਕਰਨ ਸੰਬੰਧੀ ਅਦਾਲਤੀ ਜਾਂਚ ਕਰਨ ਲਈ ਕਿਹਾ ਸੀ। ਰਿਟਾਇਰਡ ਜੱਜ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ 29 ਮਾਰਚ 1987 ਨੂੰ ਸੌਂਪ ਦਿੱਤੀ ਸੀ ਅਤੇ ਅੱਜ ਤੱਕ ਕਦੇ ਵੀ ਜਨਤਿਕ ਨਹੀਂ ਕੀਤੀ ਗਈ । ਪੰਜਾਬ ਦਾ ਤਤਕਾਲ ਮੁੱਖ ਮੰਤਰੀ ਉਸ ਸਮੇ ਦੀ ਬਰਨਾਲੇ ਦੀ ਸਰਕਾਰ ਵਿੱਚ ਖੇਤੀ ਮੰਤਰੀ ਸੀ।
Related Topics: Saka Nakodar, Sikhs in California