July 27, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (25 ਜੁਲਾਈ, 2011): ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ (ਸਿੱਖ) ਯੂਨੀਵਰਸਿਟੀ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ, ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ ਗੋਲਡ ਮੈਡਲ ਦੇਣ ਲਈ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਸਿਫ਼ਾਰਸ਼ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਖਿਡਾਰੀਆਂ ਤੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਲੋਕਾਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਦੀ ਸੀ ਪਰ ਕੀ ਮੁੱਖ ਮੰਤਰੀ ਸ. ਪ੍ਰਕਾਸ਼ ਸਿਘ ਬਾਦਲ ਦੀ ਸਿਫ਼ਾਰਸ਼ ’ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਤਿੱਤ ਅਤੇ ਆਚਰਹੀਣਤਾ ਦੇ ਦੋਸ਼ੀਆਂ ਨੂੰ ਗੋਲਡ ਮੈਡਲਾਂ ਨਾਲ ਨਿਵਾਜਣ ਦੀ ਪਿਰਤ ਸ਼ੁਰੂ ਕਰੇਗੀ? ਉਕਤ ਆਗੂਆਂ ਨੇ ਕਿਹਾ ਕਿ ਇਸ ਨਾਲ ਸ. ਬਾਦਲ ਦੇ ਚਿਹਰੇ ਤੋਂ ਇਕ ਵਾਰ ਫਿਰ ਪੰਥਕ ਹੋਣ ਦਾ ਝੂਠਾ ਨਕਾਬ ਉਤਰ ਗਿਆ ਹੈ।
ਉਕਤ ਆਗੂਆਂ ਨੇ ਕਿਹਾ ਕਿ ਜਸਵੀਰ ਸਿੰਘ ਆਹਲੂਵਾਲੀਆ ਕਿਸੇ ਧਾਰਮਿਕ ਸੰਸਥਾ ਵਿੱਚ ਕਿਸੇ ਵੀ ਅਹੁਦੇ ਦਾ ਹੱਕਦਾਰ ਨਹੀਂ ਹੋ ਸਕਦਾ, ਗੋਲਡ ਮੈਡਲ ਦੇ ਕੇ ਸਨਮਾਨਿਤ ਕਰਨਾ ਤਾਂ ਫਿਰ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਚਰਹੀਣਤਾ ਦੇ ਦੋਸ਼ੀਆਂ ਅਤੇ ਦਾਗ਼ੀ ਵਿਅਕਤੀਆਂ ਨੂੰ ਧਾਰਮਿਕ ਸੰਸਥਾਵਾਂ ਦੇ ਉ¤ਚ ਅਹੁਦਿਆਂ ’ਤੇ ਬਿਠਾ ਕੇ ਸੋਨੇ ਦੇ ਮੈਡਲਾਂ ਨਾਲ ਸਨਮਾਨਿਤ ਕਰਨ ਦੀ ਸਿਫ਼ਾਰਸ਼ ਕਰਨ ਦਾ ਖ਼ਮਿਆਜ਼ਾ ਬਾਦਲ ਦਲ ਨੂੰ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਭੁਗਤਣਾ ਪਵੇਗਾ ਕਿਉਂਕਿ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਤਾਂ ਪਹਿਲਾਂ ਤੋਂ ਹੀ ਆਹਲੂਵਾਲੀਏ ਨੂੰ ਵੀ.ਸੀ. ਦੇ ਆਹੁਦੇ ਤੋਂ ਹਟਾ ਕੇ ਕਿਸੇ ਯੋਗ ਸਿੱਖ ਨੂੰ ਵੀ.ਸੀ. ਲਗਾਉਣ ਦੀ ਮੰਗ ਕਰ ਰਹੀ ਹੈ ਕਿਉਂਕਿ ਇਸ ਸੰਸਥਾ ਵਿੱਚ ਇਸ ਸਖਸ ਦੀ ਨਿਯੁਕਤੀ ਸ਼ਬਦ ਗੁਰੂ ਦਾ ਅਪਮਾਨ ਹੈ ਪਰ ਮੁੱਖ ਮੰਤਰੀ ਨੇ ਇਸ ਸ਼ਖਸ ਨੂੰ ’ਵਰਸਿਟੀ ਦੇ ਨਿਰਮਾਣ ਕਾਰਜ ਨੇਪੜੇ ਚਾੜ੍ਹਣ ਦੇ ਨਾਂ ਹੇਠ ਸ਼੍ਰੋਮਣੀ ਕਮੇਟੀ ਤੋਂ ਗੋਲਡ ਦਿਵਾਉਣ ਦੀ ਸਿਫ਼ਾਰਸ਼ ਕਰਕੇ ਸਿੱਖਾਂ ਦੀਆਂ ਪਹਿਲਾਂ ਤੋਂ ਹੀ ਜ਼ਖਮੀ ਭਾਵਨਾਵਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।
Related Topics: Akali Dal Panch Pardhani, Shiromani Gurdwara Parbandhak Committee (SGPC)