February 19, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (18 ਫਰਵਰੀ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਕਿਹਾ ਕਿ ਅਕਾਲੀ ਦਲ ਪੰਚ ਪ੍ਰਧਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੂਰੀ ਤਰ੍ਹਾ ਤਿਆਰ ਹੈ। ਸਿੱਖ ਪੰਥ ’ਤੇ ਕਬਜ਼ਾ ਜਮਾ ਕੇ ਬੈਠੇ ਮਸੰਦਾਂ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾਉਣਾ ਸਾਡਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਪੰਥਕ ਬਿਹਤਰੀ ਤੇ ਚੰਗੇਰੇ ਭੱਵਿਖ ਦੀਆਂ ਚਾਹਵਾਨ ਧਿਰਾਂ ਇਹ ਚੋਣਾਂ ਇਕੱਠੇ ਹੋ ਕੇ ਲੜਣ। ਸਮੁੱਚੇ ਪੰਥਕ ਮੁੱਦੇ ਤੇ ਸਮੱਸਿਆਵਾਂ ਉਦੋਂ ਤੱਕ ਬਣੀਆਂ ਰਹਿਣਗੀਆਂ ਜਦੋਂ ਤੱਕ ਇਨ੍ਹਾਂ ਸਮੱਸਿਆਵਾਂ ਦੇ ਜਨਮਦਾਤਿਆਂ ਨੂੰ ਅਸੀਂ ਪੰਥਕ ਸੰਸਥਾਵਾਂ ਤੋਂ ਬਾਹਰ ਨਹੀਂ ਕਰ ਦਿੰਦੇ। ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਥਕ ਧਿਰਾਂ ਨੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਲੋਕਾਂ ਦੀ ਅਸਲੀਅਤ ਤੋਂ ਪੰਥ ਨੂੰ ਲਗਾਤਾਰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਉਨ੍ਹਾਂ ਪੰਥਕ ਧਿਰਾਂ ਲਈ ਖੁਦ ਕੁਝ ਕਰਕੇ ਵਿਖਾਉਣ ਦਾ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਇਸ ਮਹਾਨ ਸੰਸਥਾ ਨੂੰ ਪੰਥ ਵਿਰੋਧੀ ਸ਼ਕਤੀਆਂ ਤੋਂ ਅਜ਼ਾਦ ਕਰਵਾ ਕੇ ਸਿੱਖੀ ਦੇ ਬੋਲ-ਬਾਲੇ ਕਾਇਮ ਕੀਤੇ ਜਾ ਸਕਣ ਅਤੇ ਗੁਰੂਆਂ ਦੀ ਇਸ ਧਰਤੀ ਤੇ ਸਿੱਖ ਸਭਿਆਚਾਰ ਦੀ ਪੁਨਰ ਬਹਾਲੀ ਕੀਤੀ ਜਾ ਸਕੇ। ਉਕਤ ਆਗੂਆਂ ਨੇ ਕਿਹਾ ਕਿ ਗੁਰੂ ਦੀ ਗੋਲਕ ਦੇ ਪੈਸੇ ਦੀ ਵਰਤੋਂ ਸਰਬਤ ਦੇ ਭਲੇ ਦੇ ਸੰਕਲਪ ਲਈ ਹੋਣੀ ਚਾਹੀਦੀ ਹੈ ਪਰ ਇਹ ਪੈਸਾ ਕਾਬਜ਼ ਧਿਰ ਦੇ ਰਾਜਨੀਤਿਕ ਉਦੇਸ਼ਾਂ ਲਈ ਵਰਤਿਆ ਜਾ ਰਿਹੈ। ਗੁਰਧਾਮਾਂ ਵਿੱਚ ਭ੍ਰਿਸ਼ਟਾਚਾਰ ਡੂੰਘੀਆਂ ਜੜਾਂ ਫੈਲਾ ਚੁੱਕਾ ਹੈ। ਸਿਫਰਸ ਦੇ ਅਧਾਰ ’ਤੇ ਸੇਵਾ ਤੇ ਨਿਮਰਤਾ ਦੀ ਭਾਵਨਾ ਤੋਂ ਸੱਖਣੇ ਤੇ ਸੰਵੇਦਹੀਣ ਲੋਕ ਇਸ ਇਸ ਸੰਸਥਾ ਵਿਚ ਭਰਤੀ ਕਰ ਲਏ ਜਾਂਦੇ ਹਨ। ਗੁਰਧਾਮਾਂ ’ਤੇ ਪਹੁੰਚੀਆਂ ਸੰਗਤਾਂ ਨਾਲ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਸੇਵਾਦਾਰ ਬਹੁਤ ਮਾੜੇ ਢੰਗ ਨਾਲ ਪੇਸ਼ ਅਉਂਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਇਸ ਪ੍ਰਬੰਧ ਨੂੰ ਅਸੀਂ ਬਦਲਣਾ ਹੈ।
Related Topics: Akali Dal Panch Pardhani, Shiromani Gurdwara Parbandhak Committee (SGPC)