
December 18, 2016 | By ਸਿੱਖ ਸਿਆਸਤ ਬਿਊਰੋ
ਰੂਪਨਗਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਵਕਾਲਤ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਰੂਪਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਸ਼ਨੀਵਾਰ (17 ਦਸੰਬਰ) ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਸ ਐਕਟ ਦਾ ਖਰੜਾ ਕੇਂਦਰ ਸਰਕਾਰ ਕੋਲ ਭੇਜਿਆ ਅਤੇ ਹੁਣ ਮੌਜੂਦਾ ਪ੍ਰਸਥਿਤੀਆਂ ਦੇ ਮੁਤਾਬਕ ਸੋਧਾਂ ਕਰਕੇ ਇਸ ਐਕਟ ਦਾ ਖਰੜਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਨੂੰ ਪਾਸ ਕਰਵਾ ਕੇ ਅਮਲ ਵਿੱਚ ਲਿਆਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰੇਕ ਸੂਬੇ ਵਿੱਚ ਥੋੜ੍ਹੀ ਜਾਂ ਬਹੁਤੀ ਗਿਣਤੀ ਵਿੱਚ ਸਿੱਖ ਵੱਸਦੇ ਹਨ ਅਤੇ ਉੱਥੋਂ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਬਣੀਆਂ ਹੋਈਆਂ ਹਨ। ਐਕਟ ਅਨੁਸਾਰ ਸੂਬੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਰਹਿਣੀਗਆਂ। ਸਮੁੱਚੇ ਪੰਥਕ ਮਸਲਿਆਂ ਬਾਰੇ ਵਿਚਾਰ ਕਰਨ ਅਤੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਇਨ੍ਹਾਂ ਸੂਬਿਆਂ ਦੇ ਨੁਮਾਇੰਦੇ ਇੱਕ ਸਾਂਝੀ ਵੱਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਾਮਲ ਕੀਤੇ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਇਨ੍ਹਾਂ ਜਥੇਬੰਦੀਆਂ ਕੋਲ ਖੁਦ ਚੱਲ ਕੇ ਜਾਣਗੇ।
Related Topics: All India Gurdwara Act, Prof. Kirpal Singh Badunger, Shiromani Gurdwara Parbandhak Committee (SGPC)