ਸਿਆਸੀ ਖਬਰਾਂ » ਸਿੱਖ ਖਬਰਾਂ

‘ਅੰਡੇਮਾਨ ਸੈਲੂਲਰ ਜੇਲ੍ਹ ਦੇ ਸੰਦਰਭ ‘ਚ ਸਿੱਖਾਂ ਦਾ ਆਜ਼ਾਦੀ ਸੰਗਰਾਮ ਵਿਚ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ

April 24, 2017 | By

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਵਲੋਂ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਚ ‘ਅੰਡੇਮਾਨ-ਨਿਕੋਬਾਰ ਸੈਲੂਲਰ ਜੇਲ੍ਹ ਦੇ ਸੰਦਰਭ ਵਿਚ ਸਿੱਖਾਂ ਦਾ ਆਜ਼ਾਦੀ ਸੰਗਰਾਮ ਵਿਚ ਯੋਗਦਾਨ’ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਵਿਚ ਬੋਲਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੁਲਕ ਦੀ ਆਜ਼ਾਦੀ ਲਈ ਸ਼ਹੀਦ ਹੋਣ ਅਤੇ ਉਮਰ ਕੈਦਾਂ ਭੋਗਣ ਵਾਲਿਆਂ ਵਿੱਚ 80 ਫੀਸਦੀ ਤੋਂ ਜ਼ਿਆਦਾ ਗਿਣਤੀ ਪੰਜਾਬੀਆਂ ਤੇ ਖਾਸ ਕਰ ਕੇ ਸਿੱਖਾਂ ਦੀ ਸੀ। ਪਰ ਇਹ ਬੜੇ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਕਾਲੇ ਪਾਣੀਆਂ ਵਜੋਂ ਜਾਣੀ ਜਾਂਦੀ ਅੰਡੇਮਾਨ-ਨਿਕੋਬਾਰ ਸੈਲੂਲਰ ਜੇਲ੍ਹ ਦੀ ਗਾਥਾ ਵਿਚ ਸਿੱਖਾਂ ਅਤੇ ਪੰਜਾਬੀਆਂ ਦਾ ਜ਼ਿਕਰ ਤੱਕ ਵੀ ਨਹੀਂ ਹੈ।

Seminar by SGPC Andman Cellular Jail

ਸੈਮੀਨਾਰ ‘ਚ ਬੋਲਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ

ਪ੍ਰੋ. ਬਡੂੰਗਰ ਨੇ ਐਲਾਨ ਕੀਤਾ ਕਿ ਅੰਡੇਮਾਨ-ਨਿਕੋਬਾਰ ਸੈਲੂਲਰ ਜੇਲ੍ਹ ਵਿਚ ਬਣਾਏ ਗਏ ਅਜਾਇਬ ਘਰ ਅਤੇ ਉਥੇ ਹਰ ਰੋਜ਼ ਵਿਖਾਏ ਜਾਂਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਸਿੱਖਾਂ ਦੇ ਰੋਲ ਨੂੰ ਢੁੱਕਵੀਂ ਥਾਂ ਦਵਾਉਣ ਲਈ ਇੱਕ ਕਮੇਟੀ ਬਣਾਈ ਜਾਵੇਗੀ ਜਿਹੜੀ ਸਾਰੇ ਪੱਖਾਂ ਦਾ ਅਧਿਐਨ ਕਰ ਕੇ ਆਪਣੀ ਤਜ਼ਵੀਜ ਤਿਆਰ ਕਰੇਗੀ। ਉਹਨਾਂ ਕਿਹਾ ਕਿ ਇਸ ਤਜਵੀਜ਼ ਨੂੰ ਲਾਗੂ ਕਰਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰਾਂ ਦਾ ਇੱਕ ਉੱਚ ਪੱਧਰੀ ਵਫ਼ਦ ਪ੍ਰਧਾਨ ਮੰਤਰੀ ਸਮੇਤ ਸਾਰੇ ਸਬੰਧਤ ਮੰਤਰੀਆਂ ਤੇ ਅਧਿਕਾਰੀਆਂ ਨੂੰ ਮਿਲੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਜ਼ਾਦੀ ਦੀ ਜੰਗ ਵਿਚ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਜੰਗ ਦਾ ਮੁੱਢ ਬੰਨ੍ਹਿਆ ਅਤੇ ਸਿੰਘਾਪੁਰ ਦੀ ਜੇਲ੍ਹ ਵਿਚ ਅਣਮਨੁੱਖੀ ਤਸੀਹੇ ਝੱਲਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ।

Seminar by SGPC Andman Cellular Jail 02

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਨੂੰਹ ਡਾ. ਗੁਰਦਰਸ਼ਨ ਕੌਰ ਢਿਲੋਂ ਅਤੇ ਦੋਹਤੀ ਡਾ. ਪਾਰੂ ਕੌਰ ਸਿੱਧੂ ਨੂੰ ਸਨਮਾਮਤ ਕੀਤਾ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਉੱਤੇ ਬੋਲਦਿਆਂ ਕਿਹਾ ਕਿ ਸੈਲੂਲਰ ਜੇਲ੍ਹ ਦੀ ਗਾਥਾ ਵਿਚ ਸਿੱਖਾਂ ਦੇ ਰੋਲ ਨੂੰ ਅਣਗੌਲਿਆਂ ਕਰਨ ਦਾ ਮਾਮਲਾ ਉਹ ਪ੍ਰਧਾਨ ਮੰਤਰੀ ਅਤੇ ਸਬੰਧਤ ਮੰਤਰੀਆਂ ਤੇ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਾਉੁਣਗੇ। ਉਹਨਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਨੂੰ ਮੁੜ ਤੋਂ ਲਿਖਣ ਦੀ ਲੋੜ ਹੈ ਕਿਉਂਕਿ ਇਸ ਵਿਚ ਸਿੱਖਾਂ ਦੀ ਲਾਮਿਸਾਲ ਭੂਮਿਕਾ ਨੂੰ ਅਣਗੌਲਿਆਂ ਕੀਤਾ ਗਿਆ ਹੈ।

Seminar by SGPC Andman Cellular Jail 03

ਸੈਮੀਨਾਰ ‘ਚ ਹਾਜ਼ਰ ਦਰਸ਼ਕ / ਸਰੋਤੇ

ਸੈਲੂਲਰ ਜੇਲ੍ਹ ਦੇ ਆਈ.ਜੀ. ਰਹੇ ਅਤੇ ਉਸ ਜੇਲ੍ਹ ਦੇ ਹਾਲਾਤ ਉੱਤੇ ਕਿਤਾਬ ਲਿਖਣ ਵਾਲੇ ਜਸਟਿਸ (ਰਿਟਾ.) ਐਸ.ਐਨ. ਅਗਰਵਾਲ ਨੇ ਇਸ ਮੌਕੇ ਬੋਲਦਿਆਂ ਉਸ ਵੇਲੇ ਜੇਲ੍ਹ ਦੇ ਹਾਲਾਤ ਅਤੇ ਉਥੇ ਦੇਸ਼ ਭਗਤਾਂ ਉੱਤੇ ਕੀਤੇ ਜਾਂਦੇ ਤਸ਼ਦੱਦ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੇਸ਼ ਭਗਤਾਂ, ਜਿਨ੍ਹਾਂ ਵਿਚ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਸੀ, ਦਾ ਸੈਲੂਲਰ ਜੇਲ੍ਹ ਅਤੇ ਇਸ ਦੀ ਹਰ ਰੋਜ਼ ਵਿਖਾਈ ਜਾਂਦੀ ਗਾਥਾ ਵਿਚ ਢੁਕਵਾਂ ਜ਼ਿਕਰ ਜ਼ਰੂਰੀ ਹੈ।

ਅੰਡੇਮਾਨ ਸੈਲੂਲਰ ਜੇਲ੍ਹ (ਕਾਲੇ ਪਾਣੀ ਦੀ ਸਜ਼ਾ ਵਾਲੀ ਜੇਲ੍ਹ)

ਅੰਡੇਮਾਨ ਸੈਲੂਲਰ ਜੇਲ੍ਹ (ਕਾਲੇ ਪਾਣੀ ਦੀ ਸਜ਼ਾ ਵਾਲੀ ਜੇਲ੍ਹ)

ਸੈਲਲੂਰ ਜੇਲ੍ਹ ਵਿਚ ਪੰਜਾਬੀਆਂ ਨੂੰ ਅੱਖੋਂ ਪਰੋਖੇ ਕਰਨ ਦਾ ਮਾਮਲਾ ਮੀਡੀਆ ਵਿਚ ਉਠਾਉਣ ਵਾਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਇਸ ਮੌਕੇ ਉੱਤੇ ਬੋਲਦਿਆਂ ਕਿਹਾ ਕਿ ਸਿੱਖਾਂ ਨੇ ਜਿੰਨਾ ਵੱਡਾ ਯੋਗਦਾਨ ਭਾਰਤ ਦੀ ਆਜ਼ਾਦੀ ਵਿਚ ਪਾਇਆ ਹੈ ਉਸ ਮੁਤਾਬਕ ਉਹਨਾਂ ਨੂੰ ਕੌਮੀ ਇਤਿਹਾਸ ਵਿਚ ਥਾਂ ਨਹੀਂ ਦਿੱਤੀ ਗਈ। ਉਹਨਾਂ ਸੁਝਾਅ ਦਿੱਤਾ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਸੁਚੇਤ ਪੱਧਰ ਉੱਤੇ ਯਤਨ ਕਰਨੇ ਚਾਹੀਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿਘ ਚਾਵਲਾ ਅਤੇ ਐਜੂਕੇਸ਼ਨ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉੱਭਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਨੂੰਹ ਡਾ. ਗੁਰਦਰਸ਼ਨ ਕੌਰ ਢਿਲੋਂ ਅਤੇ ਦੋਹਤੀ ਡਾ. ਪਾਰੂ ਕੌਰ ਸਿੱਧੂ ਨੂੰ ਸਨਮਾਮਤ ਕੀਤਾ।

ਸਬੰਧਤ ਖ਼ਬਰ:

ਅੰਡੇਮਾਨ ਜੇਲ੍ਹ ਦੇ ਇਤਿਹਾਸ ’ਚੋਂ ਸਿੱਖ ਕੁਰਬਾਨੀਆਂ ਮਨਫ਼ੀ ਕਰਨ ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ …

ਸੈਮੀਨਾਰ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਚਰਨਜੀਤ ਸਿੰਘ ਕਾਲੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਹਰਪਾਲ ਸਿੰਘ ਜੱਲਾ, ਬੀਬੀ ਹਰਜਿੰਦਰ ਕੌਰ, ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ, ਸਕੱਤਰ ਅਵਤਾਰ ਸਿੰਘ ਸੈਂਪਲਾ, ਐਡੀ: ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਤੇ ਸ. ਹਰਭਜਨ ਸਿੰਘ ਮਨਾਵਾਂ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਡਾਇਰੈਕਟਰ ਵਿਦਿਆ ਡਾ. ਧਰਮਿੰਦਰ ਸਿੰਘ ਉਭਾ, ਡਿਪਟੀ ਡਾਇਰੈਕਟਰ ਡਾ. ਵੰਦਨਾ ਨਰੂਲਾ, ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਗੁਲਜ਼ਾਰ ਸਿੰਘ ਸੰਧੂ, ਪ੍ਰਿੰ: ਡਾ. ਕਸ਼ਮੀਰ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਪਰਮਵੀਰ ਸਿੰਘ, ਡਾ. ਪ੍ਰਿਤਪਾਲ ਸਿੰਘ ਰਜਿਸਟਰਾਰ, ਸ. ਰਣਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਸ. ਜਗੀਰ ਸਿੰਘ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ, ਸ. ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਆਦਿ ਹਾਜ਼ਰ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

SGPC to urge Centre for Recognising the Sikh contribution in India’s Freedom Struggle …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,