ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਜੀਵਨ ਬਿਰਤਾਂਤ ਸ਼ਹੀਦ ਭਾਈ ਉਦੈ ਸਿੰਘ

April 4, 2024 | By

ਡਾ. ਅਮਨ ਸਿੰਘ ‘ਕਤਲੌਰ’
ਵਾਰਡ ਨੰ. 2, ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ੍ਹ
ਮੋਬ. 81463-87388

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸਾਧੂ, ਸੰਤ, ਸੂਰਬੀਰ-ਯੋਧੇ ਆਦਿ ਸ਼ਰਧਾਲੂ ਸਨ। ਇਨ੍ਹਾਂ ਸ਼ਰਧਾਲੂ ਸੂਰਬੀਰਾਂ ਵਿਚੋਂ ਇਕ ਭਾਈ ਉਦੈ ਸਿੰਘ ਹੋਏ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਈ ਜੰਗਾਂ ਵਿਚ ਭਾਗ ਲਿਆ। ਇਨ੍ਹਾਂ ਦਾ ਸ਼ੁਮਾਰ ਗੁਰੂ ਗੋਬਿੰਦ ਸਿੰਘ ਜੀ ਦੇ 25 ਨੇੜਲੇ ਜੁਝਾਰੂ ਸਿੱਖਾਂ ਵਿਚ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿਚ ਆਉਣ ਤੋਂ ਬਾਅਦ ਭਾਈ ਉਦੈ ਸਿੰਘ ਨੇ ਅਨੇਕਾਂ ਵੀਰਤਾ ਭਰਪੂਰ ਕਾਰਜ ਕੀਤੇ, ਕਈ ਜੰਗਾਂ ਵਿਚ ਹਿੱਸਾ ਲਿਆ। ਅਨੰਦਪੁਰ ਦਾ ਕਿਲ੍ਹਾ ਛੱਡਣ ਉਪਰੰਤ ਜਦੋਂ ਗੁਰੂ ਗੋਬਿੰਦ ਸਿੰਘ ਜੀ, ਗੁਰੂ-ਪਰਿਵਾਰ ਅਤੇ ਹੋਰ ਗੁਰਸਿੱਖ ਜਾ ਰਹੇ ਸਨ ਤਾਂ ਪਿੱਛੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਾਝੀਆਂ ਸੈਨਾਵਾਂ ਨੇ ਹਮਲਾ ਕਰ ਦਿੱਤਾ। ਉਸ ਸਮੇਂ ਸ਼ਾਹੀ ਟਿੱਬੀ ਦੇ ਸਥਾਨ ਉਤੇ ਦੁਸ਼ਮਣ ਸੈਨਾਵਾਂ ਅਤੇ ਸਿੱਖਾਂ ਵਿਚਕਾਰ ਬੜੀ ਭਿਆਨਕ ਜੰਗ ਹੋਈ। ਇਸ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਸਦਕਾ ਭਾਈ ਉਦੈ ਸਿੰਘ ਜੀ ਨੇ ਬਹੁਤ ਬਹਾਦਰੀ ਨਾਲ ਜੂਝਦੇ ਹੋਏ, ਦੁਸ਼ਮਣ ਸੈਨਾਵਾਂ ਦਾ ਰਾਹ ਰੋਕੀ ਰੱਖਿਆ।  ਭਾਈ ਉਦੈ ਸਿੰਘ ਜੀ ਦਾ ਜੀਵਨ ਬਿਰਤਾਂਤ ਇਸ ਤਰ੍ਹਾਂ ਹੈ :

ਜਨਮ
ਭਾਈ ਉਦੈ ਸਿੰਘ ਦਾ ਜਨਮ 27 ਕੱਤਕ, ਸੰਮਤ 1722 ਬਿ.  ਨੂੰ ਪਿਤਾ ਭਾਈ ਮਨੀ ਸਿੰਘ ਦੇ ਗ੍ਰਹਿ ਵਿਖੇ ਮਾਤਾ ਸੀਤੋ ਬਾਈ ਜੀ ਦੀ ਕੁੱਖੋਂ ਹੋਇਆ ਸੀ। ਰਤਨ ਸਿੰਘ ਜੱਗੀ ਅਨੁਸਾਰ ਭਾਈ ਉਦੈ ਸਿੰਘ ਮੁਲਤਾਨ ਜ਼ਿਲ੍ਹੇ ਦੇ ਅਲੀਪੁਰ ਪਿੰਡ ਦੇ ਨਿਵਾਸੀ ਭਾਈ ਮਨੀ ਸਿੰਘ ਦੇ ਪੰਜ ਪੁੱਤਰਾਂ (ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ) ਵਿਚੋਂ ਇਕ ਸੀ, ਜੋ ਕਿ ਬਹੁਤ ਸੂਰਵੀਰ ਯੋਧਾ ਸੀ।

ਵਿਆਹ
ਭਾਈ ਉਦੈ ਸਿੰਘ ਦਾ ਵਿਆਹ 4 ਚੇਤ੍ਰ ਵਦੀ ਏਕਮ ਸੰਮਤ 1750 ਬਿ: (2 ਮਾਰਚ, ਸੰਨ 1693 ਈ.) ਨੂੰ ਆਨੰਦਪੁਰ ਸਾਹਿਬ ਵਿਚ ਹੋਇਆ (ਪਤਨੀ ਦਾ ਨਾਂ ਅਤੇ ਕਿਸ ਜਗ੍ਹਾ ਵਿਆਹ ਹੋਇਆ, ਬਾਰੇ ਜਿਕਰ ਨਹੀਂ ਮਿਲਦਾ)। ਇਨ੍ਹਾਂ ਦੇ ਘਰ ਸੱਤ ਪੁੱਤਰਾਂ- ਭਾਈ ਮਹਿਬੂਬ ਸਿੰਘ, ਅਜੂਬ ਸਿੰਘ, ਫਤਹਿ ਸਿੰਘ, ਅਲਬੇਲ ਸਿੰਘ, ਮੋਹਰ ਸਿੰਘ, ਬਾਘ ਸਿੰਘ, ਅਨੋਖ ਸਿੰਘ- ਨੇ ਜਨਮ ਲਿਆ।

ਗੁਰੂ ਜੀ ਦੀ ਸ਼ਰਨ ਵਿਚ ਆਉਣਾ
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ 1699 ਦੀ ਵੈਸਾਖੀ ਮੌਕੇ ਅਨੰਦਪੁਰ ਸਾਹਿਬ ਵਿਖੇ ਆਉਣ ਲਈ ਹੁਕਮਨਾਮੇ ਭੇਜੇ ਸਨ। ਇਸੇ ਸਮੇਂ ਭਾਈ ਮਨੀ ਸਿੰਘ ਆਪਣੇ ਪੰਜ ਪੁੱਤਰਾਂ (ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ) ਸਮੇਤ ਗੁਰੂ ਜੀ ਦੀ ਸ਼ਰਨ ਵਿਚ ਆਇਆ। ਉਸ ਨੇ ਆਪਣੇ ਪੰਜੇ ਪੁੱਤਰ ਗੁਰੂ ਜੀ ਦੀ ਸੈਨਾ ਲਈ ਭੇਟ ਕਰ ਦਿੱਤੇ ਅਤੇ ਆਪ ਵੀ ਹਮੇਸ਼ਾਂ ਲਈ ਗੁਰੂ ਜੀ ਦੀ ਹਜ਼ੂਰੀ ਵਿਚ ਰਹਿਣ ਦਾ ਮਨ ਬਣਾ ਲਿਆ। ਇਸ ਸਬੰਧੀ ਭਾਈ ਸੰਤੋਖ ਸਿੰਘ ਲਿਖਦੇ ਹਨ :

ਪੁਰਿ ਮੁਲਤਾਨ ਅਲੀਪੁਰਿ ਨੇਰੇ। ਮਾਈ ਦਾਸ ਰਜਪੂਤ ਬਸੇਰੇ।੨੫।
ਤਿਸ ਕੇ ਮਨੀ ਰਾਮ ਸੁਤ ਹੋਯੋ। ਆਇ ਤਹਾਂ ਗੁਰ ਦਰਸ਼ਨ ਜੋਯੋ।
ਪੰਚ ਪੁੱਤ੍ਰ ਲੇ ਅਪਨੇ ਸਾਥ। ਸ਼ਰਨੀ ਪਰ੍ਯੋ ਰਹ੍ਯੋ ਗੁਰਨਾਥ।੨੬।
ਸੋ ਪੰਚਹੁਂ ਭ੍ਰਾਤਾ ਕਰਿ ਖਰੇ। ਸਿੰਘ ਨਾਮ ਤਿਨ ਕੇ ਗੁਰ ਧਰੇ।
ਬਡੋ ਬਚਿੱਤ੍ਰ ਸਿੰਘ ਭਟ ਭਯੋ।  ਉਦੇ ਸਿੰਘ ਦੂਸਰ ਬਿਦਤਯੋ।੨੭।
ਅਨਕ ਸਿੰਘ ਅਰ ਅਜਬ ਸਿੰਘ ਪੁਨ। ਪੰਚਮ ਭਯੋ ਅਜਾਇਬ ਸਿੰਘ ਗੁਨਿ।
ਅੰਮ੍ਰਿਤ ਖੰਡੇ ਕੋ ਤਿਨ ਦੀਨਾ। ਮਨਹੁਂ ਪੰਚ ਪਾਂਡਵ ਬਲ ਪੀਨਾ।੨੮।
ਰਣ ਮਹਿਂ ਕਰੇ ਕਰਮ ਜਿਨ ਭੀਖਨ। ਰਿਪੁ ਮਾਰੇ ਜਿਨ ਸ਼ਸਤ੍ਰਨਿ ਤੀਖਨ।

ਖ਼ਾਲਸਾ ਸਾਜਨਾ ਵਾਲੇ ਦਿਨ ਹੀ ਭਾਈ ਮਨੀ ਸਿੰਘ ਦੇ ਪੰਜਾਂ ਪੁੱਤਰਾਂ ਨੇ ਵੀ ਗੁਰੂ ਜੀ ਤੋਂ ਅੰਮ੍ਰਿਤ ਪਾਨ ਕੀਤਾ। ਭਾਈ ਉਦੈ ਸਿੰਘ ਖ਼ਾਲਸਾ ਬਣਨ ਤੋਂ ਬਾਅਦ ਗੁਰੂ ਜੀ ਦੇ ਅੰਗ-ਸੰਗ ਰਿਹਾ ਅਤੇ ਹਰ ਯੁੱਧ ਵੇਲੇ ਗੁਰੂ ਜੀ ਦੇ ਅੰਗ ਰੱਖਿਅਕ ਦੀ ਜਿੰਮੇਵਾਰੀ ਨਿਭਾਈ।

ਜੰਗਾਂ ਵਿਚ ਹਿੱਸਾ ਲੈਣਾ
ਭਾਈ ਉਦੈ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਕਈ ਜੰਗਾਂ ਵਿਚ ਹਿੱਸਾ ਲਿਆ ਅਤੇ ਬਹੁਤ ਬਹਾਦਰੀ ਨਾਲ ਜੂਝਦਿਆਂ ਦੁਸ਼ਮਣ ਦਲਾਂ ਉਤੇ ਫ਼ਤਿਹ ਪ੍ਰਾਪਤ ਕੀਤੀ। ਉਨ੍ਹਾਂ ਨੇ ਨਿਰਮੋਹਗੜ੍ਹ, ਬਸਾਲੀ, ਕਲਮੋਟ ਅਤੇ ਸ਼ਾਹੀ ਟਿੱਬੀ ਵਿਖੇ ਹੋਈਆਂ ਜੰਗਾਂ ਵਿਚ ਵੀ ਬਹਾਦਰੀ ਨਾਲ ਹਿੱਸਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਵਾਰ ਬਜਰੂੜ ਦੇ ਰੰਘੜਾਂ ਨੂੰ ਸੋਧਣ ਦੀ ਮੁਹਿੰਮ ਵਿਚ ਵੀ ਹਿੱਸਾ ਲਿਆ, ਜਿਸਦਾ ਜਿਕਰ ਗੁਰੂ ਕੀਆਂ ਸਾਖੀਆਂ ਵਿਚ ਇੰਞ ਮਿਲਦਾ ਹੈ, “ਪੋਠੋਹਾਰ ਸੇ ਆਇ ਰਹੀ ਸਿੱਖ ਸੰਗਤ ਕੋ ਜੇਠ ਸੁਦੀ ਪੰਚਮੀ ਕੇ ਦਿਹੁੰ ਨੂਹ ਗਾਂਉਂ ਕੇ ਰੰਘੜਾਂ ਨੇ ਲੂਟ ਲੀਆ, ਸੰਗਤ ਅਨੰਦਪੁਰ ਗੁਰੂ ਦਰਬਾਰ ਮੇਂ ਫਰਿਆਦੀ ਹੋਈ।…ਸਤਿਗੁਰਾਂ ਸਾਰੀ ਬਾਰਤਾ ਸੁਨ ਅਗਲੇ ਦਿਵਸ ਸਾਹਿਬਜ਼ਾਦਾ ਅਜੀਤ ਸਿੰਘ ਕੀ ਜਥੇਦਾਰੀ ਨੀਚੇ ਉਦੈ ਸਿੰਘ ਆਦਿ ਸੌ ਸਿੰਘਾਂ ਕੋ ਰਵਾਨਾ ਕੀਆ, ਇਨ੍ਹਾਂ ਰਮਾਂ-ਰਮੀਂ ਜਾਇ ਨੂਹ ਗਾਂਉਂ ਵਾਲੋਂ ਕੀ ਚੰਗੀ ਖੁੰਬ ਠੱਪੀ।”  ਦੂਜੀ ਵਾਰ ਬਜਰੂੜ ਦੇ ਰੰਘੜਾਂ ਨੇ ਦੜਪ ਦੇਸ਼ ਦੀ ਸੰਗਤ ਨੂੰ ਲੁੱਟ ਲਿਆ ਸੀ। ਇਸ ਸਿੱਖ ਸੰਗਤ ਨੇ ਵੀ ਗੁਰੂ ਜੀ ਪਾਸ ਅਨੰਦਪੁਰ ਸਾਹਿਬ ਜਾ ਕੇ ਫਰਿਆਦ ਕੀਤੀ। ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਭਾਈ ਉਦੈ ਸਿੰਘ ਨੂੰ ਸੌ ਸਿੱਖਾਂ ਨਾਲ ਬਜਰੂੜ ਦੇ ਰੰਘੜਾਂ ਨੂੰ ਸੋਧਣ ਲਈ ਭੇਜਿਆ। ਇਸ ਸਮੇਂ ਚਿੱਤੂ, ਮਿੱਤੂ ਨਾਂ ਦੇ ਰੰਘੜ ਮੈਦਾਨੇ-ਜੰਗ ਵਿਚ ਮਾਰੇ ਗਏ ਸਨ।

ਭਾਈ ਉਦੈ ਸਿੰਘ ਨੇ ਇਕ ਵਾਰ ਸ਼ਿਕਾਰ ਕਰਦੇ ਸਮੇਂ ਪਹਾੜੀ ਰਾਜੇ ਬਲੀਆ ਚੰਦ ਦਾ ਮੁਕਾਬਲਾ ਵੀ ਕੀਤਾ ਜਿਸ ਨੇ ਗੁਰੂ ਜੀ ਉਤੇ ਹਮਲਾ ਕਰਨ ਲਈ ਘਾਤ ਲਗਾਈ ਸੀ। ਗੁਰੂ ਜੀ ਦੇ ਆਦੇਸ਼ ਅਨੁਸਾਰ ਭਾਈ ਉਦੈ ਸਿੰਘ ਅਤੇ ਆਲਮ ਸਿੰਘ ਨੇ ਰਾਜਾ ਬਲੀਆ ਤੇ ਹਮਲਾ ਕਰਕੇ, ਉਸਨੂੰ ਜ਼ਖਮੀ ਕਰ ਦਿੱਤਾ ਪਰ ਉਹ ਜਾਨ ਬਚਾ ਕੇ ਭੱਜ ਗਿਆ। ਗੁਰੂ ਕੀਆਂ ਸਾਖੀਆਂ  ਅਨੁਸਾਰ, “ਅਸਾਢ ਬਦੀ ਦਸਮੀ ਕੇ ਦਿਹੁੰ ਗੁਰੂ ਸਾਹਿਬ ਭਾਈ ਉਦੈ ਸਿੰਘ ਆਦਿ ਮੁਖੀ ਸਿੱਖਾਂ ਸਮੇਤ ਕਟੋਚਾਂ ਕੀ ਹਦੂਦ ਕੀ ਤਰਫ ਸ਼ਿਕਾਰ ਖੇਡਨੇ ਗਏ। ਰਾਜਾ ਬਲੀਆ ਚੰਦ ਤੇ ਆਲਮ ਚੰਦ ਘਾਤ ਪਾਇ ਸਤਿਗੁਰਾਂ ਤੇ ਆਇ ਹਮਲਾ ਕਰ ਦੀਆ। ਗੁਰੂ ਜੀ ਅਰਾਕੀ ਕੋ ਭਜਾਇ ਏਕ ਕਰੌਂਦੇ ਕੇ ਬੂਟੇ ਤਲੇ ਜਾਇ ਖਲੇ ਹੂਏ। ਊਦੈ ਸਿੰਘ, ਆਲਮ ਸਿੰਘ ਆਦਿ ਸਿੰਘਾਂ ਸੇ ਬਚਨ ਹੋਆ ਕਿ ਤੁਸਾਂ ਇਨ੍ਹੇ ਕੀਏ ਹਮਲੇ ਕਾ ਪੂਰੀ ਤਰਹ ਮਜਾ ਚਖਾਏਂ। ਬਚਨ ਪਾਇ ਭਾਈ ਉਦੈ ਸਿੰਘ, ਆਲਮ ਸਿੰਘ ਆਦਿ ਸਿੰਘਾਂ ਰਾਜਾ ਬਲੀਆ ਚੰਦ ਤੇ ਇਸ ਕੇ ਸਾਥੀਆਂ ਕੋ ਮਾਰ ਕੇ ਪੀਛੇ ਧਕੇਲ ਦੀਆ। ਦੂੰਹੀ ਤਰਫੀਂ ਬੜਾ ਬਗਮੇਲ ਜੰਗ ਹੂਆ, ਬਲੀਆ ਚੰਦ ਤੇ ਆਲਮ ਚੰਦ ਦੋਨੋਂ ਊਦੈ ਸਿੰਘ ਤੇ ਆਲਮ ਸਿੰਘ ਕੇ ਹਾਥ ਸੇ ਘਾਇਲ ਹੂਏ ਤੇ ਜਾਨਾਂ ਬਚਾਇ ਕੇ ਭਾਗ ਗਏ।”

ਸ਼ੇਰ ਦਾ ਸ਼ਿਕਾਰ ਕਰਨਾ 
ਭਾਈ ਉਦੈ ਸਿੰਘ ਇੱਕ ਚੰਗੇ ਨਿਸ਼ਾਨਚੀ ਵੀ ਸਨ, ਉਨ੍ਹਾਂ ਨੇ ਇੱਕ ਸ਼ੇਰ ਦਾ ਸ਼ਿਕਾਰ ਬੰਦੂਕ ਨਾਲ ਕੀਤਾ। ਇਸ ਸ਼ੇਰ ਦੀ ਖੱਲ ਬਾਅਦ ਵਿਚ ਗੁਰੂ ਜੀ ਦੇ ਆਖਣ ਤੇ ਖੋਤੇ ਨੂੰ ਪਹਿਨਾ ਕੇ ਖੇਤਾਂ ਵਿਚ ਛੱਡ ਦਿਤਾ ਗਿਆ ਸੀ। ਗੁਰੂ ਕੀਆਂ ਸਾਖੀਆਂ ਅਨੁਸਾਰ, “ਸਾਵਨ ਬਦੀ ਏਕਮ ਕੇ ਦਿਵਸ ਭਾਈ ਉਦੈ ਸਿੰਘ ਸਾਥੀ ਸਿਖਾਂ ਸਮੇਤ ਸ਼ਿਕਾਰ ਖੇਲਨੇ ਗਿਆ। ਆਗੇ ਸੇ ਏਕ ਬੱਬਰ ਸ਼ੇਰ ਭਬਕ ਮਾਰ ਕੇ ਇੱਕ ਸਿੰਘ ਸੇ ਆਇ ਲਪਕਾ। ਇਸੇ ਭਾਈ ਉਦੈ ਸਿੰਘ ਨੇ ਬੰਦੂਕ ਕੀ ਏਕ ਗੋਲੀ ਸੇ ਢਹਿ-ਢੇਰੀ ਕਰ ਦੀਆ ਅਤੇ ਵਾਪਸੀ ਆਇ ਗੁਰੂ ਜੀ ਸੇ ਸਾਰੀ ਵਾਰਤਾ ਸ਼ਿਕਾਰ ਖੇਲਨੇ ਕੀ ਸੁਨਾਈ। ਸਤਿਗੁਰੂ ਜੀ ਉਦੈ ਸਿੰਘ ਕੀ ਬਹਾਦਰੀ ਦੇਖ ਬੜੇ ਪ੍ਰਸੰਨ ਹੂਏ। ਦੀਵਾਨ ਸਾਹਿਬ ਸਿੰਘ ਸੇ ਬਚਨ ਹੂਆ ਕਿ ਇਸ ਸ਼ੇਰ ਕੀ ਪੋਸ਼ਿਸ਼ ਉਤਾਰ ਕੇ ਕਿਸੀ ਗਧੇ ਤੇ ਮੜ੍ਹਾਇ ਦੀ ਜਾਵੇ। ਹੁਕਮ ਪਾਇ ਸਿੰਘਾਂ ਐਸਾ ਹੀ ਕੀਆ। ਸੰਧਿਆ ਕੇ ਬਾਦ ਇਸੇ ਕਿਲਾ ਅਨੰਦਗਢ ਦੁਰਾਡੇ ਖੇਤੋ ਮੇ ਛੋਰਾ ਗਿਆ।”

ਲੋਕ ਉਸ ਤੋਂ ਡਰਨ ਲੱਗੇ। ਕੋਈ ਵੀ ਉਸਦੇ ਕੋਲ ਨਹੀਂ ਜਾਂਦਾ ਸੀ। ਕੁਝ ਦਿਨ ਬਾਅਦ ਉਹ ਗਧਾ ਆਪਣੇ ਮਾਲਕ ਘੁਮਿਆਰ ਕੋਲ ਵਾਪਿਸ ਚਲਾ ਗਿਆ ਅਤੇ ਹੀਂਗਣ ਲੱਗਾ।  ਜਦੋਂ ਘੁਮਿਆਰ ਨੂੰ ਸਚਾਈ ਦਾ ਪਤਾ ਲੱਗਿਆ ਤਾਂ ਉਸ ਦਾ ਬਣਿਆ ਹੋਇਆ ਡਰ ਖਤਮ ਹੋ ਗਿਆ ਅਤੇ ਉਸ ਨੇ ਪਹਿਲਾਂ ਵਾਂਗ ਹੀ ਗਧੇ ਨੂੰ ਭਾਰ ਢੋਣ ਲਗਾ ਦਿੱਤਾ। ਸਿੱਖਾਂ ਨੇ ਗੁਰੂ ਜੀ ਤੋਂ ਇਸ ਘਟਨਾ ਸਬੰਧੀ ਪੁੱਛਿਆ ਤਾਂ ਗੁਰੂ ਜੀ ਨੇ ਆਖਿਆ ਕਿ ਜਦ ਤੱਕ ਤੁਸੀਂ ਜਾਤ ਪਾਤ ਤੇ ਕੁਲ ਪਰੰਪਰਾ ਨਾਲ ਬੱਝੇ ਹੋਏ ਸੀ ਤੁਸੀਂ ਗਧਿਆਂ ਵਰਗੇ ਸੀ ਭਾਵ ਨੀਵੇਂ ਲੋਕਾਂ ਦੇ ਅਧੀਨ ਸੀ। ਮੈਂ ਤੁਹਾਨੂੰ ਇਹਨਾਂ ਦੁਨਿਆਵੀ ਬੰਧਨਾਂ ਤੋਂ ਮੁਕਤ ਕਰ ਦਿੱਤਾ ਹੈ। ਜੇਕਰ ਤੁਸੀਂ ਸਿੰਘ ਨਾਂ ਅਤੇ ਬਾਣੇ ਦੀ ਲਾਜ ਪਾਲੋਗੇ ਤਾਂ ਕੋਈ ਵੀ ਤਾਕਤ ਤੁਹਾਨੂੰ ਦਬਾ ਨਹੀਂ ਸਕੇਗੀ ਅਤੇ ਜੇਕਰ ਸਿੱਖ ਫਿਰ ਪਿਛਲੀ ਜਾਤ-ਪਾਤ ਵਿਚ ਜਾ ਰਲਣਗੇ ਤਾਂ ਉਨ੍ਹਾਂ ਦਾ ਹਾਲ ਵੀ ਗਧੇ ਵਾਲਾ ਹੀ ਹੋਵੇਗਾ।

ਰਾਜਾ ਕੇਸਰੀ ਚੰਦ ਦਾ ਸਿਰ ਵੱਢਣਾ
ਭਾਈ ਉਦੈ ਸਿੰਘ ਨੇ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿਚ ਵੀ ਹਿੱਸਾ ਲਿਆ ,ਜਿਸ ਵਿਚ ਉਹ ਪਹਾੜੀ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਵਿਚ ਟੰਗ ਕੇ ਗੁਰੂ ਜੀ ਦੀ ਹਜ਼ੂਰੀ ਵਿਚ ਲੈ ਕੇ ਆਇਆ ਸੀ। ਇਸ ਸਬੰਧੀ ਗੁਰੂ ਕੀਆਂ ਸਾਖੀਆਂ  ਵਿਚ ਲਿਖਿਆ ਹੈ ਕਿ, “ਭਾਈ ਉਦੈ ਸਿੰਘ ਕਿਲ੍ਹਾ ਲੋਹਗੜ੍ਹ ਕੇ ਦਰਵਾਜੇ ਮੇਂ ਘੋੜੇ ਤੇ ਅਸਵਾਰ ਹੋਇ ਦੇਖ ਰਹਾ ਥਾ, ਸਤਿ ਸ਼੍ਰੀ ਅਕਾਲ ਕਾ ਜੈਕਾਰਾ ਬੁਲਾਇ ਘੋੜੇ ਸੇ ਐਡੀ ਮਾਰ ਕੇਸਰੀ ਚੰਦ ਕੇ ਸਾਵ੍ਹੇ ਜਾਇ ਖਲਾ ਹੂਆ। ਉਦੈ ਸਿੰਹ ਬਿਜਲੀ ਕੀ ਕੜਕ ਸੇ ਬੋਲਾ, ਕੇਸਰੀ ਚੰਦ! ਅਪਨਾ ਵਾਰ ਕਰ ਲੈ, ਨਹੀਂ ਤੋਂ ਮੇਰਾ ਵਾਰ ਆਇਆ।’ ਰਾਜਾ ਕੇਸਰੀ ਚੰਦ ਨੇ ਉਦੈ ਸਿੰਘ ਪੈ ਤਲਵਾਰ ਸੇ ਵਾਰ ਕੀਆ ਜੋ ਖਾਲੀ ਗਿਆ। ਉਦੈ ਸਿੰਘ ਨੇ ਪਰਤਵਾਂ ਵਾਰ ਸ੍ਰੀ ਸਾਹਿਬ ਸੇ ਐਸਾ ਕੀਆ ਜਿਸ ਸੇ ਕੇਸਰੀ ਚੰਦ ਕਾ ਸੀਸ ਧੜ ਸੇ ਜੁਦਾ ਹੋਇ ਗਿਆ। ਇਸ ਬਹਾਦਰ ਜੋਧੇ ਨੇ ਫੁਰਤੀ ਸੇ ਪਰਬਤੀਆਂ ਕੇ ਦੇਖਦੇ ਦੇਖਦੇ ਨੀਚੇ ਪਰੇ ਸਿਰ ਕੋ ਨੇਜੇ ਮੇਂ ਪਰੋਇ ਵਾਪਸ ਕਿਲ੍ਹਾ ਅਨੰਦਗੜ੍ਹ ਕੀ ਤਰਫ ਆਇ ਗਿਆ। …ਭਾਈ ਉਦੈ ਸਿੰਘ ਕਿਲ੍ਹਾ ਅਨੰਦਗੜ੍ਹ ਮੇਂ ਜਾਇ ਰਾਜਾ ਕੇਸਰੀ ਚੰਦ ਕਾ ਸੀਸ ਗੁਰ ਚਰਨਾਂ ਮੇਂ ਟਿਕਾਇ ਗੱਜ ਕੇ ਗੁਰ ਫਤੇ ਗਜਾਈ।”

ਸ਼ਾਹੀ ਟਿੱਬੀ ਉਤੇ ਜੰਗ ਅਤੇ ਸ਼ਹਾਦਤ
ਅਨੰਦਪੁਰ ਸਾਹਿਬ ਛੱਡਣ ਸਮੇਂ ਭਾਈ ਉਦੈ ਸਿੰਘ ਆਪਣੇ ਸਾਥੀ ਸਿੰਘਾਂ ਸਮੇਤ, ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਅਗਵਾਈ ਵਿਚ ਸਾਰੇ ਵਹੀਰ ਦੇ ਪਿਛਲੇ ਪਾਸੇ ਚੱਲ ਰਹੇ ਸਨ। ਸ਼ਾਹੀ ਟਿੱਬੀ ਦੇ ਨਜ਼ਦੀਕ ਦੁਸ਼ਮਣ ਸੈਨਾਵਾਂ ਨੇ ਹਮਲਾ ਕਰ ਦਿੱਤਾ। ਇਸ ਸਥਾਨ ਉਤੇ ਬਹੁਤ ਗਹਿਗੱਚ ਲੜਾਈ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਦੈ ਸਿੰਘ ਨੂੰ ਪੰਜਾਹ ਸਿੰਘ ਲੜਨ ਵਾਸਤੇ ਦੇ ਕੇ ਸ਼ਾਹੀ ਟਿੱਬੀ ਵਾਲੇ ਅਸਥਾਨ ਉਤੇ ਤਾਇਨਾਤ ਕੀਤਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਦੁਸ਼ਮਣ ਸੈਨਾਵਾਂ ਦੇ ਘੇਰੇ ਵਿਚੋਂ ਕੱਢ ਕੇ ਅੱਗੇ ਭੇਜਣ ਲਈ ਆਦੇਸ਼ ਕੀਤਾ। ਇਸ ਸਬੰਧੀ ਗੁਰੂ ਕੀਆਂ ਸਾਖੀਆਂ ਵਿਚ ਲਿਖਿਆ ਹੋਇਆ ਹੈ, “ਗੁਰੂ ਕੀਰਤਪੁਰ ਲੰਘ ਨਿਰਮੋਹਗਢ ਸੇ ਆਗੇ ਸ਼ਾਹੀ ਟਿੱਬੀ ਤੇ ਜਾਇ ਖਲੇ ਹੂਏ। ਪਰਬਤੀ ਰਾਜਯੋਂ ਨੇ ਸਮਾਂ ਗਨੀਮਤ ਜਾਨ ਪੀਛੇ ਸੇ ਤੀਰ ਗੋਲੀ ਸੇ ਹਮਲਾ ਕਰ ਦੀਆ। ਸਤਿਗੁਰਾਂ ਭਾਈ ਉਦੈ ਸਿੰਘ ਕੀ ਤਰਫ ਦੇਖਾ- ਇਸੇ ਜੋੜਾ ਜਾਮਾ ਬਖਸ਼ ਲੜਨੇਂ ਕੇ ਲੀਏ ਪਚਾਸ ਸਿਖ ਦੇ ਕੇ ਸ਼ਾਹੀ ਟਿਬੀ ਪਰ ਤਾਈਨਾਤ ਕੀਆ। ਬਚਨ ਹੋਆ- ਉਦੈ ਸਿੰਘ ! ਪੀਛੇ ਸੇ ਅਜੀਤ ਸਿੰਘ ਸਾਹਿਬਜ਼ਾਦਾ, ਭਾਈ ਬੁੱਢਾ ਸਿੰਘ ਆਦਿ ਸਿੱਖਾਂ ਕੇ ਗੈਲ ਆਇ ਰਹਾ ਹੈ, ਉਸੇ ਕਹਿਨਾ ਤੇਰੀ ਇਹ ਜਗ੍ਹਾ ਨਹੀਂ, ਅਗੇ ਹੈ। ਤੁਸਾਂ ਯਹਾਂ ਲੜ ਕੇ ਸ਼ਹਾਦਤ ਪਾਨਾ, ਗੁਰੂ ਅੰਗ ਸੰਗ ਹੋਇਗਾ।”  ਕਵਿ ਸੈਨਾਪਤਿ ਨੇ ਭਾਈ ਉਦੈ ਸਿੰਘ ਦੀ ਦੁਆਰਾ ਵੈਰੀਆਂ ਦਾ ਸੰਘਾਰ ਕਰਨ ਸਬੰਧੀ ਇੰਞ ਲਿਖਿਆ ਹੈ :

ਸ਼ਾਹੀ ਟਿੱਬੀ ਆਨਿ ਕੈ ਖੜੇ ਭਏ ਤਿਹ ਥਾਨ।
ਰਾਜਾ ਅਰੁ ਤੁਰਕਾਨ ਸਬ ਨਿਕਟ ਪਹੁੰਚੇ ਆਨਿ।।470।।
ਉਦੈ ਸਿੰਘ ਲਲਕਾਰ ਕੈ ਖੁਸ਼ੀ ਕਰੀ ਕਰਤਾਰ।
ਸਫਲ ਜਨਮੁ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ।।471।। 

ਭਾਈ ਉਦੈ ਸਿੰਘ ਦੁਆਰਾ ਕੀਤੇ ਜੋਰਦਾਰ ਜੰਗ ਦਾ ਦ੍ਰਿਸ਼ ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਕਲਮਬੰਦ ਕੀਤਾ ਹੈ :

ਸੁਨਹੁ ਉਦੇ ਸਿੰਘ ਸੋਂ ਰਣ ਭਾ ਜਿਮ ਢੂਕੇ ਤੁਰਕ ਪਹਾਰੀ।
ਜਾਨਯੋਂ ਗੁਰੂ ਇਹਾਂ ਰਣ ਘਾਲਤਿ, ਪਕਰ ਕਿਧੌਂ ਲਿਹੁ ਮਾਰੀ।।47।।
ਪਾਇ ਜ਼ੋਰ ਅਨਗਨਤ ਚਮੂੰ ਤਬਿ ਉਮਡੀ ਓਰੜ ਆਈ।
ਧੁਖਹਿਂ ਪਲੀਤੇ ਛੂਟਹਿਂ ਗੁਲਕਾ, ਗਿਰਹਿਂ ਬੀਰ ਸਮੁਦਾਈ।।48।।
ਰੁਪਯੋ ਉਦੈ ਸਿੰਘ ਤਜਤਿ ਨ ਥਲ ਕੋ ਹਤਹਿ ਤੀਰ ਕਰਿ ਕ੍ਰੋਧਾ।
ਲਲਕਾਰਤਿ ਮਾਰਹੁ ਰਿਪੁ ਗਨੁ ਕੋ ਇਮ ਕਹਿ ਆਗਾ ਰੋਧਾ।।49।।…

ਦੁਸ਼ਮਣ ਸੈਨਾ ਦੇ ਜੋਰਦਾਰ ਹੱਲੇ ਤੋਂ ਬਾਅਦ ਭਾਈ ਉਦੈ ਸਿੰਘ ਕ੍ਰੋਧ ਵਿਚ ਆ ਗਏ। ਉਨ੍ਹਾਂ ਨੇ ਬਹੁਤ ਸਾਰੇ ਤੀਰ ਚਲਾਏ, ਜਦੋਂ ਭੱਥਾ ਖਾਲੀ ਹੋ ਗਿਆ ਤਾਂ ਉਨ੍ਹਾਂ ਨੇ ਮਿਆਨ ਵਿਚੋਂ ਆਪਣੀ ਕਿਰਪਾਨ ਕੱਢ ਲਈ ਅਤੇ ਬਹੁਤ ਸਾਰੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਭਾਈ ਉਦੈ ਸਿੰਘ ਦੇ ਹਮਲੇ ਤੋਂ ਭੈ- ਭੀਤ ਹੋ ਕੇ ਵੈਰੀਆਂ ਨੇ ਇਕੱਠਿਆਂ ਹੀ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ ਨਾਲ ਭਾਈ ਉਦੈ ਸਿੰਘ ਦੇ ਸਰੀਰ ਉਤੇ ਅਨੇਕਾਂ ਗੋਲੀਆਂ ਲੱਗੀਆਂ। ਜਦੋਂ ਉਹ ਜਖਮੀ ਹੋ ਕੇ ਫਿਰ ਵੀ ਬੇਹੋਸ਼ ਹੋ ਕੇ ਜਮੀਨ ਉਤੇ ਨਾ ਡਿੱਗੇ ਅਤੇ ਰਣਖੇਤਰ ਵਿਚ ਤਲਵਾਰ ਚਲਾਉਂਦੇ ਰਹੇ ਤਾਂ ਵੈਰੀ ਨੇ ਸਮਝਿਆ ਕਿ ਇਹੋ ਗੁਰੂ ਗੋਬਿੰਦ ਸਿੰਘ ਜੀ ਹਨ। ਸਾਰਿਆਂ ਨੇ ਰਲ ਕੇ ਹੱਲਾ ਕੀਤਾ ਅਤੇ ਭਾਈ ਉਦੈ ਸਿੰਘ ਨੇ ਡੇਢ ਪਹਿਰ ਤੱਕ ਉਨ੍ਹਾਂ ਨੂੰ ਪਿੱਛੇ ਹੀ ਰੋਕ ਕੇ ਰੱਖਿਆ।

ਭਾਈ ਉਦੈ ਸਿੰਘ ਦੇ ਹਮਲੇ ਤੋਂ ਭੈਭੀਤ ਹੋ ਕੇ ਦੁਸ਼ਮਣਾਂ ਸੈਨਾਵਾਂ ਨੇ ਇਕੋ ਵਾਰ ਇਕੱਠੇ ਤੀਰਾਂ-ਗੋਲੀਆਂ ਦੀ ਬਾਰਿਸ਼ ਕਰ ਦਿੱਤੀ। ਜਿਸ ਨਾਲ ਉਹ ਸਖਤ ਜ਼ਖ਼ਮੀ ਹੋ ਗਏ ਅਤੇ ਬਹਾਦਰੀ ਨਾਲ ਜੂਝਦੇ ਹੋਏ 7 ਪੋਹ, 1762 ਬਿ. ਨੂੰ ਸ਼ਹਾਦਤ ਦਾ ਜਾਮ ਪੀ ਗਏ। ਭਾਈ ਉਦੈ ਸਿੰਘ ਦੀ ਸ਼ਹੀਦੀ ਸਬੰਧੀ ਜਾਣਕਾਰੀ ਭੱਟ ਵਹੀ ਕਰਸਿੰਧੂ ਪਰਗਨਾਂ ਸਫੀਦੋਂ  ਵਿਚ ਇਸ ਪ੍ਰਕਾਰ ਲਿਖੀ ਹੋਈ ਹੈ, “ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਝੇ ਕਾ ਬੰਝਰਉਤ ਜਲਹਾਨਾਂ- ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ ਪਰਗਨਾਂ ਭਰਥਗਢ ਰਾਜ ਕਹਿਲੂਰ ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰਚੰਦ ਬੇਟਾ ਭੀਮਚੰਦ ਕਾ, ਪੋਤਾ ਦੀਪ ਚੰਦ ਕਾ, ਪੜਪੋਤਾ ਤਾਰਾਚੰਦ ਜਾ ਬੰਸ ਕਲਿਆਨਚੰਦ ਕੀ, ਚੰਦੇਲ ਗੋਤਰਾ ਰਾਣੇ ਕੀ ਫੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।”

ਭਾਈ ਉਦੈ ਸਿੰਘ ਜੀ ਦਾ ਮੁਹਾਂਦਰਾ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀ, ਜਿਸ ਕਾਰਣ ਦੁਸ਼ਮਣ ਦਲ ਨੂੰ ਇਸ ਤਰ੍ਹਾਂ ਜਾਪਿਆ ਕਿ ਅਸੀਂ ਗੁਰੂ ਨੂੰ ਹੀ ਮਾਰ ਲਿਆ ਹੈ :

ਉਦੈ ਸਿੰਘ ਸੂਰਤ ਗੁਰ ਕੀ ਐਨ। ਦੀਯੋ ਸਬ ਸ਼ੁਕਲਾਤ ਅਪਨੀ ਸੁ ਬੈਨ।
ਖੜਾ ਹੂਆ ਸਿੰਘ ਸੂਰਤਣੇ ਸ਼ਤ੍ਰ ਸੈਨਾ। ਮਾਨੋ ਇੰਦ੍ਰ ਰੋਕਤੀ ਦਾਨਵੀ ਦੈਨਾ।…
ਲੜਤ ਗੁਰ ਹੇਤੁ ਸਿੱਖ ਦੀਨੇ ਸੁ ਪ੍ਰਾਨ। ਉਦੈ ਸਿੰਘ ਮਾਰਯੋ ਗੁਰ ਕੇ ਭੁਲਾਨ।
ਹੂਏ ਖੁਸ਼ ਮੂੜ੍ਹ ਝੂਠੇ ਜਾਨੀ ਨ ਬਾਤ। ਗੁਰੂ ਜੀ ਗਏ ਜਿਉਂ ਨ੍ਰਿਪ ਸੋ ਜਦੁਤਾਤ। 

ਸਬੰਧਿਤ ਅਸਥਾਨ
ਗੁਰਦੁਆਰਾ ਤੀਰ ਸਾਹਿਬ, ਸ਼ਾਹੀ ਟਿੱਬੀ (ਪਿੰਡ ਝੱਖੀਆਂ)
ਇਹ ਅਸਥਾਨ ਪਿੰਡ ਝੱਖੀਆਂ ਵਿਚ ਰੂਪਨਗਰ-ਕੀਰਤਪੁਰ ਵਾਲੀ ਸੜਕ ਉਤੇ ਲਗਪਗ 6 ਕਿਲੋਮੀਟਰ ਦੀ ਦੂਰੀ ਉਤੇ ਵਸਿਆ ਹੋਇਆ ਹੈ। ਇਤਿਹਾਸਕ ‘ਗੁਰਦੁਆਰਾ ਤੀਰ ਸਾਹਿਬ’, ਜੋ ਕਿ ਮੁੱਖ ਸੜਕ ਤੋਂ ਸੌ ਮੀਟਰ ਪਿੱਛੇ ਹਟਵਾਂ ਹੈ। ਸਿੱਖ ਇਤਿਹਾਸ ਵਿਚ ਇਸ ਅਸਥਾਨ ਦਾ ਨਾਂ ‘ਸ਼ਾਹੀ ਟਿੱਬੀ’ ਪ੍ਰਚਲਿਤ ਹੈ।

ਇਸ ਅਸਥਾਨ ਉਤੇ ਭਾਈ ਉਦੈ ਸਿੰਘ ਦੀ ਅਗਵਾਈ ਵਿਚ 50 ਸਿੰਘ ਅਤੇ ਮੁਗ਼ਲ ਸੈਨਿਕਾਂ ਨਾਲ ਗਹਿਗਚ ਲੜਾਈ ਹੋਈ, ਜਿਸ ਵਿਚ ਸਾਰੇ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦ ਵਿਚ ਉਥੇ ‘ਗੁਰਦੁਆਰਾ ਤੀਰ ਸਾਹਿਬ’ ਬਣਿਆ ਹੋਇਆ ਹੈ। ਹੁਣ ਇਸ ਅਸਥਾਨ ਦਾ ਪ੍ਰਬੰਧ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਕੋਲ ਹੈ। ਇਥੇ ਭਾਈ ਉਦੈ ਸਿੰਘ ਦਾ ਸਹੀਦੀ ਦਿਹਾੜਾ ਹਰ ਸਾਲ 7 ਪੋਹ ਨੂੰ ਮਨਾਇਆ ਜਾਂਦਾ ਹੈ।

ਸ਼ਹੀਦੀ ਅਸਥਾਨ ਸ਼੍ਰੋਮਣੀ ਸ਼ਹੀਦ ਭਾਈ ਉਦੈ ਸਿੰਘ ਅਤੇ ਕਲਪ ਬ੍ਰਿਛ (ਪਿੰਡ ਅਟਾਰੀ)
ਇਹ ਅਸਥਾਨ ਪਿੰਡ ਅਟਾਰੀ ਵਿਚ ਰੂਪਨਗਰ-ਅਨੰਦਪੁਰ ਸਾਹਿਬ ਵਾਲੀ ਸੜਕ ਤੋਂ ਚੜ੍ਹਦੇ ਵੱਲ ਕੀਰਤਪੁਰ ਸਾਹਿਬ ਤੋਂ ਲਗਪਗ ਸਾਢੇ ਸੱਤ ਕਿਲੋਮੀਟਰ ਅਤੇ ਸ਼ਾਹੀ ਟਿੱਬੀ ਤੋਂ ਤਿੰਨ ਕੁ ਕਿਲੋਮੀਟਰ ਦੂਰ ਚੜ੍ਹਦੇ ਪਾਸੇ ਵੱਲ ਸਥਿਤ ਹੈ।

ਰਵਾਇਤੀ ਇਤਿਹਾਸ ਅਨੁਸਾਰ ਭਾਈ ਉਦੈ ਸਿੰਘ ਸ਼ਾਹੀ ਟਿੱਬੀ ਵਾਲੇ ਅਸਥਾਨ ਉਤੇ ਸਖਤ ਜ਼ਖ਼ਮੀ ਹੋ ਗਏ ਸਨ ਤੇ ਉਨ੍ਹਾਂ ਦਾ ਘੋੜਾ ਉਨ੍ਹਾਂ ਨੂੰ ਅਟਾਰੀ ਪਿੰਡ ਵਿਚ ਲੈ ਆਇਆ। ਇਥੇ ਉਨ੍ਹਾਂ ਨੇ ਪਿੰਡ ਤੋਂ ਬਾਹਰ ਟਿੱਬੀ ਉਤੇ ਸਥਿਤ ਕਲਪ ਬ੍ਰਿਛ ਥੱਲੇ ਸਰੀਰ ਤਿਆਗਿਆ। ਇਸ ਲਈ ਗੁਰਦੁਆਰੇ ਦੇ ਨਾਂ ਨਾਲ ‘ਕਲਪ ਬ੍ਰਿਛ’ ਜੁੜ ਗਿਆ, ਪਰ ਹੁਣ ਕਲਪ ਬ੍ਰਿਛ ਸੁੱਕ ਚੁੱਕਾ ਹੈ। ਇਸ ਗੁਰਦੁਆਰੇ ਅੰਦਰ ਦੋ ਅਸਥਾਨ ਬਣੇ ਹੋਏ ਹਨ ਇਕ ਤਾਂ ਕਲਪ ਬ੍ਰਿਛ ਵਾਲੀ ਥਾਂ ਦੇ ਅਗਲੇ ਪਾਸੇ ਛੋਟੇ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਦੂਜਾ, ਗੁਰਦੁਆਰਾ ਸਾਹਿਬ ਦੀ ਵੱਖਰੀ ਇਮਾਰਤ ਵੀ ਬਣੀ ਹੋਈ ਹੈ। ਇਸ ਅਸਥਾਨ ’ਤੇ ਭਾਈ ਉਦੈ ਸਿੰਘ ਦਾ ਸ਼ਹੀਦੀ ਦਿਹਾੜਾ 21 ਦਸੰਬਰ ਨੂੰ ਮਨਾਇਆ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,