ਵਿਦੇਸ਼

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਗੁਰਨਾਮ ਕੌਰ ਦੀ ਯਾਦ ’ਚ ਸ਼ਰਧਾਂਜਲੀ ਸਮਾਰੋਹ

December 23, 2011 | By

ਫਰੀਮਾਂਟ: ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਦੇ ਅਚਾਨਕ ਹੋਏ ਅਕਾਲ ਚਲਾਣੇ ਨੇ ਪੂਰੇ ਸਿੱਖ ਸੰਸਾਰ ਵਿਚ ਗ਼ਮ ਤੇ ਵਿਛੋੜੇ ਦਾ ਵਾਤਾਵਰਨ ਪੈਦਾ ਕਰ ਦਿੱਤਾ ਹੈ। ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ’ਚ ਮਾਤਾ ਜੀ ਦੀ ਯਾਦ ਵਿੱਚ ਸਮਾਗਮ ਉਲੀਕੇ ਗਏ। ਇਸੇ ਸੰਦਰਭ ਵਿੱਚ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਤੇ ਸੁਪਰੀਮ ਕੌਂਸਲ ਨੇ ਮਾਤਾ ਜੀ ਦੀ ਯਾਦ ਵਿੱਚ ਯਾਦਗਾਰੀ ਵੈਰਾਗਮਈ ਸਮਾਗਮ ਦਾ ਪ੍ਰਬੰਧ ਕੀਤਾ, ਜਿਸ ਵਿੱਚ ਤਿੰਨ ਦਿਨ ਇਲਾਹੀ ਗੁਰਬਾਣੀ ਦੇ ਜਾਪ ਹੋਏ। ਭਾਈ ਦਿਲਬਾਗ਼ ਸਿੰਘ ਦੁਆਰਾ ਕੀਤੇ ਕੀਰਤਨ ਦੀਆਂ ਸੰਗੀਤਮਈ ਧੁਨਾਂ ਨੇ ਉਦਾਸੀ, ਗ਼ਮ ਤੇ ਜੀਵਨ ਦੇ ਆਖਰੀ ਸਫਰ ਦੀ ਸਚਾਈ ਦਾ ਪ੍ਰਗਟਾਵਾ ਕੀਤਾ। ਕਥਾਕਾਰ ਭਾਈ ਜਸਵੰਤ ਸਿੰਘ ਅਸਲੀਮਾਬਾਦ ਨੇ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਮਹਾਨ ਮਾਵਾਂ ਬਾਰੇ ਕਿਹਾ ਕਿ ਸਾਡੇ ਘਰਾਂ ਵਿਚ ਅਜਿਹੀਆਂ ਮਹਾਨ ਮਾਵਾਂ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਸਿੱਖੀ ਸੇਵਾ ਲਈ ਮਹਾਨ ਪ੍ਰੇਰਨਾ ਮਿਲ ਸਕੇ। ਸਟੇਜ ਸਕੱਤਰ ਭਾਈ ਗੁਰਿੰਦਰ ਸਿੰਘ ਸਿੱਧੂ ਨੇ ਪੰਥਕ ਬੁਲਰਿਆਂ ਨੂੰ ਵਾਰੀ ਵਾਰੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸੱਦਾ ਦਿੱਤਾ, ਜਿਸ ਵਿੱਚ ਸਭ ਤੋਂ ਪਹਿਲਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਮਾਤਾ ਗੁਰਨਾਮ ਕੌਰ ਜੀ ਨਾਲ ਬਿਤਾਏ ਉਤਮ ਪਲਾਂ ਦੀ ਬਾਤ ਪਾਈ ਤੇ ਕਿਹਾ ਕਿ ਉਨ੍ਹਾਂ ਨਾਲ ਕੁਝ ਚਿਰ ਲਈ ਮਾਣੇ ਸਾਥ ਨੇ ਮਾਂ ਪਿਆਰ ਦੇ ਡੂੰਘੇ ਜਜ਼ਬੇ ਦਾ ਅਹਿਸਾਸ ਕਰਵਾਇਆ, ਜੋ ਭਾਈ ਜਿੰਦੇ ਦੇ ਖਾਲਿਸਤਾਨੀ ਪਿਆਰ ’ਚ ਭਿੱਜੀਆਂ ਯਾਦਾਂ ਨਾਲ ਓਤਪੋਤ ਸੀ।

ਯੂਨਾਈਟਡ ਸਿੱਖਸ ਦੇ ਭਾਈ ਕਸ਼ਮੀਰ ਸਿੰਘ ਨੇ ਮਾਤਾ ਜੀ ਨੂੰ ਸਤਿਕਾਰ ਨਾਲ ਯਾਦ ਕਰਦਿਆਂ ਕਿਹਾ ਕਿ ਆਪਣੀਆਂ ਮਾਵਾਂ ਦੇ ਹੋਣ ਤੇ ਤੁਰ ਜਾਣ ਦੇ ਦਰਦਾਂ ਦੀ ਕਹਾਣੀ ਬਹੁਤ ਡੂੰਘੀ ਤੇ ਸਰਕਦੇ ਉਦਾਸ ਪਲਾਂ ਦੀ ਕਲਪਨਾਵਾਂ ਨਾਲ ਭਰਪੂਰ ਹੁੰਦੀ ਹੈ। ਭਾਈ ਗੁਰਮੀਤ ਸਿੰਘ ਖ਼ਾਲਸਾ ਨੇ ਭਾਵਪੂਰਤ ਵਿਚਾਰਾਂ ਨਾਲ ਮਾਤਾ ਜੀ ਅਤੇ ਉਨਾਂ ਦੇ ਮਹਾਨ ਪੁੱਤਰ ਭਾਈ ਹਰਜਿੰਦਰ ਸਿੰਘ ਜਿੰਦਾ ਬਾਰੇ ਕਿਹਾ ਕਿ ਮਹਾਨ ਸਿੱਖ ਪ੍ਰੰਪਰਾਵਾਂ ਦੀ ਰਖਵਾਲੀ ਲਈ ਫਾਂਸੀ ਦੇ ਰੱਸੇ ਨੂੰ ਗਲ ਵਿਚ ਪਾ ਲੈਣਾ, ਸੱਚ ਦੀ ਗਵਾਹੀ ਦੇਣ ਦੀ ਸਭ ਤੋਂ ਅਨੋਖੀ ਦਾਸਤਾਨ ਹੈ।

ਮਾਤਾ ਗੁਰਨਾਮ ਕੌਰ ਜੀ

ਮਾਤਾ ਗੁਰਨਾਮ ਕੌਰ ਜੀ

ਸ਼ਿਕਾਗੋ ਤੋਂ ਵਿਸ਼ੇਸ਼ ਤੌਰ ’ਤੇ ਇਸੇ ਸਮਾਗਮ ਲਈ ਮਾਤਾ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਭਾਈ ਕੁਲਮੀਤ ਸਿੰਘ ਨੇ ਦੱਸਿਆ ਕਿ ਸਾਡੀ ਆਪਣੀ ਬੱਚੀ ਦੀ ਗੁੜ੍ਹਤੀ ਲਈ ਮਾਤਾ ਜੀ ਤੋਂ ਇਲਾਵਾ ਹੋਰ ਕੋਈ ਨਜ਼ਰ ਨਾ ਆਇਆ। ਆਪਣੇ ਵੀਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਮਾਤਾ ਗੁਰਨਾਮ ਕੌਰ ਜੀ ਦੀ ਆਤਮਿਕ ਅਵਸਥਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਸਨੇ ਮਾਤਾ ਜੀ ਵਿਚ ਬਹੁਤ ਕੁਝ ਅਜਿਹਾ ਵੇਖਿਆ, ਜੋ ਆਮ ਨਹੀਂ ਸੀ। ਉਹ ਭਾਈ ਜਿੰਦਾ ਦੀ ਸ਼ਹਾਦਤ ਦੇ ਜ਼ਿਕਰ ਨਾਲ ਮਾਣ ਤੇ ਫਖ਼ਰ ਨਾਲ ਭਰ ਜਾਂਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਜਿੰਦਾ ਮੇਰਾ ਪੁੱਤਰ ਤਾਂ ਗੁਰੂ ਸਾਹਿਬ ਦੀ ਸੌਗਾਤ ਸੀ, ਜੋ ਕਿਸੇ ਨਿਸ਼ਾਨੇ ਦੀ ਪੂਰਤੀ ਲਈ ਆਇਆ ਤੇ ਚਲਾ ਗਿਆ ਪਰ ਜਾਣ ਤੋਂ ਪਹਿਲਾਂ ਉਹ ਵਾਇਦਾ ਕਰਕੇ ਗਿਆ ਸੀ ਕਿ ਦੁਸ਼ਮਣ ਉਸ ਕੋਲੋਂ ਉਸਦਾ ਨਾਮ ਵੀ ਨਹੀਂ ਪੁੱਛ ਸਕਣਗੇ ਤੇ ਇੰਜ ਹੀ ਹੋਇਆ। ਵੈਰੀ ਥੱਕ ਗਏ ਪਰ ਉਸਨੂੰ ਡੁਲਾ ਨਹੀਂ ਸਕੇ ਤੇ ਉਹ ਹੱਸਦਾ ਹੱਸਦਾ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਿਆ। ਕੁਲਮੀਤ ਸਿੰਘ ਹੁਰਾਂ ਕਿਹਾ ਕਿ ਮਾਤਾ ਜੀ ਨੇ ਅਸੂਲਾਂ ਦੀਆਂ ਲਕੀਰਾਂ ਖਿੱਚੀਆਂ ਜੋ ਆਉਣ ਵਾਲੀਆਂ ਮਾਵਾਂ ਲਈ ਪ੍ਰੇਰਨਾ ਸਰੋਤ ਹੋ ਸਕਦੀਆਂ ਨੇ।

ਵਾਸ਼ਿੰਗਟਨ ਡੀ.ਸੀ. ਤੋਂ ਵਿਸ਼ੇਸ਼ ਤੌਰ ’ਤੇ ਆਏ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਹੁਰਾਂ ਕਿਹਾ ਕਿ ਜਦ ਵੀ ਕੋਈ ਇਤਿਹਾਸਕਾਰ ਮੌਜੂਦਾ ਖਾਲਿਸਤਾਨੀ ਜੱਦੋਜਹਿਦ ਦਾ ਇਤਿਹਾਸ ਲਿਖੇਗਾ ਤਾਂ ਉਸ ਵਿਚ ਮਾਤਾ ਗੁਰਨਾਮ ਕੌਰ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਹੋਵੇਗਾ। ਡਾ: ਸਾਹਿਬ ਨੇ ਕਿਹਾ ਕਿ ਮਾਂਵਾਂ ਹੀ ਮਨੁੱਖ ਦਾ ਮਨ ਮਸਤਕ ਆਪਣੀ ਪਾਕਿ ਮੁਹੱਬਤ ਨਾਲ ਮਿੱਥਦੀਆਂ ਹਨ ਤੇ ਅਜਿਹੇ ਮਨੁੱਖ ਫਿਰ ਇਤਿਹਾਸ ਨੂੰ ਕੰਬਣੀ ਲਾ ਦੇਂਦੇ ਹਨ ਜਿਵੇਂ ਕਿ ਭਾਈ ਜਿੰਦੇ ਨੇ ਕਰ ਵਿਖਾਇਆ। ਖਾਲਿਸਤਾਨ, ਭਾਈ ਜਿੰਦਾ ਤੇ ਮਾਤਾ ਗੁਰਨਾਮ ਕੌਰ ਇੱਕ ਦੂਜੇ ਵਿੱਚ ਸਮਾਏ ਹੋਏ ਹਨ ਤੇ ਹਰ ਪੱਖ ਤੋਂ ਮਹਾਨ ਹਨ। ਡਾ: ਅਮਰਜੀਤ ਸਿੰਘ ਹੁਰਾਂ ਨੂੰ ਗੁਰਦੁਆਰਾ ਸਾਹਿਬ ਫਰੀਮਾਂਟ ਵੱਲੋਂ ਉਨਾਂ ਦੀਆਂ ਪੰਥਕ ਸੇਵਾਵਾਂ ਲਈ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।

ਉਸਤੋਂ ਬਾਦ ਸਾਡੇ ਲੋਕ ਅਖਬਾਰ ਦੇ ਪ੍ਰਬੰਧਕ ਭਾਈ ਸਤਨਾਮ ਸਿੰਘ ਖਾਲਸਾ ਅਤੇ ਯੂਨੀਅਨ ਸਿਟੀ ਦੇ ਸਿੱਖਿਆ ਵਿਭਾਗ ਦੇ ਚੁਣੇ ਹੋਏ ਮੈਂਬਰ ਬੀਬੀ ਸਰਬਜੀਤ ਕੌਰ ਚੀਮਾ ਨੇ ਮਾਤਾ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਪਰੰਤ ਭਾਈ ਪਰਪਾਲ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਲੰਗਰਾਂ ਦੀ ਸੇਵਾ ਅਤੁੱਟ ਵਰਤਦੀ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,