December 26, 2010 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, 25 ਦਸੰਬਰ (ਪੰਜਾਬ ਨਿਊਜ਼ ਨੈੱਟ.) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਰੋਸ ਪ੍ਰਗਟਾਉਂਦਿਆ ਕਿਹਾ ਕਿ ਭਲਕ ਤੋਂ ਸ਼ੁਰੂ ਹੋ ਰਹੇ ਸ਼ਹੀਦੀ ਜੋੜ ਮੇਲੇ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਪਰ ਫ਼ਤਿਹਗੜ੍ਹ ਸਾਹਿਬ ਵਿਚਲੇ ਸ਼ਰਾਬ ਦੇ ਠੇਕੇ ਅਜੇ ਤੱਕ ਬੰਦ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜੋਤੀ ਸਰੂਪ ਚੌਂਕ ਨਜ਼ਦੀਕ ਸਰਹਿੰਦ ਬਸੀ ਰੋਡ ’ਤੇ ਇਕ ਠੇਕਾ ਤਾਂ ਦੋਵਾਂ ਮੁੱਖ ਗੁਰਦੁਆਰਿਆਂ – ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਕ੍ਰਮਵਾਰ ਇੱਕ ਅਤੇ ਅੱਧਾ ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਜ਼ਿਕਰਯੋਗ ਹੈ ਕਿ ਇਸ ਠੇਕੇ ਅਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਲੱਗਭੱਗ ਇਕ ਕਿਲੋਮੀਟਰ ਦੇ ਰਸਤੇ ਵਿੱਚ ਦੋ ਹੋਰ ਇਤਿਹਾਸਕ ਗੁਰਦੁਆਰੇ ਵੀ ਆਉਂਦੇ ਹਨ। ਇਸ ਦੇ ਨਾਲ ਹੀ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਪਬਲਿਕ ਸਕੂਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੀ ਇਸ ਠੇਕੇ ਤੋਂ ਕੁਝ ਕੁ ਗਜ਼ ਦੀ ਦੂਰੀ ’ਤੇ ਹੀ ਸਥਿਤ ਹਨ। ਉਨ੍ਹਾਂ ਰੋਸ ਜਤਾਇਆ ਕਿ ਮੋਹਨ ਦਾਸ ਕਰਮਚੰਦ ਗਾਂਧੀ ਦੇ ਜਨਮ ਦਿਨ ’ਤੇ ਤਾਂ ਸਾਰੇ ਠੇਕੇ ਮੁਕੰਮਲ ਤੌਰ ’ਤੇ ਬੰਦ ਰਹੇ ਪਰ ਇਸ ਮਹਾਨ ਸਾਕੇ ਦੇ ਇਨ੍ਹਾਂ ਸ਼ਹੀਦਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ’ਤੇ ਅਜੇ ਤੱਕ ਵੀ ਤੰਬਾਕੂ ਵਿਕ ਰਿਹਾ ਹੈ। ਪਿਛਲੇ ਸਾਲ ਵੀ ਜੋੜ ਮੇਲੇ ਵਿੱਚ ਭੰਗ ਆਮ ਵਿਕਦੀ ਰਹੀ।ਇਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਨਸ਼ੇੜੀ ਲੋਕ ਨਸ਼ੇ ਕਰਕੇ ਜੇੜ ਮੇਲੇ ਦੇ ਖੇਤਰ ਵਿਚ ਗਲਤ ਹਰਕਤਾਂ ਕਰਕੇ ਆਮ ਸ਼ਰਧਾਲੂਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਦੇ ਠੇਕਿਆਂ ਤੇ ਹੋਰ ਨਸ਼ਿਆਂ ਦੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਵਾਕੇ ਇਸ ਮਹਾਨ ਸ਼ਹੀਦੀ ਜੋੜ ਮੇਲੇ ਦੀ ਪਵਿੱਤਰਤਾ ਨੂੰ ਬਹਾਲ ਕਰੇ।
ਉਕਤ ਆਗੂਆਂ ਨੇ ਦੱਸਿਆ ਕਿ ਪੰਚ ਪ੍ਰਧਾਨੀ ਵਲੋਂ ਫ਼ਤਿਹਗੜ੍ਹ ਸਾਹਿਬ ਦੇ ਸਹੀਦੀ ਜੋੜ ਮੇਲੇ ਮੌਕੇ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦੀ ਸਮਾਗਮ ਫ਼ਤਿਹਗੜ੍ਹ ਸਾਹਿਬ ਦੇ ਰੇਲਵੇ ਫ਼ਾਟਕਾਂ ਨਜ਼ਦੀਕ ਹੀ 27 ਦਸੰਬਰ ਨੂੰ ਕੀਤਾ ਜਾ ਰਿਹਾ ਹੈ। ਜਿਸ ਵਿਚ ਹਮ-ਖਿਆਲੀ ਪੰਥਕ ਜਥੇਬੰਦੀਆਂ ਦੇ ਬੁਲਾਰੇ ਅਪਣੇ ਵਿਚਾਰ ਰੱਖਣਗੇ। ਉਨ੍ਹਾਂ ਦੱਸਿਆ ਕਿ 26 ਅਤੇ 27 ਦਸੰਬਰ ਨੂੰ ਸੰਤ ਬਾਬਾ ਬਲਜੀਤ ਸਿੰਘ ਖ਼ਾਲਸਾ ਦਾਦੂ ਸਾਹਿਬ ਵਾਲੇ ਅਤੇ ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲੇ ਵੀ ਗੁਰਮਤਿ ਵਿਚਾਰਾਂ ਕਰਨਗੇ। ਉਕਤ ਆਗੂਆਂ ਨੇ ਕਿਹਾ ਕਿ ਇਹ ਸ਼ਹੀਦੀ ਸਮਾਗਮ ਪੂਰੀ ਤਰ੍ਹਾਂ ਨਾਲ ਧਾਰਮਿਕ ਹੋਵੇਗਾ। ਜਿਸ ਵਿੱਚ ਇਨ੍ਹਾਂ ਸ਼ਹਾਦਤਾਂ ਬਾਰੇ ਚਰਚਾ ਤੋਂ ਬਿਨਾਂ ਇਨ੍ਹਾ ਸ਼ਹਾਦਤਾਂ ਦੇ ਸੰਦਰਭ ਵਿੱਚ ਸਿੱਖ ਕੌਮ ਦੀ ਮੌਜ਼ੂਦਾ ਸਥਿਤੀ ਬਾਰੇ ਵੀ ਵਿਚਾਰਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸਫ਼ਲਤਾ ਲਈ ਦਲ ਵਲੋਂ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਕੇ ਸਮਾਗਮ ਅਤੇ ਇਸ ਵਿਚ ਵਿਚਾਰੇ ਜਾਣ ਵਾਲੇ ਪੱਖਾਂ ਬਾਰੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ।ਇਸ ਮੌਕੇ ਉਨ੍ਹਾਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਭਗਵੰਤ ਸਿੰਘ ਮਹੱਦੀਆਂ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਕਿਹਰ ਸਿੰਘ ਮਾਰਵਾ (ਡਾਇਰੈਕਟਰ ਲੈਂਡ ਮਾਰਗੇਜ ਬੈਂਕ), ਮਿਹਰ ਸਿੰਘ ਬਸੀ ਅਤੇ ਅੰਮ੍ਰਿਤ ਸਿੰਘ ਵੀ ਹਾਜ਼ਰ ਸਨ ਵੀ ਹਾਜ਼ਰ ਸਨ।
Related Topics: Fatehgarh Sahib