ਆਮ ਖਬਰਾਂ

ਲੰਡਨ ਦੀ ਸਿੱਖ ਜਥੇਬੰਦੀ ਨੇ ਪੁਲਿਸ ਅਧਿਕਾਰੀਆਂ ਦੇ ਨਾਰਕੋ-ਟੈਸਟ ਦੀ ਮੰਗ ਕੀਤੀ

November 21, 2010 | By

ਲੰਡਨ (20 ਨਵੰਬਰ, 2010): ਇੱਥੋਂ ਦੀ ਇੱਕ ਸਿੱਖ ਜਥੇਬੰਦੀ ਨੇ ਪੰਜਾਬ ਪੁਲੀਸ ਵਲੋਂ ਸਿੱਖ ਨੌਜਵਾਨ ਭਾਈ ਮੱਖਣ ਸਿੰਘ ਦੇ ਨਾਰਕੋ ਟੈਸਟ ਕਰਵਾਉਣ ਦੀ ਮੰਗ ਦਾ ਵਿਰੋਧ ਕਰਦਿਆਂ ਇਸ ਨੂੰ ਮਨੁੱਖੀ ਹੱਕਾਂ ਦਾ ਘਾਣ ਕਰਾਰ ਦਿੱਤਾ ਗਿਆ ਹੈ। ਯੂਨਾਈਟਿਡ ਖਾਲਸਾ ਦਲ (ਯੂ.ਕੇ.) ਨਾਮੀ ਇਸ ਜਥੇਬੰਦੀ ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸੰਬੰਧਤ ਅਦਾਲਤ ਦੇ ਜੱਜ ਸਾਹਿਬ ਨੂੰ ਅਪੀਲ ਕਰਦਿਆਂ ਆਖਿਆ ਗਿਆ ਹੈ ਕਿ ਇਸ ਦੀ ਪੁਲੀਸ ਨੂੰ ਇਜ਼ਾਜ਼ਤ ਨਾ ਦਿੱਤੀ ਜਾਵੇ।ਉਹਨਾਂ ਦੋਸ਼ ਲਗਾਇਆ ਕਿ ਭਾਈ ਮੱਖਣ ਸਿੰਘ ਲੰਬੇ ਸਮੇਂ ਬਾਅਦ ਅਮਰੀਕਾ ਤੋਂ ਭਾਰਤ ਵਾਪਸ ਪਰਤਿਆ ਸੀ ਅਤੇ ਜਦੋਂ ਕਿਸੇ ਨਿੱਜੀ ਕੰਮ ਲਈ ਜਦੋਂ ਨੇਪਾਲ ਗਿਆ ਤਾਂ ਉਸ ਨੂੰ ਉਤਰ ਪ੍ਰਦੇਸ਼ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ, ਇਸ ਗ੍ਰਿਫਤਾਰੀ ਨਾਲ ਤਰੱਕੀਆਂ ਲੈਣ ਲਈ ਪੰਜਾਬ ਪੁਲੀਸ ਵਲੋਂ ਉਸ ਤੇ ਮਾਲ ਖਾਨੇ ਚੋਂ ਅਸਲਾ ਕੱਢ ਕੇ ਪਾ ਦਿੱਤਾ ਗਿਆ ਅਤੇ ਹੁਣ ਉਸ ਦੇ ਨਾਰਕੋ ਟੈਸਟ ਦੀ ਮੰਗ ਕਰਕੇ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਦੀ ਕੋਿਸ਼ਸ਼ ਕਰ ਰਹੀ ਹੈ।

ਸ੍ਰ. ਡੱਲੇਵਾਲ ਨੇ ਕਿਹਾ ਕਿ ਜੇਕਰ ਨਾਰਕੋ ਟੈਸਟ ਕਰਨੇ ਹਨ ਤਾਂ ਪੰਜਾਬ ਦੇ ਸਾਬਕਾ ਪੁਲਸ ਮੁਖੀ ਕੇ .ਪੀ. ਗਿੱਲ, ਸੁਮੇਧ ਸੈਣੀ, ਸਵਰਨੇ ਘੋਟਣਾ, ਐੱਸ.ਐੱਸ. ਵਿਰਕ, ਇਜ਼ਹਾਰ ਆਲਮ ਅਤੇ ਰਣਬੀਰ ਖਟੜਾ ਆਦਿ ਦੇ ਨਾਰਕੋ ਟੈਸਟ ਕਰਵਾਏ ਜਾਣ, ਤਾਂ ਕਿ ਉਹਨਾਂ ਵਲੋਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ ਸਿੱਖਾਂ ਬਾਰੇ ਪਤਾ ਲੱਗ ਸਕੇ। ਇਸ ਗੱਲ ਦਾ ਖੁਲਾਸਾ ਹੋ ਸਕੇ ਕਿ ਕਿਵੇਂ ਇਹਨਾਂ ਪੁਲੀਸ ਅਫਸਰਾਂ ਨੇ ਆਪਣੇ ਅਹੁਦਿਆਂ ਦੀ ਨਜ਼ਾਇਜ ਵਰਤੋਂ ਕਰਕੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਵਾਰਸਾਂ ਤੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ, ਸਿੱਖ ਬਜ਼ੁਰਗਾਂ ਨੂੰ ਠਾਣਿਆਂ ਵਿੱਚ ਖੱਜਲ ਖਵਾਰ ਕੀਤਾ, ਸਿੱਖ ਬੀਬੀਆਂ ਨੂੰ ਠਾਣਿਆਂ ਵਿੱਚ ਲਿਆ ਕੇ ਜ਼ਨਾਨਾ ਪੁਲੀਸ ਤੋਂ ਬਗੈਰ ਉਹਨਾਂ ਦੀ ਪੁੱਛ ਗਿੱਛ ਕਰਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਰੋਲਿਆ ਹੈ।

ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪੁਲਿਸ ਅਧਿਕਾਰੀ ਸਵਰਨ ਘੋਟਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਸ਼ਹੀਦ ਕਰਨ ਕਰਕੇ ਸਮੁੱਚੀ ਸਿੱਖ ਕੌਮ ਦਾ ਦੋਸ਼ੀ ਹੈ, ਉੱਥੇ ਇਸ ਕਾਤਲ ਨੇ ਭਾਈ ਅਵਤਾਰ ਸਿੰਘ ਬਿਸਰਾਮਪੁਰ ਨੂੰ ਕਪੂਰਥਲਾ ਦੇ ਸੀ. ਆਈ. ਸਟਾਫ ਵਿੱਚ ਉਸ ਦੀ ਇੱਕ ਲੱਤ ਦਰੱਖਤ ਅਤੇ ਦੂਜੀ ਲੱਤ ਜੀਪ ਨਾਲ ਬੰ੍ਹਨ ਕੇ ਦੋਫਾੜ ਕਰਕੇ ਸ਼ਹੀਦ ਕਰ ਦਿੱਤਾ ਸੀ, ਜਲੰਧਰ ਵਿੱਚ ਇਸ ਨੇ ਭਾਈ ਗੁਰਦੇਵ ਸਿੰਘ ਧੀਰਪੁਰ ਨੂੰ ਪਾਣੀ ਦੇ ਉਬਲਦੇ ਕੜਾਹੇ ਵਿੱਚ ਸੁੱਟ ਕੇ ਸ਼ਹੀਦ ਕਰਨ ਸਮੇਤ ਸੈਂਕੜੇ ਨੌਜਵਾਨਾਂ ਨੂੰ ਸ਼ਹੀਦ ਅਤੇ ਭਾਰੀ ਤਸ਼ੱਦਦ ਕਰਕੇ ਉਮਰ ਭਰਨ ਲਈ ਨਕਾਰੇ ਕਰਨ ਦਾ ਜਿੰਮੇਵਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: