ਖਾਸ ਖਬਰਾਂ

ਨਸਲਕੁਸ਼ੀ 1984 ਦੇ ਪੀੜਤਾਂ ਨੇ ਕਤਲੇਆਮ ਕਰਵਾਉਣ ਵਾਲੇ ਜਗਦੀਸ ਟਾਈਟਲਰ ’ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ

February 17, 2012 | By

ਨਵੀਂ ਦਿੱਲੀ (16 ਫਰਵਰੀ 2012): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ), ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਤੇ ਨਵੰਬਰ 1984 ਦੀਆਂ ਵਿਧਵਾਵਾਂ ਨੇ ਕੜਕੜਡੂਮਾ ਅਦਾਲਤ ਦੇ ਬਾਹਰ ਇਨਸਾਫ ਰੈਲੀ ਕੀਤੀ ਜਿਥੇ ਵਧੀਕ ਸੈਸ਼ਨ ਜੱਜ ਸੀ ਬੀ ਆਈ ਵਲੋਂ ਜਗਦੀਸ਼ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਦੇ ਖਿਲਾਫ 1984 ਦੇ ਪੀੜਤਾਂ ਦੀ ਅਪੀਲ ਦੀ ਸੁਣਵਾਈ ਕਰ ਰਹੇ ਹਨ। ਇਸ ਇਨਸਾਫ ਰੈਲੀ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਮੰਗ ਕੀਤੀ ਕਿ ਕਾਂਗਰਸ (ਆਈ) ਦੇ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮੁਕੱਦਮਾ ਚਲਾਇਣ ਜਾਵੇ ਤੇ ਨਵੰਬਰ 1984 ਦੌਰਾਨ ਸਿਖਾਂ ਦਾ ਕਤਲੇਆਮ ਕਰਨ ਵਾਲੇ ਕਿਸ਼ੋਰੀ ਲਾਲ ਦੀ ਸੰਭਵਿਤ ਸਜ਼ਾ ਘਟਾਉਣ ਵਿਰੁੱਧ ਜ਼ੋਰਦਾਰ ਰੋਸ ਪ੍ਰਗਟਾਇਆ।

ਹਲਫੀਆ ਬਿਆਨ (ਪੰਨਾ1/2)

ਹਲਫੀਆ ਬਿਆਨ (ਪੰਨਾ2/2)

ਨਵੰਬਰ 1984 ਦੇ ਪੀੜਤਾਂ ਦੀ ਪੈਰਵਾਈ ਕਰ ਰਹੀ ਵਕੀਲ ਐਡਵੋਕੇਟ ਕਾਮਨੀ ਵੋਹਰਾ ਨੇ ਅਮਰੀਕਾ ਸਥਿਤ ਅਟਾਰਨੀ ਗੁਰਪਤਵੰਤ ਸਿੰਘ ਪੰਨੂ, ਜਿਨ੍ਹਾਂ ਨੇ ਦਸੰਬਰ 2008 ਵਿਚ ਸੀ ਬੀ ਆਈ ਦੇ ਅਮਰੀਕਾ ਦੌਰੇ ਦੌਰਾਨ ਗਵਾਹਾਂ ਮਰਹੂਮ ਗਿਆਨੀ ਸੁਰਿੰਦਰ ਸਿੰਘ, ਜਸਬੀਰ ਸਿੰਘ ਤੇ ਰੇਸ਼ਮ ਸਿੰਘ ਦੀ ਪ੍ਰਤੀਨਿਧਤਾ ਕੀਤੀ ਸੀ, ਦਾ ਹਲਫੀਆ ਬਿਆਨ ਪੇਸ਼ ਕੀਤਾ। ਅਟਾਰਨੀ ਪੰਨੂ ਵਲੋਂ ਸਹੁੰ ਖਾਕੇ ਦਿੱਤੇ ਗਏ ਬਿਆਨ ਅਤੇ ਨਾਲ ਨੱਥੀ ਸਬੂਤ ਇਹ ਦਰਸਾਉਂਦੇ ਹਨ ਕਿ ਟਾਈਟਲਰ ਨੂੰ ਕਲੀਨ ਚਿਟ ਦੇਣ ਤੋਂ ਪਹਿਲਾਂ ਸੀ ਬੀ ਆਈ ਟੀਮ ਇਕ ਹੋਰ ਗਵਾਹ ਰੇਸ਼ਮ ਸਿੰਘ ਦੀ ਮੌਜੂਦਗੀ ਬਾਰੇ ਜਾਣਦੀ ਸੀ ਜਿਸ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਨਵੰਬਰ 1984 ਵਿਚ ਗੁਰਦੁਆਰਾ ਪੁਲਬੰਗਸ਼ ਦੇ ਬਾਹਰ ਭੀੜ ਦੀ ਅਗਵਾਈ ਕਰਦਿਆਂ ਟਾਈਟਲਰ ਨੂੰ ਵੇਖਿਆ ਸੀ। ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਤੋਂ ਸਪਸ਼ਟ ਹੈ ਕਿ ਹਵਾਹ ਦੀ ਮੌਜੂਦਗੀ ਅਤੇ ਸੀ ਬੀ ਆਈ ਕੋਲ ਬਿਆਨ ਦਰਜ ਕਰਵਾਉਣ ਲਈ ਵਾਰ ਵਾਰ ਕੀਤੇ ਗਏ ਯਤਨਾਂ ਦੇ ਬਾਵਜੂਦ ਸੀ ਬੀ ਆਈ ਟਾਈਟਲਰ ਨੂੰ ਕਲੀਨ ਚਿਟ ਦੇਣ ਲਈ ਦ੍ਰਿੜ ਸੀ।

ਸੀ. ਬੀ. ਆਈ ਨੂੰ ਭੇਜੇ ਗਏ ਪੱਤਰ ਦੀ ਨਕਲ

ਜਸਟਿਸ ਰੈਲੀ ਦੀ ਅਗਵਾਈ ਕਰ ਰਹੇ ਏ ਆਈ ਐਸ ਐਸ ਐਫ ਦੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕਾਂਗਰਸ (ਆਈ) ਦੀ ਸ਼ੈਹਿ ’ਤੇ ਸੀ ਬੀ ਆਈ ਨਵੰਬਰ 1984 ਦੇ ਗਵਾਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਕਿ ਪਿਛਲੇ 27 ਸਾਲਾਂ ਤੋਂ ਦਰ ਦਰ ਭਟਕ ਰਹੇ ਹਨ। ਟਾਈਟਲਰ ਦੇ ਖਿਲਾਫ ਮੁੱਖ ਗਵਾਹ ਗਿਆਨੀ ਸੁਰਿੰਦਰ ਸਿੰਘ ਤੇ ਸਜਣ ਕੁਮਾਰ ਦੇ ਖਿਲਾਫ ਗਵਾਹ ਗੁਰਚਰਨ ਸਿੰਘ ਰਿਸ਼ੀ ਦਾ ਨਾਂਅ ਲੈਂਦਿਆਂ ਏ ਆਈ ਐਸ ਐਸ ਐਫ ਦੀ ਪ੍ਰਧਾਨ ਨੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਗਵਾਹ ਇਨਸਾਫ ਦੀ ਉਡੀਕ ਵਿਚ ਇਕ ਇਕ ਕਰ ਕਰਕੇ ਮਰ ਰਹੇ ਹਨ ਜਦ ਕਿ ਦੋਸ਼ੀਆਂ ਨੂੰ ਕਾਂਗਰਸ (ਆਈ) ਵਲੋਂ ਨਿਵਾਜਿਆ ਜਾ ਰਿਹਾ ਹੈ।

ਏ ਆਈ ਐਸ ਐਸ ਐਫ ਸੈਂਟੈਂਸ ਰਿਵਿਊ ਬੋਰਡ ਦੀ ਕਾਰਵਾਈ ਤੋਂ ਬਾਅਦ ਅਗਲਾ ਕਦਮ ਚੁਕੇਗੀ ਜਿਹੜਾ ਕਿਸ਼ੋਰੀ ਲਾਲ ਦੀ ਸਜ਼ਾ ਘਟਾਉਣ ਬਾਰੇ ਮੁੜ ਵਿਚਾਰ ਕਰ ਰਿਹਾ ਹੈ। ਮਨਸ਼ਾ ਸਿੰਘ ਜਿਸ ਦੇ 3 ਪੁੱਤਰਾਂ ਨੂੰ ਕਿਸ਼ੋਰੀ ਲਾਲ ਨੇ ਬੁਰੀ ਤਰਾਂ ਵਢ ਟੁਕ ਕੇ ਮਾਰ ਦਿੱਤਾ ਸੀ ਨੇ ਕਿਹਾ ਕਿ ਕਿਸ਼ੋਰੀ ਲਾਲ ਦੀ ਸਜ਼ਾ ਘਟਾਉਣਾ ਇਨਸਾਫ ਦਾ ਗਲਾ ਘੋਟਣਾ ਹੋਵਗਾ।

ਇਸ ਤੋਂ ਪਹਿਲਾਂ 25 ਜਨਵਰੀ ਨੂੰ ਅਮਰੀਕਾ ਸਥਿਤ ਗਵਾਹ ਰੇਸ਼ਮ ਸਿੰਘ ਨੇ ਵਧੀਕ ਸੈਸ਼ਨ ਜੱਜ ਕੇ ਐਸ ਪਾਲ ਤੱਕ ਪਹੁੰਚ ਕਰਕੇ ਬੇਨਤੀ ਕੀਤੀ ਸੀ ਕਿ ਨਵੰਬਰ 1984 ਸਿਖ ਕਤਲੇਆਮ ਵਿਚ ਟਾਈਟਲਰ ਦੀ ਭੂਮਿਕਾ ਬਾਰੇ ਉਸ ਦੀ ਗਵਾਹੀ ਵੀ ਦਰਜ ਕੀਤੀ ਜਾਵੇ। ਨਵੰਬਰ 1984 ਦੌਰਾਨ ਦਿੱਲੀ ਵਿਚ ਟੈਕਸੀ ਚਲਾਉਣ ਵਾਲੇ ਰੇਸ਼ਮ ਸਿੰਘ ਨੇ ਦਾਅਵੇ ਨਾਲ ਕਿਹਾ ਕਿ 01 ਨਵੰਬਰ 1984 ਨੂੰ ਉਸ ਨੇ ਗੁਰਦੁਆਰਾ ਪੁਲਬੰਗਸ਼ ਦੇ ਬਾਹਰ ਹਿੰਸਕ ਭੀੜ ਦੀ ਅਗਵਾਈ ਕਰਦਿਆਂ ਜਗਦੀਸ਼ ਟਾਈਟਲਰ ਨੂੰ ਆਪਣੇ ਅਖੀ ਵੇਖਿਆ ਸੀ ਜਿਸ ਵਿਚ 3 ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ ਤੇ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਲਗਾਏ ਗਏ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,