ਸਿੱਖ ਖਬਰਾਂ

ਖਾਲਸਤਾਨ ਦਿਹਾੜੇ ਮੌਕੇ ਸਿੱਖ ਜਥੇਬੰਦੀਆਂ ਨੇ ਰਾਜਸੀ ਨਿਸ਼ਾਨੇ ਪ੍ਰਤੀ ਦ੍ਰਿੜਤਾ ਪ੍ਰਗਟਾਈ

April 29, 2011 | By

ਸ਼੍ਰੀ ਅੰਮ੍ਰਿਤਸਰ, ਪੰਜਾਬ (29 ਅਪ੍ਰੈਲ, 2011): ਅੱਜ 29 ਅਪ੍ਰੈਲ, 2011 ਨੂੰ ਖਾਲਸਤਾਨ ਦੇ ਐਲਾਨ ਦੇ 25 ਸਾਲਾ ਦਿਹਾੜੇ ਮੌਕੇ ਪੰਥਕ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਅਰਦਾਸ ਕੀਤੀ ਅਤੇ ਖਾਲਸਤਾਨ ਦੇ ਰਾਜਸੀ ਨਿਸ਼ਾਨੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖਾਲਸਾ, ਖਾਲਸਾ ਐਕਸ਼ਨ ਕਮੇਟੀ ਦੇ ਆਗੂ; ਜਿਨ੍ਹਾਂ ਵਿਚ ਭਾਈ ਹਰਪਾਲ ਸਿੰਘ ਚੀਮਾ, ਸ੍ਰ. ਹਰਚਰਨਜੀਤ ਸਿੰਘ ਧਾਮੀ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਬਲਵੰਤ ਸਿੰਘ ਗੋਪਾਲਾ ਤੇ ਸ੍ਰ. ਚਰਨਜੀਤ ਸਿੰਘ ਸੁੱਜੋਂ ਦੇ ਨਾਂ ਖਾਸ ਵਰਨਣਯੋਗ ਹਨ ਤੋਂ ਇਲਾਵਾ ਸਿੱਖ ਨੌਜਵਾਨਾਂ ਤੇ ਸੰਗਤਾਂ ਨੇ ਅੱਜ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਹੱਥਾਂ ਵਿਚ ਕੁਝ ਤਖਤੀਆਂ ਫੜੀਆਂ ਹੋਈਆਂ ਸਨ ਜਿਸ ਉੱਪਰ ਲਿਖਿਆ ਹੋਇਆ ਸੀ “ਖਾਲਸਤਾਨ – ਸੁਪਨਾ ਜਿੰਦਾ ਹੈ”।

ਅੱਜ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਵੱਖਰੇ ਤੌਰ ਉੱਤੇ ਵੀ ਇਕ ਸੰਖੇਪ ਸੰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਦਲ ਨੇ ਖਾਲਸਤਾਨ ਦੇ ਰਾਜਸੀ ਨਿਸ਼ਾਨੇ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ (ਨਜ਼ਰਬੰਦ ਕੇਂਦਰੀ ਜੇਲ੍ਹ ਅੰਮ੍ਰਿਤਸਰ) ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨਾਂ ਹੇਠ ਜਾਰੀ ਇਸ ਸੰਖੇਪ ਸੰਦੇਸ਼ ਵਿਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ 29 ਅਪਰੈਲ 1986 ਨੂੰ ਖ਼ਾਲਸਾ ਪੰਥ ਵਲੋਂ ਜਾਰੀ ਕੀਤਾ ਗਿਆ ਖ਼ਾਲਿਸਤਾਨ ਦਾ ਐਲਾਨਨਾਮਾ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ ਅਤੇ ਇਸ ਦੀ ਪ੍ਰਾਪਤੀ ਲਈ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਤਾਂ ਕਿ ਸਾਡੀ ਮੰਜਿਲੇ-ਮਕਸੂਦ ਸਰ-ਜ਼ਮੀਨੇ ਖ਼ਾਲਸਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਰਸਾਏ ਸਿਧਾਂਤਾਂ ਦਾ ਰਾਜ ਸਥਾਪਤ ਹੋ ਸਕੇ।”
ਇਹ ਸੰਦੇਸ਼ ਪੰਜਾਬ ਨਿਊਜ਼ ਨੈਟਵਰਕ ਨੂੰ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਰਾਹੀਂ ਪ੍ਰਾਪਤ ਹੋਇਆ ਹੈ।

ਅੱਜ ਦੇ ਦਿਹਾੜੇ ਮੌਕੇ ਦਲ ਖਾਲਸਾ ਦੇ ਪ੍ਰਧਾਨ ਸ੍ਰ. ਹਰਚਰਨਜੀਤ ਸਿੰਘ ਧਾਮੀ ਨੇ ਹੇਠ ਲਿਖਿਆ ਸੰਦੇਸ਼ ਜਾਰੀ ਕੀਤਾ ਹੈ:

ਅੱਜ ਖ਼ਾਲਸਤਾਨ ਦਿਵਸ ਹੈ। ਅੱਜ ਤੋਂ 25 ਵਰ੍ਹੇ ਪਹਿਲਾਂ ਅੱਜ ਦੇ ਦਿਨ ਅਕਾਲ ਤਖਤ ਸਾਹਿਬ ਤੋਂ, ਦਮਦਮੀ ਟਕਸਾਲ ਵਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ ਖ਼ਾਲਸਤਾਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕੌਂਸਲ ਆਫ ਖ਼ਾਲਸਤਾਨ, ਦਲ ਖ਼ਾਲਸਾ, ਬੱਬਰ ਖ਼ਾਲਸਾ ਨੇ ਖ਼ਾਲਸਤਾਨ ਦੀ ਸਿਰਜਣਾ ਨੂੰ ਆਪਣਾ ਨਿਸ਼ਾਨਾ ਮਿੱਥ ਲਿਆ ਸੀ। ਸ਼ਹੀਦ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲੇ ਵੀ ਆਖਦੇ ਹੁੰਦੇ ਸਨ ਕਿ ਦਰਬਾਰ ਸਾਹਿਬ ਉਤੇ ਭਾਰਤੀ ਹਕੂਮਤ ਦਾ ਹਮਲਾ ਖ਼ਾਲਸਤਾਨ ਦੀ ਨੀਂਹ ਰੱਖੇਗਾ। ਪਰ ਕੌਮੀ ਰੂਪ ਵਿੱਚ ਸਰਬੱਤ ਖ਼ਾਲਸਾ ਰਾਂਹੀ ਚੁਣੀ ਗਈ ਪੰਥਕ ਕਮੇਟੀ ਵਲੋਂ ਅਕਾਲ ਤਖਤ ਸਾਹਿਬ ਤੋਂ 29 ਅਪਰੈਲ 1986 ਨੂੰ ਕੀਤਾ ਗਿਆ ਖ਼ਾਲਸਤਾਨ ਦਾ ਐਲਾਨਨਾਮਾ ਸਿੱਖਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਐਲਾਨਨਾਮੇ ਤੋਂ ਬਾਅਦ ਸਿੱਖ ਸੰਘਰਸ਼ ਨੂੰ ਵਧੇਰੇ ਮਜ਼ਬੂਤੀ ਅਤੇ ਪ੍ਰਵਾਨਗੀ ਮਿਲੀ।

ਖ਼ਾਲਸਾ ਪੰਥ ਨੇ ਇਕ ਲੰਮਾ ਸੰਘਰਸ਼ ਲੜਿਆ ਹੈ ਜੋ ਕਈ ਬਦਲਵੇਂ ਰੂਪਾਂ ਵਿਚ ਅੱਜ ਵੀ ਜ਼ਾਰੀ ਹੈ। ਇਸ ਸਫਰ ਦੌਰਾਨ ਸਾਡੇ ਬਹੁਤ ਸਾਰੇ ਵੀਰ ਸ਼ਹਾਦਤਾਂ ਪਾ ਗਏ। ਅਸੀਂ ਉਨਾਂ ਸਮੁੰਹ ਸਿੰਘ ਸਿੰਘਣੀਆਂ ਤੇ ਭੁਚੰਗੀਆਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਵੱਖ-2 ਜੇਲਾਂ ਵਿਚ ਨਜ਼ਰਬੰਦ, ਖਾਸ ਤੌਰ ਉਤੇ ਭਾਈ ਦਲਜੀਤ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਆਦਿ ਕੌਮੀ ਹੀਰਿਆਂ ਨੂੰ ਵੀ, ਅਸੀਂ ਅੱਜ ਦੇ ਦਿਨ ਯਾਦ ਕਰਦੇ ਹਾਂ।
ਹਰ ਉਹ ਪਰਿਵਾਰ ਅਤੇ ਹਰ ਜੀਅ, ਜਿਸਨੇ ਕਿਸੇ ਵੀ ਢੰਗ ਨਾਲ ਸੰਘਰਸ਼ ਵਿੱਚ ਹਿੱਸਾ ਪਾਇਆ, ਜੇਲ ਕੱਟੀ ਜਾਂ ਥਾਣਿਆਂ, ਤਸੀਹੇ-ਕੇਂਦਰਾਂ ਵਿੱਚ ਬੇਪੱਤ ਹੋਇਆ, ਉਹਨਾਂ ਸਾਰਿਆਂ ਦੇ ਯੋਗਦਾਨ ਸਾਹਮਣੇ, ਅਸੀਂ ਸੀਸ ਝੁਕਾਉਂਦੇ ਹਾਂ। ਅਸੀਂ ਉਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ, ਜੋ ਵਕਤੀ ਮਜ਼ਬੂਰੀਆਂ ਦੇ ਮਾਰੇ, ਰਸਤੇ ਦੀਆਂ ਮੁਸ਼ਕਲਾਂ ਤੇ ਔਕੜਾਂ ਨੂੰ ਨਾ ਸਹਾਰਦੇ ਹੋਏ ਸੰਘਰਸ਼ ਨੂੰ ਅੱਧ-ਵਿਚਾਲੇ ਹੀ ‘ਛੱਡ’ ਗਏ। ਜੋ ਜਿਨਾਂ ਤੁਰਿਆ, ਉਸ ਦੀ ਉਨੀ ਸੇਵਾ ਹੀ ਖਿੜੇ ਮੱਥੇ ਪ੍ਰਵਾਨ ਹੈ। ਹਾਂ, ਸਾਨੂੰ ਉਹਨਾਂ ਦਾ ਅਫਸੋਸ ਹੈ ਜੋ ਰਾਜਸੀ ਅਤੇ ਨਿੱਜੀ ਲਾਲਸਾਵਾਂ ਕਰਕੇ ਸਿਧਾਂਤ ਤੋਂ ਮੂੰਹ ਮੋੜ ਗਏ ਹਨ। ਵਾਹਿਗੁਰੂ! ਉਹਨਾਂ ਨੂੰ ਸੁਮੱਤ ਬਖਸ਼ੇ।

ਅਮਰੀਕਾ, ਕੈਨੇਡਾ, ਜਰਮਨੀ, ਯੂ.ਕੇ, ਫਰਾਂਸ, ਆਸਟਰੇਲੀਆ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਸਿੰਘਾਪੁਰ ਅੰਦਰ ਸਰਗਰਮ ਖ਼ਾਲਸਤਾਨੀ ਧਿਰਾਂ ਸਾਡੇ ਲਈ ਹੌਂਸਲੇ ਅਤੇ ਹਮਾਇਤ ਦੇ ਥੰਮ ਹਨ।

ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਬੇਤਹਾਸ਼ਾ ਖੂਨ ਡੁੱਲ੍ਹਿਆ ਹੈ। ਹਰ ਉਹ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਜਾਂ ਕਿੱਤੇ ਨਾਲ ਸਬੰਧ ਰੱਖਦਾ ਸੀ, ਜਿਹੜਾ ਬੇਦੋਸ਼ਾ ਹੀ ‘ਜੰਗ ਹਿੰਦ-ਪੰਜਾਬ’ ਦੀ ਬਲੀ ਚੜ੍ਹਿਆ ਹੈ, ਉਸ ਦਾ ਸਾਨੂੰ ਦੁੱਖ ਹੈ, ਅਫਸੋਸ ਹੈ।

ਜੇਕਰ ਪੰਜਾਬ ਦੀ ਧਰਤੀ ਉਤੇ ਕਿਸੇ ਮਜ਼ਲੂਮ ਦਾ ਖੂਨ ਇਸ ਕਰਕੇ ਡੁੱਲੇ ਕਿ ਉਹ ਸਿੱਖ ਨਹੀ, ਜੇਕਰ ਕੋਈ ਪੰਜਾਬ ਛੱਡਕੇ ਇਸ ਕਰਕੇ ਜਾਵੇ ਕਿ ਉਹ ਸਿੱਖ ਨਹੀ ਅਤੇ ਜੇਕਰ ਕਿਸੇ ਨੂੰ ਆਪਣੀ ਜਾਨ ਬਚਾਉਣ ਲਈ ਸਿਰ ਉਤੇ ਪੱਗ ਬੰਨਣੀ ਪਵੇ ਤਾਂ ਸਾਡੇ ਲਈ ਇਹ ਸ਼ਰਮ ਵਾਲੀ ਗੱਲ ਹੈ। ਪਰ ਜੇਕਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਿਸੇ ਨੂੰ ਸਿਰਫ ਸਿੱਖ ਹੋਣ ਕਰਕੇ ਕਤਲ ਕੀਤਾ ਜਾਵੇ, ਉਸ ਦੀ ਧੀ-ਭੈਣ ਦੀ ਬੇਪਤੀ ਕੀਤੀ ਜਾਵੇ, ਉਸ ਦੇ ਗੁਰੂ-ਘਰ ਨੂੰ ਅੱਗਾਂ ਲਾਈਆਂ ਜਾਣ ਤਾਂ ਉਸ ਲਈ ਕੌਣ ਸ਼ਰਮਸਾਰ ਹੋਵੇਗਾ?

ਅੱਜ ਲੋੜ ਹੈ ਬੀਤੇ ਦੀਆਂ ਘਟਨਾਵਾਂ ਉਤੇ ਸੰਜੀਦਗੀ ਅਤੇ ਹਮਦਰਦੀ ਨਾਲ ਵਿਚਾਰ ਕਰਨ ਦੀ। ਸਾਨੂੰ ਹਰ ਧਰਮ ਨਾਲ ਸਬੰਧਤ ਉਸ ਵਿਅਕਤੀ, ਜਿਸ ਦਾ ਸਿੱਖ ਸੰਘਰਸ਼ ਨਾਲ ਕੋਈ ਸਿੱਧਾ ਸਬੰਧ ਨਹੀ ਸੀ, ਦੇ ਮਾਰੇ ਜਾਣ ਦਾ ਦੁੱਖ ਅਤੇ ਅਫਸੋਸ ਹੈ।ਆਲਮੀ ਭਾਈਚਾਰੇ ਵਾਂਗ ਪੰਜਾਬ ਦੇ ਹਿੰਦੂ ਵੀਰਾਂ ਦੇ ਮਨਾਂ ਵਿਚ ਵੀ ਖਾਲਸਤਾਨ ਬਾਰੇ ਕਈ ਭੰਬਲਭੂਸੇ ਪੈਦਾ ਹੋ ਗਏ ਹਨ ਪਰ ਅਸੀਂ ਉਨ੍ਹਾਂ ਸਾਰਿਆਂ ਖਦਸ਼ਿਆਂ ਨੂੰ ਸਪੱਸ਼ਟ ਕਰਨ ਲਈ ਸਦਾ ਤਿਆਰ ਹਾਂ।ਵਧੇਰੇ ਜਾਣਕਾਰੀ ਲਈ ਰੋਜ਼ ਪੰਜਾਬ ਸਪੈਕਟ੍ਰਮ ਪੜ੍ਹੋ ।ਅੱਜ ਵੀ ਪੰਜਾਬ ਦੇ ਕੁਦਰਤੀ ਸੋਮੇ, ਦਰਿਆਈ ਪਾਣੀ, ਜ਼ਮੀਨ, ਮਾਣ-ਸਨਮਾਨ, ਸ਼ਾਂਤੀ ਅਤੇ ਆਜ਼ਾਦੀ ਨੂੰ ਸਰਕਾਰੀ ਜਬਰ ਅਤੇ ਅੰਨੀ ਤਾਕਤ ਦੇ ਜ਼ੋਰ ਉਤੇ ਲਤਾੜਿਆ ਅਤੇ ਖੋਹਿਆ ਜਾ ਰਿਹਾ ਹੈ। ਇਹ ਲੁੱਟ ਸਿੱਖਾਂ ਤੋਂ ਇਲਾਵਾ ਹੋਰਨਾਂ ਪੰਜਾਬੀਆਂ ਨੂੰ ਕਿਉਂ ਨਹੀ ਤੰਗ ਕਰ ਰਹੀ, ਇੱਹ ਗੱਲ ਸਾਨੂੰ ਤੰਗ ਕਰ ਰਹੀ ਹੈ।

ਪੰਜਾਬ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਹਰ ਪੰਜਾਬ ਵਾਸੀ ਨੂੰ ਮੈਦਾਨ ਵਿੱਚ ਨਿੱਤਰਨਾ ਪਵੇਗਾ ਕਿਉਂਕਿ ਪੰਜਾਬ ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਸਿੱਖਾਂ ਸਾਰਿਆਂ ਦਾ ਹੈ ਜੋ ਇਸ ਦੇ ਵਾਸੀ ਹਨ, ਬਸ਼ਿੰਦੇ ਹਨ। ਪੰਜਾਬ ਦੀ ਪ੍ਰਭੁਸੱਤਾ ਅਤੇ ਆਜ਼ਾਦੀ ਲਈ ਸੂਬੇ ਦੇ ਹਰ ਵਾਸੀ ਨੂੰ ਆਪਣੀ ਪੂਰੀ ਈਮਾਨਦਾਰੀ ਅਤੇ ਦ੍ਰਿੜਤਾ ਨਾਲ ਇੱਕਜੁਟ ਹੋਕੇ ਹੰਭਲਾ ਮਾਰਨਾ ਚਾਹੀਦਾ ਹੈ। ਏਥੇ ਆਜ਼ਾਦੀ ਤੋਂ ਸਾਡਾ ਭਾਵ ਉਹੀ ਹੈ ਜੋ 1947 ਤੋਂ ਪਹਿਲਾਂ ਹਿੰਦੋਸਤਾਨੀਆਂ ਦਾ ਅੰਗਰੇਜ਼ ਤੋਂ ਆਜ਼ਾਦੀ ਮੰਗਣ ਵੇਲੇ ਹੁੰਦਾ ਸੀ।

ਅੱਜ ਉਹ ਹਾਲਾਤ ਨਹੀ ਰਹੇ ਜੋ ਅੱਜ ਤੋਂ 25 ਵਰ੍ਹੇ ਪਹਿਲਾਂ ਸਨ। ਦੁਨੀਆ, ਭਾਰਤ ਅਤੇ ਸਾਡੇ ਅੰਦਰੂਨੀ ਹਾਲਾਤਾਂ ਅੰਦਰ ਵੀ ਇੱਕ ਵੱਡੀ ਤਬਦੀਲੀ ਆਈ ਹੈ। ਇਸ ਬਦਲੇ ਹੋਏ ਮਾਹੌਲ ਵਿੱਚ ਕੌਮ ਦੇ ਵੱਡੇ ਹਿੱਸੇ ਲਈ ਖਾਲਸਤਾਨ ਦੀ ਗੱਲ ਇੱਕ ਗੁਆਚੇ ਸੁਪਨੇ ਵਾਂਗ ਬਣ ਕੇ ਰਹਿ ਗਈ ਹੈ। ਉਹਨਾਂ ਨੂੰ ਆਜ਼ਾਦੀ ਦੀ ਗੱਲ ਬੇਵਕਤੀ ਤੇ ਓਪਰੀ ਲੱਗਦੀ ਹੈ, ਪਰ ਸਾਡੇ ਲਈ ਇਹ ਬਦਲੇ ਹੋਏ ਹਾਲਾਤ, ਫੈਲੀ ਉਦਾਸੀ ਜਾਂ ਮਾਯੂਸੀ ਸਾਡੀ ਵਚਨਬੱਧਤਾ ਦੇ ਰਸਤੇ ਦੀ ਰੁਕਾਵਟ ਨਹੀ ਬਣ ਸਕਦੀ।

ਅਸੀਂ ਹਰ ਤਰ੍ਹਾਂ ਦੀਆਂ ਔਕੜਾਂ ਸਹਿਣ ਅਤੇ ਦੁਸ਼ਵਾਰੀਆਂ ਵਿਚੋਂ ਨਿਕਲਣ ਲਈ ਮਾਨਸਿਕ ਤੌਰ ਉਤੇ ਤਿਆਰ ਹਾਂ। ਇਸ ਲਈ ਨਹੀ ਕਿ ਅਸੀ ਬਹੁਤ ਬਹਾਦਰ ਹਾਂ, ਪਰ ਇਸ ਲਈ ਕਿ ਅਸੀਂ ਸਿਧਾਂਤਾਂ ਨਾਲ ਜੁੜੇ ਹੋਣ ਦੇ ਬਾਵਜੂਦ ਹਕੀਕਤਪਸੰਦ ਵੀ ਹਾਂ।

ਅੱਜ ਅਕਾਲ ਤਖਤ ਸਾਹਿਬ ਉਤੇ ਅਰਦਾਸ ਕਰਨ ਤੋਂ ਬਾਅਦ ਅਸੀਂ “ਮੁੱਠੀ ਭਰ” ਹੀ ਸਹੀ, ਪਰ ਮਜ਼ਬੂਤ ਸੰਕਲਪ ਅਤੇ ਦ੍ਰਿੜ ਇਰਾਦੇ ਨਾਲ ਇਹ ਐਲਾਨ ਕਰਦੇ ਹਾਂ ਕਿ:

ਗੁਰੂ ਸਿਧਾਂਤਾਂ ਅਤੇ ਆਦਰਸ਼ਾਂ ਅਨੁਸਾਰ ਹਰ ਮਨੁੱਖ ਨੂੰ ਬਰਾਬਰ ਜਿਊਣ, ਅੱਗੇ ਵੱਧਣ, ਮਨੁੱਖੀ ਅਤੇ ਧਾਰਮਿਕ ਆਜ਼ਾਦੀ ਦਾ ਨਿਘ ਮਾਨਣ ਦਾ ਹੱਕ ਅਤੇ ਮੌਕੇ ਮਿਲਣੇ ਚਾਹੀਦੇ ਹਨ।

ਖ਼ਾਲਸਤਾਨ ਦੀ ਸਿਰਜਣਾ ਸਾਡੀ ਜ਼ਿੰਦ-ਜਾਨ ਹੈ। ਖ਼ਾਲਸਤਾਨ ਕਿਸ ਤਰਾਂ ਦਾ ਹੋਵੇਗਾ, ਉਸ ਦਾ ਆਕਾਰ, ਉਸ ਦੀ ਬਣਤਰ, ਉਸ ਦਾ ਪ੍ਰਬੰਧਕੀ ਢਾਂਚਾ, ਰਾਜਨੀਤਿਕ ਸਿਸਟਮ, ਆਦਿ ਹਰ ਸਵਾਲ ਜੋ ਖਾਲਸਤਾਨ ਦੀ ਹੋਂਦ-ਹਸਤੀ ਨਾਲ ਜੁੜਿਆ ਹੈ, ਉਸ ਹਰ ਸਵਾਲ ਅਤੇ ਹਰ ਖਦਸ਼ੇ ਦਾ ਜੁਆਬ ਦੇਣ ਲਈ ਅਸੀਂ, ਵਿਚਾਰ-ਗੋਸ਼ਟੀਆਂ ਅਤੇ ਸੰਵਾਦ ਦੇ ਦੌਰ ਦਾ ਆਰੰਭ ਕਰਨ ਜਾ ਰਹੇ ਹਾਂ। ਇਹ ਖ਼ਾਲਸਤਾਨ ਦੇ ਸਮਰਥਕਾਂ ਅਤੇ ਮੁਖਾਲਿਫਾਂ ਲਈ ਇੱਕ ਨਵੇਂ ਦੌਰ ਦਾ ਆਗਾਜ਼ ਹੋਵੇਗਾ। ਆਲਮੀ ਭਾਈਚਾਰਾ, ਭਾਰਤੀ ਸਟੇਟ, ਪੰਜਾਬ ਦੇ ਹਿੰਦੂ ਵੀਰਾਂ ਨੂੰ ਸਾਡੀ ਬੇਨਤੀ ਹੈ ਕਿ ਆਉ, ਇਸ ਨਵੇ ਦੌਰ ਨੂੰ ਹਿੰਸਾ-ਰਹਿਤ ਰੱਖਣ ਲਈ ਵਚਨਬੱਧ ਹੋਈਏ।

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਸਦਾ ਸਾਡੇ ਸਾਰਿਆਂ ਲਈ ਮਾਰਗ-ਦਰਸ਼ਨ ਕਰਦੀ ਰਹੇਗੀ ਜਿੰਨਾਂ ਨੇ ਤਿਲਕ-ਜੰਝੂ ਤੇ ਉਨਾਂ ਹਿੰਦੂ ਸੰਕਲਪਾਂ ਲਈ ਆਪਣਾ ਸੀਸ ਵਾਰਿਆ, ਜਿੰਨ੍ਹਾਂ ਵਿੱਚ ਉਹ ਆਪ ਯਕੀਨ ਨਹੀ ਸਨ ਰੱਖਦੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,