ਵਿਦੇਸ਼

ਸਿਖਸ ਫਾਰ ਜਸਟਿਸ ਵੱਲੋਂ ਦਸਤਖਤ ਇਕੱਠੇ ਕਰਨ ਲਈ ‘1984 ਹਾਂ ਇਹ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ

June 12, 2012 | By

ਕੈਲੀਫੋਰਨੀਆ, (12 ਜੂਨ 2012): ਨਵੰਬਰ ਵਿਚ ਸਯੁੰਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਅੱਗੇ ਦਾਇਰ ਕੀਤੀ ਜਾਣ ਵਾਲੀ ਸਿਖ ‘ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਦਸ ਲੱਖ ਦਸਤਖਤ ਇਕੱਠੇ ਕਰਨ ਲਈ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ‘1984 ਹਾਂ ਇਹ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ ਕੀਤੀ ਹੈ। ਵਿਸ਼ਵ ਭਰ ਦੇ ਸਿਖ ਭਾਈਚਾਰੇ ਨਾਲ ਰਾਬਤਾ ਕਾਇਮ ਕਰਨ ਲਈ ਅਤੇ ਯਹੂਦੀਆਂ, ਅਰਮੇਨੀਅਨਾਂ, ਬੋਸਨੀਅਨਾਂ ਤੇ ਰਵਾਂਡਾ ਦੇ ਲੋਕਾਂ ਜਿਹੜੇ ਕਿ ਨਸਲਕੁਸ਼ੀ ਦੇ ਪੀੜਤ ਰਹੇ ਹਨ ਤੋਂ ਸਮਰਥਨ ਜੁਟਾਉਣ ਲਈ ਇਕ ਵੈਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ।

ਇਹ ਸਿਖ ‘ਨਸਲਕੁਸ਼ੀ ਪਟੀਸ਼ਨ’ ‘1503 ਪਟੀਸ਼ਨ’ ਦੀ ਪ੍ਰਕ੍ਰਿਆ ਦੀ ਤਰਜ਼ ’ਤੇ ਦਾਇਰ ਕੀਤੀ ਜਾਵੇਗੀ ਜਿਸ ਵਿਚ ਸਯੁੰਕਤ ਰਾਸ਼ਟਰ ਨੂੰ ਕਿਹਾ ਜਾਵੇਗਾ ਕਿ ਨਵੰਬਰ 1984 ਦੇ ਪਹਿਲੇ ਹਫਤੇ ਦੌਰਾਨ ਸਮੁੱਚੇ ਭਾਰਤ ਵਿਚ ਸਿਖਾਂ ਦੇ ਯੋਜਨਾਬੱਧ ਤਰੀਕੇ ਨਾਲ ਸੋਚੀ ਸਮਝੀ ਸਾਜਿਸ਼ ਤਹਿਤ ਕੀਤੇ ਗਏ ਕਤਲੇਆਮ ਦੀ ਜਾਂਚ ਕਰਵਾਈ ਜਾਵੇ ਤੇ ਇਸ ਨੂੰ ‘ਨਸਲਕੁਸ਼ੀ’ ਵਜੋਂ ਮਾਨਤਾ ਦਿੱਤੀ ਜਾਵੇ। ‘1503 ਪਟੀਸ਼ਨ’ ਤਹਿਤ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਉਨ੍ਹਾਂ ਸ਼ਿਕਾਇਤਾਂ ਦੀ ਘੋਖ ਕਰਦਾ ਹੈ ਜਿਨ੍ਹਾਂ ਵਿਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਿਖਾਈ ਦਿੰਦੀ ਹੋਵੇ ਜਿਵੇਂ ਕਿ ਨਵੰਬਰ 1984 ਦੌਰਾਨ ਸਿਖਾਂ ਦੇ ਕੇਸ ਵਿਚ ਹੈ।

ਨਵੰਬਰ 1984 ਦੌਰਾਨ ਸਿਖਾਂ ’ਤੇ ਹੋਏ ਹਮਲਿਆਂ ਦੀ ਤੀਬਰਤਾ, ਵਿਆਪਕ ਤਬਾਹੀ ਖਾਸ ਕਰਕੇ ਇਸ ਦੇ ਸੰਗਠਿਤ ਤਰੀਕੇ ਅਤੇ ਨਵੰਬਰ 1984 ਦੌਰਾਨ ਖਤਮ ਕੀਤੀ ਗਈ ਸਿਖ ਅਬਾਦੀ ਦੇ ਸਬੂਤਾਂ ਅਤੇ ਸਾੜੇ ਗਏ ਗੁਰਦੁਆਰਿਆਂ, ਤਬਾਹ ਕੀਤੇ ਗਏ ਪਿੰਡ ਅਤੇ ਵਿਆਪਕ ਕਬਰਗਾਹਾਂ ਦੇ ਨਵੇਂ ਸਬੂਤਾਂ ਦੇ ਖੁਲਾਸਿਆਂ ਦੇ ਆਧਾਰ ’ਤੇ ਪਟੀਸ਼ਨ ਵਿਚ ਸਯੁੰਕਤ ਰਾਸ਼ਟਰ ਨੂੰ ਦਲੀਲ ਦਿੱਤੀ ਜਾਵੇਗੀ ਕਿ ਨਵੰਬਰ 1984 ਦੌਰਾਨ ਸਿਖ ਜਾਨਾਂ, ਉਨ੍ਹਾਂ ਦੀਆਂ ਸੰਪਤੀਆਂ ਤੇ ਧਾਰਮਿਕ ਸਥਾਨਾਂ ’ਤੇ ਜਾਣਬੁਝ ਕੇ ਕੀਤੇ ਗਏ ਹਮਲੇ ‘ਨਸਲਕੁਸ਼ੀ’ ਅਪਰਾਧ ਬਣਦੇ ਹਨ ਜਿਵੇਂ ਕਿ ਨਸਲਕੁਸ਼ੀ ਬਾਰੇ ਸਯੰਕਤ ਰਾਸ਼ਟਰ ਕਨਵੈਨਸ਼ਨ ਦੀ ਧਾਰਾ 2 ਵਿਚ ਦਰਸਾਇਆ ਗਿਆ ਹੈ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸਿਖ ‘ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਅਤੇ ਪੁਸ਼ਟੀ ਲਈ ਸਿਖਸ ਫਾਰ ਜਸਟਿਸ ਇਸਰਾਈਲ, ਅਰਮੇਨੀਆ, ਬੋਸਨੀਆ ਤੇ ਰਵਾਂਡਾ ਤੱਕ ਪਹੁੰਚ ਕਰੇਗੀ ਜੋ ਕਿ ਖੁਦ ਨਸਲਕੁਸ਼ੀ ਦੇ ਸ਼ਿਕਾਰ ਰਹੇ ਹਨ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਇਸ ਪਟੀਸ਼ਨ ਰਾਹੀਂ ਸਿਖਸ ਫਾਰ ਜਸਟਿਸ ਨਵੰਬਰ 1984 ਸਿਖ ਨਸਲਕੁਸ਼ੀ ਨਾਲ ਸਬੰਧਤ ਦਸਤਾਵੇਜ਼, ਗਵਾਹ ਤੇ ਹੋਰ ਸਬੂਤ ਸਯੁੰਕਤ ਰਾਸ਼ਟਰ ਨੂੰ ਮੁਹਈਆ ਕਰਵਾਏਗੀ।

‘1984 ਹਾਂ ਇਹ ਨਸਲਕੁਸ਼ੀ ਹੈ’ ਲਹਿਰ ਦੇ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਅਨੁਸਾਰ ਉੱਤਰੀ ਅਮਰੀਕਾ ਤੋਂ ਸ਼ੁਰੂ ਕੀਤੀ ਗਈ ਇਸ ਲਹਿਰ ਵਿਚ 50 ਹਜ਼ਾਰ ਤੋਂ ਵੱਧ ਦਸਤਖਤ ਇਕੱਠੇ ਵੀ ਕੀਤੇ ਜਾ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ‘1984 ਹਾਂ ਇਹ ਨਸਲਕੁਸ਼ੀ ਹੈ’ ਲਹਿਰ ਨੂੰ ਆਸਟਰੇਲੀਆ, ਯੂ ਕੇ, ਅਤੇ ਯੁਰਪੀਨ ਯੂਨੀਅਨ ਦੇ ਦੇਸ਼ਾਂ ਤੱਕ ਲਿਜਾਇਆ ਜਾਵੇਗਾ ਤਾਂ ਜੋਂ ਉਥੋਂ ਵੀ ਵੱਧ ਤੋਂ ਵੱਧ ਸਿਖ ਭਾਈਚਾਰੇ ਤੋਂ ਦਸਤਖਤ ਇਕੱਠੇ ਕੀਤੇ ਜਾਣ। ਇਸ ਲਹਿਰ ਨੂੰ ਅਮਰੀਕਾ ਵਿਚ ਗੁਰਦੁਆਰਿਆਂ ਦੀ ਸਿਰਮੌਰ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੈਨੇਡਾ ਵਿਚ ਸਿਖ ਗੁਰਦੁਆਰਿਆਂ ਦੀ ਸਿਰਮੌਰ ਜਥੇਬੰਦੀ ਓਂਟਾਰੀਓ ਗੁਰਦੁਆਰਾਸ ਕਮੇਟੀ ਅਤੇ ਓਂਟਾਰੀਓ ਸਿਖ ਅਤੇ ਗੁਰਦੁਆਰਾ ਕੌਂਸਲ ਦੇ ਸਹਿਯੋਗ ਨਾਲ ਅਮਰੀਕਾ ਵਿਚ ਨਿਊਯਾਰਕ, ਨਿਊਜਰਸੀ ਤੇ ਸੈਨਫਰਾਂਸਿਸਕੋ ਅਤੇ ਕੈਨੇਡਾ ਵਿਚ ਟੋਰੰਟੋ, ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਵਿਚ ਇਕੋ ਵੇਲੇ ਸ਼ੁਰੂ ਕੀਤੀ ਗਈ ਸੀ।

ਵਰਣਨਯੋਗ ਹੈ ਕਿ ਸਿਖਾਂ ਦੇ ਸਰਬਉਚ ਧਾਰਮਿਕ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਲੋਂ 05 ਮਈ ਨੂੰ ਜਾਰੀ ਫਰਮਾਨ ਦੇ ਅਨੁਸਾਰ ਸਿਖ ਭਾਈਚਾਰਾ ਨਵੰਬਰ 1984 ਸਿਖ ‘ਨਸਲਕੁਸ਼ੀ ਪਟੀਸ਼ਨ’ ਦਾ ਜ਼ੋਰਦਾਰ ਸਮਰਥਨ ਕਰ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,