ਖਾਸ ਖਬਰਾਂ

ਸਿੱਖਾਂ ਨੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ; ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ-ਤਿਓਹਾਰ ਮਨਾਉਣ ਦਾ ਐਲਾਨ

March 15, 2011 | By

ਫ਼ਰੀਮਾਂਟ/ਕੈਲੇਫ਼ੋਰਨੀਆ (15 ਮਾਰਚ, 2011): ਗਦਰੀ ਸਿੰਘਾਂ-ਸ਼ਹੀਦਾਂ ਦੇ ਇਤਿਹਾਸਕ ਅਸਥਾਨ ਗੁਰਦਵਾਰਾ ਸਾਹਿਬ ਸਟਾਕਟਨ ਵਿਖੇ ਨਾਨਕਸ਼ਾਹੀ ਕੈਲੰਡਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ ਗਿਆ, ਜਿਥੇ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਜਸਵੰਤ ਸਿੰਘ ਹੋਠੀ ਨੇ ਦੱਸਿਆ ਕਿ ਜਿਹੜਾ ਵੀ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਦੀ ਭਲਾਈ ਵਾਸਤੇ ਆਵੇਗਾ, ਉਸਨੂੰ ਹਰ ਸਿੱਖ ਵਲੋਂ ਇੱਕ ਮਨ ਨਾਲ ਲਾਗੂ ਕੀਤਾ ਜਾਵੇਗਾ ਪ੍ਰੰਤੂ ਜਿਹੜਾ ਫੈਸਲਾ ਆਰ. ਐਸ. ਐਸ. ਦੀ ਸ਼ਹਿ ਤੇ ਪ੍ਰਭਾਵ ਥੱਲੇ ਪੰਥ ਨੂੰ ਦੋਫਾੜ ਕਰਨ ਲਈ ਲਿਆ ਜਾਵੇਗਾ, ਉਸਨੂੰ ਦੇਸ਼-ਵਿਦੇਸ਼ ਵਿੱਚ ਬੈਠੇ ਜਾਗਦੀ ਜ਼ਮੀਰ ਵਾਲੇ ਸਿੱਖ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਜਥੇਦਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੀ ਡਿਊਟੀ ਮੀਰੀ ਪੀਰੀ ਸਿਧਾਂਤ ਦੀ ਰਖਵਾਲੀ ਲਈ ਲੱਗੀ ਹੈ ਨਾ ਕਿ ਦੁਨਿਆਵੀ ਪ੍ਰਭਾਵ ਥੱਲੇ ਮੀਰੀ ਪੀਰੀ ਨੂੰ ਦੋਫ਼ਾੜ ਕਰਨ ਦੀ। ਉਨ੍ਹਾਂ ਨਾਨਕਸ਼ਾਹੀ ਨਵੇਂ ਸਾਲ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ।

ਉਪਰੰਤ ਖ਼ਾਲਸਾ ਪ੍ਰਭੂਸੱਤਾ ਦੇ ਅਲਬੇਲੇ ਸਿੱਖ ਚਿੰਤਕ ਤੇ ਖ਼ਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਵਾਸ਼ਿੰਗਟਨ ਡੀ.ਸੀ. ਤੋਂ ਵਿਸ਼ੇਸ਼ ਸੱਦੇ ’ਤੇ ਪਹੁੰਚੇ ਡਾ: ਅਮਰਜੀਤ ਸਿੰਘ ਨੇ ਦੱਸਿਆ ਕਿ ਕਿਵੇਂ ਆਰ. ਐਸ. ਐਸ. ਦੇ ਪ੍ਰਭਾਵ ਹੇਠ ਕੰਮ ਕਰਦੀ ਜੁੰਡਲੀ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਪੰਥ ਕਦੇ ਵੀ ਲਾਗੂ ਨਹੀਂ ਹੋਣ ਦੇਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਅਸਲ ਨਾਨਕਸ਼ਾਹੀ ਕੈਲਡੰਰ ਜਾਰੀ ਕੀਤਾ ਗਿਆ ਸੀ, ਉਸ ਸਮੇਂ ਆਰ. ਐਸ. ਐਸ. ਦੇ ਮੁਖੀ ਸੁਦਰਸ਼ਨ ਨੇ ਖ਼ਾਲਸਾ ਪੰਥ ਦਾ ਨਿਵੇਕਲਾ ਕੈਲਡੰਰ ਜਾਰੀ ਹੋਣ ਉਤੇ ਕਿਵੇਂ ਰੋਣਾ ਰੋਇਆ ਸੀ ਅਤੇ ਉਨਾਂ ਬਾਦਲ ਪਰਿਵਾਰ ਉਪਰ ਉਸ ਸਮੇਂ ਤੋਂ ਹੀ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਬਣਾਉਣ ਲਈ ਦਬਾਅ ਪਾਇਆ ਹੋਇਆ ਸੀ। ਬਦਕਿਸਮਤੀ ਨਾਲ ਅਕਾਲ ਤਖ਼ਤ ਉਪਰ ਬਿਠਾਏ ਬਾਦਲ ਪਰਿਵਾਰ ਦੇ ਹੱਥ ਠੋਕੇ ਜਥੇਦਾਰਾਂ ਨੇ ਸਿੱਖ ਪੰਥ ਦੇ ਵੱਖਰੇ ਅਤੇ ਨਿਆਰੇ ਕੈਲੰਡਰ ਦਾ ਬੇਰਹਿਮੀ ਨਾਲ ਬਿਕਰਮੀਕਰਨ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਮੀਰੀ-ਪੀਰੀ ਫ਼ਲਸਫ਼ੇ ਨੂੰ ਸਮਰਪਿਤ ਅਜ਼ਾਦ ਸੋਚਣੀ ਦੇ ਮਾਲਕ ਖਾਲਸਾ ਪੰਥ ਦੇ ਸਿਪਾਹੀ ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਇਤਿਹਾਸਕ ਫੈਸਲੇ ਉਪਰ ਵਧਾਈ ਦਿੱਤੀ।

ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਪੰਜਾਬ ਵਿੱਚ ਦਲ ਖ਼ਾਲਸਾ ਜਥੇਬੰਦੀ ਤੋਂ ਬਿਨਾਂ ਕਿਸੇ ਨੇ ਵੀ ਇਸ ਧੱਕੇਸ਼ਾਹੀ ਵਿਰੁੱਧ ਅਵਾਜ਼ ਨਹੀਂ ਉਠਾਈ ਅਤੇ ਨਾ ਹੀ ਕਿਸੇ ਹੋਰ ਸੰਸਥਾ ਨੇ ਨਾਨਕਸ਼ਾਹੀ ਨਵੇਂ ਸਾਲ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਮੂਹ ਗੁਰੂਘਰ ਅਸਲੀ 2003-ਮੂਲ ਦੇ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦੇਣਗੇ। ਉਨ੍ਹਾਂ ਨਿਮਰਤਾ ਸਹਿਤ ਅਕਾਲ ਤਖਤ ਦੇ ਜਥੇਦਾਰ ਨੂੰ ਆਪਣਾ ਫਰਜ਼ ਪਹਿਚਾਨਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਪੰਥ ਦੋਖੀਆਂ ਦਾ ਰਾਜ ਹਮੇਸ਼ਾ ਲਈ ਨਹੀਂ ਰਹਿਣਾ, ਇਸ ਲਈ ਜਥੇਦਾਰ ਸਾਹਿਬ ਨੂੰ ਕੰਧ ਉਪਰ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।

ਉਪਰੰਤ ਗਦਰੀ ਸਿੰਘਾਂ-ਸ਼ਹੀਦਾਂ ਦੇ ਇਤਿਹਾਸਕ ਅਸਥਾਨ ਗੁਰਦਵਾਰਾ ਸਾਹਿਬ ਸਟਾਕਟਨ ਦੇ ਪ੍ਰਧਾਨ ਸ: ਮਨਜੀਤ ਸਿੰਘ ਉ¤ਪਲ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਮੂਲ-2003 ਨਾਲ ਸਿੱਖ ਪੰਥ ਦੀ ਅਜ਼ਾਦ ਹਸਤੀ ਇੱਕ ਸੁਰ ਹੋਈ ਹੈ, ਇਸ ਕਰਕੇ ਇਸ ਨਾਲ ਛੇੜਛਾੜ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਆਗੂਆਂ ਨਾਲ ਅਸਲੀ 2003 ਮੂਲ ਦੇ ਨਾਨਕਸ਼ਾਹੀ ਕੈਲੰਡਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ।

ਉਪਰੰਤ ਖ਼ਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿਚ ਉਸਰੇ ਗੁਰਦਵਾਰਾ ਸਹਿਬ ਫਰੀਮਾਂਟ ਦੀ ਸੁਪਰੀਮ ਕੌਂਸਲ ਦੇ ਚੇਅਰਮੈਨ ਸ. ਜਸਵਿੰਦਰ ਸਿੰਘ ਜੰਡੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਵੱਲੋਂ ਪੂਰੀ ਕੌਮ ਦੇ ਹਿਤਾਂ ਨੂੰ ਦੋਖੀਆਂ ਕੋਲ ਗਹਿਣੇ ਰੱਖ ਦਿੱਤਾ ਹੈ ਪਰ ਅਸਲ ਵਿਚ ਇਸ ਤਰ੍ਹਾਂ ਨਹੀਂ ਹੈ। ਪੰਜਾਬ ਵਿੱਚ ਸਿੱਖ ਕੌਮ ਨੂੰ ਜ਼ੋਰ-ਜਬਰ ਨਾਲ ਗ਼ੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ ਪਰ ਸਿੱਖ ਕੌਮ ਦੀ ਅਜ਼ਾਦ ਤਾਂਘ ਕਦੇ ਵੀ ਗ਼ੁਲਾਮ ਨਹੀਂ ਰਹੀ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਅਮਰੀਕਾ ਤੋਂ ਬਾਅਦ ਕੈਨੇਡਾ ਅਤੇ ਹੋਰ ਦੇਸ਼ਾਂ ਵਿਚੋ ਇੱਕ ਸਾਂਝਾ ਪਲੇਟਫਾਰਮ ਉਸਾਰ ਕੇ ਬਾਦਲ-ਸੋਚ ਵਾਲੇ ਦੋਖੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ। ਉਨ੍ਹਾਂ ਅਸਲੀ 2003 ਮੂਲ ਦੇ ਨਾਨਕਸ਼ਾਹੀ ਕੈਲੰਡਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ ਅਤੇ ਨਾਨਕਸ਼ਾਹੀ ਨਵੇਂ ਸਾਲ ਦੀ ਸਮੂੰਹ ਸੰਗਤ ਨੂੰ ਵਧਾਈ ਦਿੱਤੀ। ਗੁਰਦਵਾਰਾ ਸਾਹਿਬ ਸੈਲਮਾ ਕੈਲੀਫੋਰਨੀਆ ਵਿਖੇ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਏ.ਜੀ.ਪੀ.ਸੀ. ਦੀ ਕੈਲੀਫੋਰਨੀਆਂ ਇਕਾਈ ਦੀ ਨੁਮਾਇੰਦਗੀ ਵਿੱਚ ਸਮੂੰਹ ਗੁਰੂਘਰਾਂ ਦੀ ਮੀਟੰਗ ਹੋਈ, ਜਿਸ ਵਿੱਚ ਵੱਖ ਵੱਖ ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਸਮੂੰਹ ਸਾਧ ਸੰਗਤ ਨੇ ਜਿਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਵੇਂ ਸਾਲ ਨੂੰ ਜੀ ਆਇਆਂ ਕਿਹਾ, ਉਥੇ ਅਸਲੀ 2003 ਮੂਲ ਦੇ ਨਾਨਕਸ਼ਾਹੀ ਕੈਲੰਡਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ।

ਪਾਕਿਸਤਾਨ ਵਿੱਚ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਸਾਹਿਬ ਦੁਆਰਾ ਵਰੋਸਾਏ ਇਤਿਹਾਸਕ ਜਨਮ ਅਸਥਾਨ ਵਿਖੇ ਨਵੇਂ ਨਾਨਕਸ਼ਾਹੀ ਸਾਲ ਦੀ ਖ਼ੁਸ਼ੀ ਵਿਚ ਦੀਵਾਨ ਸਜਾਏ। ਰੱਬੀ ਕੀਰਤਨ ਨਾਲ ਸੰਗਤਾਂ ਨੇ ਨਿਹਾਲ ਨਿਹਾਲ ਹੁੰਦਿਆਂ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ ਤੇ ਜੈਕਾਰਿਆਂ ਦੀ ਗੂੰਜ ਵਿਚ ਅਸਲ ਨਾਨਕਸ਼ਾਹੀ ਕੈਲੰਡਰ ਮੂਲ-2003 ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਪੂਰੇ ਸੰਸਾਰ ਭਰ ਵਿਚੋਂ ਨਵੇਂ ਨਾਨਕਸ਼ਾਹੀ ਸਾਲ ਮਨਾਉਣ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,