ਖਾਸ ਖਬਰਾਂ

ਖਾਸ ਰਿਪੋਰਟ: ਮਸਲਾ ਪਾਣੀਆਂ ਦਾ…ਲਾਹੌਰ ਵਿਖੇ ‘ਪਾਣੀਆਂ ਬਿਨਾਂ ਪੰਜਾਬ ਕਿੱਥੇ’ ਵਿਸ਼ੇ ’ਤੇ ਹੋਏ ਸੈਮੀਨਾਰ ਵਿੱਚ ਗੰਭੀਰ ਵਿਚਾਰਾਂ ਹੋਈਆਂ

December 3, 2010 | By

ਕੁਝ ਸਮਾਂ ਪਹਿਲਾਂ ਯੂਨਾਇਟਿਡ ਨੇਸ਼ਨਜ਼ ਦੀ ਇੱਕ ਸੰਸਥਾ ਵਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ‘‘ਇੱਕੀਵੀਂ ਸਦੀ ਵਿੱਚ, ਦੁਨੀਆ ਦੇ ਅੱਡ-ਅੱਡ ਦੇਸ਼ਾਂ ਦਰਮਿਆਨ ਹੋਣ ਵਾਲੀਆਂ ਲੜਾਈਆਂ ਦਾ ਮੁੱਖ ਮੁੱਦਾ ‘ਪਾਣੀ’ ਹੋਵੇਗਾ…।’’ 15 ਅਗਸਤ, 1947 ਦੀ ਦੇਸ਼-ਵੰਡ ਤੋਂ ਬਾਅਦ ਹੋਂਦ ਵਿੱਚ ਆਏ ਭਾਰਤ ਅਤੇ ਪਾਕਿਸਤਾਨ ਸਬੰਧੀ, ਇਹ ਗਿਆਨ ਤਾਂ ਬਹੁਤਿਆਂ ਨੂੰ ਹੈ ਕਿ ‘ਕਸ਼ਮੀਰ’ ਦੇ ਮੁੱਦੇ ’ਤੇ ਇਹ ਦੇਸ਼, ਪਿਛਲੇ 63 ਵਰ੍ਹਿਆਂ ਵਿੱਚ 4 ਜੰਗਾਂ ਲੜ ਚੁੱਕੇ ਹਨ ਪਰ ਦੋਹਾਂ ਦੇਸ਼ਾਂ ਵਿੱਚ ‘ਟਕਰਾਅ’ ਦਾ ਇੱਕ ਮੁੱਖ ਮੁੱਦਾ ‘ਦਰਿਆਈ ਪਾਣੀ’ ਵੀ ਹੈ, ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ। ਹਕੀਕਤ ਇਹ ਹੈ ਕਿ ਦੇਸ਼ ਵੰਡ ਤੋਂ ਇੱਕਦਮ ਬਾਅਦ, ਟਕਰਾਅ ਵਾਲੀ ਸਥਿਤੀ ਉਦੋਂ ਬਣ ਗਈ ਸੀ ਜਦੋਂ ਕਿ ਭਾਰਤ ਨੇ ਫਿਰੋਜ਼ਪੁਰ ਤੇ ਮਾਧੋਪੁਰ ਦੇ ‘ਹੈਡਵਰਕਸ’ ਤੋਂ ਪਾਕਿਸਤਾਨ ਨੂੰ ਜਾਣ ਵਾਲੀਆਂ ਨਹਿਰਾਂ ਦੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ। ਅੰਤਰਰਾਸ਼ਟਰੀ ਦਖਲਅੰਦਾਜ਼ੀ, ਫੌਜੀ ਤਣਾਅ ਅਤੇ ਪੈਸੇ ਦੇ ਲੈਣ-ਦੇਣ ਨਾਲ ਹੀ ਇਹ ਮਸਲਾ ਨਜਿੱਠਿਆ ਜਾ ਸਕਿਆ ਸੀ। ਪਾਣੀ ਦੇ ਮੁੱਦੇ ’ਤੇ ‘ਤਣਾਅ ਭਰਪੂਰ’ ਸਥਿਤੀ ਦੇ ਸਦੀਵੀਂ ਹੱਲ ਲਈ, ਅਮਰੀਕਾ ਦੇ ਯਤਨਾਂ ਨਾਲ, ‘ਵਰਲਡ ਬੈਂਕ’ ਨੇ ਪਹਿਲਕਦਮੀਂ ਕੀਤੀ ਸੀ।

ਵਰਲਡ ਬੈਂਕ ਦੇ ਪੈਸੇ ਦੀ ਮੱਦਦ ਨਾਲ, ਭਾਰਤ ਨੇ ‘ਭਾਖੜਾ ਡੈਮ’ ਬਣਾਇਆ ਅਤੇ ਪਾਕਿਸਤਾਨ ਨੇ ‘ਮੰਗਲ ਡੈਮ’। ਇਹ ਸਮਝੌਤਾ, ਜਿਸ ਨੂੰ ‘ਇੰਡਸ ਵਾਟਰ ਟਰੀਟੀ’ (ਦਰਿਆਏ ਸਿੰਧ ਦੇ ਪਾਣੀਆਂ ਦੀ ਸੰਧੀ) ਦਾ ਨਾਂ ਦਿੱਤਾ ਗਿਆ 1960 ਵਿੱਚ ਸਿਰੇ ਚੜ੍ਹੀ। ਇਸ ਸੰਧੀ ਦੇ ਤਹਿਤ ਸਤਲੁਜ, ਬਿਆਸ ਅਤੇ ਰਾਵੀ ਦੇ ਤਿੰਨਾਂ ਦਰਿਆਵਾਂ ਨੂੰ ਪੂਰਬੀ ਪੰਜਾਬ ਦੀ ਮਲਕੀਅਤ ਮੰਨਿਆ ਗਿਆ ਅਤੇ ਚਨਾਬ, ਜਿਹਲਮ ਅਤੇ ਦਰਿਆਏ ਸਿੰਧ, ਪਾਕਿਸਤਾਨ ਦੇ ਹਿੱਸੇ ਆਏ। ਕਸ਼ਮੀਰ ਦਾ ਮਸਲਾ, ਪਾਕਿਸਤਾਨ ਲਈ ਹੋਰ ਵੀ ਅਹਿਮੀਅਤ ਰੱਖਦਾ ਹੈ ਕਿਉਂਕਿ ਚਨਾਬ ਤੇ ਜਿਹਲਮ, ਭਾਰਤੀ ਕਸ਼ਮੀਰ ’ਚੋਂ ਨਿਕਲਦੇ ਹਨ ਅਤੇ ਭਾਰਤ ਸਰਕਾਰ ਸਮੇਂ-ਸਮੇਂ ਇਨ੍ਹਾਂ ਨਾਲ ਛੇੜਛਾੜ ਕਰਦੀ ਰਹਿੰਦੀ ਹੈ। ਇਨ੍ਹਾਂ ਦਰਿਆਵਾਂ ’ਤੇ ਬਣਾਏ ਜਾ ਰਹੇ ਵੂਲਰ ਤੇ ਬਗਲਿਆਰ ਡੈਮਾਂ ਨੂੰ ਲੈ ਕੇ, ਪਾਕਿਸਤਾਨ ਸਰਕਾਰ ਅੰਤਰਰਾਸ਼ਟਰੀ ਵਾਟਰ ਟ੍ਰਿਬਿਊਨਲ ਕੋਲ ਵੀ ਫਰਿਆਦੀ ਹੋ ਚੁੱਕੀ ਹੈ। ਪਾਕਿਸਤਾਨੀ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਬੜੀ ਗੰਭੀਰ ਹੁੰਦੀ ਜਾ ਰਹੀ ਹੈ। ਪਾਣੀ ਦਾ ਧਰਤੀ ਹੇਠਲਾ ਪੱਧਰ ਵੀ ਨੀਂਵਾਂ ਹੁੰਦਾ ਜਾ ਰਿਹਾ ਹੈ ਅਤੇ ਪੀਣ ਯੋਗ ਪਾਣੀ ਅਤੇ ਸਿੰਚਾਈ ਯੋਗ ਪਾਣੀ ‘ਪਲੀਤ’ (ਪੋਲਿਊਟਿਡ) ਹੁੰਦੇ ਜਾ ਰਹੇ ਹਨ। ਹੋਰ ਤਾਂ ਹੋਰ ਲਾਹੌਰ ਦਾ ਪਾਣੀ ਵੀ ਪੀਣ ਦੇ ਲਾਇਕ ਨਹੀਂ ਹੈ।

ਭਾਰਤੀ ਕਬਜ਼ੇ ਹੇਠਲੇ ਪੰਜਾਬ ਦੀ ਸਥਿਤੀ, ਪਾਕਿਸਤਾਨੀ ਪੰਜਾਬ ਨਾਲੋਂ ਵੀ ਬਦਤਰ ਤੇ ਤਰਸਯੋਗ ਹੈ। ਭਾਰਤ ਦੀ ਕੇਂਦਰੀ ਸਰਕਾਰ ਨੇ, ਸਮੁੱਚੀਆਂ ਅੰਤਰਰਾਸ਼ਟਰੀ ਸੰਧੀਆਂ ਤੇ ਮਾਨਤਾਵਾਂ ਨੂੰ ਛਿੱਕੇ ਟੰਗਦਿਆਂ, ਪਿਛਲੇ 63 ਸਾਲਾਂ ਤੋਂ ਪੰਜਾਬ ਦੇ ਪਾਣੀਆਂ ਦੀ ਐਸੀ ਲੁੱਟ ਮਚਾਈ ਹੈ ਕਿ ਅੱਜ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ, ਬਹੁਤ ਥਾਈਂ 140 ਫੁੱਟ ਤੋਂ ਲੈ ਕੇ 200 ਫੁੱਟ ਤੱਕ ਨੀਵਾਂ ਚਲਾ ਗਿਆ ਹੈ ਅਤੇ ‘ਸਬਮਰਸੀਬਲ ਪੰਪਾਂ’ ਦੀ ਮੱਦਦ ਨਾਲ ਹੀ ਇਸ ਨੂੰ ਕੱਢਿਆ ਜਾ ਸਕਦਾ ਹੈ। ਪੰਜਾਬ ਦਾ 80 ਫੀ ਸਦੀ ਦੇ ਲਗਭਗ ਪਾਣੀ, ਪ੍ਰਦੂਸ਼ਤ ਹੋਣ ਕਰਕੇ ਪੀਣ ਦੇ ਕਾਬਲ ਨਹੀਂ ਰਿਹਾ ਅਤੇ 50 ਫੀਸਦੀ ਦੇ ਲਗਭਗ ਪਾਣੀ, ਖੇਤੀਬਾੜੀ ਦੇ ਲਾਇਕ ਵੀ ਨਹੀਂ ਹੈ। ਇੱਕ ਅੰਦਾਜ਼ੇ ਮੁਤਾਬਿਕ, ਪੰਜਾਬ ਦੇ ਤਿੰਨਾਂ ਦਰਿਆਵਾਂ (ਸਤਿਲੁਜ, ਬਿਆਸ ਅਤੇ ਰਾਵੀ) ਵਿੱਚ 16.5 ਮਿਲੀਅਨ ਏਕੜ ਫੁੱਟ ਪਾਣੀ ਵਗਦਾ ਹੈ। ਕੇਂਦਰ ਸਰਕਾਰ ਨੇ 1950ਵਿਆਂ ਤੋਂ ਹੀ, ਪੰਜਾਬ ਦੇ ਸਿਰ ਅੱਡ-ਅੱਡ ਸੰਧੀਆਂ ਮੜ੍ਹ ਕੇ, ਇਸ ’ਚੋਂ ਦੋ ਤਿਹਾਈ ਤੋਂ ਜ਼ਿਆਦਾ ਪਾਣੀ ਲੁੱਟ ਕੇ, ਲਾਗਲੀਆਂ ਨਾਨ-ਰਾਇਪੇਰੀਅਨ ਹਿੰਦੂ ਸਟੇਟਾਂ ਨੂੰ ਦੇ ਦਿੱਤਾ ਹੈ। ਸੈਂਕੜਿਆਂ ਬਿਲੀਅਨ ਡਾਲਰਾਂ ਦੀ ਇਸ ਪਾਣੀ ਦੀ, ਕਦੇ ਇੱਕ ਫੁੱਟੀ ਕੌਡੀ ਵੀ ਪੰਜਾਬ ਨੂੰ ਨਹੀਂ ਦਿੱਤੀ ਗਈ। 16.5 ਮਿਲੀਅਨ ਏਕੜ ਫੁੱਟ ਪਾਣੀ ’ਚੋਂ, 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਲੈ ਰਿਹਾ ਹੈ ਅਤੇ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜੰਮੂ-ਕਸ਼ਮੀਰ, ਦਿੱਲੀ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵੀ ਇਸ ਵਿੱਚ ਭਾਗੀਦਾਰ ਹਨ। ਪੰਜਾਬ ਕੋਲ ਬਚਦੇ ਲਗਭਗ 4 ਮਿਲੀਅਨ ਏਕੜ ਫੁੱਟ ਪਾਣੀ ਦੀ ਅੱਗੋਂ ਲੁੱਟ ਕਰਨ ਲਈ ਸਤਿਲੁਜ-ਯਮਨਾ ¦ਿਕ ਨਹਿਰ, ਹਾਂਸੀ ਬੁਟਾਣਾ ਨਹਿਰ ਆਦਿ ਦੀਆਂ ਯੋਜਨਾਵਾਂ, ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਲਾਗੂ ਕੀਤੀਆਂ ਜਾ ਰਹੀਆਂ ਹਨ। ਹੁਣ, ਪੰਜਾਬ ਦੇ ਕਬਜ਼ੇ ਹੇਠਲੇ ਸ਼ਾਹਪੁਰ ਕੰਢੀ ਡੈਮ, ਮਾਧੋਪੁਰ ਹੈਡਵਰਕਸ ਅਤੇ ਥੀਨ ਡੈਮ (ਰਣਜੀਤ ਸਾਗਰ ਪ੍ਰੋਜੈਕਟ) ਨੂੰ ਖੋਹਣ ਲਈ, ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਕੋਲ ਪਟੀਸ਼ਨ ਕੀਤੀ ਹੈ, ਜਿਸ ਦੀ ਸੁਣਵਾਈ ਲਈ ਸੁਪਰੀਮ ਕੋਰਟ ਨੇ ਫਰਵਰੀ, 2011 ਦੀ ਤਰੀਕ ਨਿਸ਼ਚਿਤ ਕੀਤੀ ਹੈ। ਭਾਰਤੀ ਕਬਜ਼ੇ ਹੇਠਲੇ ਪੰਜਾਬ ’ਚੋਂ ‘ਛੇਤੀ ਬਹੁੜੀਂ ਵੇ ਤਬੀਬਾ…’ ਦੀ ਪੁਕਾਰ ਬੜੀ ਉ¤ਚੀ ਸੁਣਾਈ ਦੇ ਰਹੀ ਹੈ।

ਦੋਹਾਂ ਪੰਜਾਬਾਂ ਦੀ ਪਾਣੀਆਂ ਦੇ ਹਵਾਲੇ ਨਾਲ ਉਪਰੋਕਤ ਦਾਸਤਾਨ, 25 ਨਵੰਬਰ ਨੂੰ ਲਾਹੌਰ ਦੇ ਪ੍ਰਸਿੱਧ ਹੋਟਲ ‘ਅਵਾਰੀ’ ਦੇ ਇੱਕ ਵੱਡੇ ਲੈਕਚਰ ਹਾਲ ਵਿੱਚ ਹੋਏ ਇੰਟਰਨੈਸ਼ਨਲ ਸੈਮੀਨਾਰ ਵਿੱਚ ਬਿਆਨੀ ਗਈ, ਜਿਸ ਵਿੱਚ 500 ਤੋਂ ਜ਼ਿਆਦਾ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਸ ਸੈਮੀਨਾਰ ਦਾ ਵਿਸ਼ਾ ਸੀ – ‘ਪਾਣੀਆਂ ਬਿਨਾਂ ਪੰਜਾਬ ਕਿੱਥੇ।’ ਇਸ ਸੈਮੀਨਾਰ ਦਾ ਪ੍ਰਬੰਧ, ਲਾਹੌਰ ਸਥਿਤ ‘ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ’ ਵਲੋਂ ਕੀਤਾ ਗਿਆ ਸੀ। ਇਸ ਸੈਮੀਨਾਰ ਨੂੰ ਗੁਰੂ ਨਾਨਕ ਸਾਹਿਬ ਦੇ 542ਵੇਂ ਸਾਲਾ ਪ੍ਰਕਾਸ਼ ਦਿਵਸ ਦੀ ਯਾਦ ਨੂੰ ਸਮਰਪਤ ਕੀਤਾ ਗਿਆ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦੇਸ-ਪ੍ਰਦੇਸ ਤੋਂ ਨਨਕਾਣਾ ਸਾਹਿਬ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਵਿੱਚ 3000 ਤੋਂ ਜ਼ਿਆਦਾ ਸਿੱਖ ਭਾਰਤ ਤੋਂ ਆਏ। ਇਸ ਭਾਰਤੀ ਜਥੇ ਦੇ ਮੈਂਬਰਾਂ ਦੀ ਵੀ ਸੈਮੀਨਾਰ ਵਿੱਚ ਭਰਵੀਂ ਸ਼ਮੂਲੀਅਤ ਸੀ ਭਾਵੇਂਕਿ ਸ਼੍ਰੋਮਣੀ ਕਮੇਟੀ ਦੇ ਮਨੋਨੀਤ ਮੈਂਬਰ (ਚੁਣੇ ਹੋਏ ਨਹੀਂ) ਜਥੇਦਾਰ ਸਵਿੰਦਰ ਸਿੰਘ ਦੋਬਲੀਆਂ ਦਾ ਵਤੀਰਾ ਨਾ-ਮਿਲਵਰਤਣ ਵਾਲਾ ਸੀ, ਜਿਸ ਦੇ ਨਾਕਾਰਤਮਕ ਬਿਆਨ ਨੂੰ ਦੇਸੀ – ਮੀਡੀਏ ਨੇ ਉਛਾਲਣ ਦਾ ਯਤਨ ਕੀਤਾ ਜਦੋਂਕਿ ‘ਸਕਾਰਾਤਮਕ ਸੈਮੀਨਾਰ’ ਦੀ ਖਬਰ ਨੂੰ ਗੋਲ ਕਰ ਦਿੱਤਾ ਗਿਆ।

3 ਵਜੇ ਤੋਂ 5 ਵਜੇ ਤੱਕ ਚੱਲੇ ਇਸ ਸੈਮੀਨਾਰ ਦੇ ਮੁੱਖ ਮਹਿਮਾਨ, ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਸਨ। ਯਾਦ ਰਹੇ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਹਨ, ਜਿਨ੍ਹਾਂ ਦੇ ਕਾਰਜਕਾਲ ਦੌਰਾਨ, 1998 ਵਿੱਚ ਪਾਕਿਸਤਾਨੀ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਸਰਕਾਰ ਵਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਪਰਿਵਾਰ ਦੇ ਕਈ ਪੀੜ੍ਹੀਆਂ ਤੋਂ ਸਿੱਖਾਂ ਨਾਲ ਸਬੰਧ ਬੜੇ ਸੁਖਾਵੇਂ ਹਨ। ਇਨ੍ਹਾਂ ਦੋਹਾਂ ਭਰਾਵਾਂ ਨੂੰ ਪਾਕਿਸਤਾਨ ਵਿੱਚ, ਸਿੱਖ ਦੋਸਤ ਵਜੋਂ ਜਾਣਿਆ ਜਾਂਦਾ ਹੈ। ਇਹ ਇੱਕ ਮਾਣ ਵਾਲੀ ਗੱਲ ਸੀ ਕਿ ਸ਼ਾਹਬਾਜ਼ ਸ਼ਰੀਫ ਨੇ ਆਪਣੇ ਅਤਿ ਦੇ ਰੁਝੇਵਿਆਂ ਭਰੇ ਪ੍ਰੋਗਰਾਮ ’ਚੋਂ, ਲਗਭਗ ਦੋ ਘੰਟੇ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਅਤੇ ਸਾਰੇ ਬੁਲਾਰਿਆਂ ਨੂੰ ਸੁਣਿਆ, ਨਹੀਂ ਤਾਂ ਮੁੱਖ ਮਹਿਮਾਨ ਪ੍ਰਧਾਨਗੀ ਭਾਸ਼ਣ ਕਰਨ ਲਈ ਹੀ ਆਉਂਦੇ ਹਨ।

ਸੈਮੀਨਾਰ ਦੀ ਸ਼ੁਰੂਆਤ, ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਦੇ ਡਾਇਰੈਕਟਰ ਜਨਾਬ ਐਮ. ਨਦੀਨ ਨੇ ਮੁੱਢਲੀ ਜਾਣ-ਪਛਾਣ ਨਾਲ ਕੀਤੀ। ਸਟੇਜ ਦੀ ਸਮੁੱਚੀ ਕਾਰਵਾਈ, ਲਾਹੌਰ ਰੇਡੀਓ ਦੇ ਪ੍ਰਸਿੱਧ ਪ੍ਰੋਗਰਾਮ ‘ਪੰਜਾਬੀ ਦਰਬਾਰ’ ਦੇ ਹੋਸਟ ਅਤੇ ਪ੍ਰਮੁੱਖ ਮੀਡੀਆ ਸ਼ਖਸੀਅਤ ਰਿਆਜ਼ ਮਹਿਮੂਦ ਨੇ ਬਾਖੂਬੀ ਨਿਭਾਈ। ਸੈਮੀਨਾਰ ਦੇ ਮੁੱਖ ਬੁਲਾਰਿਆਂ ਵਿੱਚ (ਤਰਤੀਬਵਾਰ) ਡਾਕਟਰ ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਮਨਮੋਹਣ ਸਿੰਘ, ਪ੍ਰਧਾਨ ਸਿੱਖ ਮੁਸਲਮਾਨ ਫਰੈਂਡਸ਼ਿਪ ਸੁਸਾਇਟੀ ਯੂ. ਕੇ., ਡਾਕਟਰ ਜਸਬੀਰ ਕੌਰ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ. ਸ਼ਾਮ ਸਿੰਘ, ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਈਅਦ ਆਸਿਫ ਹਾਸ਼ਮੀ, ਚੇਅਰਮੈਨ ਔਕਾਫ ਬੋਰਡ ਸ਼ਾਮਲ ਸਨ। ਅੱਡ-ਅੱਡ ਬੁਲਾਰਿਆਂ ਨੇ ‘ਪਾਣੀ’ ਦੀ ਅਹਿਮੀਅਤ ਨੂੰ ਰੂਹਾਨੀ, ਧਾਰਮਿਕ, ਆਰਥਿਕ ਅਤੇ ਸਿਆਸੀ ਨੁਕਤਾਨਿਗਾਹ ਤੋਂ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ। ਸਰੋਤਿਆਂ ਨੇ ਇਸ ਨੂੰ ਬੜਾ ਸਰਾਹਿਆ।

ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣਾ ਪ੍ਰਧਾਨਗੀ ਭਾਸ਼ਣ, ਸਭ ਤੋਂ ਪਹਿਲਾਂ ਸਿੱਖਾਂ ਸੰਗਤਾਂ ਨੂੰ ‘ਬਾਬਾ ਨਾਨਕ ਦੇ ਪਵਿੱਤਰ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈਆਂ’ ਦੇ ਨਾਲ ਸ਼ੁਰੂ ਕੀਤਾ। ਠੇਠ ਪੰਜਾਬੀ ਲਹਿਜ਼ੇ ਵਿੱਚ ਉਨ੍ਹਾਂ ਨੇ ਸਿੱਖਾਂ-ਮੁਸਲਮਾਨਾਂ ਦੀਆਂ ਇਤਿਹਾਸਕ ਸਾਂਝਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ‘ਉਮਰਾ ਜਾਤੀ’ (ਜ਼ਿਲ੍ਹਾ ਅੰਮ੍ਰਿਤਸਰ) ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਸਿੱਖਾਂ ਦੇ ਇਸ ਪਿੰਡ ਵਿੱਚ ਸਾਡਾ ਇੱਕੋ-ਇੱਕ ਘਰ ਮੁਸਲਮਾਨਾਂ ਦਾ ਸੀ ਪਰ ਜੋ ਮੁਹੱਬਤ ਸਾਨੂੰ ਸਿੱਖਾਂ ਨੇ ਦਿੱਤੀ ਉਹ ਨਾ-ਭੁੱਲਣਯੋਗ ਹੈ। ਫਿਰ ਉਨ੍ਹਾਂ ਨੇ ਅਸਲ ਮੁੱਦੇ ਵੱਲ ਮੁੜਦਿਆਂ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੈਂ ਕੋਈ ਤੁਹਾਨੂੰ ਭੜਕਾਉਣ ਲਈ ਨਹੀਂ ਕਹਿ ਰਿਹਾ ਪਰ ਸੱਚਾਈ ਇਹ ਹੈ ਕਿ ਪਾਣੀ ਦੇ ਮੁੱਦੇ ’ਤੇ ਸਾਡੀ ਦੋਹਾਂ ਪੰਜਾਬਾਂ ਦੀ ਹਾਲਤ ਬਹੁਤ ਮਾੜੀ ਹੈ। ਜੇ ਕੋਈ ਸਾਂਝੀ ਚਾਰਾਜੋਈ ਨਾ ਕੀਤੀ ਗਈ ਤਾਂ ਦੋਹਾਂ ਪੰਜਾਬਾਂ ਦੀ ਧਰਤੀ ਬੰਜਰ ਹੋ ਜਾਵੇਗੀ। ਉਨ੍ਹਾਂ ਦੇ ਵਿਚਾਰਾਂ ਵਿੱਚ ਜ਼ਜ਼ਬਾਤ ਵੀ ਸੀ, ਪਰ ਉਨ੍ਹਾਂ ਨੇ ਹਕੀਕਤ ਨੂੰ ਤੱਥਾਂ ਸਹਿਤ ਬਿਆਨ ਕੀਤਾ। ਸੈਮੀਨਾਰ ਵਿੱਚ ਮੌਜੂਦ ਸੈਂਕੜਿਆਂ ਸਿੱਖਾਂ ਨੇ ਸਮੁੱਚੇ ਸੈਮੀਨਾਰ ਨੂੰ ਭਰਵਾਂ ਹੁੰਗਾਰਾ ਦਿੱਤਾ।

ਅਸੀਂ ਸਮਝਦੇ ਹਾਂ ਕਿ ਦੋਹਾਂ ਪੰਜਾਬਾਂ ਦਾ ‘ਪਾਣੀ’ ਦੇ ਮੁੱਦੇ ’ਤੇ ਇੱਕ ਪਲੇਟਫਾਰਮ ’ਤੇ ਖਲੋਣਾ ਆਪਣੇ ਆਪ ਵਿੱਚ ਬੜਾ ਹਾਂ-ਪੱਖੀ ਕਦਮ ਹੈ। ਭਾਰਤੀ ਕਬਜ਼ੇ ਹੇਠਲੇ ਪੰਜਾਬ (ਭਵਿੱਖ ਦੇ ਖਾਲਿਸਤਾਨ) ਕੋਲ ਵਾਧੂ ਪਾਣੀ ਹੈ ਜਦੋਂ ਕਿ ਪਾਕਿਸਤਾਨ ਕੋਲ ਵਾਧੂ ‘ਕੁਦਰਤੀ ਗੈਸ’ (ਨੈਚੂਰਲ ਗੈਸ) ਹੈ। ਦੁਨੀਆ ਦੀ ਪ੍ਰਸਿੱਧ ਅਖਬਾਰ ‘ਦੀ ਵਾਲ ਸਟਰੀਟ ਜਰਨਲ’ ਦੇ 29 ਨਵੰਬਰ ਦੇ ਅੰਕ ਅਨੁਸਾਰ ਪਾਕਿਸਤਾਨ ਵਿੱਚ 23 ਲੱਖ ਗੱਡੀਆਂ, ਕੁਦਰਤੀ ਗੈਸ ਨਾਲ ਚੱਲਦੀਆਂ ਹਨ, ਜਿਹੜੀ ਪੁਜ਼ੀਸ਼ਨ ਦੁਨੀਆ ਵਿੱਚ ਨੰਬਰ ਇੱਕ ’ਤੇ ਹੈ। ਉਸ ਤੋਂ ਬਾਅਦ ਅਰਜਨਟੀਨਾ (18 ਲੱਖ), ਈਰਾਨ (16 ਲੱਖ), ਬ੍ਰਾਜ਼ੀਲ (16 ਲੱਖ), ਭਾਰਤ (9 ਲੱਖ 35 ਹਜ਼ਾਰ) ਆਦਿ ਦਾ ਨੰਬਰ ਆਉਂਦਾ ਹੈ। ਭਵਿੱਖ ਵਿੱਚ ਅਸੀਂ ਪਾਕਿਸਤਾਨ ਤੋਂ ਕੁਦਰਤੀ ਗੈਸ ਲੈ ਕੇ, ‘ਪਾਣੀ’ ਵੇਚਣ ਦੀ ਤਜ਼ਾਰਤ ਕਰ ਸਕਦੇ ਹਾਂ ਜਾਂ ਹੋਰ ਥਾਵਾਂ ਵਾਂਗ ਇਹ ਸੌਦਾ ਨਕਦ (ਕੈਸ਼) ਨਾਲ ਵੀ ਹੋ ਸਕਦਾ ਹੈ। ਯਾਦ ਰੱਖੀਏ, ਕਿ ਭਵਿੱਖ ਸਾਡਾ ਹੀ ਹੈ ਅਤੇ ਇਸ ਲਈ ਹੁਣ ਤੋਂ ਸੋਚਣ ਅਤੇ ਲਾਮਬੰਦੀ ਕਰਨ ਦੀ ਲੋੜ ਹੈ –

‘ਝਲਕ ਸੁੰਦਰ ਤੋਂ ਰੌਸ਼ਨ ਪੰਧ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: