October 18, 2015 | By ਸਿੱਖ ਸਿਆਸਤ ਬਿਊਰੋ
ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਘਟਨਾ ਦੇ ਮੱਦੇਨਜਰ ਸਮੁੱਚੀ ਸਿੱਖ ਸੰਗਤ ਸੰਘਰਸ਼ ਦੇ ਰਾਹ ਤੁਰ ਚੁੱਕੀ ਹੈ।੧੪ ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਪਿੰਡ ਵਿੱਚ ਪੁਲਿਸ ਵੱਲੋਂ ਚੱਲੀ ਗੋਲੀ ਨਾਲ ਦੋ ਸਿੱਖਾਂ ਦੇ ਸ਼ਹੀਦ ਅਤੇ ਕਈ ਸਿੱਖ ਸੰਗਤਾਂ ਦੇ ਜਖਮੀ ਹੋਣ ਤੋਂ ਬਾਅਦ ਰੋਹ ਵਿੱਚ ਆਈ ਸਿੱਖ ਸੰਗਤ ਵੱਲੋਂ ਪੰਜਾਬ ਵਿੱਚ ਵੱਖ ਵੱਖ ਥਾਵਾਂ ‘ਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਜੋ ਲਗਾਤਾਰ ਜਾਰੀ ਹੈ।ਪੰਜਾਬ ਤੋਂ ਬਾਹਰ ਹੋਰ ਸੂਬਿਆਂ ਸਮੇਤ ਵਿਦੇਸ਼ਾਂ ਵਿੱਚ ਵੀ ਸਿੱਖ ਸੰਗਤਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਸਿੱਖ ਸੰਗਤ ਦੇ ਰੋਹ ਦੇ ਚਲਦਿਆਂ ਦਬਾਅ ਵਿੱਚ ਆਈ ਪੰਜਾਬ ਸਰਕਾਰ ਵੱਲੋਂ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ ਪਾਏ ਕੇਸ ਵਾਪਿਸ ਲੈਣ ਅਤੇ ਗ੍ਰਿਫਤਾਰ ਕੀਤੀਆਂ ਸਿੱਖ ਸੰਗਤਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।

ਸ. ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)
ਸਿੱਖ ਸੰਗਤਾਂ ਦੇ ਰੋਹ ਨੂੰ ਠੰਡਾ ਕਰਨ ਦੀਆਂ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਸਾਬਿਤ ਹੋਈਆਂ ਹਨ।ਸਿੱਖ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਿੱਖ ਸੰਗਤਾਂ ‘ਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਜਾ ਦੇਣ ਲਈ ਸੰਘਰਸ਼ ਲਗਾਤਾਰ ਜਾਰੀ ਹੈ।
ਅਜਿਹੇ ਸਮੇਂ ਪੰਥਕ ਏਕਤਾ ਦੀ ਮੁੱਖ ਜਰੂਰਤ ਹੈ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਹੁਣ ਇਹ ਸੰਘਰਸ਼ ਖਿਲਰਦਾ ਨਜਰ ਆ ਰਿਹਾ ਹੈ।
ਇਸ ਸੰਘਰਸ਼ ਦੀ ਮੁੱਢ ਤੋਂ ਅਗਵਾਈ ਕਰ ਰਹੇ ਸਿੱਖ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵੱਲੋਂਂ ਕੱਲ੍ਹ ਬੀਤੇ ਦਿਨ ਸੰਘਰਸ਼ ਨੂੰ ਸਹੀ ਤਰਤੀਬ ਦੇਣ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ।
ਪਰ ਅੱਜ ਕੁਝ ਪੰਥਕ ਜਥੇਬੰਦੀਆਂ ਵੱਲੋਂ ਫਰੀਦਕੋਟ ਵਿਖੇ ਮੀਟਿੰਗ ਕਰਕੇ ਇੱਕ ਹੋਰ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ। ਇਹ ਮੀਟਿੰਗ ਗੁਰਦੁਆਰਾ ਭਾਈ ਲੱਧਾ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਮਾਨ) ਅਤੇ ਯੁਨਾਈਟਿਡ ਅਕਾਲੀ ਦਲ ਵੱਲੋਂ ਬੁਲਾਈ ਗਈ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਈ ਪੰਥਪ੍ਰੀਤ ਸਿੰਘ ਅਤੇ ਕੁਝ ਹੋਰ ਪ੍ਰਚਾਰਕ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ ਪਰ ਮਾਨ ਦਲ ਦੇ ਸਮਰਥਕਾਂ ਨਾਲ ਬਹਿਸ ਹੋਣ ਕਾਰਨ ਉਹ ਮੀਟਿੰਗ ਛੱਡ ਕੇ ਵਾਪਿਸ ਚਲੇ ਗਏ।
ਇਕੱਤਰਤਾ ਤੋਂ ਬਾਅਦ ਸ.ਸਿਮਰਨਜੀਤ ਸਿੰਘ ਮਾਨ ਨੇ ਸਿੱਖ ਪ੍ਰਚਾਰਕਾਂ ਵੱਲੋਂ ਦਿੱਤੇ ਗਏ ੩ ਘੰਟੇ ਦੇ ਰੋਸ ਮੁਜਾਹਰੇ ਦੇ ਪ੍ਰੋਗਰਾਮ ਨੂੰ ਰੱਦ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਚਲ ਰਹੇ ਰੋਸ ਮੁਜਾਹਰੇ ਅਤੇ ਚੱਕਾ ਜਾਮ ਉਸੇ ਤਰ੍ਹਾਂ ਜਾਰੀ ਰੱਖੇ ਜਾਣਗੇ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ।ਉਨ੍ਹਾਂ ਨਾਲ ਹੀ ਕੁਝ ਛੋਟਾਂ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲ ਅਧਿਆਪਕ ਅਤੇ ਵਿਦਿਆਰਥੀ, ਕਿਸਾਨ, ਐਂਬੂਲੈਂਸ, ਬਰਾਤ ਅਤੇ ਹੋਰ ਜਰੂਰੀ ਵਸਤਾਂ ਜਿਵੇਂ ਦੁੱਧ ਅਤੇ ਸਬਜੀਆਂ ਲੈ ਕੇ ਜਾ ਰਹੇ ਵਾਹਨਾਂ ਨੂੰ ਜਾਮ ਵਿੱਚੋਂ ਲੰਘਣ ਦਿੱਤਾ ਜਾਵੇਗਾ।
ਸ.ਮਾਨ ਨੇ ਸੰਘਰਸ਼ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇੱਕ ਕਮੇਟੀ ਦਾ ਵੀ ਐਲਾਨ ਕੀਤਾ ਜਿਸ ਵਿੱਚ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਬੂਟਾ ਸਿੰਘ ਰਣਸਿੱਕੇ, ਅਵਤਾਰ ਸਿੰਘ ਸਾਧਾਂਵਾਲਾ, ਬਾਬਾ ਚਮਕੌਰ ਸਿੰਘ ਭਾਈ ਰੂਪਾ ਅਤੇ ਹਰਪਾਲ ਸਿੰਘ ਚੀਮਾ ਦੇ ਨਾਮ ਸ਼ਾਮਿਲ ਕੀਤੇ ਗਏ ਹਨ।ਪਰ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਸ.ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਮੇਟੀ ਵਿੱਚ ਉਨ੍ਹਾਂ ਦਾ ਨਾਮ ਉਨ੍ਹਾਂ ਨੂੰ ਬਿਨਾਂ ਪੁੱਛੇ ਹੀ ਸ਼ਾਮਿਲ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਮੇਰੀ ਰਾਇ ਹੈ ਕਿ ਪਹਿਲੇ ਦਿਨ ਤੋਂ ਸੰਘਰਸ਼ ਦੀ ਅਗਵਾਈ ਕਰ ਰਹੇ ਸਿੱਖ ਪ੍ਰਚਾਰਕਾਂ ਵੱਲੋਂ ਜੋ ਪ੍ਰੋਗਰਾਮ ਦਿੱਤਾ ਗਿਆ ਹੈ ਸਾਨੂੰ ਉਸ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਅਤੇ ਸਮੁੱਚੀਆਂ ਰਾਜਸੀ ਅਤੇ ਸਮਾਜਿਕ ਸੰਸਥਾਵਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
Related Topics: Bhai Harpal Singh Cheema (Dal Khalsa), Bhai Panthpreet Singh Khalsa, Bhai Ranjit Singh Dhadrianwale, Kotakpura Incident, Shiromani Akali Dal Amritsar (Mann), Simranjeet Singh Mann, United Akali Dal