ਐਡਵੋਕੇਟ ਐਚ.ਐਸ. ਫੂਲਕਾ 30 ਅਕਤੂਬਰ, 2017 ਨੂੰ ਅਸਲਾ ਡੀਲਰ ਅਭੀਸ਼ੇਕ ਵਰਮਾ ਵਲੋਂ 1984 ਸਿੱਖ ਕਤਲੇਆਮ ਦੇ ਸਬੰਧ 'ਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਬਾਰੇ ਦਿੱਤੀ ਜਾਣ ਵਾਲੀ ਗਵਾਹੀ ਅਤੇ ਝੂਠ ਫੜਨ ਵਾਲੇ ਟੈਸਟ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ:
1984 ਸਿੱਖ ਨਸਲਕੁਸ਼ੀ ਮਾਮਲੇ ਦੇ ਗਵਾਹ ਅਤੇ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਨੇ ਉਸ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਅਸਲਾ ਡੀਲਰ ਅਭਿਸ਼ੇਕ ਵਰਮਾ ਨੂੰ ਵਾਧੂ ਸੁਰੱਖਿਆ ਮੁਹੱਈਆ ਕਰਨ ਲਈ ਕਿਹਾ। 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਗਵਾਹ ਵਰਮਾ ਨੂੰ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆਂ ਹਨ।
1984 ਦਿੱਲੀ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਪੌਲੀਗ੍ਰਾਫ਼ (ਝੂਠ ਫੜਨ ਸਬੰਧੀ) ਟੈਸਟ ਕਰਨ ਲਈ ਸੀਬੀਆਈ ਦੀ ਅਰਜ਼ੀ ਉਤੇ ਇਥੋਂ ਦੀ ਇਕ ਅਦਾਲਤ 21 ਜੁਲਾਈ ਨੂੰ ਸੁਣਵਾਈ ਕਰੇਗੀ। ਅਦਾਲਤ ਨੇ ਇਸ ਮਾਮਲੇ ਵਿੱਚ ਹਥਿਆਰਾਂ ਦੇ ਵਪਾਰੀ ਅਭਿਸ਼ੇਕ ਵਰਮਾ ਦੀ ਅਰਜ਼ੀ ਉਤੇ ਸੀਬੀਆਈ ਤੋਂ ਜਵਾਬ ਮੰਗਿਆ ਸੀ। ਵਰਮਾ ਨੇ ਇਸ ਸ਼ਰਤ ’ਤੇ ਟੈਸਟ ਕਰਾਉਣ ਲਈ ਰਜ਼ਾਮੰਦੀ ਦਿੱਤੀ ਹੈ ਕਿ ਮੇਰੇ ਨਾਲ ਜਗਦੀਸ਼ ਟਾਈਟਲਰ ਦਾ ਵੀ ਝੂਠ ਫੜਨ ਵਾਲਾ ਟੈਸਟ ਕੀਤਾ ਜਾਵੇ।
ਮੀਡੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਕਤਲੇਆਮ 1984 ਦੇ ਇਕ ਮਾਮਲੇ ਦੇ ਗਵਾਹ ਅਭਿਸ਼ੇਕ ਵਰਮਾ ਨੇ ਸਾਬਕਾ ਕੇਦਰੀ ਮੰਤਰੀ ਅਤੇ ਸਿੱਖ ਨਸਲਕੁਸ਼ੀ 1984 ਦੇ ਦੋਸ਼ੀ ਜਗਦੀਸ਼ ਟਾਈਟਲਰ ਤੋਂ ਖਤਰਾ ਦੱਸਿਆ ਹੈ। ਹਥਿਆਰ ਵਪਾਰੀ ਅਭਿਸ਼ੇਕ ਵਰਮਾ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹੀ ਦੇਣ ਦੀ ਅਦਾਲਤ ਅੱਗੇ ਇੱਛਾ ਜ਼ਾਹਰ ਕੀਤੀ ਅਤੇ ਝੂਠ ਫੜਨ ਵਾਲਾ ਟੈਸਟ ਕਰਵਾਉਣ ਲਈ ਹੋਰ ਜਾਂਚ ਦੀ ਮੰਗ ਕੀਤੀ ਹੈ।