ਦਿੱਲੀ ਤਖਤ ਵੱਲੋਂ ਹਾਲ ਵਿੱਚ ਹੀ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਉਭਾਰ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਦਾ ਖੇਤੀਬਾੜੀ ਢਾਂਚਾ ਪੰਜਾਬ ਦੀ ਲੋੜਾਂ, ਸਹੂਲਤਾਂ ਅਤੇ ਪੰਜਾਬ ਦੇ ਕੁਦਰਤੀ ਵਸੀਲਿਆਂ ਦੇ ਅਨੁਸਾਰੀ ਨਹੀਂ ਹੈ ਬਲਕਿ ਇਹ ਬਸਤੀਵਾਦੀ ਦੌਰ ਦੌਰਾਨ ਬਰਤਾਨੀਆ ਦੀਆਂ ਲੋੜਾਂ ਦੇ ਅਨੁਸਾਰੀ ਸੀ ਅਤੇ ਨਵੀਨ ਬਸਤੀਵਾਦੀ ਦੌਰ ਦੌਰਾਨ ਹੁਣ ਦਿੱਲੀ ਤਖਤ ਦੀਆਂ ਲੋੜਾਂ ਦੇ ਅਨੁਸਾਰੀ ਹੈ। ਇਹੀ ਕਾਰਨ ਹੈ ਕਿ ਸਖਤ ਮਿਹਨਤ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਦੀ ਹਾਲਾਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਅਤੇ ਪੰਜਾਬ ਦੇ ਕੁਦਰਤੀ ਵਸੀਲੇ ਜਿਵੇਂ ਕਿ ਪਾਣੀ, ਜ਼ਮੀਨ ਅਤੇ ਹਵਾ ਵੱਡੀ ਪੱਧਰ ਉੱਤੇ ਨੁਕਸਾਨੇ ਗਏ ਹਨ।