ਸਿੱਖ ਖਬਰਾਂ

ਕੀ ਹੈ ਆਨੰਦ ਮੈਰਿਜ ਐਕਟ, 1909 ਸੰਬੰਧੀ ਤਾਜਾ ਸਥਿਤੀ?

April 12, 2012 | By

ਲੁਧਿਆਣਾ, ਪੰਜਾਬ (12 ਅਪ੍ਰੈਲ, 2012): ਅੱਜ ਜਿੱਦਾਂ ਹੀ ਇਹ ਖਬਰ ਨਸ਼ਰ ਹੋਈ ਕਿ ਭਾਰਤ ਸਰਕਾਰ ਦੇ ਮੰਤਰੀ ਮੰਡਲ ਨੇ ਆਨੰਦ ਮੈਰਿਜ ਐਕਟ, 1909 ਵਿਚ ਤਰਮੀਮ (ਸੋਧ) ਕਰਨ ਲਈ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ ਤਾਂ ਇਸ ਮਸਲੇ ਬਾਰੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ। ਮੀਡੀਆ ਹਲਕਿਆਂ ਵਿਚ ਵੀ ਇਸ ਦੀ ਖੂਬ ਚਰਚਾ ਛਿੜ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕ ਰਿਹਾ ਅਹਿਮ ਮਸਲਾ ਹੱਲ ਹੋ ਗਿਆ ਹੈ। ਕਈ ਸੱਜਣਾਂ ਨੇ ਸਮਾਜਕ ਸੰਪਰਕ ਮੰਚਾਂ, ਜਿਵੇਂ ਕਿ ਫੇਸਬੁੱਕ ਵਗੈਰਾ, ਉੱਤੇ ਇਹ ਐਲਾਨ ਕਰ ਦਿੱਤਾ ਕਿ ਆਨੰਦ ਮੈਰਿਜ ਐਕਟ ਪਾਸ ਹੋ ਚੁੱਕਾ ਹੈ।

ਇਸ ਸੰਬੰਧੀ ਸਿੱਖ ਸਿਆਸਤ ਤੱਕ ਵੀ ਕਈ ਸੱਜਣਾ ਵੱਲੋਂ ਪਹੁੰਚ ਕੀਤੀ ਗਈ ਤੇ ਖਬਰ ਦੀ ਪ੍ਰਮਾਣਕਤਾ ਬਾਰੇ ਪੁੱਛਿਆ ਗਿਆ।

ਇਸ ਸੰਬੰਧੀ ਪੁਖਤਾ ਜਾਣਕਾਰੀ ਹਾਸਲ ਕਰਨ ਲਈ ਸਾਡੇ ਵੱਲੋਂ ਭਾਈ ਪਰਮਜੀਤ ਸਿੰਘ ਗਾਜ਼ੀ (ਐਡਵੋਕੇਟ), ਕੌਮੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਤਾਜਾ ਹਾਲਾਤ ਬਾਰੇ ਹੇਠਾਂ ਛਾਪਿਆਂ ਜਾ ਰਿਹਾ ਸੰਖੇਪ ਵੇਰਵਾ “ਸਿੱਖ ਸਿਆਸਤ” ਨੂੰ ਭੇਜਿਆ ਹੈ। ਭਾਈ ਗਾਜ਼ੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਅਹਿਮ ਮਸਲੇ ਬਾਰੇ “ਸਿੱਖ ਸਿਆਸਤ” ਦੇ ਪਾਠਕਾਂ ਨਾਲ ਵਿਸਤਾਰ ਵਿਚ ਜਾਣਕਾਰੀ ਜਲਦ ਹੀ ਸਾਂਝੀ ਕਰਨਗੇ।

ਆਨੰਦ ਵਿਆਹ ਕਾਨੂੰਨ (1909) ਵਿਚ ਸੋਧ ਬਿਲ ਪਾਰਲੀਮੈਂਟ ਵਿਚ ਪੇਸ਼ ਕਰਨ ਨੂੰ ਮੰਤਰੀ ਮੰਡਲ ਵੱਲੋਂ ਮਨਜੂਰੀ

ਸਭ ਤੋਂ ਪਹਿਲਾਂ ਅੱਜ ਦੀ ਖਬਰ ਬਾਰੇ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਜੇ ਤੱਕ ਆਨੰਦ ਮੈਰਿਜ ਐਕਟ ਵਿਚ ਕੋਈ ਤਬਦੀਲੀ ਨਹੀਂ ਹੋਈ। ਆਨੰਦ ਵਿਆਹ ਕਾਨੂੰਨ (1909) ਵਿਚ ਸੋਧ ਬਿਲ ਪਾਰਲੀਮੈਂਟ ਵਿਚ ਪੇਸ਼ ਕਰਨ ਨੂੰ ਮੰਤਰੀ ਮੰਡਲ ਵੱਲੋਂ ਮਨਜੂਰੀ ਦਿੱਤੀ ਗਈ ਹੈ। ਭਾਰਤ ਸਰਕਾਰ ਦੇ “ਪੱਤਰ ਸੂਚਨਾ ਦਫਤਰ” (Press Information Bureau, Government of India) ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਵੀ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ:

“ਮੰਤਰੀ ਮੰਡਲ ਨੇ ਆਨੰਦ ਵਿਆਹ ਕਾਨੂੰਨ ਵਿਚ ਵਿਆਹ ਦਰਜ਼ ਕਰਨ ਦਾ ਪ੍ਰਬੰਧ ਕਰਨ ਲਈ ਬਿੱਲ ਸੰਸਦ ਵਿਚ ਪੇਸ਼ ਕਰਨ ਨੂੰ ਮਨਜੂਰੀ ਦਿੱਤੀ ਹੈ” (Release ID: 82201)।

ਪਿਛਲੇ ਕੁਝ ਮਹੀਨਿਆਂ ਵਿਚ ਇਸ ਤੋਂ ਪਹਿਲਾਂ ਵੀ 1909 ਦੇ ਇਸ ਕਾਨੂੰਨ ਵਿਚ ਭਵਿੱਖ ਵਿਚ ਸੋਧ ਕੀਤੇ ਜਾਣ ਦੇ ਬਿਆਨ ਕਈ ਸਰਕਾਰੀ ਹਲਕਿਆਂ ਵੱਲੋਂ ਆ ਚੁੱਕੇ ਹਨ। ਹਾਲ ਵਿਚ ਵੀ ਭਾਰਤ ਦੇ ਕਾਨੂੰਨ ਮੰਤਰੀ ਨੇ ਤਾਂ ਇਹ ਵੀ ਬਿਆਨ ਦਿੱਤਾ ਸੀ ਵਿਆਹ ਦੀ ਰਜਿਸਟ੍ਰੇਸ਼ਨ ਨੂੰ “ਧਰਮ-ਰਹਿਤ” ਕਰ ਦੇਣਾ ਚਾਹੀਦਾ ਹੈ (ਦੇਖਣ ਨੂੰ ਇਹ ਗੱਲ ਤਰਕਸੰਗਤ ਲੱਗਦੀ ਹੈ ਪਰ ਭਾਰਤ ਦੇ ਸਮਾਜਕ-ਸਭਿਆਚਾਰਕ ਤੇ ਸਿਆਸੀ ਮਾਹੌਲ ਵਿਚ ਇਸ ਦੇ ਕਈ ਖਤਰਨਾਕ ਪਹਿਲੂ ਵੀ ਹਨ, ਜਿਨ੍ਹਾਂ ਬਾਰੇ ਵੱਖਰੇ ਤੌਰ ਉੱਤੇ ਵਿਚਾਰ ਕਰਨੀ ਬਣਦੀ ਹੈ)।

ਅੱਜ ਜੋ ਵੱਖਰੀ ਗੱਲ ਵਾਪਰੀ ਹੈ ਉਹ ਇਹ ਹੈ ਕਿ ਭਾਰਤ ਸਰਕਾਰ ਦੇ ਮੰਤਰੀ ਮੰਡਲ ਨੇ ਇਹ ਮਤਾ ਪ੍ਰਵਾਣ ਕੀਤਾ ਹੈ ਕਿ ਆਨੰਦ ਮੈਰਿਜ ਐਕਟ ਵਿਚ ਵਿਆਹ ਦੀ ਰਜਿਸਟ੍ਰੇਸ਼ਨ ਦੀ ਮੱਦ ਸ਼ਾਮਲ ਕਰਨ ਦੀ “ਸੋਧ ਬਿੱਲ” ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਵੇਗਾ।

ਪਿਛਲੇ ਮਹੀਨਿਆਂ ਦੀਆਂ ਘਟਨਾਵਾਂ ਦੇ ਮੱਦੇ-ਨਜ਼ਰ ਇਹ ਇਕ ਵਿਹਾਰਕ ਕਦਮ ਹੈ, ਜਿਸ ਨਾਲ ਕੋਈ ਰਾਹਤ ਤਾਂ ਨਹੀਂ ਮਿਲੀ, ਬੱਸ ਜਿਸ ਰਾਹਤ ਦਾ ਭਾਰਤ ਸਰਕਾਰ ਭਰੋਸਾ ਦੇ ਰਹੀ ਸੀ ਉਸ ਭਰੋਸੇ ਨੂੰ ਜਰਾ ਪੱਕੇ ਪੈਰੀ ਕੀਤਾ ਗਿਆ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਵਾਰ ਇਹ ਬਿੱਲ ਪਾਰਲੀਮੈਂਟ ਵਿਚ ਪੇਸ਼ ਹੋ ਜਾਵੇਗਾ ਤੇ ਸਿੱਖਾਂ ਦੇ ਵਿਆਹ ਆਨੰਦ ਮੈਰਿਜ ਐਕਟ, 1909 ਤਹਿਤ ਸਰਕਾਰੀ ਪੱਤਰਾਂ ਵਿਚ ਦਰਜ ਹੋ ਸਕਣਗੇ। ਇਸ ਨਾਲ ਭਾਰਤ ਵਿਚ ਸਿੱਖ ਪਛਾਣ ਦਾ ਮਸਲਾ ਹੱਲ ਨਹੀਂ ਹੋਵੇਗਾ ਹਾਂ ਵਿਆਹ ਦੀ ਰਜਿਸਟ੍ਰੇਸ਼ਨ ਦੇ ਮਮਾਲੇ ਵਿਚ ਕੁਝ ਰਾਹਤ ਜਰੂਰ ਮਿਲੇਗੀ।

ਇਸ ਸੋਧ ਦੇ ਪਾਸ ਹੋ ਜਾਣ ਤੋਂ ਬਾਅਦ ਵਿਆਹ ਦੀ ਰਜਿਸਟ੍ਰੈਸ਼ਨ ਤੋਂ ਨੂੰ ਛੱਡ ਕੇ ਵਿਆਹ ਦੇ ਸਾਰੇ ਕਾਨੂੰਨੀ ਮਾਮਲਿਆਂ, ਜਿਵੇਂ ਕਿ ਵਿਆਹੁਤਾ ਸੰਬੰਧਾਂ ਦੀ ਬਹਾਲੀ, ਨਿਆਇਕ ਜੁਦਾਈ, ਤਲਾਕ, ਬੱਚਿਆਂ ਨੂੰ ਨਾਲ ਰੱਖਣ ਦੇ ਹੱਕ ਆਦਿ ਬਾਰੇ ਸਿੱਖਾਂ ਉੱਪਰ ਹਿੰਦੂ ਕਾਨੂੰਨ ਹੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਸਿੱਖਾਂ ਉੱਪਰ ਹਿੰਦੂ ਵਿਰਾਸਤ ਕਾਨੂੰਨ, ਹਿੰਦੂ ਵਿਆਹ ਕਾਨੂੰਨ, ਹਿੰਦੂ ਬੱਚਾ ਗੋਦ ਲੈਣ ਤੇ ਸਾਂਝ ਸੰਭਾਲ ਕਾਨੂੰਨ, ਹਿੰਦੂ ਨਾਬਾਲਗ ਤੇ ਸਰਪ੍ਰਸਤੀ ਕਾਨੂੰਨ ਵੀ ਲਾਗੂ ਰਹਿਣਗੇ।

ਭਾਰਤ ਸਰਕਾਰ ਦਾ ਸੰਬੰਧਤ ਸੂਚਨਾ ਪੱਤਰ ਪੜ੍ਹੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।