ਲੇਖ

ਅਮਰੀਕੀ ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਬਨਾਮ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦੇ ਕਤਲੇਆਮ ਦਾ ਟਲਿਆ ਦੋਹਰਾਅ

November 11, 2010 | By

ਡਾ. ਅਮਰਜੀਤ ਸਿੰਘ

ਅਮਰੀਕਾ ਦੇ ਪ੍ਰਧਾਨ ਬਰਾਕ ਹੁਸੈਨ ਓਬਾਮਾ ਦੀ ਤਿੰਨ ਰੋਜ਼ਾ ਭਾਰਤ ਫੇਰੀ ਤੋਂ ਪਹਿਲਾਂ ਹੀ, ਇਸ ਦੌਰੇ ਨਾਲ ਸਬੰਧਿਤ ਘਟਨਾਵਾਂ, 26 ਮਿਲੀਅਨ ਸਿੱਖ ਕੌਮ ਦੇ ਵਿਹੜੇ ਵਿੱਚ ਇੱਕ ਵੀਚਾਰ-ਚਰਚਾ ਛੇੜ ਗਈਆਂ ਸਨ। ਲਗਭਗ ਤਿੰਨ ਮਹੀਨੇ ਪਹਿਲਾਂ, ਕਸ਼ਮੀਰ ਵਾਦੀ ਵਿੱਚ ਵਸਦੇ ਕੁਝ ਪ੍ਰਮੁੱਖ ਸਿੱਖਾਂ ਦੇ ਘਰ ‘ਗੁੰਮਨਾਮ ਪੱਤਰ’ ਆਏ, ਜਿਨ੍ਹਾਂ ਵਿੱਚ ਸਿੱਖਾਂ ਨੂੰ ਇਸਲਾਮ ਕਬੂਲਣ, ਵਾਦੀ ਛੱਡ ਜਾਣ ਜਾਂ ਭਾਰਤ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦਾ ਫਤਵਾ ਸੁਣਾਇਆ ਗਿਆ ਸੀ। ਇਨ੍ਹਾਂ ‘ਚਿੱਠੀਆਂ’ ਨੂੰ ਭਾਰਤੀ ਏਜੰਸੀਆਂ ਦੀ ਕਰਤੂਰ ਸਮਝਦਿਆਂ, ਸਿੱਖਾਂ ਨੇ ਪੂਰੀ ਗੰਭੀਰਤਾ ਨਾਲ ਲਿਆ ਅਤੇ ਇਸ ਸਬੰਧੀ ਦੇਸ਼-ਵਿਦੇਸ਼ ਵਿੱਚ, ਜ਼ੋਰਦਾਰ ਲਾਮਬੰਦੀ ਕੀਤੀ ਗਈ। ਕਸ਼ਮੀਰ ਵਾਦੀ ਵਿੱਚ ਆਜ਼ਾਦੀ ਲਹਿਰ ਦੀ ਅਗਵਾਈ ਕਰ ਰਹੀ ‘ਹੁਰੀਅਤ ਕਾਨਫਰੰਸ’ ਜਮਾਤ ਦੇ ਆਗੂਆਂ ਨੂੰ, ਇਹ ਕਰੈਡਿਟ ਜਾਂਦਾ ਹੈ ਕਿ ਉਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ, ਇਸ ਸਬੰਧੀ ਫੌਰਨ ਆਪਣੀ ਪ੍ਰਤੀਕ੍ਰਿਆ ਦਿੱਤੀ। ਹੁਰੀਅਤ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਉਮਰ ਫਾਰੂਖ ਸਮੇਤ ਅੱਡ-ਅੱਡ ਲੀਡਰਾਂ ਨੇ, ਸਿੱਖਾਂ ਨੂੰ ਪੂਰਨ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਬਹੁਗਿਣਤੀ ਮੁਸਲਿਮ ਭਾਈਚਾਰੇ ਨੂੰ, ਸਿੱਖਾਂ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ। ਕਸ਼ਮੀਰ ਵਾਦੀ ਦੇ ਸਿੱਖਾਂ ਨੇ ਵੀ ਇਸ ਸਥਿਤੀ ਵਿੱਚ, ਆਪਣਾ ਮਨੋਬਲ ਵੀ ਕਾਇਮ ਰੱਖਿਆ ਅਤੇ ਮੁਸਲਮਾਨਾਂ ਪ੍ਰਤੀ ਸਦਭਾਵਨਾ ਵਿੱਚ ਵੀ ਕੋਈ ਕਮੀ ਨਹੀਂ ਆਣ ਦਿੱਤੀ।ਕਸ਼ਮੀਰ ਵਾਦੀ ਦੇ ਸਿੱਖਾਂ ਦੀ ਸੁਰੱਖਿਆ ਸਬੰਧੀ ‘ਚਿੰਤਾ’ ਦਾ ਪ੍ਰਗਟਾਅ ਅਜੇ ਜਾਰੀ ਸੀ, ਜਦੋਂ ਕਿ ਪ੍ਰਧਾਨ ਓਬਾਮਾ ਦੇ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਪ੍ਰੋਗਰਾਮ ਸਾਹਮਣੇ ਆਇਆ। ਹੋ ਸਕਦਾ ਹੈ ਕਿ ਇਹ ਸਿੱਖਾਂ ਪ੍ਰਤੀ ਸਦਭਾਵਨਾ ਦੇ ਪ੍ਰਗਟਾਅ ਦੇ ਨਾਲ ਨਾਲ, ਮਾਰਚ 2000 ਵਿੱਚ ਪ੍ਰਧਾਨ ਕਲਿੰਟਨ ਦੇ ਭਾਰਤ ਦੌਰੇ ਦੌਰਾਨ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਵਿਚਲੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਮਾਰੇ ਗਏ 35 ਸਿੱਖਾਂ ਦੀ ਯਾਦ ਨੂੰ ਅਮਰੀਕੀ ਪ੍ਰਧਾਨ ਦੀ ਚੁੱਪ-ਸ਼ਰਧਾਂਜਲੀ ਦਾ ਪ੍ਰਗਟਾਅ ਵੀ ਹੋਵੇ। ਪ੍ਰਧਾਨ ਕਲਿੰਟਨ ਨੇ, ਮੈਡਲੀਨ ਅਲਬਰਾਈਟ (ਕਲਿੰਟਨ ਦੌਰ ਵਿੱਚ ਵਿਦੇਸ਼ ਮੰਤਰੀ) ਦੀ ਕਿਤਾਬ ‘ਮਾਈਟੀ ਐਂਡ ਅਲਮਾਈਟੀ’ ਵਿੱਚ, ਇਨ੍ਹਾਂ 35 ਸਿੱਖਾਂ ਦੇ ਕਤਲੇਆਮ ਲਈ ‘ਹਿੰਦੂ ਦਹਿਸ਼ਤਗਰਦਾਂ’ ਨੂੰ ਦੋਸ਼ੀ ਦੱਸਿਆ ਹੈ। ਪ੍ਰਧਾਨ ਓਬਾਮਾ ਦੀ ਅੰਮ੍ਰਿਤਸਰ ਫੇਰੀ ਦੀ ਅਹਿਮੀਅਤ ਜੇ ਸਿੱਖਾਂ ਨੂੰ ਸਮਝ ਆਉਂਦੀ ਸੀ ਤਾਂ ਭਾਰਤੀ ਏਜੰਸੀਆਂ ਨੂੰ ਕਿਉਂ ਸਮਝ ਨਹੀਂ ਆਉਂਦੀ? ਇਨ੍ਹਾਂ ਏਜੰਸੀਆਂ ਨੇ, ਪ੍ਰਧਾਨ ਓਬਾਮਾ ਦੀ ਹਰਿਮੰਦਰ ਸਾਹਿਬ ਫੇਰੀ ਨੂੰ ‘ਸਿਰ ਢਕਣ’ ਦੇ ਮੁੱਦੇ ਨਾਲ ਜੋੜ ਕੇ, ਐਸਾ ਭੰਬਲਭੂਸਾ ਪੈਦਾ ਕੀਤਾ ਕਿ ਅਮਰੀਕੀ ਅਧਿਕਾਰੀਆਂ ਨੇ ਇਹ ਯਾਤਰਾ ਹੀ ਰੱਦ ਕਰ ਦਿੱਤੀ।

ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਸ਼ੁਰੂ ਹੋਣ ਮੌਕੇ, ਭਾਰਤੀ ਮੀਡੀਏ ਨੇ, ਅਮਰੀਕਾ ਹਵਾਈ ਅਥਾਰਿਟੀ ਵਲੋਂ ‘ਦਸਤਾਰਾਂ’ ਦੀ ਐਡੀਸ਼ਨਲ ਸਕਿਓਰਟੀ ਦੀ ਖਬਰ ਨੂੰ, ਇਸ ਢੰਗ ਨਾਲ ਉਛਾਲਿਆ, ਮਾਨੋ ਅਮਰੀਕਾ ਨੇ ਏਅਰਪੋਰਟਾਂ ’ਤੇ ਦਸਤਾਰਾਂ ’ਤੇ ਪਾਬੰਦੀ ਲਾ ਦਿੱਤੀ ਹੋਵੇ। ਇਸ ਖਬਰ ਨੇ ਹਰ ਸਿੱਖ ਨੂੰ ਇੱਕ ਝਟਕਾ ਦਿੱਤਾ ਕਿਉਂਕਿ ਕਿੱਥੇ ਪ੍ਰਧਾਨ ਓਬਾਮਾ ਦੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਗੱਲ ਤੇ ਕਿੱਥੇ ਦਸਤਾਰ ’ਤੇ ਵਾਧੂ ਪਾਬੰਦੀਆਂ ਦੀ ਗੱਲ? ਪਰ ਭਾਰਤੀ ਮੀਡੀਆ ਸਪਿਨ-ਮਾਸਟਰ, ਆਪਣੀ ਕਲਾ ਦੇ ਮਾਹਰ ਹਨ ਅਤੇ ਅਸੀਂ ਆਪਣੇ ਸੁਭਾਅ ਅਨੁਸਾਰ ਤਿੱਖੀ ਪ੍ਰਤੀਕ੍ਰਿਆ ਦੇਣੀ ਹੀ ਦੇਣੀ ਹੁੰਦੀ ਹੈ। ਇਸ ਕੇਸ ਵਿੱਚ ਵੀ ਇਵੇਂ ਹੀ ਹੋਇਆ। ‘ਬਿਆਨਬਾਜ਼ੀ’ ਬੜੇ ਜ਼ੋਰ-ਸ਼ੋਰ ਨਾਲ ਹੋਈ ਅਤੇ ਗੱਲ ਉੱਥੇ ਹੀ ਮੁੱਕ ਗਈ, ਕਿਸੇ ਨੇ ਅੱਗੋਂ ਫੌਲੋ-ਅੱਪ ਨਹੀਂ ਕਰਨਾ।

ਭਾਰਤੀ ਏਜੰਸੀਆਂ ਨੂੰ ਇੰਨੀ ਕਾਰਗੁਜ਼ਾਰੀ ਨਾਲ ਸੰਤੋਖ ਨਹੀਂ ਹੋਇਆ। ਉਨ੍ਹਾਂ ਨੇ ‘ਚਿੱਠੀ ਸਿੰਘਪੁਰਾ ਦਾ ਦੋਹਰਾਅ’ ਕਰਨ ਦੀ ਠਾਣੀ। ਭਾਰਤੀ ਮੀਡੀਏ ਦੀਆਂ ਖਬਰਾਂ ਅਨੁਸਾਰ (ਇਸ ਖਬਰ ਨੂੰ ਗ੍ਰੇਟਰ ਕਸ਼ਮੀਰ ਮੀਡੀਏ ਨੇ ਪ੍ਰਮੁੱਖਤਾ ਨਾਲ ਛਾਪਿਆ) ਪ੍ਰਧਾਨ ਓਬਾਮਾ ਉਦੋਂ ਮੁੰਬਈ ਤੋਂ ਦਿੱਲੀ ਵੱਲ ਰਵਾਨਾ ਹੋ ਰਹੇ ਸਨ, ਤਾਂ (5 ਨਵੰਬਰ) ਸ਼ੁੱਕਰਵਾਰ ਦੇਰ ਸ਼ਾਮ ਨੂੰ ਕਸ਼ਮੀਰ ਵਾਦੀ ਵਿੱਚ ਮੱਟਨ ਦੇ ਨੇੜੇ ਇੱਕ ਸਿੱਖ ਪਿੰਡ – ‘ਹੁੱਟਮਰਾਹ’ ਵਿੱਚ ਸੁਰੱਖਿਆ ਦਸਤਿਆਂ ਦੀ ਵਰਦੀ ਵਿੱਚ ਕੁਝ ਬੰਦੂਕਧਾਰੀ ਆਏ ਅਤੇ ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਆਉਣ ਲਈ ਕਿਹਾ। ਲੋਕਲ ਸਿੱਖਾਂ ਦੇ ਆਗੂ ਨੇ, ਮੀਡੀਏ ਨੂੰ ਦੱਸਿਆ – ‘‘ਕਾਫੀ ਦੇਰ ਰਾਤ ਗਈ ਸੂਮੋ ਗੱਡੀ ਵਿੱਚ 10 ਤੋਂ 12 ਵਰਦੀਧਾਰੀ – ਬੰਦੂਕਧਾਰੀ ਲੋਕ ਸਾਡੇ ਪਿੰਡ ਵਿੱਚ ਆਏ। ਉਨ੍ਹਾਂ ਨੇ ਸਾਡੇ ਘਰਾਂ ਦੇ ਦਰਵਾਜ਼ੇ ਖੜਕਾ ਕੇ, ਸਾਨੂੰ ਬਾਹਰ ਆਉਣ ਲਈ ਕਿਹਾ। ਪਰ ਅਸੀਂ ਹਾਲ-ਦੋਹਾਈ ਪਾ ਦਿੱਤੀ। ਇਸ ਦੌਰਾਨ ਉਹ ਉੱਥੋਂ ਭੱਜ ਨਿੱਕਲੇ। ਪਰ ਅਸੀਂ ਸੂਮੋ ਡਰਾਇਵਰ ਨੂੰ ਸਮੇਤ ਉਸ ਦੀ ਗੱਡੀ ਦੇ ਫੜ੍ਹ ਕੇ ਮੱਟਨ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਸੂਮੋ ਗੱਡੀ ਦਾ ਨੰਬਰ ਜੇ. ਕੇ. -03-3077 ਹੈ।’’ ਯਾਦ ਰਹੇ ਸਿੱਖ ਵਸੋਂ ਵਾਲਾ ਇਹ ਪਿੰਡ, ਖਾਨਬਲ ਤੋਂ ਪਹਿਲਗਾਮ ਜਾਣ ਵਾਲੀ ਸੜਕ ’ਤੇ, ਅਨੰਤਨਾਗ ਕਸਬੇ ਤੋਂ ਸਿਰਫ 10 ਕਿਲੋਮੀਟਰ ਦੂਰ ਹੈ। ਇਹ ਘਟਨਾ ਵਾਪਰਨ ਤੋਂ ਫੌਰਨ ਬਾਅਦ, ਇਲਾਕੇ ਦੇ ਸੈਂਕੜੇ ਮੁਸਲਮਾਨ ਵੀ ਆਪਣੇ ਘਰਾਂ ਵਿੱਚੋਂ ਨਿਕਲ ਕੇ, ‘ਹੱਟਮੁਰਾਹ’ ਪਿੰਡ ਵਿੱਚ ਪਹੁੰਚ ਗਏ। ਇਨ੍ਹਾਂ ਨੇ ਸਿੱਖਾਂ ਨਾਲ ਮਿਲ ਕੇ, ਸੁਰੱਖਿਆ ਦਸਤਿਆਂ ਦੇ ਖਿਲਾਫ ਰੋਸ-ਵਿਖਾਵਾ ਵੀ ਕੀਤਾ।

ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਨੂੰ ‘ਗਲਤਫਹਿਮੀ’ ਕਹਿ ਕੇ ਦਬਾਉਣ ਦਾ ਯਤਨ ਕੀਤਾ। ਪਰ ਜੰਮੂ-ਕਸ਼ਮੀਰ ਦੇ ਸਿੱਖਾਂ ਵਿੱਚ, ਇਸ ਘਟਨਾ ਨੂੰ ਲੈ ਕੇ ਬੜਾ ਰੋਸ ਪੈਦਾ ਹੋਇਆ। ਜੰਮੂ ਦੇ ਨੇੜੇ ਸਿੱਖਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਟ੍ਰੈਫਿਕ ਵੀ ਰੋਕਿਆ। ਗੁਰਦੁਆਰਾ ਪ੍ਰਬੰਧਕ ਕਮੇਟੀ (ਜੰਮੂ-ਕਸ਼ਮੀਰ) ਨੇ ਸਿੱਖਾਂ ਨੂੰ ਸ਼ਾਂਤ ਪਰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰ ਵਾਇਜ਼ ਫਾਰੂਖ ਨੇ ਕਿਹਾ – ‘ਅਸੀਂ ਸਿੱਖ ਭਾਈਚਾਰੇ ਨੂੰ ਪੂਰੀ ਤਰ੍ਹਾਂ ਸਾਵਧਾਨ ਰਹਿਣ ਅਤੇ ਸ਼ਰਾਰਤੀਆਂ ਨੂੰ ਪਛਾਣਨ ਦੀ ਅਪੀਲ ਕਰਦੇ ਹਾਂ। ਸਮੁੱਚੀ ਕਸ਼ਮੀਰ ਵਾਦੀ ਦਾ ਮੁਸਲਮਾਨ ਭਾਈਚਾਰਾ, ਤੁਹਾਡੀ ਪਿੱਠ ’ਤੇ ਖੜ੍ਹਾ ਹੈ।’ ਹੁਰੀਅਤ ਕਾਨਫਰੰਸ ਦੇ ਸਈਅਦ ਅਲੀ ਸ਼ਾਹ ਗਿਲਾਨੀ ਨੇ, ਇਸ ਘਟਨਾ ’ਤੇ ‘ਡਾਢੀ ਚਿੰਤਾ’ ਦਾ ਇਜ਼ਹਾਰ ਕਰਦਿਆਂ ਕਿਹਾ – ‘‘ਮੈਂ ਮੁਸਲਮਾਨਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਤੱਕ ਪ੍ਰਧਾਨ ਓਬਾਮਾ ਦਾ ਭਾਰਤ ਦੌਰਾ ਜਾਰੀ ਹੈ, ਉਹ ਸਿੱਖਾਂ ਦੀ ਪੂਰਨ ਸੁਰੱਖਿਆ ਲਈ ਅੱਗੇ ਆਉਣ। ਭਾਰਤੀ ਖੁਫੀਆ ਏਜੰਸੀਆਂ, ਚਿੱਠੀ ਸਿੰਘਪੁਰਾ ਦੀ ਘਟਨਾ ਦਾ ਦੋਹਰਾਅ ਕਰਨ ’ਤੇ ਉਤਾਰੂ ਜਾਪਦੀਆਂ ਹਨ।’’

ਅਸੀਂ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹਾਂ ਕਿ ਇਸ ਵਾਰ ਕਸ਼ਮੀਰੀ ਸਿੱਖ, ਭਾਰਤੀ ਏਜੰਸੀਆਂ ਦੀ ਮੰਦੀ ਸਾਜ਼ਿਸ਼ ਦਾ ਸ਼ਿਕਾਰ ਹੋਣੋਂ ਬਚ ਗਏ। ਇਸ ਵਿੱਚ, ਜਿਥੇ ਦੁਨੀਆ ਭਰ ਦੇ ਸਿੱਖਾਂ ਦੀ ‘ਸਾਵਧਾਨੀ’ ਅਤੇ ਪਹਿਲਾਂ ਹੀ ਪਾਏ ਗਏ ਸ਼ੋਰ-ਸ਼ਰਾਬੇ ਦਾ ਕਾਫੀ ਵੱਡਾ ਰੋਲ ਹੈ, ਉਥੇ ਅਸੀਂ ਕਸ਼ਮੀਰ ਵਾਦੀ ਵਿਚਲੀ ਸੁਚੱਜੀ ‘ਹੁਰੀਅਤ ਕਾਨਫਰੰਸ’ ਦੇ ਲੀਡਰਾਂ ਦੇ ਵਿਸ਼ੇਸ਼ ਧੰਨਵਾਦੀ ਹਾਂ। ਭਾਰਤੀ ਏਜੰਸੀਆਂ ਨੇ, ਪ੍ਰਧਾਨ ਓਬਾਮਾ ਦੀ ਯਾਤਰਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ, ਦਹਿਸ਼ਤਗਰਦ ਹੈਡਲੀ (ਜਿਹੜਾ ਕਿ ਅਮਰੀਕੀ ਏਜੰਸੀਆਂ ਅਤੇ ਲਸ਼ਕਰ-ਏ-ਤੋਇਬਾ ਦਾ ਦੋਹਰਾ ਦਲਾਲ ਸੀ) ਦੇ ਹਵਾਲੇ ਨਾਲ ਇਹ ਖਬਰ ‘ਪਲਾਂਟ’ ਕੀਤੀ ਸੀ ਕਿ ਹੈਡਲੀ ਅਨੁਸਾਰ, 20 ਮਾਰਚ, 2000 ਦਾ ਚਿੱਠੀ ਸਿੰਘਪੁਰਾ ਵਿਚਲਾ 35 ਸਿੱਖਾਂ ਦਾ ਕਤਲੇਆਮ, ਲਸ਼ਕਰ-ਏ-ਤੋਇਬਾ ਦਾ ਕੰਮ ਸੀ। ਸੋ ਜ਼ਾਹਰ ਹੈ ਕਿ ਭਾਰਤੀ ਏਜੰਸੀਆਂ, ਪ੍ਰਧਾਨ ਓਬਾਮਾ ਦੀ ਯਾਤਰਾ ਦੌਰਾਨ, ਚਿੱਠੀ ਸਿੰਘਪੁਰਾ ਦਾ ਦੋਹਰਾਅ ਕਰਕੇ, ਇਸ ਨੂੰ ‘ਪਾਕਿਸਤਾਨੀ ਦਹਿਸ਼ਤਗਰਦੀ’ ਦੇ ਖਾਤੇ ਵਿੱਚ ਪਾਉਣਾ ਚਾਹੁੰਦੀਆਂ ਸਨ। ਪ੍ਰਧਾਨ ਓਬਾਮਾ ਦਾ ਭਾਰਤ ਦੌਰਾ ਮੁੱਕ ਗਿਆ ਹੈ ਅਤੇ ਹਾਲ ਦੀ ਘੜੀ ਕਸ਼ਮੀਰੀ ਸਿੱਖਾਂ ਦੇ ਗਲੋਂ ਬਲਾ ਟਲ ਗਈ ਜਾਪਦੀ ਹੈ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਭਾਰਤੀ ਏਜੰਸੀਆਂ ਵਲੋਂ ਕਸ਼ਮੀਰ ਵਾਦੀ ਵਿੱਚੋਂ ਸਿੱਖਾਂ ਦੀ ਹਿਜ਼ਰਤ ਕਰਵਾਉਣ ਦਾ ਏਜੰਡਾ, ਅਜੇ ਪੂਰਾ ਹੋਣਾ ਬਾਕੀ ਹੈ। ਕਸ਼ਮੀਰ ਵਾਦੀ ਦੇ ਸਿੱਖ, ਭਾਰਤੀ ਖੁਫੀਆ ਏਜੰਸੀਆਂ ਦੇ ‘ਦਹਿਸ਼ਤਗਰਦ ਬਾਰੂਦ’ ਦੇ ਢੇਰ ਉੱਪਰ ਬੈਠੇ ਹੋਏ ਹਨ – ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਭਾਰਤੀ ਏਜੰਸੀਆਂ ਇੱਕ ਪਾਸੇ ਸਿੱਖਾਂ ਨੂੰ ਉਥੋਂ ਭਜਾਉਣਾ ਚਾਹੁੰਦੀਆਂ ਹਨ ਅਤੇ ਦੂਸਰੇ ਪਾਸੇ ਸਿੱਖਾਂ, ਮੁਸਲਮਾਨਾਂ ਵਿੱਚ ਨਫਰਤ ਦੀ ਅੱਗ ਫੈਲਾ ਕੇ ਸਿੱਖ ਕੌਮ ਨੂੰ ‘ਇਸਲਾਮਿਕ ਦਹਿਸ਼ਤਗਰਦੀ’ ਦੇ ਖਿਲਾਫ ਸੁੱਕੇ-ਬਾਲਣ ਵਾਂਗ ਵਰਤਣਾ ਚਾਹੁੰਦੀਆਂ ਹਨ। ਜੇ ਸਿੱਖ ਭੜਕ ਉੱਠਦੇ ਹਨ, ਤਾਂ ਕਸ਼ਮੀਰ ਦੀ ਅਜ਼ਾਦੀ ਲਹਿਰ ਦਾ ਵੀ ਆਪਣੇ ਆਪ ਭੋਗ ਪੈ ਜਾਂਦਾ ਹੈ ਅਤੇ ਦੇਸ਼ ਭਰ ਵਿੱਚ ਫਿਰਕੂ ਦੰਗਿਆਂ ਦਾ ਮਾਹੌਲ ਵੀ ਸਿਰਜਿਆ ਜਾਂਦਾ ਹੈ। ਇਹ ਘਟਨਾਕ੍ਰਮ ‘ਹਿੰਦੂ ਰਾਸ਼ਟਰਵਾਦੀਆਂ’ ਦੀ ਖੇਡ ਨੂੰ ਬਿਲਕੁਲ ਸੌਖਿਆਂ ਕਰ ਦਿੰਦਾ ਹੈ। ਕੀ 26 ਮਿਲੀਅਨ ਸਿੱਖ ਕੌਮ, ਇਸ ਖੁਫੀਆ ਏਜੰਸੀਆਂ ਦੀ ਹਿੰਦੂਤਵੀ ਖੇਡ ਦੀਆਂ ‘ਪੇਚੀਦਗੀਆਂ’ ਨੂੰ ਸਮਝੇਗੀ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: