ਖਾਸ ਖਬਰਾਂ » ਸਿਆਸੀ ਖਬਰਾਂ

ਆਪਣੇ ਹੀ ਫੈਲਾਏ ਜਾਲ ਵਿੱਚ ਉਲਝ ਕੇ ਰਹਿ ਗਿਆ ਬਾਦਲ ਦਲ

May 5, 2020 | By

ਲੇਖਕ: ਨਰਿੰਦਰ ਪਾਲ ਸਿੰਘ*

ਸੁਬੇ ਵਿੱਚ ਕਰੋਨਾ ਦੇ ਪਸਾਰੇ ਨੂੰ ਨਾਦੇੜ ਤੋਂ ਆਏ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਹਜੂਰ ਸਾਹਿਬ ਨਾਲ ਜੋੜਨਾ ਤੇ ਫਿਰ ਸਿਰਫ ਤੇ ਸਿਰਫ ਮਹਾਂਰਾਸ਼ਟਰ ਤੇ ਪੰਜਾਬ ਸਰਕਾਰ ਨੂੰ ਹੀ ਨਿਸ਼ਾਨੇ ਤੇ ਲੈਣਾ,ਕੀ ਬਾਦਲ ਦਲ ਦੀ ਸੱਤਾ ਨੀਤੀ ਦਾ ਹਿੱਸਾ ਨਹੀ ਹੈ ? ਕੀ ਦਲ ਇੱਕ ਵਾਰ ਫਿਰ ਆਪਣੇ ਹੀ ਫੈਲਾਏ ਇਸ ਜਾਲ ਵਿੱਚ ਉਲਝ ਕੇ ਨਹੀਂ ਰਹਿ ਗਿਆ?ਇਹ ਕੁਝ ਸਵਾਲ ਹਨ ਜੋ ਪੰਜਾਬ ਵਿੱਚ ਕਰੋਨਾ ਪਸਾਰੇ ਦੇ ਅੰਕੜਿਆਂ ਨੂੰ ਦੇਖਦਿਆਂ ਸਿਆਸੀ ਚਿੰਤਕਾਂ ਵਲੋਂ ਪੁੱਛੇ ਜਾ ਰਹੇ ਹਨ? ਬੀਤੇ ਦਿਨੀ ਜਿਉਂ ਮਹਾਂਰਾਸ਼ਟਰ ਸਥਿਤ ਇਤਿਹਾਸਕ ਗੁਰ ਅਸਥਾਨ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨੰਦੇੜ ਤੋਂ ਸ਼ਰਧਾਲੂ ਯਾਤਰੂਆਂ ਦੇ ਪੰਜਾਬ ਪੁਜਣ ਦੀਆਂ ਖਬਰਾਂ ਨਸ਼ਰ ਹੋਈਆਂ ਤਾਂ ਇਸਦੇ ਨਾਲ ਹੀ ਹਰ ਜਿਲ੍ਹਾ ਹੈਡਕੁਆਟਰ ਤੋਂ ਸਿਹਤ ਵਿਭਾਗ ਦੇ ਅੰਕੜਿਆਂ ਨੇ ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿੱਚ ਇੱਕ ਵੱਡੀ ਛਾਲ ਦਰਜ ਕਰਵਾਈ। ਇਸਦੇ ਨਾਲ ਹੀ ਜਿਥੇ ਵਾਪਸ ਪਰਤੇ ਯਾਤਰੂਆਂ ਦੀ ਰਿਹਾਇਸ਼, ਸਿਹਤ ਜਾਂਚ ਆਦਿ ਵਿੱਚ ਖਾਮੀਆਂ ਸਾਹਮਣੇ ਆਈਆਂ, ਉਸਦੇ ਨਾਲ ਹੀ ਬਾਦਲ ਦਲ ਆਗੂਆਂ ਨੇ ਬੜੀ ਫੁਰਤੀ ਨਾਲ ਮੋਰਚਾ ਸੰਭਾਲਦਿਆਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਦੋਸ਼ ਦਿੰਦਿਆਂ ,ਪਹਿਲਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਸਤੀਫੇ ਤੇ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੁਆਫੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਪਹਿਲੀ ਜਾਚੇ ਤਾਂ ਇਹੀ ਮਹਿਸੂਸ ਕੀਤਾ ਗਿਆ ਕਿ ਦੂਸਰੇ ਸੂਬਿਆਂ ‘ਚੋਂ ਪਰਤੇ ਯਾਤਰੂਆਂ ਦੀ ਸਿਹਤ ਜਾਂਚ ਨਾ ਕਰਨਾ ਪ੍ਰਬੰਧਕੀ ਖਾਮੀ ਹੈ ।ਲੇਕਿਨ ਇਨ੍ਹਾਂ ਸਾਰੇ ਹੀ ਯਾਤਰੂਆਂ ਨੂੰ ਸਿਰਫ ਹਜੂਰ ਸਾਹਿਬ ਨਾਲ ਜੋੜ ਕੇ ਨਿਸ਼ਾਨੇ ਤੇ ਲਏ ਜਾਣ ਨੇ ਉਹ ਪਰਤਾਂ ਵੀ ਖੋਹਲ ਦਿੱਤੀਆਂ ਜਿਨ੍ਹਾਂ ਸਾਫ ਕੀਤਾ ਕਿ ਪੰਜਾਬ ਸਰਕਾਰ ਵਲੋਂ ਵਾਪਿਸ ਲਿਆਂਦੇ ਸਾਰੇ ਹੀ ਸ਼ਰਧਾਲੂ ਨਹੀ ਬਲਕਿ ਦੂਸਰੇ ਰਾਜਾਂ ਤੋਂ ਨਾਦੇੜ ਇੱਕਤਰ ਹੋਏ ਵੱਡੀ ਗਿਣਤੀ ਕਾਰੀਗਰ ਵੀ ਸਨ। ਇਸਦੇ ਨਾਲ ਹੀ ਦਲ ਨੇ ਪਹਿਲਾਂ ਤਾਂ ਹਜੂਰ ਸਾਹਿਬ ਫਸੇ ਸ਼ਰਧਾਲੂਆਂ ਦੀ ਵਾਪਸੀ ਲਈ ਕੇਂਦਰ ਸਰਕਾਰ ਤੇ ਮਹਾਂਰਾਸ਼ਟਰ ਸਰਕਾਰ ਨਾਲ ਗੱਲਬਾਤ ਕਰਕੇ ਦਬਾਅ ਬਨਾਉਣ ਦੇ ਦਾਅਵੇ ਵੀ ਕੀਤੇ ਪਰੰਤੂ ਜਿਉਂ ਹੀ ਸਿਹਤ ਵਿਭਾਗ ਨੇ ਇਨ੍ਹਾਂ ਯਾਤਰੂਆਂ ਨੂੰ ਸ਼ੱਕ ਨਾਲ ਵੇਖਣਾ ਸ਼ੁਰੂ ਕੀਤਾ ਤਾਂ ਦਲ ਨੇ ਪੈਂਤੜਾ ਬਦਲਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਯਾਤਰੂਆਂ ਨੂੰ ਲਿਆਉਣ ਤੇ ਬਾਕੀ ਪ੍ਰਬੰਧ ਕਰਨੇ ਤਾਂ ਸਰਕਾਰ ਦਾ ਫਰਜ ਬਣਦਾ ਸੀ ਜੋ ਉਸਨੇ ਨਹੀ ਨਿਭਾਇਆ।

ਬੱਸ ਦਲ ਇਥੇ ਹੀ ਖਤਾ ਖਾ ਗਿਆ ਹੈ ਕਿ ਯਾਤਰੂ ਜੇਕਰ ਮਹਾਂਰਾਸ਼ਟਰ ਤੋਂ ਤੁਰੇ ਸਨ ਤਾਂ ਉਹ ਮੱਧ ਪ੍ਰਦੇਸ਼ ,ਰਾਜਸਥਾਨ ਹੁੰਦੇ ਹੋਏ ਹੀ ਪੰਜਾਬ ਪੁੱਜੇ ਸਨ ।ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੋਰ ਦੇ ਇੱਕ ਸਕੂਲ ਵਿੱਚ ਹੀ ਇਨ੍ਹਾਂ ਯਾਤਰੂਆਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਹ ਜਾਣਦੇ ਹੋਏ ਵੀ ਕਰੋਨਾ ਵਾਇਰਸ ਦੇ ਵੇਗ ਨੂੰ ਠੱਲ ਪਾਣ ਲਈ ਕੇਂਦਰ ਸਰਕਾਰ ਨੇ ਹਰ ਸੂਬਾ ਸਰਕਾਰ ਨੂੰ ਲਿਖਤੀ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਯਾਤਰੂਆਂ ਦੇ ਠਹਿਰਨ ਦੇ ਸਥਾਨ ਦੀ ਸੈਨੇਟਾਈਜੇਸ਼ਨ ਤੇ ਯਾਤਰੂਆਂ ਦੀ ਸਿਹਤ ਜਾਂਚ ਯਕੀਨੀ ਬਨਾਉਣਾ ਸਰਕਾਰਾਂ ਲਈ ਜਰੂਰੀ ਹੈ ।ਫਿਰ ਇਹ ਕਿਸ ਤਰ੍ਹਾਂ ਹੋ ਸਕਿਆ ਕਿ ਜਿਹੜੀ ਗਲਤੀ (ਸਿਹਤ ਜਾਂਚ ਨਾ ਕਰਨ ਦੀ)ਸਿਰਫ ਮਹਾਂਰਾਸ਼ਟਰ ਤੇ ਪੰਜਾਬ ਸਰਕਾਰ ਨੇ ਕੀਤੀ ,ਉਹ ਗਲਤੀ ਮੱਧ ਪ੍ਰਦੇਸ਼ ਸਰਕਾਰ ਨੇ ਨਹੀਂ ਕੀਤੀ। ਹਾਲਾਕਿ ਇਹ ਉਹ ਦਿਨ ਸਨ ਜਦੋਂ ਇੰਦੋਰ ਕਰੋਨਾ ਦੇ ਕਹਿਰ ਹੇਠ ਸੀ। ਕੀ ਯਾਤਰੂਆਂ ਨੂੰ ਰਿਹਾਇਸ਼ ,ਖਾਣਾ ਮੁਹਈਆ ਕਰਵਾਉਂਦਿਆਂ ਸਾਰੀਆਂ ਜਰੂਰੀ ਸ਼ਰਤਾਂ ਤੇ ਪਹਿਰਾ ਦਿੱਤਾ ਗਿਆ। ਕੀ ਰਾਜਸਥਾਨ ਸਰਕਾਰ ਨੇ ਇਨ੍ਹਾਂ ਯਾਤਰੂਆਂ ਨੂੰ ਪੰਜਾਬ ਵੱਲ ਭੇਜਣ ਤੋਂ ਪਹਿਲਾਂ ਕੋਈ ਅਜਿਹਾ ਫਰਜ ਨਿਭਾਇਆ। ਇਸ ਬਾਰੇ ਦਲ ਨੇ ਅਜੇ ਤੀਕ ਚੁੱਪ ਨਹੀ ਤੋੜੀ ।ਕਾਰਨ ਵੀ ਸਾਫ ਹੈ ਕਿ ਮਹਾਂਰਾਸ਼ਟਰ ਵਿੱਚ ਸ਼ਿਵਸੈਨਾ-ਕਾਂਗਰਸ ਗੰਠਜੋੜ ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ। ਦੋਨਾਂ ਥਾਵਾਂ ਤੇ ਆਪਣੀ ਸਿਆਸੀ ਦੁਸ਼ਮਣ ਧਿਰ ਨੂੰ ਕੋਸਣਾ ਦਲ ਦੀ ਅਜਮਾਈ ਹੋਈ ਨੀਤੀ ਹੈ।

ਮੱਧ ਪ੍ਰਦੇਸ਼ ਸਰਕਾਰ ਦੀ ਭੂਮਿਕਾ ਬਾਰੇ ਵੀ ਦਲ ਖਾਮੋਸ਼ ਰਿਹਾ ਕਿਉਂਕਿ ਉਥੇ ਉਸਦੀ ਸਿਆਸੀ ਭਾਈਵਾਲ ਭਾਜਪਾ ਦੀ ਸਰਕਾਰ ਹੈ। ਹੁਣ ਜਿਥੋਂ ਤੀਕ ਸੂਬੇ ਦੇ ਲੋਕਾਂ ਦੀ ਸਿਹਤ, ਸਿੱਖਿਆ,ਸੁਰੱਖਿਆ ਤੇ ਆਰਥਿਕਤਾ ਯਕੀਨੀ ਬਨਾਉਣ ਲਈ ਸੂਬਾ ਸਰਕਾਰ ਦੀ ਜਿੰਮੇਵਾਰੀ ਦੀ ਗੱਲ ਹੈ ,ਇਹ ਬਿਲਕੁਲ ਸਹੀ ਹੈ ਔਰ ਇਨ੍ਹਾਂ ਮੁੱਦਿਆਂ ਤੇ ਸਰਕਾਰਾਂ ਦੀ ਜਵਬਾਦੇਹੀ ਯਕੀਨੀ ਬਨਾਉਣਾ ਵਿਰੋਧੀ ਧਿਰ ਦਾ ਜਿੰਮਾ ਵੀ ਬਣਦਾ ਹੈ। ਲੇਕਿਨ ਪੰਜਾਬ ਦੇ ਲੋਕ ਜਾਣਦੇ ਹਨ ਤੇ ਅੱਜ ਤੀਕ ਸਵਾਲ ਕਰਦੇ ਹਨ ਕਿ ਇਹ ਦਲ ਤੇ ਇਸਦੇ ਆਗੂ ਸਾਲ ੨੦੦੭ ਤੋਂ ੨੦੧੭ ਤੀਕ ਕਿੱਥੇ ਸਨ ਜਦੋਂ ਪੰਜਾਬ ਵਿੱਚ ਹਰ ਜਗ੍ਹਾਂ ਮਾਫੀਆ ਤੇ ਜੰਗਲ ਰਾਜ ਸੀ। ਆਖਿਰ ਇਨ੍ਹਾਂ ੧੦ ਸਾਲਾਂ ਦੌਰਾਨ ਜੋ ਨੌਜੁਆਨ ਨਸ਼ਿਆਂ ਦੀ ਭੇਟ ਚੜ੍ਹ ਗਏ ਉਨ੍ਹਾਂ ਦੀ ਜਵਾਬਦੇਹੀ ਕਿਸਦੀ ਬਣਦੀ ਸੀ? ਕੀ ਗੁਰੂਆਂ ਪੀਰਾਂ ਦੀ ਧਰਤ ਪੰਜਾਬ ਤੇ ਸਮੁੱਚੀ ਮਨੁੱਖਤਾ ਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਦੀਆਂ ਘਟਨਾਵਾਂ ਨਹੀ ਹੋਈਆਂ? ਕੀ ਇਸ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ ਸਿੱਖਾਂ ਤੇ ਗੋਲੀਆਂ ਤੇ ਡਾਂਗਾਂ ਬਾਦਲ ਦਲ ਦੇ ਰਾਜ ਭਾਗ ਦੌਰਾਨ ਨਹੀ ਚੱਲੀਆਂ? ਜੇਕਰ ਦਲ ਨੇ ਆਪਣੇ ਪੰਦਰਾਂ ਸਾਲਾ ਪੰਜਾਬ ਵਿਚਲੇ ਰਾਜ ਭਾਗ ਦੌਰਾਨ ਸਿਹਤ ਵਿਭਾਗ ਦੀ ਹੀ ਸਾਰ ਲਈ ਹੁੰਦੀ ਤਾਂ ਕੀ ਅੱਜ ਡਾਕਟਰੀ ਸਟਾਫ ਲਈ ਜਰੂਰੀ ਮਾਮੂਲੀ ਸਾਜੋ ਸਮਾਨ ਸਮਾਜ ਸੇਵੀ ਸੰਸਥਾਵਾਂ ਪਾਸੋਂ ਮੰਗਣਾ ਪੈਂਦਾ? ਕਹਿਣਾ ਬਣਦਾ ਹੈ ਕਿ ਸੱਤਾ ਤੋਂ ਦੂਰ ਰਹਿੰਦਿਆਂ ਨੁਕਸ ਤਾਂ ਹਰ ਵਿਰੋਧੀ ਧਿਰ ਵੇਖਦੀ ਹੈ ਪ੍ਰੰਤੂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਹੀ ਬੋਝ ਲੱਗਦਾ ਹੈ।

ਨਾਦੇੜ ਤੋਂ ਆਏ ਯਾਤਰੂਆਂ ਕਾਰਨ ਜੇਕਰ ਵਾਕਿਆ ਈ ਪੰਜਾਬ ਵਿੱਚ ਕਰੋਨਾ ਵਧਿਆ ਹੈ ਤਾਂ ਕੇਂਦਰੀ ਮੰਤਰੀ ਵਜੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਫਰਜ ਜਰੂਰ ਬਣਦਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਤੇ ਸਿਹਤ ਮੰਤਰਾਲੇ ਦੇ ਮਾਧਿਅਮ ਸਮੁੱਚੇ ਵਰਤਾਰੇ ਦੀ ਜਾਂਚ ਕਰਵਾਉਣ। ਕਿਉਂਕਿ ਕੇਂਦਰੀ ਮੰਤਰੀ ਵਜੋਂ ਉਹ ਸਿਰਫ ਇੱਕ ਸੂਬੇ ਤੀਕ ਸੀਮਤ ਨਹੀ ਹਨ। ਜੇਕਰ ਕੇਂਦਰੀ ਮੰਤਰੀ ਪੰਜਾਬ ਵਿੱਚ ਵਾਪਿਸ ਲਿਆਂਦੇ ਯਾਤਰੂਆਂ ਦੀ ਵਾਪਸੀ ਦਾ ਸਿਹਰਾ(ਪੰਜਾਬ ਤੋਂ ਮੈਂਬਰ ਪਾਰਲੀਮੈਂਟ) ਵਜੋਂ  ਲੈਣ ਦੇ ਹੱਕਦਾਰ ਹਨ ਤਾਂ ਇਸ ਮਾਮਲੇ ਵਿੱਚ ਪੰਜਾਬ ਨੂੰ ਇਨਸਾਫ ਦਿਵਾਉਣਾ ਕੇਂਦਰੀ ਮੰਤਰੀ ਵਜੋਂ ਉਨ੍ਹਾਂ ਦੀ ਜਿੰਮੇਵਾਰੀ ਹੈ। ਦਲ ਅਕਸਰ ਦਾਅਵੇ ਕਰਦਾ ਹੈ ਕਿ ਪੰਜਾਬ ਨੂੰ ਇਨਸਾਫ ਤੇ ਵਿਕਾਸ ਸਿਰਫ ਉਸਨੇ ਹੀ ਦਿਵਾਇਆ ਹੈ। ਇਸ ਲਈ ਇਹ ਵੇਖਣਾ ਜਰੂਰੀ ਹੈ ਕਿ ਕੀ ਦਲ ਇਸ ਮਾਮਲੇ ‘ਚ ਇਨਸਾਫ ਲਈ ਕੋਈ ਠੋਸ ਚਾਰਾਜੋਈ ਕਰਦਾ ਹੈ  ?ਜੇ ਨਹੀ ਤਾਂ ਫਿਰ ਕਰੋਨਾ ਵਾਇਰਸ ਨਾਲ ਜੁੜੇ ਇਸ ਮਾਮਲੇ ਨੂੰ ਲੈਕੇ ਦਲ ਵਲੋਂ ਅੰਜ਼ਾਮ ਦਿੱਤੀ ਹੁਣ ਤੀਕ ਦੀ ਬਿਆਨਬਾਜੀ ਦੀ ਸਮੁੱਚੀ ਕਾਰਵਾਈ ਸਿਰਫ ਸਿਆਸੀ ਸਟੰਟ ਹੀ ਮੰਨਿਆ ਜਾਵੇਗਾ ।

  • ਸ. ਨਰਿੰਦਰਪਾਲ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੀਨੀਅਰ ਪੰਜਾਬੀ ਪੱਤਰਕਾਰ ਹਨ। ਉਨ੍ਹਾਂ ਨਾਲ +91-98553-13236 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।