ਸਿੱਖ ਖਬਰਾਂ

ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ‘ਤੇ ਪੰਥਕ ਸਫਾਂ ਵਿਚ ਸੋਗ ਦੀ ਲਹਿਰ

January 23, 2019 | By

ਅੰਮ੍ਰਿਤਸਰ (ਨਰਿੰਦਰਪਾਲ ਸਿੰਘ) :ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਲਈ ਇਹ ਖਬਰ ਬੇਹੱਦ ਸੋਗਮਈ ਹੈ ਕਿ ਸਿੱਖਾਂ ਦੀ ਜੰਗ-ਏ-ਅਜਾਦੀ ਦੇ ਅਹਿਮ ਜਰਨੈਲ ਤੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ ਦੇ ਧਰਮਪਤਨੀ ਬੀਬੀ ਮਨਜੀਤ ਕੌਰ,ਅਕਾਲ ਪੁਰਖ ਵੱਲੋ ਮਿਲੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।ਉਹ ਪਿਛਲੇ ਕਾਫੀ ਸਮੇਂ ਤੋਂ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ ਪਰ ਕੁਝ ਦਿਨ ਪਹਿਲਾਂ ਠੀਕ ਹੋਣ ਕਾਰਣ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਬੀਤੇ ਕੱਲ੍ਹ ਦਿਲ ਦੀ ਸਮੱਸਿਆ ਆਉਣ ਕਾਰਣ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਦਾਖਲ ਕਰਵਾਉਣਾ ਪਿਆ ਜਿਥੇ ਉਨ੍ਹਾਂ ਆਖਰੀ ਸਾਹ ਲਏ। ਬੀਬੀ ਜੀ ਦੇ ਅਕਾਲ ਚਲਾਣੇ ਦੀ ਖਬਰ ਨਸ਼ਰ ਹੁੰਦਿਆਂ ਹੀ ਭਾਈ ਗਜਿੰਦਰ ਸਿੰਘ ਨਾਲ ਜੁੜੇ ਅਤੇ ਉਨ੍ਹਾਂ ਦੀ ਸਿੱਖ ਸੰਘਰਸ਼ ਲਈ ਕੁਰਬਾਨੀ ਤੋਂ ਪ੍ਰੇਰਤ ਸਿੱਖਾਂ ਤੇ ਗੈਰ ਸਿੱਖਾਂ ਵਲੋਂ ਸ਼ੋਸ਼ਲ ਮੀਡੀਆ ਫੇਸਬੁੱਕ ਰਾਹੀਂ ਭਾਈ ਗਜਿੰਦਰ ਸਿੰਘ,ਉਨ੍ਹਾਂ ਦੀ ਧੀ ਬਿਕਰਮਜੀਤ ਕੌਰ ਤੇ ਜਵਾਈ ਗੁਰਪ੍ਰੀਤ ਸਿੰਘ ਨਾਲ ਦੁੱਖ ਦਾ ਸਾਂਝਾ ਕੀਤਾ ਜਾ ਰਿਹਾ ਹੈ।

ਜਲਾਵਤਨ ਸਿੱਖ ਬਾਈ ਗਜਿੰਦਰ ਸਿੰਘ ਦੀ ਉਹਨਾਂ ਦੀ ਪਤਨੀ ਬੀਬੀ ਮਨਜੀਤ ਕੌਰ ਅਤੇ ਧੀ ਨਾਲ ਪੁਰਾਣੀ ਤਸਵੀਰ।

ਆਪਣੀ ਧਰਮ ਪਤਨੀ ਦੇ ਗੁਰਪੁਰੀ ਪਿਆਨਾ ਕਰ ਜਾਣ ਤੇ ਸਨੇਹੀਆਂ ਵਲੋਂ ਮਿਲ ਰਹੇ ਸੁਨੇਹਿਆਂ ਦਾ ਜਿਕਰ ਕਰਦਿਆਂ ਭਾਈ ਗਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ ‘ਤੇ ਲਿਖਿਆ ਹੈ:

“ਸੱਭ ਦੋਸਤਾਂ, ਮਿੱਤਰਾਂ, ਸਾਥੀਆਂ ਤੇ ਪਿਆਰ ਕਰਨ ਵਾਲਿਆਂ ਦੀ ਜਾਣਕਾਰੀ ਲਈ ਹੁਣ ਤੋ ਕੋਈ ਢਾਈ ਕੂ ਘੰਟੇ ਪਹਿਲਾਂ ਮਿਲੀ ਦੁੱਖਦਾਈ ਵਿਛੋੜੇ ਦੀ ਖਬਰ ਸਾਂਝੀ ਕਰਦਾ ਹਾਂ, ਕਿ ਮੇਰੀ ਜੀਵਨ ਸਾਥਣ ਮਨਜੀਤ ਕੌਰ ਅਕਾਲ ਚਲਾਣਾ ਕਰ ਗਈ ਹੈ। ਵਾਹਿਗੁਰੂ ਮੇਹਰ ਕਰੇ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

ਜੇਲ੍ਹ ਵਿੱਚ ਮੁਲਾਕਾਤ ਲਈ ਆਈ ਨੇ ਇੱਕ ਦਿਨ ਮੈਨੂੰ ਪੁਛਿਆ ਕਿ ਤੁਸੀਂ ਮੈਨੂੰ ਤੇ ਬੱਚੀ ਨੂੰ ਕਿਸ ਦੇ ਸਹਾਰੇ ਛੱਡ ਕੇ ਆਏ ਸੀ? ਮੈਂ ਕਿਹਾ, ਗੁਰੂ ਅਤੇ ਪੰਥ ਦੇ । ਗੁਰੂ ਦਾ ਲੱਖ ਲੱਖ ਸ਼ੁਕਰ ਹੈ, ਉਸ ਨੇ ਅੱਜ ਉਸ ਨੂੰ ਸਦਾ ਲਈ ਸਾਂਭ ਲਿਆ ਹੈ ।
ਗਜਿੰਦਰ ਸਿੰਘ, ਦਲ ਖਾਲਸਾ।
23.1.2019

ਜਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ ਅਤੇ ਬੀਬੀ ਮਨਜੀਤ ਕੌਰ ਦੇ ਵਿਆਹ ਨੂੰ ਮਹਿਜ ਇੱਕ ਸਾਲ ਹੀ ਹੋਇਆ ਸੀ ਤੇ ਬੇਟੀ ਬਿਕਰਮਜੀਤ ਕੌਰ ਤਿੰਨ ਮਹੀਨਿਆਂ ਦੀ ਸੀ ਜਦੋਂ ਲਾਲਾ ਨਰਾਇਣ ਕਤਲ ਕਾਂਡ ਮਾਮਲੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗਿਰਫਤਾਰੀ ਹੋਈ ਤਾਂ ਸਰਕਾਰ ਦੇ ਰਵੱਈਏ ਖਿਲਾਫ ਰੋਸ ਜ਼ਾਹਰ ਕਰਨ ਲਈ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਭਾਰਤੀ ਜਹਾਜ ਨੂੰ ਅਗਵਾ ਕੀਤਾ। ਨਤੀਜੇ ਵਜੋਂ ਭਾਈ ਗਜਿੰਦਰ ਸਿੰਘ ਕਦੇ ਵੀ ਪਰਿਵਾਰ ਨਾਲ ਇੱਕਠੇ ਨਾ ਹੋ ਸਕੇ। ਵਿਦੇਸ਼ੀ ਵੀਜਾ ਨੀਤੀਆਂ ਕਾਰਣ ਉਹ ਬੀਬੀ ਮਨਜੀਤ ਕੌਰ ਅਤੇ ਆਪਣੀ ਬੇਟੀ ਪਾਸ ਵੀ ਨਾ ਰਹਿ ਸਕੇ।

ਇਸ ਘੜੀ ਕਈਂ ਸਿੱਖ ਸ਼ਖਸੀਅਤਾਂ ਅਤੇ ਪੰਜ ਪਿਆਰੇ ਵਲੋਂ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਮੌਕੇ ਵਿਚਾਰ ਲਿਖੇ ਗਏ ਹਨ ਜੋ ਕਿ ਹੇਠਾਂ ਸਾਂਝੇ ਕਰ ਰਹੇ ਹਾਂ

ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਵਿਚਾਰਕ ਸੁਖਪ੍ਰੀਤ ਸਿੰਘ ਉਧੋਕੇ ਨੇ ਇਹ ਲਿਖਤ ਸਾਂਝੀ ਕੀਤੀ ਹੈ:

ਸੰਤੋਖ ਦੀ ਮੂਰਤ-ਬੀਬੀ ਮਨਜੀਤ ਕੌਰ: ਸੁਖਪ੍ਰੀਤ ਸਿੰਘ ਉਧੋਕੇ

ਅਕਸਰ ਉਹਨਾਂ ਨੂੰ ਬੀਜੀ ਕਹਿ ਕੇ ਹੀ ਸੰਬੋਧਿਤ ਹੁੰਦਾ ਸੀ… ਤੇ ਉਹ ਵੀ ਜਦੋਂ ਮਿਠੱੜੀ ਜਿਹੀ ਆਵਾਜ਼ ਵਿੱਚ ਸੁਖਪ੍ਰੀਤ ਆਖਦੇ ਤਾਂ ਮਾਖਿਓਂ ਮਿੱਠੇ ਆਪਣੇਪਨ ਦਾ ਅਹਿਸਾਸ ਸੁੱਤੇ ਸਿੱਧ ਹੀ ਉਪਜਦਾ ਸੀ। ਜਦੋਂ ਜਰਮਨ ਜਾਣਾ ਤਾਂ ਬੜੇ ਪਿਆਰ ਭਰੇ ਸ਼ਬਦਾਂ ਵਿੱਚ ਬੀਜੀ ਦਾ ਸੁਨੇਹਾ ਮਿਲਣਾ, “ ਸੁਖਪ੍ਰੀਤ.. ਬੇਟਾ ਮੇਰੇ ਤੇ ਗੋਡਿਆਂ ਮੋਢਿਆਂ ਹੁਣ ਜਵਾਬ ਦੇ ਦਿੱਤਾ… ਤੈਨੂੰ ਹੀ ਆ ਕੇ ਮਿਲਣ ਦੀ ਤਕਲੀਫ਼ ਕਰਨੀ ਪੈਣੀ।ਕੀ ਫਾਇਦਾ ਪੁੱਤ ਦੇ ਡਾਕਟਰ ਹੋਣ ਦਾ ਜੇ ਮਾਵਾਂ ਦੇ ਗੋਡੇ ਵੀ ਨਹੀਂ ਤੁਰਨੇ?”ਬੱਸ ਮੈਨੂੰ ਵੀ ਮਿਲਣੀ ਦਾ ਚਾਅ ਹੁੰਦਾ ਸੀ….ਕਈ ਵਾਰ ਦਵਾਈ ਵੀ ਭੇਜੀ ਪਰ ਬਿਮਾਰੀ ਅਗਲੇ ਪੜਾਅ ਉਪਰ ਸੀ।

ਲੋਹੇ ਵਰਗੇ ਦ੍ਰਿੜ ਅਤੇ ਕੋਮਲ ਹਿਰਦੇ ਦੇ ਮੁਜੱਸਮੇ ਸਨ ਬੀਜੀ।ਸ: ਗਜਿੰਦਰ ਸਿੰਘ ਦੀ ਜਲਾਵਤਨੀ ਦੇ ਸਮੇਂ ਨੂੰ ਸਿਰੜ ਵਾਲੀ ਅਜਿਹੀ ਸਤਵੰਤੀ ਦੇ ਰੂਪ ਵਿੱਚ ਹੰਢਾਇਆ ਕਿ ਮਨੁੱਖ ਦੇ ਸ਼ਬਦ ਇਸ ਸਬਰ ਦੀ ਮੂਰਤ ਦੇ ਹਾਣ ਪਰਵਾਨ ਦੇ ਨਹੀਂ। ਬੱਸ ਉਹਨਾਂ ਦੇ ਜੀਵਨ ਨੂੰ ਤੱਕ ਕੇ ਆਪ ਮੁਹਾਰੇ ਹੀ ਪਾਵਣ ਗੁਰਬਾਣੀ ਦੀ ਪੰਗਤੀ ਜ਼ੁਬਾਨ ‘ਤੇ ਆ ਜਾਂਦੀ ਹੈ, “ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ”।

 

ਜੁਝਾਰੂ ਤੋਂ ਵੱਧ ਜੂਝਣ ਵਾਲੀ ਉਸਦੀ ਸਾਥਣ: ਸਰਬਜੀਤ ਸਿੰਘ ਘੁਮਾਣ

ਇਹ ਦੁਨੀਆ ਦਾ ਇਕ ਸਦੀਵੀ ਸੱਚ ਹੈ। ਕਿਸੇ ਵੀ ਧੱਕੇਸ਼ਾਹੀ, ਜ਼ੁਲਮ, ਬੇਇਨਸਾਫੀ ਖਿਲਾਫ ਜਦੋਂ ਕਿਸੇ ਮਰਦ ਦੀ ਅਣਖ ਰਣ ਵਿਚ ਜੂਝਦੀ ਹੈ ਤਾਂ ਜੇ ਉਸ ਦੇ ਇਸ ਜੀਵਨ ਘੋਲ ਵਿਚ ਕੋਈ ਉਸ ਤੋਂ ਵੱਧ ਉਸ ਲਈ ਜੂਝ ਰਿਹਾ ਹੁੰਦਾ ਹੈ ਤਾਂ ਉਹ ਉਸਦੀ ਜੀਵਨ ਸਾਥਣ ਹੁੰਦੀ ਹੈ। ਔਰਤ ਦੇ ਹਿੱਸੇ ਵੱਡੀਆਂ ਮਹਾਨਤਾਵਾਂ ਆਈਆਂ ਹਨ। ਦੁਨੀਆ ਦੀਆਂ ਇਹਨਾਂ ਜੁਝਾਰੂ ਔਰਤਾਂ ਵਿਚੋਂ ਇਕ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਈ ਅੱਜ।
ਸਿੱਖ ਕੌਮ ਦੀ ਅਜ਼ਾਦੀ ਲਈ ਜੂਝਣ ਵਾਲੇ ਜੁਝਾਰੂ ਆਗੂ ਭਾਈ ਗਜਿੰਦਰ ਸਿੰਘ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਅਕਾਲ ਚਲਾਣਾ ਕਰ ਗਏ ਹਨ। ਇਹ ਪਰਿਵਾਰ ਸੰਘਰਸ਼ ਦੇ ਇਸ ਰਾਹ ਵਿਚ ਖੇਰੂੰ ਖੇਰੂੰ ਹੋ ਗਿਆ। ਜਿੱਥੇ ਭਾਈ ਗਜਿੰਦਰ ਸਿੰਘ ਦੀ ਪਾਕਿਸਤਾਨ ਵਿਚ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਉੱਥੇ ਬੀਬੀ ਮਨਜੀਤ ਕੌਰ ਜਰਮਨ ਵਿਚ ਸ਼ਰੀਰਕ ਰੋਗਤਾ ਨਾਲ ਜੂਝ ਰਹੇ ਸਨ। ਇਸ ਦੌਰਾਨ ਇਸ ਜੋੜੇ ਦੀ ਇਕਲੌਤੀ ਧੀ ਇੰਗਲੈਂਡ ਵਿਚ ਸੀ। ਇਹ ਪਰਿਵਾਰ ਚਾਅ ਨਾਲ ਨਹੀਂ ਬੇਘਰੀ ਕੌਮ ਦੇ ਜੁਝਾਰੂ ਹੋਣ ਕਾਰਨ ਮਜ਼ਬੂਰੀ ਵਸ ਦੂਰੋਂ ਦੂਰੋਂ ਇਕ ਦੂਜੇ ਦੇ ਦੁੱਖ ਨੂੰ ਮਹਿਸੂਸ ਕਰ ਰਿਹਾ ਸੀ। ਸਿੱਖਾਂ ਦੀ ਰਾਜਨੀਤਕ ਅਧੀਨਗੀ ਦਾ ਸਿੱਟਾ ਕਿ ਸਿੱਖ ਸੰਘਰਸ਼ ਨਾਲ ਜੁੜਿਆ ਇਹ ਪਰਿਵਾਰ ਬੀਬੀ ਮਨਜੀਤ ਕੌਰ ਦੇ ਆਖਰੀ ਸਵਾਸਾਂ ‘ਤੇ ਵੀ ਇਕ ਥਾਂ ਇਕੱਠਾ ਨਹੀਂ ਹੋ ਸਕਿਆ।ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਕਿ ਬੀਬੀ ਮਨਜੀਤ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਉਨ੍ਹਾਂ ਦੇ ਸੰਘਰਸ਼ ਨੂੰ ਫਲ ਲਾਉਣ। ਨਾਲ ਹੀ ਅਪੀਲ ਹੈ ਕਿ ਜੇ ਹੋ ਸਕਦਾ ਹੈ ਤਾਂ ਇਸ ਪਰਿਵਾਰ ਨੂੰ ਬੀਬੀ ਮਨਜੀਤ ਕੌਰ ਦੇ ਅੰਤਿਮ ਸੰਸਕਾਰ ਮੌਕੇ ਇਕ ਥਾਂ ਇਕੱਠੇ ਕਰਨ ਦਾ ਕੋਈ ਉਪਰਾਲਾ ਕੀਤਾ ਜਾਵੇ।

 

ਜੀਵਨ ਸਾਥੀ ਵਾਂਗ ਹੀ ਜਲਾਵਤਨੀ ਹੰਢਾਉਣ ਵਾਲੀ ਬੀਬੀ ਮਨਜੀਤ ਕੌਰ: ਪੰਜ ਪਿਆਰੇ ਸਿੰਘ

ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਦੀ ਧਰਮ ਸੁਪਤਨੀ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਨਾਲ ਜਿਥੇ ਭਾਈ ਗਜਿੰਦਰ ਸਿੰਘ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਵਿਸ਼ਵ ਭਰ ਵਿੱਚ ਸਿੱਖਾਂ ਦੇ ਹਿੱਤਾਂ ਤੇ ਅੱਡਰੀ ਨਿਆਰੀ ਪਹਿਚਾਣ ਲਈ ਜੂਝਣ ਵਾਲੇ ਸਿੰਘਾਂ ਨੂੰ ਵੀ ਗਹਿਰਾ ਦੱੁਖ ਮਹਿਸੂਸ ਹੋਇਆ ਹੈ ।ਅੰਮ੍ਰਿਤ ਸੰਚਾਰ ਜਥੇ ਦੇ ਪੰਜ ਪਿਆਰੇ ਸਿੰਘ ਇਹ ਮਹਿਸੂਸ ਕਰਦੇ ਹਨ ਕਿ ਬੀਬੀ ਮਨਜੀਤ ਕੌਰ ,ਸਬਰ ਸੰਤੋਖ ਨਾਲ ਭਰਪੂਰ,ਜੁਝਾਰੂ ਤੇ ਸਿਰੜੀ ਔਰਤ ਸਨ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਵਾਂਗ ਹੀ ਜਲਾਵਤਨੀ ਦਾ ਜੀਵਨ ਜੀਵਿਆ ਅਤੇ ਸਾਬਤ ਸੂਰਤ ਸਿੱਖੀ ਸਰੂਪ ਅਤੇ ਗੁਰੂ ਆਸ਼ੈ ਅਨੁਸਾਰ ਸੰਸਾਰ ਵਿੱਚ ਵਿਚਰਦਿਆਂ ਇੱਕ ਮਿਸਾਲ ਕਾਇਮ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,