ਲੇਖ

ਵਿਕੀਲੀਕਸ ਦੇ ਸਾਏ ਹੇਠ…ਦੋਸ਼ ਧ੍ਰੋਹੀ ਕੌਣ…?

August 29, 2011 | By

-ਸੁਖਦੀਪ ਸਿੰਘ ਬਰਨਾਲਾ

Wikileaksਪਿਛਲੇ ਦਿਨੀਂ ਦੁਨੀਆਂ ਦੀ ਪ੍ਰਸਿੱਧ ਤੇ ਵਿਵਾਦਗ੍ਰਸਤ ਵੈਬਸਾਈਟ ‘ਵਿਕੀਲੀਕਸ’ ਨੇ ਭਾਰਤੀ ਕਾਲੇ ਧਨ ਨਾਲ ਸਬੰਧਤ ਸਨਸਨੀਖੇਜ ਤੱਥ ਉਜਾਗਰ ਕਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਵਿਕੀਲੀਕਸ ਨੇ ਆਪਣੀਆਂ ਕੁਝ ਫੈਸਲਾਕੁੰਨ ਪ੍ਰਕਾਸ਼ਨਾਵਾਂ ਨਾਲ ਦੁਨੀਆਂ ਦੀ ਸਿਆਸਤ ਵਿਚ ਤੂਫਾਨ ਖੜ੍ਹੇ ਕੀਤੇ ਹਨ।

ਵਿਕੀਲੀਕਸ ਇਕ ਅਜਿਹੀ ਵੈੱਬਸਾਈਟ ਹੈ ਜੋ ਕੁਝ ਦੇਸ਼ਾਂ ਦੇ ਪੱਤਰਕਾਰਾਂ ਤੇ ਅੰਕੜਾ ਵਿਗਿਆਨੀਆਂ ਨੇ ਮਿਲ ਕੇ ਸ਼ੁਰੂ ਕੀਤੀ ਸੀ ਇਸ ਵਿਚ ਅਮਰੀਕਾ, ਤਾਈਵਾਨ, ਯੂਰਪ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀ ਤਕਨੀਕ ਦਾ ਸਹਾਰਾ ਲਿਆ ਗਿਆ ਸੀ।

ਇਸਦੀ ਸਥਾਪਨਾ 2006 ਵਿਚ ਹੋਈ ਸੀ।4 ਅਕਤੂਬਰ 2006 ਨੂੰ ਵਿਕੀਲੀਕਸ ਡਾਟ ਆਰਗ ਦੇ ਨਾਂ ਤੇ ਡੋਮੇਨ ਬੁੱਕ ਕਰਵਾਇਆ ਗਿਆ ਸੀ ਤੇ ਦਸੰਬਰ 2006 ਵਿਚ ਇਸ ਵੈਬਸਾਈਟ ਤੇ ਪਹਿਲੀ ਵਾਰ ਪ੍ਰਕਾਸ਼ਨਾ ਕੀਤੀ ਗਈ।‘ਦਾ ਆਸਟਰੇਲੀਆ’ ਅਖਬਾਰ ਦੇ ਦਾਅਵੇ ਮੁਤਾਬਕ ‘ਜੂਲੀਅਨ ਆਸੇਨਜ਼’ ਨੂੰ ਇਸ ਵੈਬਸਾਈਟ ਦਾ ਫਾਊਂਡਰ ਤੇ ਡਾਇਰੈਕਟਰ ਮੰਨਿਆ ਜਾਂਦਾ ਹੈ।ਜੂਲੀਅਨ ਆਸੇਨਜ਼ ਇਕ ਆਸਟਰੇਲੀਅਨ ਇੰਟਰਨੈਟ ਕਾਰਕੁੰਨ ਹੈ।ਆਪਣੀ ਸਥਾਪਨਾ ਦੇ ਪਹਿਲੇ ਸਾਲ ਹੀ ਵਿਕੀਲੀਕਸ ਨੇ ਤਕਰੀਬਨ 12 ਲੱਖ ਦਸਤਾਵੇਜ ਪ੍ਰਕਾਸ਼ਤ ਕਰ ਕੇ ਦੁਨੀਆਂ ਦਾ ਧਿਆਨ ਖਿੱਚਿਆ।

ਕਈ ਵਿਵਾਦਾਂ ਦੇ ਚਲਦਿਆਂ 16 ਮਾਰਚ 2009 ਨੂੰ ‘ਆਸਟਰੇਲੀਅਨ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ’ ਨੇ ਵਿਕੀਲੀਕਸ ਨੂੰ ਬਲੈਕਲਿਸਟ ਕਰਨ ਦਾ ਪ੍ਰਸਤਾਵ ਲਿਆਂਦਾ ਪਰ 29 ਨਵੰਬਰ 2010 ਨੂੰ ਇਹ ਮਤਾ ਵਾਪਸ ਲੈ ਲਿਆ ਗਿਆ।2009 ਵਿਚ ਇਕ ਵਾਰ ਵਿਕੀਲੀਕਸ ਬੰਦ ਹੋਣ ਕਿਨਾਰੇ ਵੀ ਚਲੀ ਗਈ ਜਦੋਂ ਇਸ ਵੈਬਸਾਈਟ ਦੇ ਪ੍ਰਬੰਧਕਾਂ ਨੇ ਆਰਥਿਕ ਤੰਗੀ ਦੀ ਘੋਸ਼ਣਾ ਕਰ ਦਿੱਤੀ ਪ੍ਰੰਤੂ ਜਲਦੀ ਇਹ ਹੀ ਮਾਮਲਾ ਸੁਲਝ ਗਿਆ।ਵਿਕੀਲੀਕਸ ਅਨੁਸਾਰ ਹੀ ਅਕਤੂਬਰ 2009 ਤੋਂ ਦਸੰਬਰ 2010 ਤੱਕ ਉਸਨੂੰ ‘ਪਬਲਿਕ ਡੋਨੇਸ਼ਨ’ ਵਜੋਂ ਨੌ ਲੱਖ ਪੌਂਡ ਭਾਵ 12 ਲੱਖ ਅਮਰੀਕਨ ਡਾਲਰ ਦੀ ਸਹਾਇਤਾ ਇਕੱਤਰ ਹੋਈ ਸੀ।

ਇਕ ਵਾਰ ਇਹ ਤੱਥ ਵੀ ਸਾਹਮਣੇ ਆਏ ਕਿ ਫੇਸਬੁੱਕ ਵਾਲਿਆਂ ਨੇ ਵਿਕੀਲੀਕਸ ਦੇ ਅਧਿਕਾਰਤ ਪੇਜ ਨੂੰ ਫੇਸਬੁੱਕ ਤੋਂ ਖਤਮ ਕਰ ਦਿੱਤਾ।ਉੇਸ ਵਕਤ ਵਿਕੀਲੀਕਸ ਦੇ ਫੇਸਬੁੱਕ ਉਪਰ 30000 ਪ੍ਰਸੰਸਕ ਸਨ।ਬਾਦ ਵਿਚ 1 ਦਸੰਬਰ 2010 ਵਿਚ ਇਸ ਪੇਜ ਨੂੰ ਫੇਰ ਬਹਾਲ ਕਰ ਦਿੱਤਾ ਗਿਆ।ਪਹਿਲੇ ਹਫਤੇ ਵਿਚ ਤਕਰੀਬਨ ਇਕ ਲੱਖ ਲੋਕ ਰੋਜਾਨਾ ਇਸ ਪੇਜ ਦੇ ਪ੍ਰਸੰਸਕ ਬਣੇ, ਇਸਦਾ ਕਾਰਨ ਵਿਕੀਲੀਕਸ ਵੱਲੋਂ ਉਨ੍ਹੀਂ ਦਿਨੀਂ ਅਮਰੀਕੀ ਕੂਟਨੀਤੀ ਬਾਰੇ ਕੀਤੇ ਖੁਲਾਸੇ ਵੀ ਮੰਨੇ ਜਾਂਦੇ ਹਨ।ਅੱਜਕਲ ਫੇਸਬੁੱਕ ਉਪਰ ਵਿਕੀਲੀਕਸ ਦੇ ਪ੍ਰਸੰਸਕਾਂ ਦੀ ਗਿਣਤੀ 18 ਲੱਖ ਤੋਂ ਵੱਧ ਹੈ।

ਵਿਕੀਲੀਕਸ ਦੁਨੀਆਂ ਪੱਧਰ ਤੇ ਸਭ ਤੋਂ ਪਹਿਲਾਂ ਉਦੋਂ ਚਰਚਿਤ ਹੋਈ ਜਦੋਂ ਇਸਨੇ ਜੁਲਾਈ 2010 ਵਿਚ ‘ਅਫਗਾਨ ਜੰਗ ਡਾਇਰੀ’ ਦੇ ਨਾਮ ਹੇਠ ਪ੍ਰਕਾਸ਼ਤ ਕੀਤੇ 76900 ਦੇ ਕਰੀਬਨ ਦਸਤਾਵੇਜਾਂ ਨਾਲ ਅਮਰੀਕਾ ਨੂੰ ਵਖਤ ਪਾ ਦਿੱਤਾ।ਇਸ ਤੋਂ ਬਾਦ ਅਕਤੂਬਰ 2010 ਵਿਚ ਇਰਾਕ ਜੰਗ ਨਾਲ ਸਬੰਧਤ 4 ਲੱਖ ਦੇ ਕਰੀਬ ਖੁਫੀਆ ਦਸਤਾਵੇਜ ਪ੍ਰਕਾਸ਼ਤ ਕੀਤੇ ਗਏ।ਸਭ ਤੋਂ ਵੱਡਾ ਭੂਚਾਲ ਉਦੋਂ ਆਇਆ ਜਦੋਂ ਨਵੰਬਰ 2010 ਵਿਚ ਅਮਰੀਕਾ ਦੇ ਕੂਟਨੀਤਕ ਦਸਤਾਵੇਜ ਵੀ ਵਿਕੀਲੀਕਸ ਨੇ ਦੁਨੀਆਂ ਦੇ ਸਾਹਮਣੇ ਰੱਖ ਦਿੱਤੇ।ਇਸ ਕਾਰਨ ਅਮਰੀਕਾ ਨੂੰ ਕਈ ਗੱਲਾਂ ਵਿਚ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।

3 ਦਸੰਬਰ 2010 ਨੂੰ ਅਮਰੀਕਾ ਦੇ ਵਾਈਟ ਹਾਊਸ ਤੋਂ ਅਣ ਅਧਿਕਾਰਤ ਐਲਾਨ ਕੀਤਾ ਗਿਆ ਕਿ ਵਿਕੀਲੀਕਸ ਤੇ ਇਸ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜੀ ਤੇ ਅਮਰੀਕਾ ਵਿਚ ਪਾਬੰਦੀ ਲਗਾਈ ਜਾਵੇ। ਅਮਰੀਕਾ ਨੇ ਕਿਹਾ ਕਿ ਵਿਕੀਲੀਕਸ ਨੇ ਸਰਕਾਰੀ ਸੰਪਤੀ (ਦਸਤਾਵੇਜ) ਨੂੰ ਚੋਰੀ ਕੀਤਾ ਹੈ।‘ਡੇਲੀ ਬੀਸਟ’ ਇਕ ਵੈਬਸਾਈਟ ਦੇ ਦਾਅਵੇ ਮੁਤਾਬਕ ਓਬਾਮਾ ਸਰਕਾਰ ਨੇ ਬ੍ਰਿਟੇਨ, ਜਰਮਨ ਅਤੇ ਆਸਟਰੇਲੀਆ ਨੂੰ ਵੀ ਕਿਹਾ ਕਿ ਉਹ ਵਿਕੀਲੀਕਸ ਤੇ ਅਪਰਾਧਕ ਮਾਮਲਾ ਦਰਜ ਕਰਨ ਬਾਰੇ ਵਿਚਾਰ ਕਰਨ।ਕਿਉਂਕਿ ਇਸਨੇ ‘ਅਫਗਾਨ ਜੰਗ ਦੀ ਡਾਇਰੀ’ ਵਰਗੇ ਸੰਵੇਦਨਸ਼ੀਲ ਦਸਤਾਵੇਜ ਨੂੰ ਜਨਤਕ ਕਰ ਦਿੱਤਾ ਹੈ।ਅਮਰੀਕਾ ਨੇ ਇਹ ਵੀ ਆਖਿਆ ਕਿ ਵਿਕੀਲੀਕਸ ਤੇ ਇਸ ਦੇ ਨਿਰਮਾਤਾ ‘ਜੁਲੀਅਨ ਆਸੇਨਜ਼’ ਨੇ ਅੰਤਰਰਾਸ਼ਟਰੀ ਹੱਦਾਂ ਨੂੰ ਤੋੜਿਆ ਹੈ।

ਵਿਕੀਲੀਕਸ ਨੇ ਭਾਰਤੀ ਸੰਸਦ ਵਿਚ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਹੋਈ ਵੋਟਾਂ ਦੀ ਖਰੀਦੋ-ਫਰੋਖਤ ਬਾਰੇ ਵੀ ਤੱਥ ਉਜਾਗਰ ਕੀਤੇ ਸਨ ਜੀਹਦੇ ਵਿਚ ਕਈ ਭਾਰਤੀ ਨੇਤਾਵਾਂ ਦੇ ਨਾਮ ਸਾਹਮਣੇ ਆਏ ਸਨ।ਖੈਰ ਵਰਤਮਾਨ ਖੁਲਾਸੇ ਵਿਚ ਵਿਕੀਲੀਕਸ ਨੇ ਵਖ-ਵਖ ਸਵਿਸ ਬੈਂਕਾਂ ਵਿਚ ਭਾਰਤੀ ਖਾਤੇਦਾਰਾਂ ਦੇ ਕੁਝ ਕੁ ਵੇਰਵੇ ਨਸ਼ਰ ਕੀਤੇ ਹਨ ਵਿਕੀਲੀਕਸ ਅਨੁਸਾਰ ਉਸ ਕੋਲ ਸਵਿਸ ਬੈਂਕਾਂ ਨਾਲ ਸਬੰਧਤ 2000 ਨਾਵਾਂ ਦੀ ਇਕ ਸੂਚੀ ਹੈ ਜਿਨ੍ਹਾਂ ਵਿਚ ਵੱਡਾ ਹਿੱਸਾ ਭਾਰਤੀ ਖਾਤੇਦਾਰਾਂ ਦਾ ਹੈ।ਵਿਕੀਲੀਕਸ ਨੇ ਦਾਅਵਾ ਕੀਤਾ ਹੈ ਕਿ ਉਹ ਜਲਦੀ ਹੀ 984 ਭ੍ਰਿਸਟ ਭਾਰਤੀਆਂ ਦੀ ਇਕ ਹੋਰ ਲਿਸਟ ਜਾਰੀ ਕਰੇਗਾ।

ਵਿਕੀਲੀਕਸ ਅਨੁਸਾਰ ਬੋਫੋਰਸ ਤੋਪ ਘੁਟਾਲੇ ਦਾ ਸਾਹਮਣਾ ਕਰ ਚੁੱਕੇ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਇਕ ਲੱਖ ਅਠਾਨਵੇਂ ਹਜ਼ਾਰ ਕਰੋੜ ਰੁਪਏ ਸਵਿਸ ਬੈਂਕ ਵਿਚ ਜਮ੍ਹਾ ਹਨ।ਇਸ ਤੋਂ ਇਲਾਵਾ ਮੌਜੂਦਾ ਗ੍ਰਹਿ ਮੰਤਰੀ ਪੀ ਚਿੰਬਰਮ ਦੇ 32000 ਕਰੋੜ ਰੁਪਏ, ਕਰੁਣਾਨਿਧੀ ਦੇ 35 ਹਜ਼ਾਰ ਕਰੋੜ ਰੁਪਏ, ਜੋਤੀਰਾਦਿਤਨ ਸਿੰਧੀਆ ਦੇ 9 ਹਜ਼ਾਰ ਕਰੋੜ ਰੁਪਏ, ਐਚ. ਡੀ. ਕੁਮਾਰਸਵਾਮੀ ਦੇ ਸਾਢੇ ਚੌਦਾ ਹਜ਼ਾਰ ਕਰੋੜ ਰੁਪਏ, ਲਾਲੂ ਯਾਦਵ ਦੇ 29800 ਕਰੋੜ ਰੁਪਏ, ਸ਼ਰਦ ਪਵਾਰ ਦੇ 28 ਹਜ਼ਾਰ ਕਰੋੜ ਰੁਪਏ, ਸੁਰੇਸ਼ ਕਲਮਾਡੀ ਦੇ 5900 ਕਰੋੜ, ਏ. ਰਾਜਾ ਦੇ 7800 ਕਰੋੜ, ਨੀਰਾ ਰਾਡੀਆ ਦੇ 2 ਲੱਖ 90 ਹਜ਼ਾਰ ਕਰੋੜ, ਹਰਸ਼ਦ ਮਹਿਤਾ ਦੇ 1 ਲੱਖ 36 ਹਜ਼ਾਰ ਕਰੋੜ, ਉਰਵਸ਼ੀ ਫਾਊਂਡੇਸ਼ਨ ਦੇ 2 ਲੱਖ 89 ਹਜ਼ਾਰ ਸੱਤ ਸੌ ਪੰਤਾਲੀ ਕਰੋੜ ਰੁਪਏ, ਰਾਜ ਫਾਊਂਡੇਸ਼ਨ ਦੇ ਇਕ ਲੱਖ 89 ਹਜ਼ਾਰ ਕਰੋੜ, ਨਰੇਸ਼ ਗੋਇਲ ਦੇ 1 ਲੱਖ 45 ਹਜ਼ਾਰ ਕਰੋੜ ਰੁਪਏ, ਕੇਤਨ ਪਾਰਖ ਦੇ 8200 ਕਰੋੜ ਰੁਪਏ ਸਮੇਤ ਹੋਰ ਵੀ ਕਈ ਨਾਮ ਸਾਹਮਣੇ ਆਏ ਹਨ।

ਇਹਨਾਂ ਪ੍ਰਕਾਸ਼ਿਤ ਹੋਏ ਨਾਵਾਂ ‘ਚੋਂ ਕੁਝ ‘ਭਦਰਪੁਰਸ਼’ ਭਾਰਤ ਦੀ ਸਰਕਾਰ ਚਲਾ ਰਹੇ ਹਨ, ਕੁਝ ਸਰਕਾਰਾਂ ਪਹਿਲਾਂ ਚਲਾਉਂਦੇ ਰਹੇ ਹਨ, ਕੁਝ ਕਿਸੇ ਨਾ ਕਿਸੇ ਸਰਕਾਰੀ ਅਦਾਰੇ ਦੇ ਪ੍ਰਮੁੱਖ ਬਣੇ ਹੋਏ ਹਨ।ਕੁਝ ਉਹ ਹਨ ਜਿਹਨਾਂ ਦੇ ਚੋਣ ਫੰਡ ਬਿਨਾ ਰਾਜਨੀਤਕ ਪਾਰਟੀਆਂ ਅਪਾਹਜ ਹਨ।ਗੱਲ ਕੀ ਕੁਲ ਮਿਲਾ ਕੇ ਸਾਰੇ ਦੇ ਸਾਰੇ ਭਾਰਤੀ ਲੋਕਤੰਤਰ ਦੇ ਮਹਾਨ ਸੇਵਕ ਹੀ ਹਨ ਤੇ ਆਪੇ ਬਣੇ ਦੇਸ਼ ਭਗਤ ਵੀ।ਇਹ ਲੋਕ ਘੱਟ ਗਿਣਤੀ ਕੌਮਾਂ ਦੇ ਘਾਣ ਨਾਲ ਸਿਆਸਤ ਕਰਦੇ ਰਹੇ ਹਨ ਤੇ ਅੱਜ ਵੀ ਕਰ ਰਹੇ ਹਨ ਇਹਨਾ ਦੀ ਦੇਸ਼ ਭਗਤੀ ਬਹੁਗਿਣਤੀ ਦੀ ਨੁਮਾਇੰਦਗੀ ਵਿਚ ਹੀ ਛੁਪੀ ਹੋਈ ਹੈ। ਜੇ ਗਰੀਬ ਲੋਕਾਂ ਦੇ ਖੁੂਨ ਪਸੀਨੇ ਦੀ ਕਮਾਈ ਨੂੰ ਟੈਕਸਾਂ ਦੇ ਰੂਪ ਵਿਚ ਉਗਰਾਹ ਕੇ, ਅਰਬਾਂ ਖਰਬਾਂ ਰੁਪਏ ਹਜ਼ਮ ਕਰ ਲੈਣ ਤੋਂ ਬਾਦ ਵੀ ਡਕਾਰ ਨਾ ਮਾਰਨ ਵਾਲੇ, ਮਹਾਨ ਲੋਕਤੰਤਰ ਦੇ ਇਹ ਮਹਾਨ ਨੁਮਾਇੰਦੇ ਹਾਲੇ ਵੀ ਦੇਸ਼ ਭਗਤ ਹੀ ਹਨ ਤਾਂ ਫਿਰ ਦੇਸ਼ ਧਰੋਹੀ ਕੀਹਨੂੰ ਕਹਾਂਗੇ…? ਉਨ੍ਹਾਂ ਨੂੰ ਜੋ ਇਹਨਾਂ ਦੇ ਖਿਲਾਫ ਬੋਲਣ ਦਾ ਹੌਸਲਾ ਰਖਦੇ ਨੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,