November 28, 2011 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ, ਡੀ. ਸੀ. (16 ਨਵੰਬਰ, 2011) – ਕੀ ਭਾਰਤ ਤੇ ਪਾਕਿਸਤਾਨ ਆਉਂਦੇ ਸਰਦੀਆਂ ਦੇ ਮੌਸਮ ਦੌਰਾਨ ਇੱਕ ਹੋਰ ਜੰਗ ਵੱਲ ਵਧ ਰਹੇ ਹਨ? ਦੋਹਾਂ ਦੇਸ਼ਾਂ ਵਿਚਕਾਰ ਤਣਾਅ ਇਸ ਕਦਰ ਵਧ ਚੁੱਕਿਆ ਹੈ ਕਿ ਕਿਸੇ ਵੀ ਧਿਰ ਵਲੋਂ ਕੀਤੀ ਗਈ ਇੱਕ ਨਿੱਕੀ ਜਿਹੀ ਗਲਤੀ ਨਾਲ ਜੰਗ ਛਿੜ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿੱਚ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਸਲਾਮਤੀ ਨੂੰ ਵੀ ਖਤਰਾ ਪੈਦਾ ਹੋ ਜਾਵੇਗਾ।
ਚੰਡੀਗੜ੍ਹ ਤੋਂ ਛਪਦੇ ‘ਦਾ ਟ੍ਰਿਬਿਊਨ’ ਵਿੱਚ 14 ਨਵੰਬਰ, 2011 ਨੂੰ ਅਜੈ ਬੈਨਰਜੀ ਵਲੋਂ ਲਿਖੀ ਗਈ ਇੱਕ ਖਬਰ ਦਾ ਸਿਰਲੇਖ ਹੈ, ”ਭਾਰਤ-ਪਾਕਿ ਵਲੋਂ ਫੌਜੀ ਤਾਕਤ ਪਰਖਣ ਦੀ ਤਿਆਰੀ, ਦੋਹਾਂ ਪਾਸਿਓਂ ਜੰਗੀ ਮਸ਼ਕ ਦੀ ਤਿਆਰੀ।” ਅਜਿਹੀਆਂ ਖਬਰਾਂ ਤੋਂ ਇਹੀ ਪ੍ਰਭਾਵ ਜਾਂਦਾ ਹੈ ਕਿ ਦੱਖਣੀ ਏਸ਼ੀਆ ਦੇ ਖਿੱਤੇ ਉੱਪਰ ਜੰਗ ਦੇ ਘਿਨਾਉਣੇ ਬੱਦਲ ਮੰਡਰਾ ਰਹੇ ਹਨ। ਇਸ ਖਬਰ ਦੇ ਪਹਿਲੇ ਹੀ ਪੈਰ੍ਹੇ ਵਿੱਚ ਚੌਂਕਾ ਦੇਣ ਵਾਲੇ ਤੱਥ ਦਿੱਤੇ ਗਏ ਹਨ, ”ਪ੍ਰਮਾਣੂ ਹਥਿਆਰਾਂ ਨਾਲ ਲੈਸ ਭਾਰਤ ਤੇ ਪਾਕਿਸਤਾਨ ਅਗਲੇ ਕੁਝ ਹਫਤਿਆਂ ਦੌਰਾਨ ਇੱਕੋ ਸਮੇਂ ਜੰਗੀ ਮਸ਼ਕਾਂ ਕਰ ਰਹੇ ਹਨ। ਦੋਹਾਂ ਫੌਜਾਂ, ਜਿਨ੍ਹਾਂ ਨੇ 1947 ਵਿੱਚ ਹੋਈ ਵੰਡ ਤੋਂ ਲੈ ਕੇ ਹੁਣ ਤੱਕ 1947, 1965, 1971 ਤੇ 1999 ਵਿੱਚ ਚਾਰ ਜੰਗਾਂ ਲੜ੍ਹੀਆਂ ਹਨ, ਵਿਚਕਾਰ ਜੰਗੀ ਮਸ਼ਕਾਂ ਦੌਰਾਨ ਸਿਰਫ ਦੋ ਕੁ ਸੌ ਮੀਲ ਦਾ ਹੀ ਫਾਸਲਾ ਹੋਵੇਗਾ। ਨਵੀਂ ਦਿੱਲੀ ਤੇ ਇਸਲਾਮਾਬਹਾਦ ਦੋਹਾਂ ਨੂੰ ਸਰਹੱਦ ਦੇ ਨੇੜੇ ਫੌਜਾਂ ਲਿਆਉਣ ਵੇਲੇ ਇੱਕ ਦੂਜੇ ਨੂੰ ਦੱਸਣਾ ਪੈਂਦਾ ਹੈ ਤਾਂ ਕਿ ਇਸ ਨੂੰ ਗਲਤੀ ਨਾਲ ਜੰਗ ਦੀ ਤਿਆਰੀ ਨਾ ਸਮਝ ਲਿਆ ਜਾਵੇ। ਇਹ ਪ੍ਰੋਟੋਕਾਲ 1988 ਵਿੱਚ ਪ੍ਰਵਾਨ ਕੀਤਾ ਗਿਆ ਸੀ ਜਦੋਂ ਉਪਰੇਸ਼ਨ ‘ਬਰਾਸਟੈਕਸ’ ਦੇ ਨਾਂ ਹੇਠ ਭਾਰਤੀ ਫੌਜ ਦੀ ਸਮੁੱਚੀ ਪੱਛਮੀ ਕਮਾਂਡ ਨੂੰ ਜੰਗੀ ਮਸ਼ਕਾਂ ਲਈ ਸਰਹੱਦ ਦੇ ਨੇੜੇ ਤਾਇਨਾਤ ਕਰ ਦਿੱਤਾ ਗਿਆ ਸੀ। ਉਦੋਂ ਭਾਰਤੀ ਫੌਜ ਦੇ ਮੁਖੀ ਜਨਰਲ ਕੇ. ਸੁੰਦਰਜੀ ਸਨ।
ਪਾਕਿਸਤਾਨ ਵਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਇਹ ਸਮਝੌਤਾ ਸਿਰੇ ਚੜ੍ਹਿਆ ਸੀ। ਮੌਜੂਦਾ ਭਾਰਤੀ ਜੰਗੀ ਮਸ਼ਕਾਂ ਫੌਜ ਦੀ ਕਾਬਲੀਅਤ ਨੂੰ ਪਰਖਣ ਲਈ ਕੀਤੀਆਂ ਜਾ ਰਹੀਆਂ ਹਨ। ਛੇ ਮਹੀਨਿਆਂ ਦੌਰਾਨ ਇਹ ਦੂਜੀ ਵਾਰ ਹੈ ਕਿ ਭਾਰਤੀ ਫੌਜ ਨੇ ਆਪਣੀ ਉਚਤਮ ਤਕਨੀਕ ਨੂੰ ਵਰਤਣ ਲਈ ਦੂਜੀ ਵਾਰ ਵੱਡੀ ਪੱਧਰ ‘ਤੇ ਜੰਗੀ ਕਸਰਤ ਕੀਤੀ ਹੈ। ਇਸ ਦਾ ਮਕਸਦ ਫੌਜ ਦੀ ਤੇਜ਼ੀ ਅਤੇ ਨਿਪੁੰਨਤਾ ਨੂੰ ਵਧਾਉਣਾ ਹੈ ਤਾਂ ਕਿ ਜੰਗ ਦੌਰਾਨ ਭਾਰਤੀ ਏਅਰ ਫੋਰਸ ਦੇ ਲੜਾਕੂ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ।”
ਇਸ ਤੋਂ ਪਹਿਲਾਂ ਟ੍ਰਿਬਿਊਨ ਅਖਬਾਰ ਵਿੱਚ 11 ਅਗਸਤ 2011 ਨੂੰ ਛਪੀ ਖਬਰ, ਜਿਸ ਦਾ ਸਿਰਲੇਖ ਸੀ, ”ਚੀਨ-ਪਾਕਿ ਦੀਆਂ ਸਾਂਝੀਆਂ ਫੌਜੀ ਮਸ਼ਕਾਂ ਨੇ ਭਾਰਤੀ ਏਜੰਸੀਆਂ ਵਿੱਚ ਤਰਥੱਲੀ ਮਚਾਈ”, ਵਿੱਚ ਦੱਸਿਆ ਸੀ, ”ਪਾਕਿਸਤਾਨ ਤੇ ਚੀਨ ਦੀਆਂ ਫੌਜਾਂ ਵਲੋਂ ਸਾਂਝੀਆਂ ਜੰਗੀ ਮਸ਼ਕਾਂ ਕੀਤੇ ਜਾਣ ਤੋਂ ਬਾਅਦ ਭਾਰਤੀ ਏਜੰਸੀਆਂ ਵਿੱਚ ਖਲਬਲੀ ਮੱਚ ਗਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰੀ ਏਜੰਸੀਆਂ ਨੇ ਆਪਣੇ ਗੁਪਤਚਰਾਂ ਨੂੰ ਸਰਹੱਦ ਉੱਤੇ ਨਜ਼ਰ ਰੱਖਣ ਲਈ ਕਿਹਾ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਰਾਜਸਥਾਨ ਦੇ ਜੈਸਲਮੇਰ-ਬੀਕਾਨੇਰ ਜ਼ਿਲ੍ਹਿਆਂ ਉੱਤੇ ਪੈਂਦੀ ਸਰਹੱਦ ਤੋਂ ਕਰੀਬ 25 ਕਿ. ਮੀ. ਦੂਰ ਪਾਕਿਸਤਾਨ ਤੇ ਚੀਨ ਦੀਆਂ ਫੌਜਾਂ ਜੰਗੀ ਮਸ਼ਕਾਂ ਕਰ ਰਹੀਆਂ ਹਨ। ਇਨ੍ਹਾਂ ਜੰਗੀ ਮਸ਼ਕਾਂ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ 101 ਇੰਜਨੀਅਰਿੰਗ ਰੈਜਮੈਂਟ ਹਿੱਸਾ ਲੈ ਰਹੀ ਹੈ। ਚੀਨ ਤੇ ਪਾਕਿਸਤਾਨ ਦੀਆਂ ਫੌਜਾਂ ਬੀਤੇ ਵਿੱਚ ਵੀ ਸਾਂਝੀਆਂ ਜੰਗੀ ਮਸ਼ਕਾਂ ਕਰਦੀਆਂ ਰਹੀਆਂ ਹਨ। ਭਾਰਤੀ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਇਨ੍ਹਾਂ ਜੰਗੀ ਮਸ਼ਕਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜਦਕਿ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਪ੍ਰਵਾਨਗੀ ਜ਼ਰੂਰੀ ਹੈ।”
ਇਸਲਾਮਾਬਾਦ ਅਧਾਰਿਤ ਪਾਕਿਸਤਾਨ-ਚਾਈਨਾ ਇੰਸਟੀਚਿਊਟ ਵਲੋਂ ਕੱਢੇ ਜਾਂਦੇ ਵੀ. ਮੈਗਜ਼ੀਨ ਵਿੱਚ ਇਨ੍ਹਾਂ ਸਾਂਝੀਆਂ ਜੰਗੀ ਮਸ਼ਕਾਂ ਦਾ ਵੇਰਵਾ ਦਿੰਦੇ ਹੋਏ ਲਿਖਿਆ ਗਿਆ ਹੈ, ”ਪਾਕਿਸਤਾਨ ਤੇ ਚੀਨ ਦੀ ਦੋਸਤੀ ਪਹਾੜਾਂ ਤੋਂ ਉੱਚੀ ਤੇ ਸਮੁੰਦਰਾਂ ਤੋਂ ਵੱਧ ਡੂੰਘੀ ਹੈ। ਇਥੇ ਇਹ ਵੀ ਜ਼ਿਕਰ ਕਰਨ ਯੋਗ ਹੈ ਕਿ ਪਾਕਿਸਤਾਨ ਤੇ ਚੀਨ ਦੇ ਬਹੁਤ ਗਹਿਰੇ ਸਬੰਧ ਹਨ ਅਤੇ ਸਾਂਝੀਆਂ ਜੰਗੀ ਮਸ਼ਕਾਂ ਰਾਹੀਂ ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਦੇਸ਼ਾਂ ਦੇ ਸਬੰਧ ਹੋਰ ਵੀ ਗੂੜੇ ਹੋਣ ਦੀ ਸੰਭਾਵਨਾ ਹੈ।”
ਟ੍ਰਿਬਿਊਨ ਅਖਬਾਰ ਵਿੱਚ ਅਜੈ ਬੈਨਰਜੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਮਸ਼ਕਾਂ ਦੌਰਾਨ ਦੋਹਾਂ ਫੌਜਾਂ ਵਲੋਂ ਟੈਂਕਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਭਾਰਤੀ ਫੌਜ ਵਲੋਂ ਵੀ ਭਾਰਤੀ ਏਅਰ ਫੋਰਸ ਦੀ ਸਹਾਇਤਾ ਨਾਲ ‘ਸੁਦਰਸ਼ਨ ਸ਼ਕਤੀ’ ਨਾਂ ਹੇਠ ਜੰਗੀ ਮਸ਼ਕਾਂ ਵੱਡੇ ਪੱਧਰ ਉੱਤੇ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਹਮਲਾ ਕਰਨ ਵਾਲੇ ਫੌਜੀ ਹੈਲੀਕਾਪਟਰ, ਲੜਾਕੂ ਜਹਾਜ਼, ਯੂ. ਏ. ਵੀ. ਅਤੇ ਰੇਡਾਰਾਂ ਦਾ ਇਸਤੇਮਾਲ ਕੀਤਾ ਜਾਵੇਗਾ।
ਇਸੇ ਸਾਲ ਮਈ ਮਹੀਨੇ ਦੌਰਾਨ ਅੰਬਾਲਾ ਸਥਿਤ 2 ਸਟਰਾਵੀਕ ਕਾਰਪਸ ਵਲੋਂ ਵੀ ਪੋਖਰਨ ਨੇੜੇ ਰੇਗਿਸਤਾਨ ਦੇ 2400 ਸੁਕੇਅਰ ਕਿ. ਮੀ. ਦੇ ਇਲਾਕੇ ਵਿੱਚ ‘ਵਿਜੈ ਭਵਾ” ਨਾਂ ਹੇਠ ਜੰਗੀ ਕਸਰਤਾਂ ਕੀਤੀਆਂ ਗਈਆਂ ਹਨ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਭਾਰਤੀ ਫੌਜ ਦੀ ਹਾਈ ਕਮਾਂਡ ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਦੇ ਖਿਲਾਫ ਜੰਗ ਛੇੜਨ ਲਈ ਮਾਹੌਲ ਤਿਆਰ ਕਰਦੀ ਆ ਰਹੀ ਹੈ। 28 ਅਪ੍ਰੈਲ 2011 ਤੋਂ ਮੱਧ-ਮਈ 2011 ਤੱਕ ਰਾਜਸਥਾਨ ਦੇ 45 ਡਿਗਰੀ ਤਾਪਮਾਨ ਵਾਲੇ ਖੇਤਰ ਵਿੱਚ ਭਾਰਤੀ ਫੌਜ ਵਲੋਂ ਵੱਡੀਆਂ ਮਸ਼ਕਾਂ ਕੀਤੀਆਂ ਗਈਆਂ ਸਨ। ਇਹ ਉਹ ਸਮਾਂ ਸੀ ਜਦੋਂ ਅਮਰੀਕੀ ਨੇਵੀ ਸੀਲਜ਼ ਨੇ ਐਬਟਾਬਾਦ ਵਿੱਚ 1 ਮਈ 2011 ਨੂੰ ਓਸਾਮਾ ਬਿਨ ਲਾਦੇਨ ਦੇ ਬੰਗਲੇ ਉੱਤੇ ਹੈਲੀਕਾਪਟਰਾਂ ਰਾਹੀਂ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਨ੍ਹਾਂ ਦਿਨਾਂ ਦੌਰਾਨ ਹੀ ਭਾਰਤੀ ਰੱਖਿਆ ਮੰਤਰੀ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਵਿਜੇ ਕੁਮਾਰ ਸਿੰਘ ਦੇ ਅਹੁਦੇ ਦੀ ਮਿਆਦ ਵਿੱਚ ਇੱਕ ਸਾਲ ਦਾ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 61 ਸਾਲਾ ਵਿਜੇ ਕੁਮਾਰ ਦਾ ਦਾਅਵਾ ਹੈ ਕਿ ਉਸ ਦਾ ਜਨਮ 1950 ਵਿੱਚ ਨਹੀਂ ਸਗੋਂ 1951 ਵਿੱਚ ਹੋਇਆ ਸੀ, ਇਸ ਲਈ ਉਸ ਦੀ ਉਮਰ 60 ਸਾਲ ਬਣਦੀ ਹੈ। ਅਗਸਤ 2011 ਵਿੱਚ ‘ਦਾ ਟ੍ਰਿਬਿਊਨ’ ਸਮੇਤ ਹੋਰ ਭਾਰਤੀ ਅਖਬਾਰਾਂ ਨੇ ਪਾਕਿਸਤਾਨ ਤੇ ਚੀਨ ਦੀਆਂ ਸਾਂਝੀਆਂ ਜੰਗੀ ਮਸ਼ਕਾਂ ਸਬੰਧੀ ਖਬਰਾਂ ਛਾਪੀਆਂ ਸਨ। ਸ਼ਾਇਦ ਭਾਰਤੀ ਫੌਜ ਦਾ ਮੁਖੀ, ਜਿਸ ਦੀ ਅਹੁਦੇ ਦੀ ਮਿਆਦ ਵਧਾਉਣ ਦੀ ਬੇਨਤੀ ਸਰਕਾਰ ਵਲੋਂ ਰੱਦ ਕਰ ਦਿੱਤੀ ਗਈ ਹੈ, ਇਸ ਲਈ ਪਾਕਿਸਤਾਨ ਨਾਲ ਪੰਗਾ ਪਾ ਸਕਦਾ ਹੈ ਤਾਂਕਿ ਉਹ ਇੱਕ ਹੋਰ ਸਾਲ ਲਈ ਆਪਣੇ ਅਹੁਦੇ ‘ਤੇ ਬਣਿਆ ਰਹਿ ਸਕੇ, ਕਿਉਂਕਿ ਜੰਗ ਦੇ ਹਾਲਾਤ ਦੌਰਾਨ ਫੌਜ ਦੇ ਮੁਖੀ ਨੂੰ ਬਦਲਣਾ ਸੰਭਵ ਨਹੀਂ ਹੁੰਦਾ। ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਛਿੜਦੀ ਹੈ ਤਾਂ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਸਲਾਮਤੀ ਖਤਰੇ ਵਿੱਚ ਪੈ ਸਕਦੀ ਹੈ। ਸ੍ਰੀ ਦਰਬਾਰ ਸਾਹਿਬ ਭਾਰਤ-ਪਾਕਿਸਤਾਨ ਸਰਹੱਦ ਤੋਂ 20 ਮੀਲ ਤੋਂ ਵੀ ਘੱਟ ਦੂਰੀ ‘ਤੇ ਸਥਿਤ ਹੈ।
ਇਸ ਸਾਰੇ ਘਟਨਾਕ੍ਰਮ ਦੇ ਸੰਦਰਭ ਵਿੱਚ ਨਿਰਪੱਖ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਅਤੇ ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਜੰਗੀ ਮਸ਼ਕਾਂ ਭਾਰਤੀ ਹਕੂਮਤ ਨੂੰ ਇੱਕ ਕਰੜਾ ਸੁਨੇਹਾ ਹੈ। ਫੌਜੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਜੰਗ ਲੱਗਦੀ ਹੈ ਤਾਂ ਦੋਹਾਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ। ਜਿਥੋਂ ਤੱਕ ਆਮ ਸਿੱਖਾਂ ਦਾ ਸੁਆਲ ਹੈ, ਉਹ ਤਾਂ ਸਿਰਫ ਤੇ ਸਿਰਫ ਸ਼ਾਂਤੀ ਚਾਹੁੰਦੇ ਹਨ। ਜੰਗ ਦੇ ਬੱਦਲ ਬਰੂਹਾਂ ‘ਤੇ ਆਣ ਕੇ ਗੱਜ ਰਹੇ ਹਨ ਪਰ ਸਿੱਖਾਂ ਦੀ ਕਮਅਕਲ ਲੀਡਰਸ਼ਿਪ ਘੂਕ ਸੁੱਤੀ ਪਈ ਹੈ। ਜੰਗ ਕਿਸੇ ਪਾਸਿਓਂ ਵੀ ਸ਼ੁਰੂ ਹੋਵੇ, ਨੁਕਸਾਨ ਸਿੱਖਾਂ ਅਤੇ ਪੰਜਾਬ ਦਾ ਹੀ ਹੋਣਾ ਹੈ। ਇਸ ਲਈ ਦੇਸ਼-ਵਿਦੇਸ਼ ‘ਚ ਵਸਦੇ ਖਾਲਸਾ ਜੀ ਨੂੰ ਜੰਗ ਰੋਕਣ ਲਈ ਲਾਮਬੰਦੀ ਕਰਨ ਦੀ ਜ਼ਰੂਰਤ ਹੈ।
Related Topics: Indian Army