April 28, 2010 | By ਪਰਦੀਪ ਸਿੰਘ
ਮੋਹਾਲੀ, 27 ਅਪ੍ਰੈਲ, 2010 (ਸੁਖਦੀਪ ਸਚਦੇਵਾ) :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਗੇਟ ਸਾਹਮਣੇ 134 ਕਲਰਕਾਂ ਦੀ ਬਹਾਲੀ ਵਾਸਤੇ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ 433 ਵੇਂ ਦਿਨ ’ਚ ਪਹੁੰਚ ਗਿਆ। ਜਦੋਂ ਕਿ ਭੁੱਖ ਹੜਤਾਲ 42ਵੇਂ ਦਿਨ ਵਿੱਚ ਪਹੁੰਚ ਗਈ ਹੈ। ਅੱਜ ਭੁੱਖ ਹੜਤਾਲ ਤੇ ਬੈਠੇ ਧਰਨਾਕਾਰੀਆ ਨੂੰ ਵੱਲ ਮਿਲਿਆ ਜਦੋਂ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਇੰਨ੍ਹਾਂ ਨੂੰ ਆਪਣੀ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ ਅਤੇ ਪਾਰਟੀ ਦੇ ਕਈ ਆਗੂ ਧਰਨਾਕਾਰੀਆਂ ਨਾਲ ਭੁੱਖ ਹੜਤਾਲ ਵਿੱਚ ਸਾਮਲ ਹੋਏ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਸ਼ਹੀਦਾ ਨੇ ਆਪਣੀਆਂ ਜਾਨਾ ਕੁਰਬਾਨ ਕਰਕੇ ਦੇਸ਼ ਨੂੰ ਅਜਾਦ ਕਰਵਾਇਆ ਸੀ ਤਾਂ ਕਿ ਆਜ਼ਾਦ ਭਾਰਤ ਵਿਚ ਹਰੇਕ ਵਿਅਕਤੀ ਨੂੰ ਲੋੜੀਂਦਾ ਰੁਜ਼ਗਾਰ ਮਿਲੇ ਅਤੇ ਉਹ ਆਰਾਮ ਦਾ ਜੀਵਨ ਬਤੀਤ ਕਰੇ। ਪਰ ਅੱਜ ਸਮੇਂ ਦੀਆਂ ਸਰਕਾਰਾਂ ਦੀ ਬਈਮਾਨੀ ਕਰਕੇ ਅਨੇਕਾਂ ਹੀ ਨੌਜਵਾਨਾਂ ਨੂੰ ਆਪਣੇ ਜਾਇਜ਼ ਹੱਕਾਂ ਨੂੰ ਪ੍ਰਾਪਤ ਕਰਨ ਵਾਸਤੇ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ ਅਤੇ ਢਿੱਡੋਂ ਭੁੱਖੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਅਕਾਲੀ ਭਾਜਪਾ ਗੰਠਜੋੜ ਅਤੇ ਕਾਗਰਸ ਪਾਰਟੀ ਦੀਆਂ ਸਰਕਾਰਾਂ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਇਨ੍ਹਾਂ ਪਾਰਟੀਆ ਵਾਰੀ-ਵਾਰੀ ਸੱਤਾ ਦੀ ਕੁਰਸੀ ਦਾ ਨਿੱਘ ਮਾਣਕੇ ਚਲਦੇ ਬਣਦੇ ਨੇ, ਪਰ ਇੰਨਾਂ ਨਾ ਤਾਂ ਪੰਜਾਬ ਦਾ ਕੋਈ ਮਸਲਾ ਹੱਲ ਕੀਤਾ ਅਤੇ ਨਾ ਹੀ ਕਿਸੇ ਨੌਜਵਾਨ ਨੂੰ ਨੋਕਰੀ ਦਿੱਤੀ। ਅੱਜ ਅਨੇਕਾਂ ਹੀ ਪੜੇ ਲਿਖੇ ਨੌਜਵਾਨ ਡਿਗਰੀਆਂ ਲਈ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਹਨ। ਉਨ੍ਹਾਂ ਕਿਹਾ ਕਿ ਹਲਾਤ ਇਹ ਹਨ, ਕਿ ਸੱਤਾ ਹਥਿਆਉਣ ਲਈ ਚੌਣਾ ਸਮੇਂ ਵੋਟਾਂ ਲੈਣ ਲਈ ਝੂਠੇ ਲਾਰੇ ਅਤੇ ਵਾਅਦੇ ਕਰਦੇ ਹਨ, ਕੁਰਸੀ ਮਿਲਦਿਆਂ ਹੀ ਕਿਸੇ ਨੂੰ ਨੌਕਰੀ ਤਾਂ ਕੀ ਦੇਣੀ ਹੈ ਸਗੋਂ ਨੋਕਰੀ ਕਰਦਿਆਂ ਨੂੰ ਕੱਢਕੇ ਸੜਕਾਂ ਤੇ ਧੱਕੇ ਖਾਣ ਲਈ ਮਜਬੂਰ ਕਰਦੇ ਹਨ। ਜਦੋਂ ਕਿ ਇਸੇ ਸਿਆਸੀ ਰੰਜਿਸ਼ ਦੇ ਮਨਸੂਬੇ ਨਾਲ ਬੇਕਸੂਰ ਕਲਰਕਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਜਿਸ ਦੀ ਪਾਰਟੀ ਘੋਰ ਨਿੰਦਾ ਕਰਦੀ ਹੈ। ਪੰਚ ਪ੍ਰਧਾਨੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਲਰਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਕਨੇਡੀਅਨ ਨੇ ਕਿਹਾ ਕਿ ਜੇਕਰ ਸਰਕਾਰ ਨੇ 134 ਕਲਰਕਾਂ ਦੀ ਬਹਾਲੀ ਵਾਸਤੇ ਕੋਈ ਕਦਮ ਨਾ ਉਠਾਇਆ ਤਾ ਪੰਚ ਪ੍ਰਧਾਨੀ ਆਉਣ ਵਾਲੇ ਦਿਨਾਂ ਵਿਚ ਹੋਰ ਸੰਘਰਸ ਕਰ ਰਹੇ ਨੌਜਵਾਨਾ ਨੂੰ ਇੱਕਠਾ ਕਰਕੇ ਇੰਨਸਾਫ ਤੱਕ ਆਰ-ਪਾਰ ਦੀ ਲੜਾਈ ਲੜੇਗੀ। ਜੋ ਸਰਕਾਰ ਦੇ ਤਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।
Related Topics: Akali Dal Panch Pardhani