ਚੋਣਵੀਆਂ ਵੀਡੀਓ » ਪੰਜਾਬ ਦੀ ਰਾਜਨੀਤੀ » ਵੀਡੀਓ » ਸਿਆਸੀ ਖਬਰਾਂ » ਸਿੱਖ ਖਬਰਾਂ

ਵਿਸ਼ੇਸ਼ ਰਿਪੋਰਟ: ਖ਼ਾਲਿਸਤਾਨੀ ਜਥੇਬੰਦੀਆਂ ਦਲ ਖ਼ਾਲਸਾ ਅਤੇ ਪੰਚ ਪ੍ਰਧਾਨੀ ’ਚ ਏਕਤਾ

May 23, 2016 | By

ਚੰਡੀਗੜ: ਖਾਲਿਸਤਾਨ ਦੀ ਸਿਰਜਣਾ ਲਈ ਲੰਮੇ ਅਰਸੇ ਤੋਂ ਸਰਗਰਮ ਜਥੇਬੰਦੀਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਮੁਕੰਮਲ ਏਕਤਾ ਕਰਦਿਆਂ ਸਾਂਝੀ ਜਥੇਬੰਦੀ ਨੂੰ ਜਨਮ ਦਿਤਾ ਜਿਸ ਦਾ ਨਾਂ ‘ਦਲ ਖਾਲਸਾ’ ਹੀ ਰੱਖਿਆ ਗਿਆ ਅਤੇ ਇਸਦੇ ਵਰਕਿੰਗ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਚੁਣਿਆ ਗਿਆ।

ਦੋਨਾਂ ਜਥੇਬੰਦੀਆਂ ਨੇ ਸਮਾਗਮ ਦੌਰਾਨ ਖਾਲਸਾ ਰਾਜ ਨੂੰ ਕਾਇਮ ਕਰਨ ਖਾਲਸੇ ਦੇ ਉਸ ਅਸਲ ਜਜ਼ਬੇ ਨੂੰ ਮੁੜ ਸੁਰਜੀਤ ਕਰਨ ਦਾ ਅਹਿਦ ਲਿਆ ਜੋ ਗੁਰੂ ਪਾਤਸ਼ਾਹ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਿੱਖਾਂ ਤੇ ਬਖਸ਼ਿਸ਼ ਕੀਤਾ ਗਿਆ ਸੀ।

ਜਥੇਬੰਦੀਆਂ ਦੇ ਡੈਲੀਗੇਟਾਂ ਨੇ ਦੋਨਾਂ ਨਾਵਾਂ ਵਿਚੋਂ ਦਲ ਖਾਲਸਾ ਨਾਂ ਦੀ ਚੋਣ ਕਰਦਿਆਂ ਕਿਹਾ ਕਿ ਇਹ ਇੱਕ ਪੁਰਾਤਨ ਨਾਮ ਹੈ ਜਿਸ ਦਾ ਇੱਕ ਇਤਿਹਾਸਕ ਪਿਛੋਕੜ ਹੈ। ਮਤਾ ਪਾਸ ਕਰਦਿਆਂ ਉਹਨਾਂ ਕਿਹਾ ਕਿ ਦਲ ਖਾਲਸਾ ਦੇ ਨਾਮ ਹੇਠ ਪੁਰਾਤਨ ਸਮੇ ਵਿੱਚ ਵੀ ਖਾਲਸਾ ਰਾਜ ਦੀ ਕਾਇਮੀ ਲਈ ਸੰਘਰਸ਼ ਕੀਤਾ ਗਿਆ ਸੀ। ਮਤੇ ਵਿੱਚ ਅੱਗੇ ਕਿਹਾ ਸਿੱਖ ਧਰਮ ਦੀ ਪ੍ਰਫੁਲਤਾ, ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਬਦਲਵੇਂ ਹਾਲਾਤਾਂ ਅਨੁਸਾਰ ਤੇਜੀ ਅਤੇ ਤਾਜਗੀ ਲਿਆਉਣ ਲਈ ਦੋਨਾਂ ਜਥੇਬੰਦੀਆਂ ਨੂੰ ‘ਏਕੇ ਦੀ ਮਾਲਾ’ ਵਿੱਚ ਪਰੋਇਆ ਗਿਆ ਹੈ। ਇਸ ਏਕਤਾ ਦਾ ਸੇਹਰਾ ਦੋਨਾਂ ਪਾਰਟੀਆਂ ਦੇ ਬਾਨੀ ਆਗੂਆਂ ਭਾਈ ਗਜਿੰਦਰ ਸਿੰਘ ਅਤੇ ਭਾਈ ਦਲਜੀਤ ਸਿੰਘ ਦੇ ਸਿਰ ਬਨ੍ਹਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਦੋਨਾਂ ਜਥੇਬੰਦੀਆਂ ਦੇ ਇਹਨਾਂ ਆਗੂਆਂ ਦੀ ਖਾਲਿਸਤਾਨ ਸੰਘਰਸ਼ ਵਿੱਚ ਮੋਹਰੀ ਭੂਮਿਕਾ ਰਹੀ ਹੈ। ਨਵੇ ਬਣੇ ਪ੍ਰਧਾਨ ਹਰਪਾਲ ਸਿੰਘ ਚੀਮਾ ੬ ਸਾਲ ਅਮਰੀਕਾ ਦੀ ਸਭ ਤੋਂ ਵੱਡੀ ਜਥੇਬੰਦੀ ‘ਸਿੱਖ ਯੂਥ ਆਫ ਅਮਰੀਕਾ’ ਦੇ ਪ੍ਰਧਾਨ ਰਹੇ ਹਨ। ਉਹਨਾਂ ਨੇ ਪੰਜਾਬ ਅੰਦਰ ‘ਸਿੱਖਜ਼ ਵਾਰ ਹਿਊਮਨ ਰਾਈਟਜ਼’ ਨਾਮੀ ਸੰਸਥਾਂ ਨੂੰ ਜਨਮ ਦਿਤਾ। ਉਹ ਫਤਿਹਗੜ ਸਾਹਿਬ ਜਿਲੇ ਨਾਲ ਸਬੰਧਤਿ ਹਨ ਅਤੇ ਵਕਾਲਤ ਉਨਾਂ ਦਾ ਕਿੱਤਾ ਹੈ।

ਭਾਈ ਚੀਮਾ ਦੀ ਨਿਯੁਕਤੀ ਦਾ ਐਲਾਨ ਕਰਦਿਆਂ, ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਲਈ ਭਾਈ ਗਜਿੰਦਰ ਸਿੰਘ ਅਤੇ ਭਾਈ ਦਲਜੀਤ ਸਿੰਘ ਹਮੇਸ਼ਾਂ ਹੀ ਪ੍ਰੇਰਣਾ ਸਰੋਤ ਹਨ ਅਤੇ ਰਹਿਣਗੇ। ਉਹਨਾਂ ਦਸਿਆ ਕਿ ਗਜਿੰਦਰ ਸਿੰਘ ਪਾਰਟੀ ਦੇ ਸਰਪ੍ਰਸਤ ਹੋਣਗੇ ਜਦਕਿ ਭਾਈ ਦਲਜੀਤ ਸਿੰਘ ਸਲਾਹਕਾਰ ਵਜੋਂ ਉਹਨਾਂ ਦੇ ਨਾਲ ਰਹਿਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਬੀਰ ਸਿੰਘ ਬੜਾਪਿੰਡ ਕਿਸੇ ਕੇਸ ਕਾਰਨ ਜੇਲ ਅੰਦਰ ਨਜ਼ਰਬੰਦ ਹਨ, ਉਹਨਾਂ ਨੂੰ ਰਿਹਾਈ ਬਾਅਦ ਅਹਿਮ ਸਥਾਨ ਦਿਤਾ ਜਾਵੇਗਾ। ਉਹਨਾਂ ਦਸਿਆ ਕਿ ਅੱਜ ਦੀ ਇਕਤਰਤਾ ਵਲੋਂ ਭਾਈ ਚੀਮਾ ਨੂੰ ਇਹ ਅਧਿਕਾਰ ਦਿੱਤੇ ਗਏ ਹਨ ਕਿ ਉਹ ਪਾਰਟੀ ਦਾ ਮੁਕੰਮਲ ਢਾਂਚਾ, ਅੰਤਰਿੰਗ ਅਤੇ ਵਰਕਿੰਗ ਕਮੇਟੀ ਮੈਂਬਰ ਅਤੇ ਅਹੁਦੇਦਾਰਾਂ ਦੀ ਚੋਣ ਅਗਲੇ ੩ ਮਹੀਨਿਆਂ ਤੱਕ ਕਰਨ।

ਇਸ ਤੋਂ ਪਹਿਲਾਂ ਦਲ ਖਾਲਸਾ ਦੇ ਮੌਜੂਦਾ ਮੁਖੀ ਹਰਚਰਨਜੀਤ ਸਿੰਘ ਨੇ ਆਪਣੇ ਪੱਦ ਤੋਂ ਅਸਤੀਫਾ ਦਿਤਾ। ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਭਾਈ ਚੀਮਾ ਦਾ ਨਾਮ ਅਗਲੇ ਮੁਖੀ ਲਈ ਤਜਵੀਜ਼ ਕੀਤਾ ਜਿਸ ਨੂੰ ਸਾਰੇ ਡੈਲੀਗੇਟਾਂ ਨੇ ਪ੍ਰਵਾਨ ਕਰ ਲਿਆ। ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਨੇ ਜੇਲ ਅੰਦਰ ਨਜ਼ਰਬੰਦ ਜੁਝਾਰੂ ਆਗੂ ਭਾਈ ਜਗਤਾਰ ਸਿੰਘ ਹਵਾਰਾ ਦੀ ਤਰਫੋਂ ਭਾਈ ਚੀਮਾ ਨੂੰ ਸਿਰੋਪਾ ਦਿਤਾ ਅਤੇ ਉਹਨਾਂ ਦੀ ਨਿਯੁਕਤੀ ਦਾ ਸੁਆਗਤ ਕੀਤਾ।

ਭਾਈ ਚੀਮਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਸਿਧਾਂਤਕ ਅਤੇ ਵਿਚਾਰਧਾਰਕ ਸਿਆਸਤ ਕਰਨ ਦੀ ਹਾਮੀ ਹੈ। ਉਹਨਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਨੇ ਸਿੱਖ ਸੰਘਰਸ਼ ਅਤੇ ਨਾਇਕਾਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਝੂਠੇ ਪ੍ਰਾਪੇਗੰਢੇ ਰਾਂਹੀ ਬਦਨਾਮ ਕਰਨ ਦੀਆਂ ਕੁਚਾਲਾਂ ਚਲੀਆਂ ਹਨ, ਇਸ ਝੂਠ ਨੂੰ ਚੁਣੌਤੀ ਦੇਣਾ ਅਤੇ ਸਹੀ ਪਰਪੇਖ ਵਿਚ ਲੋਕਾਂ ਸਾਹਮਣੇ ਰੱਖਣਾ ਸਾਡਾ ਪਹਿਲਾ ਫਰਜ਼ ਹੋਵੇਗਾ।

ਉਹਨਾਂ ਸਪਸ਼ਟ ਕੀਤਾ ਕਿ ਉਹ ਭਾਰਤੀ ਨਿਜ਼ਾਮ ਅਧੀਨ ਪਾਰਲੀਅਮੈਂਟ ਅਤੇ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਹੀ ਲੈਣਗੇ ਕਿਉਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਭਾਰਤੀ ਚੋਣ ਸਿਸਟਮ ਰਾਂਹੀ ਉਹਨਾਂ ਦੀ ਕੌਮ ਅਤੇ ਲੋਕਾਂ ਦੀ ਸਥਿਤੀ ਵਿੱਚ ਕੋਈ ਹਾਂ-ਪੱਖੀ ਤਬਦੀਲੀ ਨਹੀ ਆਉਣ ਵਾਲੀ ਅਤੇ ਨਾ ਹੀ ਪੰਜਾਬ ਨੂੰ ਸਵੈ-ਨਿਰਣੇ ਦਾ ਹੱਕ (ਰੈਫਰੇਂਡੰਮ) ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਟੀਚਾ ਵਿਕਾਸ ਜਾਂ ਭ੍ਰਿਸ਼ਟਾਚਾਰ ਦੂਰ ਕਰਨਾ ਨਹੀਂ ਜੋ ਚੇਹਰੇ ਬਦਲਣ ਨਾਲ ਸੰਭਵ ਹੋ ਸਕਦਾ ਹੈ ਬਲਕਿ ਆਪਣੀ ਕੌਮ ਨੂੰ ਹਿੰਦੁਸਤਾਨੀ ਜਕੜ ਤੋਂ ਆਜ਼ਾਦ ਕਰਵਾਉਣਾ ਹੈ। ਉਹਨਾਂ ਕਿਹਾ ਕਿ ਗੁਰੁਦਆਰਾ ਚੋਣਾਂ ਨੂੰ ਉਹ ਇੱਕ ਅਲੱਗ ਨਜ਼ਰ ਨਾਲ ਦੇਖਦੇ ਹਨ ਅਤੇ ਕਿਉਕਿ ਇਹ ਉਹਨਾਂ ਦੇ ਗੁਰੂ-ਘਰਾਂ ਦਾ ਪ੍ਰਬੰਧ ਲਈ ਹੈ ਇਸ ਲਈ ਉਹ ਹਮ-ਖਿਆਲੀ ਜਥੇਬੰਦੀਆਂ ਨਾਲ ਮਿਲਕੇ ਇਸ ਵਿੱਚ ਹਿੱਸਾ ਲੈਣਗੇ।

ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਪੰਜਾਬ ਲਈ ਵੱਡੀ ਚੁਣੌਤੀ ਹੈ ਨਸ਼ਿਆਂ ਦਾ ਪ੍ਰਕੋਪ ਅਤੇ ਗੈਰ-ਪੰਜਾਬੀਆਂ ਦੀ ਸੂਬੇ ਅੰਦਰ ਬੇਰੋਕ-ਟੋਕ ਆਮਦ। ਉਹਨਾਂ ਕਿਹਾ ਕਿ ਸਤਾਧਾਰੀ ਅਕਾਲੀ ਦਲ ਹਿੰਦੁਸਤਾਨ ਦੇ ਹੁਕਮਰਾਨਾ ਦਾ ਚਹੇਤਾ ਬਣਕੇ ਪੰਜਾਬ ਅੰਦਰ ਭਾਜਪਾ/ਆਰ.ਐਸ.ਐਸ ਦਾ ਫਿਰਕੂ ਏਜੰਡਾ ਅਤੇ ਉਹਨਾਂ ਦੀ ਜੜ੍ਹਾਂ ਪੱਕੀਆਂ ਕਰਨ ਲਈ ਸਹਾਈ ਹੋ ਰਿਹਾ ਹੈ ਅਤੇ ਇਹ ਸੱਭ ਕੁਝ ਉਹ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਰੋਲ ਕੇ ਬੜੀ ਬੇਸ਼ਰਮੀ ਨਾਲ ਕਰ ਰਿਹਾ ਹੈ।

ਇਕੱਠ ਨੇ ਖਾਲਿਸਤਾਨ ਅਤੇ ਪੰਥ ਤੇ ਪੰਜਾਬ ਦੀ ਅਣਖ ਅਤੇ ਗੈਰਤ ਅਤੇ ਸੋਮਿਆ ਨੂੰ ਕਾਇਮ ਰੱਖਣ ਲਈ ਬਹਾਦਰ ਯੋਧਿਆਂ ਨੂੰ ਸਿਜਦਾ ਪੇਸ਼ ਕੀਤਾ ਅਤੇ ਸਜ਼ਾ ਪੂਰੀ ਕਰ ਚੁੱਕੇ ਰਾਜਨੀਤਿਕ ਕੈਦੀਆਂ ਦੀ ਪੱਕੀ ਰਿਹਾਈ ਦੀ ਮੰਗ ਕੀਤੀ। ਇੱਕਠ ਨੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਉਤੇ ਜਾਨਲੇਵਾ ਹਮਲੇ ਨੂੰ ਮੰਦਭਾਗਾ ਕਰਾਰ ਦਸਦਿਆਂ ਕਿਹਾ ਕਿ ਹਮਲਾਵਾਰਾਂ ਅਤੇ ਉਹਨਾਂ ਦੇ ਆਕਾਵਾਂ ਨੇ ਸਿੱਖ ਪ੍ਰਚਾਰਕ ਉਤੇ ਜਾਨੀ ਵਾਰ ਕਰਨ ਤੋਂ ਪਹਿਲਾਂ ਜਰਾ ਵੀ ਨਹੀਂ ਸੋਚਿਆ ਕਿ ਇਸ ਕਾਰੇ ਨਾਲ ਸਾਡੀ ਕੌਮ ਲਈ ਕਿਨ੍ਹੇ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,