
January 24, 2016 | By ਮੇਜਰ ਸਿੰਘ
ਗ੍ਰੰਥੀ ਸੁਖਪਾਲ ਸਿੰਘ ਨੇ ਸੁਣਾਈ ਆਪਣੀ ਹੱਡਬੀਤੀ, ਇੰਨਸਾਫ ਲਈ ਖੜਕਾਵਾਂਗੇ ਹਾਈਕੋਰਟ ਦਾ ਦਰਵਾਜਾ: ਐਡਵੋਕੇਟ ਸਿਮਰਨਜੀਤ ਸਿੰਘ
ਸਾਹਿਬਜਾਦਾ ਅਜੀਤ ਸਿੰਘ ਨਗਰ: ਬਰਗਾੜੀ ਕਾਂਡ ਵਿਚ ਪੰਜਾਬ ਸਰਕਾਰ ਖਿਲਾਫ਼ ਚੱਲੇ ਸੰਗਤਾਂ ਦੇ ਰੋਹ ਦੋਰਾਨ ਜਿਨ੍ਹਾਂ ਪਰਿਵਾਰਾਂ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਸੀ। ਉਨ੍ਹਾਂ ਪਰਿਵਾਰਾਂ ਨੂੰ ਪੰਜਾਬ ਪੁਲਿਸ ਵਲੋਂ ਨਜਾਇਜ ਤੋਰ ਤੇ ਤੰਗ ਪ੍ਰੇਸ਼ਾਨ ਕਰਦਿਆਂ ਘਰੋਂ-ਬੇਘਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ।
ਸੁਖਪਾਲ ਸਿੰਘ ਦੇ ਪਰਿਵਾਰ ਨਾਲ ਖੜੇ ਹਨ ਐਡਵੋਕੇਟ ਸਿਮਰਨਜੀਤ ਸਿੰਘ ਤੇ ਹੋਰ
ਇਸ ਸਬੰਧੀ ਅੱਜ ਇਥੇ ਐਡਵੋਕੇਟ ਸਿਮਰਨਜੀਤ ਸਿੰਘ ਦੇ ਨਾਲ ਆਏ ਬਰਗਾੜੀ ਦੇ ਨਾਲ ਲੱਗਦੇ ਪਿੰਡ ਰਣ ਸਿੰਘ ਵਾਲਾ ਦੇ ਇਕ ਗੁਰਦੁਆਰਾ ਦੇ ਗ੍ਰੰਥੀ ਸੁਖਪਾਲ ਸਿੰਘ ਨੇ ਦਸਿਆ ਕਿ ਪੰਜਾਬ ਪੁਲਿਸ ਕੋਲੋਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਖ਼ਤਰਾ ਹੈ, ਜਿਸ ਕਾਰਨ ਉਹ ਅਤੇ ਉਸਦਾ ਪਰਿਵਾਰ ਘਰੋਂ ਬੇਘਰ ਹੋਇਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਵੇਗਾ।
ਸੁਖਪਾਲ ਸਿੰਘ ਨੇ ਦਸਿਆ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਸਰੂਪ ਦੀ ਬੇਅਦਬੀ ਅਤੇ ਚੋਰੀ ਹੋਣ ਤੇ ਬਰਗਾੜੀ ਵਿਚ ਸ਼ਾਂਤ ਮਈ ਧਰਨਾ ਦੇ ਰਹੇ ਸਿੱਖਾਂ ਉਪਰ ਪੁਲਿਸ ਵਲੋਂ ਲਾਠੀ ਚਾਰਜ ਅਤੇ ਫਾਇਰਿੰਗ ਕਰਨ ਨਾਲ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਤਾਂ ਉਸਦੇ 16 ਸਾਲਾ ਲੜਕੇ ਪ੍ਰਿਤਪਾਲ ਵਲੋਂ ਇਕ ਗੀਤ ‘ਜਲੀਆਂ ਵਾਲਾ ਬਾਗ ਬਣਾਤਾ ਅੱਜ ਕੋਟਕਪੁਰੇ ਨੂੰ’ ਅਤੇ ਇਸੇ ਤਰਾਂ ਉਸਦੇ ਵੱਡੇ ਲੜਕੇ ਗੁਰਮੁੱਖ ਸਿੰਘ 27 ਸਾਲ ਨੇ ਪਿੰਡ ਵਾਸੀਆਂ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾਉਂਦਿਆਂ ਭਰਵਾਂ ਵਿਰੋਧ ਕੀਤਾ ਸੀ ਜਿਸ ਕਾਰਨ ਪੰਜਾਬ ਪੁਲਿਸ ਵਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜਦਕਿ ਬਰਗਾੜੀ ਘਟਨਾ ਦੀ ਜਾਂਚ ਸੀ. ਬੀ. ਆਈ ਵਲੋਂ ਕੀਤੀ ਜਾ ਰਹੀ ਹੈ, ਪਰ ਪੁਲਿਸ ਵਲੋਂ ਜਬਰੀ ਥਾਣੇ ਵਿਚ ਮੇਰੇ(ਸੁਖਪਾਲ ਸਿੰਘ) ਸਮੇਤ ਪੁਰੇ ਪਰਿਵਾਰ ਜਿਸ ਵਿਚ ਉਸਦੀ ਪਤਨੀ, ਦੋਵੇਂ ਧੀਆਂ ਅਤੇ ਪੁਤੱਰਾਂ ਨੂੰ ਸਾਰਾ ਸਾਰਾ ਦਿਨ ਬਿਠਾਇਆ ਜਾਂਦਾ ਹੈ ਜੇ ਕਰ ਕੋਈ ਵੀ ਸਾਡੀ ਮਦਦ ਲਈ ਪਿੰਡ ਵਾਸੀ ਅੱਗੇ ਆਉਂਦਾ ਹੈ ਤਾਂ ਉਸਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਸੁਖਪਾਲ ਸਿੰਘ ਨੇ ਦਸਿਆ ਕਿ ਪੁਲਿਸ ਦੇ ਤੰਗ ਪ੍ਰੇਸ਼ਾਨ ਕਰਨ ਕਰਕੇ ਉਸਦੇ ਬੱਚਿਆਂ ਦੀ ਪੜਾਈ ਵਿਚ ਰੁਕਾਵਟ ਆ ਗਈ ਹੈ , ਘਰੋਂ-ਬੇਘਰ ਹੋਣ ਕਾਰਨ ਸਕੂਲ ਨਾ ਜਾਣ ਕਾਰਨ ਛੋਟੇ ਲੜਕੇ ਪ੍ਰਿਤਪਾਲ ਸਿੰਘ ਦਾ ਸਕੂਲ ਵਿਚੋਂ ਨਾਂਅ ਕੱਟ ਦਿਤਾ ਗਿਆ ਹੈ । ਸੁਖਪਾਲ ਸਿੰਘ ਨੇ ਕਿਹਾ ਆਪਣੇ ਪਰਿਵਾਰ ਸਮੇਤ ਉਸਨੂੰ ਲੁੱਕ ਕੇ ਰਹਿਣਾ ਪੈ ਰਿਹਾ ਹੈ ਅਤੇ ਖ਼ਤਰਾ ਹੈ ਕਿ ਕਿਤੇ ਪੁਲਿਸ ਵਲੋਂ ਉਸਦੇ ਪਰਿਵਾਰ ਨੂੰ ਝੂਠੇ ਕੇਸ ਵਿਚ ਨਾ ਫਸਾ ਦੇਵੇ।
ਐਡਵੋਕੇਟ ਸਿਮਰਨਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੇ ਸੁਖਪਾਲ ਸਿੰਘ ਦੇ ਪਰਿਵਾਰ ਕੋਲੋ ਖਾਲੀ ਕਾਗਜਾਂ ਤੇ ਦਸਖ਼ਤ ਵੀ ਕਰਵਾਏ ਹੋਏ ਹਨ ਉਨ੍ਹਾਂ ਕਿਹਾ ਕਿ ਜਦੋਂ ਮਾਮਲੇ ਦੀ ਜਾਂਚ ਸੀ. ਬੀ. ਆਈ ਕੋਲ ਹੈ ਤਾਂ ਪੁਲਿਸ ਕਿਉਂ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਸੀ. ਆਰ. ਪੀ. ਸੀ 160 ਤਹਿਤ ਸਵੇਰੇ 9 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਪੁਲਿਸ ਔਰਤਾਂ ਅਤੇ ਨਾਬਾਲਿਗ ਨੂੰ ਥਾਣੇ ਨਹੀਂ ਰੱਖ ਸਕਦੇ ਪਰ ਪੁਲਿਸ ਧੱਕਾ ਕਰਨ ਤੇ ਲੱਗੀ ਹੋਈ ਹੈ।
ਉਨ੍ਹਾਂ ਦਸਿਆ ਕਿ ਸੁਖਪਾਲ ਸਿੰਘ ਦੀ ਵੱਡੀ ਬੇਟੀ ਬੀ ਐੱਡ ਕਰ ਰਹੀ ਹੈ ਜਦਕਿ ਛੋਟੀ ਬੇਟੀ 10+2 ਦੀ ਵਿਦਿਆਰਥਣ ਹੈ ਜਿਨ੍ਹਾਂ ਦੀ ਪੜਾਈ ਖਰਾਬ ਹੋਣ ਕਾਰਨ ਭਵਿਖ ਧੁੰਦਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਉਨ੍ਹਾਂ ਵਲੋਂ ਹਾਈਕੋਰਟ ਵਿਚ ਐਪਲੀਕੇਸ਼ਨ ਲਗਾਈ ਜਾਵੇਗੀ ਤਾਂ ਜੋ ਸੁਖਪਾਲ ਸਿੰਘ ਅਤੇ ਉਸਦੇ ਪਰਿਵਾਰ ਨੂੰ ਇੰਨਸਾਫ਼ ਮਿੱਲ ਸਕੇ। ਇਸ ਮੌਕੇ ਐਡਵੋਕੇਟ ਸਿਮਰਨਜੀਤ ਸਿੰਘ, ਗ੍ਰੰਥੀ ਸੁਖਪਾਲ ਸਿੰਘ ਦੇ ਨਾਲ ਉਸਦਾ ਪਰਿਵਾਰ ਸਤਨਾਮ ਸਿੰਘ ਰਣ ਸਿੰਘ ਵਾਲਾ, ਜਤਿੰਦਰ ਸਿੰਘ ਝਖੱੜਵਾਲਾ, ਲਖਵਿੰਦਰ ਸਿੰਘ ਸਰਾਵਾਂ ਤੋਂ ਇਲਾਵਾ ਭਾਈ ਕੁਲਦੀਪ ਸਿੰਘ ਗੜ੍ਹਗਜ ਆਦਿ ਮੋਜੂਦ ਸਨ।
Related Topics: Advocate Simranjit Singh, Incident of Beadbi of Guru Granth Shaib at Bargar Village, Punjab Government, Punjab Police