
October 26, 2011 | By ਸਿੱਖ ਸਿਆਸਤ ਬਿਊਰੋ
ਪਿੰਡ ਮੱਲ੍ਹਾ, ਕਸਬਾ ਬਾਜਾਖਾਨਾ ਤੋਂ ਬਰਨਾਲਾ ਨੂੰ ਜਾਂਦਿਆਂ ਮੁੱਖ ਸੜਕ ਤੋਂ ਪਾਸੇ ‘ਤੇ ਹੈ। ਭਾਰਤ ਦੀ ਬੁੱਚੜ ਸਰਕਾਰ ਦੇ ਅੰਨ੍ਹੇ ਜ਼ਬਰ ਦਾ ਸੱਲ ਆਪਣੇ ਸੀਨੇ ਵਿੱਚ ਦੱਬੀ ਬੈਠੇ ਹਨ, ਇਸ ਪਿੰਡ ਦੇ ਦੋ ਸ਼ਹੀਦਾਂ ਦੇ ਪਰਿਵਾਰ। ਇਕ ਸ਼ਹੀਦ ਭਾਈ ਬਲਜੀਤ ਸਿੰਘ ਬੱਬਰ (ਬੱਲੀ ਬੱਕਰੀਆਂ ਵਾਲਾ) ਤੇ ਦੂਜਾ ਸ਼ਹੀਦ ਭਾਈ ਜਸਵੀਰ ਸਿੰਘ ਉਰਫ਼ ਭੋਲਾ ਬੱਬਰ ਦਾ ਪਰਿਵਾਰ।
ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਦੇ ਪਰਿਵਾਰ ਦੀ ਪਿੰਡ ਮੱਲ੍ਹਾ ਵਿਚੋਂ ਆਖਰੀ ਨਿਸ਼ਾਨੀ ਤਕ ਖਤਮ ਹੋ ਚੁੱਕੀ ਹੈ, ਪਰ ਦੂਸਰਾ ਭਾਈ ਜਸਵੀਰ ਸਿੰਘ ਬੱਬਰ ਦਾ ਗੁਰਸਿੱਖ ਪਰਿਵਾਰ ਅੱਜ-ਕੱਲ੍ਹ ਸਿੱਖੀ ਭੈ-ਭਵਾਨੀ ਅੰਦਰ ਗੁਰਬੱਤ ਨਾਲ ਦੋ ਹੱਥ ਕਰਦਾ ਪਿੰਡ ਵਿਚ ਰਹਿ ਰਿਹਾ ਹੈ।
ਭਾਈ ਜਸਵੀਰ ਸਿੰਘ ਬੱਬਰ ਦਾ ਜਨਮ ਪਿਤਾ ਸ. ਹਾਕਮ ਸਿੰਘ ਦੇ ਘਰ ਮਾਤਾ ਦਲੀਪ ਕੌਰ ਜੀ ਦੀ ਸੁਲੱਖਣੀ ਕੁੱਖੋਂ ਹੋਇਆ। ਜਵਾਨ ਹੋਣ ‘ਤੇ ਆਪ ਜੀ ਦਾ ਅਨੰਦ ਕਾਰਜ ਬੀਬੀ ਗਰਮੀਤ ਕੌਰ ਨਾਲ ਕੀਤਾ ਗਿਆ। ਆਪ ਜੀ ਦੀ ਸਿੰਘਣੀ ਉੱਪਰ ਵੀ ਜੈਤੋ ਪੁਲਿਸ ਸਟੇਸ਼ਨ ਅੰਦਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਜਿਸ ਦਾ ਸੰਤਾਪ ਉਹ ਅੱਜ ਤਾਈਂ ਆਪਣੀ ਇਕੱਲਤਾ ਵਿਚ ਭੋਗ ਰਹੀ ਹੈ। ਇਸ ਬਹਾਦਰ ਸਿੰਘਣੀ ਦੀਆਂ ਸੁਰਖ ਗਹਿਰੀਆਂ ਅੱਖਾਂ ਗਲੇਡੂਆਂ ਵਿਚ ਲੱਥ-ਪੱਥ ਆਪਣਿਆਂ ਪ੍ਰਤੀ ਅਤੇ ਕੌਂਮ ਨੂੰ ਬਹੁਤ ਸਵਾਲ ਪਾ ਜਾਂਦੀਆਂ ਹਨ।
ਇਨ੍ਹਾਂ ਦਾ ਵਿਆਹ ਹੋਏ ਨੂੰ ਕੁਝ ਦਿਨ ਹੀ ਹੋਏ ਸਨ, ਜਦੋਂ ਜ਼ਾਲਮ ਧਾੜਾਂ ਨੇ ਉਹਨਾਂ ਨੂੰ ਘਰੋਂ ਚੁੱਕ ਲਿਆ ਸੀ ਅਤੇ ਤਸ਼ੱਦਦ ਕੀਤਾ ਸੀ। ਮੱਲ੍ਹੇ ਪਿੰਡ ਦੀ ਅਣਖ, ਘਰ ਦੀ ਚਾਰ ਦੀਵਾਰੀ ਦੇ ਆਸਰੇ ਆਪਣੇ ਅਤੀਤ ਨੂੰ ਵਿਹੜੇ ਵਿੱਚ ਦਫ਼ਨਾਉਣ ਦਾ ਯਤਨ ਕਰਦੀ ਹੈ। ਆਪ ਜੀ ਦੇ ਦੋ ਲੜਕੇ ਅਤੇ ਇਕ ਲੜਕੀ ਹੈ।
ਭਾਈ ਜਸਵੀਰ ਸਿੰਘ ਬੱਬਰ ਬਚਪਨ ਤੋਂ ਹੀ ਗੁਰਮਤਿ ਨਾਲ ਜੁੜੇ ਹੋਏ ਸਨ। ਪਰਿਵਾਰ ਅੰਦਰ ਕੁਰਬਾਨੀ ਦੀ ਭਾਵਨਾ ਅੱਜ ਵੀ ਭਰੀ ਹੋਈ ਹੈ। ਆਪ ਜੀ ਦੇ ਦਾਦਾ ਜੀ ਸ. ਜੀਤ ਸਿੰਘ ਨੇ ਜੈਤੋ ਦੇ ਮੋਰਚੇ ਵਿਚ ਹਿੱਸਾ ਲਿਆ ਸੀ। ਆਪ ਜੀ ਦੇ ਪਿਤਾ ਜੀ ਸ. ਹਾਕਮ ਸਿੰਘ ਨੇ ਧਰਮ ਯੁੱਧ ਮੋਰਚੇ ਦੌਰਾਨ ਕਪੂਰੀ ਨਹਿਰ ਰੋਕਣ ਲਈ ਸੰਨ 1983 ਵਿਚ ਗ੍ਰਿਫਤਾਰੀ ਦਿੱਤੀ ਅਤੇ ਜੇਲ੍ਹ ਗਏ। ਕਪੂਰਥਲਾ ਜੇਲ੍ਹ ਵਿਚ ਸਰਕਾਰ ਵੱਲੋਂ ਮਨਘੜਤ ਬਹਾਨੇ ਨਾਲ ਲਾਠੀਚਾਰਜ ਕਰ ਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ, ਜਿਸ ਨਾਲ ਉਹਨਾਂ ਦਾ ਸਰੀਰ ਬਿਲਕੱਲ ਹੀ ਬੇਕਾਰ ਹੋ ਗਿਆ। ਰਿਹਾਅ ਹੋਣ ਤੋਂ ਬਾਅਦ ਘਰ ਆਉਣ ਸਾਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਆਪ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਪਰਿਵਾਰ ਦਾ ਗਿਲਾ ਰਵਾਇਤੀ ਅਕਾਲੀਆਂ ‘ਤੇ ਨਿਕਲਦਾ ਹੈ। ਭਾਈ ਸਾਹਿਬ ਜੀ ਦੀ ਮਾਤਾ ਦੁਖੀ ਹਿਰਦੇ ਨਾਲ ਕਹਿੰਦੇ ਹਨ- “ਸਾਡੇ ਪਰਿਵਾਰ ਨੇ ਜੇਲ੍ਹਾਂ ਕੱਟੀਆਂ, ਮੈਂ ਕੌਂਮ ਤੋਂ ਆਪਣਾ ਹੀਰੇ ਵਰਗਾ ਪੁੱਤ ਵਾਰ ਦਿੱਤਾ…ਕੋਈ ਸਾਡੇ ਘਰੇ ਗੋਡਾ ਨਿਵਾਉਣ ਵੀ ਨਹੀਂ ਆਇਆ…ਭੋਲੇ ਦੇ ਸ਼ਹੀਦ ਹੋਣ ਤੋਂ ਬਾਅਦ ਤਕ ਸਾਡੇ ਘਰੋਂ ਪੁਲਿਸ ਕਮਾਂਡੋਆਂ ਦੀ ਚੌਕੀ ਬੈਠੀ ਰਹੀ, ਅਸੀਂ ਘਰੋਂ ਬੇਘਰ ਰਹੇ, ਕਿਸੇ ਅਕਾਲੀ ਨੇ ਹਾਅ ਦਾ ਨਾਹਰਾ ਤਕ ਨਹੀਂ ਮਾਰਿਆ”।
ਪੁਲਿਸ ਵੱਲੋਂ ਘਰੇ ਭਾਈ ਸਾਹਿਬ ਦਾ ਭੋਗ ਵੀ ਨਹੀਂ ਪਾਉਣ ਦਿੱਤਾ ਗਿਆ ਸੀ ਅਤੇ ਨਾ ਹੀ ਬਾਅਦ ਵਿਚ ਪਇਆ ਗਿਆ ਹੈ।
ਭਾਈ ਸਾਹਿਬ ਮਾਨਸਾ ਵਿਖੇ ਡਰਾਇਵਰੀ ਕਰਦੇ ਸਨ, ਜਿੱਥੇ ਯੂਨੀਅਨ ਦੀਆਂ ਧੜੇਬੰਦੀਆਂ ਕਾਰਨ ਉਹਨਾਂ ਦੇ ਕੁਝ ਵਿਰੋਧੀ ਵੀ ਬਣ ਗਏ। ਕਈ ਵਿਰੋਧੀ ਆਖਦੇ, “ਇਹ ਗਿਆਨੀ ਜਿਹਾ ਜਿਹੜਾ ਚੁੱਪ ਕੀਤਾ ਰਹਿਦੈ, ਇਹ ਬਹੁਤ ਖਤਰਨਾਕ ਹੈ”।
ਵਿਰੋਧੀਆਂ ਦੀਆਂ ਅਜਿਹੀਆਂ ਗੱਲਾਂ ਨੂੰ ਉਹ ਹੱਸ ਕੇ ਟਾਲ ਦਿੰਦੇ। ਪਹਿਲਾਂ ਉਹ ਗੁਪਤ ਰੂਪ ਵਿਚ ਸਿੰਘਾਂ ਨਾਲ ਮੇਲ ਜੋਲ ਰੱਖਦੇ ਰਹੇ, ਆਖਰ ਪੁਲਿਸ ਨੂੰ ਆਪ ਦੀਆਂ ਕਾਰਵਾਈਆਂ ਤੇ ਸ਼ੱਕ ਹੋ ਗਿਆ ਤਾਂ ਆਪ ਪੂਰਨ ਰੂਪ ਵਿਚ ਘਰ-ਪਰਿਵਾਰ ਤੇ ਨੌਕਰੀ ਛੱਡ ਕੇ ਭਾਈ ਗੁਰਮੇਲ ਸਿੰਘ ਬੱਬਰ ਰਾਏਪੁਰ ਅਤੇ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਨਾਲ ਬੱਬਰਾਂ ਦੇ ਜਥੇ ਵਿਚ ਸ਼ਾਮਲ ਹੋ ਗਏ।
ਬੱਬਰ ਖਾਲਸਾ ਦੀ ਮਾਨਸਾ ਹਲਕੇ ਦੀ ਕਮਾਂਡ ਭਾਈ ਸਾਹਿਬ ਨੂੰ ਸੰਭਾਲ ਦਿੱਤੀ ਗਈ। ਭਾਈ ਸਾਹਿਬ ਨੇ ਆਪਣੇ ਜਥੇ ਦੇ ਸਿੰਘਾਂ ਨੂੰ ਸਖ਼ਤ ਹਦਾਇਤ ਦਿੱਤੀ ਸੀ ਕਿ ਮੇਰੇ ਪਰਿਵਾਰ ਦੇ ਕਿਸੇ ਵੀ ਵਿਰੋਧੀ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ, ਚਾਹੇ ਉਹ ਮੇਰੇ ਪਰਿਵਾਰ ਦਾ ਕਿੰਨਾ ਵੀ ਵੱਡਾ ਦੁਸ਼ਮਣ ਕਿਉਂ ਨਾ ਹੋਵੇ।
ਮੌੜ ਮੰਡੀ, ਮਾਨਸਾ ਅਤੇ ਜੈਤੋ ਦੀ ਪੁਲਿਸ ਨੇ ਆਪ ਦੇ ਪਰਿਵਾਰ ਦੇ ਸਾਰੇ ਹੀ ਜੀਅ ਚੁੱਕ ਕੇ ਥਾਣੇ ਬੰਦ ਕਰ ਦਿੱਤੇ। ਆਪ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਅੱਖਾਂ ਬੰਨ੍ਹ ਕੇ ਸੀ.ਆਈ.ਏ. ਸਟਾਫ ਵਿਚੋਂ ਰਾਤ ਨੂੰ ਕੱਢ ਕੇ ਬਾਹਰ ਕਿਸੇ ਨਹਿਰ ਜਾਂ ਕਿਸੇ ਬੀੜ ਵਿਚ ਲਿਜਾ ਕੇ ਬੇਹਿਸਾਬ ਕੁੱਟ ਮਾਰ ਕੀਤੀ ਜਾਂਦੀ। ਕਈ-ਕਈ ਦਿਨ ਭੁੱਖੇ ਪਿਆਸੇ ਰੱਖਿਆ ਜਾਂਦਾ, ਸਰਦੀਆਂ ਵਿਚ ਕੱਪੜੇ ਉਤਾਰ ਲੈਣੇ। ਪਰਿਵਾਰ ਨੇ ਅੱਕ ਕੇ ਕਈ ਦਫ਼ਾ ਕਿਹਾ ਸਾਡੇ ਨਾਲ ਇਹ ਵਰਤਾਓ ਕਰਨ ਦੀ ਬਜਾਏ ਸਾਡੇ ਗੋਲੀਆਂ ਮਾਰ ਦੇਵੋ।
ਭਾਈ ਸਾਹਿਬ ਜੀ ਦਾ ਭਰਾ ਸੁਖਚੈਨ ਸਿੰਘ ਜੋ ਗੱਲਾਂ ਕਰਦਾ-ਕਰਦਾ ਕਈ ਵਾਰ ਭੁੱਬੀ ਰੋ ਪਿਆ, ਦੱਸਦਾ ਹੈ: “ਸਾਡਾ ਭੋਲਾ ਸਾਨੂੰ ਸਿਰਫ ਇਕ ਦਿਨ 1989 ਵਿਚ ਮਿਲਿਆ ਸੀ, ਬਾਅਦ ਵਿਚ ਕਦੀ ਵੀ ਉਸ ਦਾ ਮੁੱਖ ਨਹੀਂ ਤੱਕਿਆ…ਅਖੀਰ ਉਸ ਦੀ ਲਾਸ਼ ਮਾਨਸਾ ਥਾਣੇ ਵਿਚ ਸਾਨੂੰ ਲਿਜਾ ਕੇ ਵਿਖਾਈ ਗਈ, ਲਾਸ਼ ਨੂੰ ਪੱਲੀ ਵਿਚ ਪੰਡ ਬੰਨ੍ਹ ਕੇ ਰੱਖਿਆ ਹੋਇਆ ਸੀ, ਅਸੀਂ ਜਦੋਂ ਜਸਵੀਰ ਦੀ ਲਾਸ਼ ਮੰਗੀ, ਪੁਲਿਸ ਅਫਸਰ ਗੱਲ ਪੈ ਗਏ…ਕਹਿੰਦੇ, ਸਾਲਿਓ ਹੁਣ ਪਤੰਦਰ ਨੂੰ ਰੋਂਦੇ ਹੋ…ਹੁਣ ਪ੍ਰਾਹੁਣੇ ਦੀ ਲਾਸ਼ ਕੀ ਕਰੋਗੇ…ਤੁਹਾਨੂੰ ਕੋਈ ਪਤਾ ਹੈ ਇਹਨਾਂ ਕੰਜਰਾਂ ਨੇ ਕਿਵੇਂ ਸਾਡੇ ਜਵਾਨਾਂ ਦੇ ਘਾਣ ਕੀਤੇ ਹਨ…”।
ਭਾਈ ਜਸਵੀਰ ਸਿੰਘ ਬੱਬਰ, ਭਾਈ ਬਸ਼ੀਰ ਮੁਹੰਮਦ ਬੱਬਰ ਭੰਮੇ ਕਲਾਂ (ਸ਼ਹੀਦ) ਅਤੇ ਭਾਈ ਗੁਰਮੇਲ ਸਿੰਘ ਬੱਬਰ ਰਾਏਪੁਰ (ਸ਼ਹੀਦ) ਨਾਲ ਹਰਿਆਣਾ ਅੰਦਰ ਕਿਲ੍ਹਿਆਂ ਵਾਲੀ ਵਿਖੇ ਪੁਲਿਸ ਚੌਕੀ ‘ਤੇ ਹਮਲਾ ਕਰ ਕੇ ਆਪਣੇ ਕਿਸੇ ਸਾਥੀ ਨੂੰ ਚੌਕੀ ਵਿਚੋਂ ਛੁਡਵਾ ਕੇ ਲੈ ਗਏ ਸਨ। ਇਸ ਪੁਲਿਸ ਚੌਕੀ ਨੂੰ ਉਡਾਉਣ ਕਾਰਨ ਹਰਿਆਣਾ ਪੁਲਿਸ ਦਾ ਕਾਫੀ ਨੁਕਸਾਨ ਹੋ ਗਿਆ ਸੀ। ਪੰਜਾਬ ਦੇ ਜੋੜਕੀਆਂ ਥਾਣੇ ਅਧੀਨ ਪਿੰਡ ਪੈਰੋ ਵਿਚ ਫਿਰ ਘੇਰੇ ਵਿਚ ਆ ਜਾਣ ਕਾਰਨ ਹੋਏ ਗਹਿਗੱਚ ਮੁਕਾਬਲੇ ਵਿਚ ਜਦੋਂ ਇਕ ਪਾਣੀ ਵਾਲੀ ਕੱਸੀ ਟੱਪਣ ਲੱਗੇ ਤਾਂ ਤਿਲਕਣ ਕਰ ਕੇ ਆਪ ਦਾ ਪੱਟ ਟੁੱਟ ਗਿਆ। ਆਪ ਨੇ ਟੁੱਟੇ ਪੱਟ ਨਾਲ ਹੀ ਮੋਰਚਾ ਸੰਭਾਲ ਲਿਆ। ਪੂਰੇ ਅੱਠ ਘੰਟੇ ਪੁਲਿਸ ਨੂੰ ਰੋਕੀ ਰੱਖਿਆ ਅਤੇ ਆਪਣੇ ਕਈ ਸਾਥੀਆਂ ਨੂੰ ਪੁਲਿਸ ਦੇ ਘੇਰੇ ਵਿਚੋਂ ਬਾਹਰ ਕੱਢਿਆ।
ਅਖੀਰ ਸਿਦਕਦਿਲੀ ਤੇ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪ 2 ਜਨਵਰੀ 1993 ਨੂੰ ਦਿਨ ਦੇ ਛਿਪਾ ਨਾਲ ਪੁਲਿਸ ਦੀਆਂ ਮਸ਼ੀਨਗੰਨਾਂ ਦੀਆਂ ਸੈਂਕੜੇ ਗੋਲੀਆਂ ਆਪਣੀ ਛਾਤੀ ਵਿਚ ਸੰਭਾਲ ਦੇ ਸ਼ਹੀਦ ਹੋ ਗਏ।
ਪੁਲਿਸ ਇਸ ਕਦਰ ਪਾਗਲ ਹੋਈ ਫਿਰਦੀ ਸੀ ਕਿ ਪੁਲਸੀਏ ਆਪ ਦੀ ਲਾਸ਼ ਦੇ ਠੁੱਡੇ ਮਾਰ ਕੇ, ਆਪਣੀਆਂ ਅਸਾਲਟਾਂ ਦੇ ਬਰੱਸਟ ਸ਼ਹੀਦ ਸਿੰਘ ਦੇ ਚਿਹਰੇ ‘ਤੇ ਕੱਢ ਕੇ ਆਪਣੇ ਨਾਲ ਦੇ ਮਰੇ 17 ਜਵਾਨਾਂ ਦਾ ਗੁੱਸਾ ਠੰਢਾ ਕਰ ਰਹੇ ਹਨ।
ਪਰਿਵਾਰ ‘ਤੇ ਕਹਿਰ ਅਤੇ ਸਖ਼ਤੀ ਇਸ ਕਦਰ ਸੀ ਕਿ ਉਹਨਾਂ ਉਸ ਸਮੇਂ ਤਾਂ ਕੀ ਭੋਗ ਪਾਉਣਾ ਸੀ, ਹੁਣ ਤਕ ਵੀ ਨਹੀਂ ਪਾਇਆ। ਸੰਗੀਆਂ ਸਾਥੀਆਂ ਵੱਲੋਂ ਕਿਸੇ ਗੁਪਤ ਥਾਂ ‘ਤੇ 8 ਜਨਵਰੀ ਦਿਨ ਸ਼ੁੱਕਰਵਾਰ ਨੂੰ ਭੋਗ ਪਾਏ ਜਾਣ ਬਾਰੇ ਲਿਖਿਆ ਸੀ।
8 ਜਨਵਰੀ 1993 ਨੂੰ ਰੋਜ਼ਾਨਾ ‘ਅੱਜ ਦੀ ਅਵਾਜ਼’ ਅਖ਼ਬਾਰ ਵਿਚ ਭਾਈ ਬਸ਼ੀਰ ਮੁਹੰਮਦ ਬੱਬਰ ਭੰਮੇ ਕਲਾਂ ਮਾਨਸਾ ਵੱਲੋਂ ਸ਼ਹੀਦ ਭਾਈ ਸੁਖਪਾਲ ਸਿੰਘ ਬੱਬਰ ਰਾਮ ਤੀਰਥ, ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਮੱਲ੍ਹਾ ਅਤੇ ਸ਼ਹੀਦ ਭਾਈ ਹਰੀ ਸਿੰਘ ਬੱਬਰ ਕਾਲੇਕੇ (ਸੰਗਰੂਰ) ਨੂੰ ਚੌਪਈ ਸਾਹਿਬ ਜੀ ਦੇ ਪਾਠ ਕਰ ਕੇ ਸਰਧਾਂਜਲੀ ਭੇਟ ਕਰਨ ਲਈ ਬੇਨਤੀ ਕੀਤੀ ਗਈ ਸੀ।
Related Topics: Human Rights, Human Rights Violations, Punjab Government, Punjab Police, shaheed bhai jasveer singh babbar aka bhola, Sikh Martyrs, Sikh organisations, Sikh Shaheeds, Sikh Struggle