ਸਿੱਖ ਖਬਰਾਂ

ਸਿੱਖ ਵਿਰੋਧੀ ਮਾਹੌਲ ਕਾਰਨ ਪੰਜਾਬ ਵੀ ਕਸ਼ਮੀਰ ਬਣ ਸਕਦੈ : ਪੰਚ ਪ੍ਰਧਾਨੀ

August 27, 2010 | By

ਫ਼ਤਿਹਗੜ੍ਹ ਸਾਹਿਬ, 27 ਅਗਸਤ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸੁਪਰੀਮ ਕੌਂਸਲ ਦੀ ਅੱਜ ਇੱਥੇ ਹੋਈ ਇੱਕ ਹੰਗਾਮੀ ਮੀਟਿੰਗ ਵਿਚ ਚੇਤਾਵਨੀ ਦਿੱਤੀ ਗਈ ਕਿ ਪੰਜਾਬ ਦੀ ਬਾਦਲ ਸਰਕਾਰ ਵਲੋਂ ਭਾਜਪਾ ਤੇ ਸੌਦਾ ਸਾਧ ਨਾਲ ਮਿਲ ਕੇ ਸਿੱਖ ਕੌਮ ਵਿਰੁਧ ਖੇਡੀ ਜਾ ਰਹੀ ਖੇਡ ਕਾਰਨ ਪੰਜਾਬ ਵਿਚ ਵੀ ਕਸ਼ਮੀਰ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ। ਸੌਧਾ ਸਾਧ ਦੇ ਚਾਟੜਿਆਂ ਵਲੋਂ ਸਿੱਖਾਂ ਦੇ ਸਮਾਗਮਾਂ ’ਤੇ ਪਾਬੰਦੀ ਲਗਾਉਣ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਲਈ ਦਿੱਤਾ ਗਿਆ ‘ਅਲਟੀਮੇਟਮ’ ਵੀ ਇਸ ਤਿਕੜੀ ਦੀ ਸ਼ਾਂਝੀ ਸ਼ਾਜ਼ਿਸ ਹੈ।

ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਭਾਈ ਦਇਆ ਸਿੰਘ ਕੱਕੜ, ਕੁਲਬੀਰ ਸਿੰਘ ਬੜਾ ਪਿੰਡ, ਕਮਿਕਰ ਸਿੰਘ ਮੁਕੰਦਪੁਰ ਤੇ ਜਸਵੀਰ ਸਿੰਘ ਖੰਡੂਰ ਦੀ ਅਗਵਾਈ ਵਾਲੀ ਇਸ ਮੀਟਿੰਗ ਵਿਚ ਕਿਹਾ ਗਿਆ ਕਿ ਬਾਦਲ ਸਰਕਾਰ ਲਗਾਤਾਰ ਸੌਦਾ ਸਾਧ ਦੇ ਜ਼ਰਾਇਮ ਪੇਸ਼ਾ ਚੇਲਿਆਂ ਨੂੰ ਖੁੱਲ੍ਹ ਦੇ ਕੇ ਪੰਜਾਬ ਵਿਚ ਸਿੱਖਾਂ ਵਿਰੁੱਧ ਬਦਅਮਨੀ ਫੈਲਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।ਬਾਦਲਕੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸੌਧਾ ਸਾਦ ਦੀ ਮੱਦਦ ਲੈਣ ਲਈ ਭਾਜਪਾ ਵਰਗੇ ਕੱਟੜ ਹਿੰਦੂਵਾਦੀਆ ਨਾਲ ਮਿਲ ਕੇ ਸਿੱਖ ਕੌਮ ਵਿਰੁਧ ਸ਼ਾਜ਼ਿਸਾਂ ਰਚ ਰਹੇ ਹਨ ਇਸੇ ਨੀਤੀ ਅਧੀਨ ਬਾਬਾ ਦਾਦੂਵਾਲ ’ਤੇ ਕੇਸ ਦਰਜ਼ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖੀ ਪ੍ਰਚਾਰ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਅਹਿਮ ਯੋਗਦਾਨ ਹੈ ਇਸ ਲਈ ਜੇ ਸੌਦਾ ਸਾਧ ਦੀ ਚੁੱਕ ਵਿਚ ਆ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਪੰਜਾਬ ਦਾ ਮਾਹੌਲ ਕੋਈ ਵੀ ਕਰਵਟ ਲੈ ਸਕਦਾ ਹੈ ਤੇ ਸਿੱਖ ਚੁੱਪ ਕਰਕੇ ਨਹੀਂ ਬੈਠਣਗੇ।

ਉਕਤ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਪਹਿਲਾਂ ਹੀ ਬਾਦਲ ਸਰਕਾਰ ਦੀ ਪੰਥ ਵਿਰੋਧੀ ਕਾਰਗੁਜ਼ਾਰੀ ਤੋਂ ਨਾਰਾਜ਼ ਚੱਲੀ ਆ ਰਹੀ ਹੈ। ਸਿੱਖਾਂ ਦੀ ਹੀ ਧਰਤੀ ’ਤੇ ਸਮਾਜ ਵਿਰੋਧੀ ਡੇਰਾ ਅਨਸਰ ਸਿੱਖੀ ਦਾ ਮਜ਼ਾਕ ਉਡਾ ਕੇ ਲਗਾਤਾਰ ਸਿੱਖਾਂ ਨੂੰ ਵੰਗਾਰਦੇ ਆ ਰਹੇ ਹਨ ਇਸ ਕੰਮ ਵਿਚ ਉਨ੍ਹਾਂ ਨੂੰ ਸਰਕਾਰ ਵਲੋਂ ਪੂਰੀ ਖੁੱਲ੍ਹ ਤੇ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਪਰ ਸਿੱਖਾਂ ਨੂੰ ਇਹ ਇਜ਼ਾਜ਼ਤ ਵੀ ਨਹੀਂ ਕਿ ਸਿੱਖੀ ’ਤੇ ਹੋ ਰਹੇ ਹਮਲਿਆਂ ਦਾ ਸਾਂਤਮਈ ਵਿਰੋਧ ਵੀ ਕਰ ਸਕਣ।

 ਉਕਤ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੌਦਾ ਸਾਧ ਦੇ ਚਾਟੜੇ ਹੁਣ ਸਰਕਾਰ ਨੂੰ ਸਿੱਧਾ ਚੈਲੰਜ ਕਰਨ ’ਤੇ ਵੀ ਉਤਰ ਆਏ ਹਨ ਕਿ ਪੰਜਾਬ ਦੀ ਧਰਤੀ ’ਤੇ ਸਿੱਖਾਂ ਦੇ ਸਮਾਗਮ ਨਾ ਹੋਣ ਦਿੱਤੇ ਜਾਣ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੌਦਾ ਸਾਧ ਦੇ ਇਨ੍ਹਾਂ ਅਪਰਾਧੀ ਚਾਟੜਿਆਂ ਨੂੰ ਤੁਰੰਤ ਨੱਥ ਪਾਵੇ ਨਹੀਂ ਤਾਂ ਸਿੱਖ ਕੌਮ ਅਪਣੇ ਸਮਾਗਮਾਂ ’ਤੇ ਪਾਬੰਦੀਆਂ ਨੂੰ ਤੇ ਇਨ੍ਹਾਂ ਅਪਰਾਧੀਆਂ ਅਨਸਰਾਂ ਨੂੰ ਦਿੱਤੀ ਗਈ ਖੁੱਲ੍ਹ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਕਤ ਆਗੂਆਂ ਨੇ ਕਿਹਾ ਕਿ ਪਾਖੰਡਵਾਦ ਤੇ ਲੋਟੂ ਡੇਰੇਦਾਰਾਂ ਵਿਰੁਧ ਪ੍ਰਚਾਰ ਭਾਵੇਂ ਉਹ ਫ਼ਿਲਮਾਂ ਰਾਹੀਂ ਹੋਵੇ ਜਾਂ ਕਿਸੇ ਹੋਰ ਸ੍ਰੋਤ ਰਾਹੀਂ, ਇਹ ਸਾਡਾ ਮੁੱਢਲਾ ਸੰਵਿਧਾਨਕ ਹੱਕ ਹੈ ਤੇ ਫਰਜ ਵੀ ਇਸ ਤੋਂ ਸਿੱਖਾਂ ਨੂੰ ਕੋਈ ਨਹੀਂ ਰੋਕ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,