July 10, 2016 | By ਸਿੱਖ ਸਿਆਸਤ ਬਿਊਰੋ
ਤਰਨ ਤਾਰਨ: ਤਰਨ ਤਾਰਨ ਦੇ ਗੰਢਾਂ ਵਾਲੀ ਧਰਮਸ਼ਾਲਾ ਵਿਖੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਜੱਥੇਬੰਦੀਆਂ ਨੇ ਪਰਿਵਾਰ ਦੇ ਸਹਿਯੋਗ ਨਾਲ ਖਾਲੜਾ ਮਿਸ਼ਨ ਦੇ ਜੱਥੇਬੰਦਕ ਸਕੱਤਰ ਭਾਈ ਚਮਨ ਲਾਲ ਜੀ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਮ ਅਰਦਾਸ ਮੌਕੇ ‘ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।
ਇਸ ਮੌਕੇ ਸਮਾਗਮ ਨੂੰ ਸੰਘਰਸ਼ੀ ਯੋਧੇ ਚਮਨ ਲਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਚਮਨ ਲਾਲ ਨੂੰ ਉਨ੍ਹਾਂ ਦੇ ਪੁੱਤਰ ਗੁਲਸ਼ਨ ਕੁਮਾਰ ਦੇ ਝੂਠੇ ਮੁਕਾਬਲੇ ਦਾ ਭਾਵੇਂ ਨਿਆਂ ਨਹੀਂ ਦਿੱਤਾ ਪਰ ਅਸੀਂ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸੰਘਰਸ਼ ਜਾਰੀ ਰੱਖਾਂਗੇ। ਇਸ ਮੌਕੇ ‘ਤੇ ਚਮਨ ਲਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ, ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਗੁਲਸ਼ਨ ਕੁਮਾਰ ਦੇ ਕਾਤਲਾਂ ਨੂੰ ਉਮਰ ਕੈਦ ਦਵਾਉਣਾ ਹੈ। ਸਮਾਗਮ ਨੂੰ ਪੱਤਰਕਾਰ ਦਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਚਮਨ ਲਾਲ ਨੇ ਸਾਰੀ ਉਮਰ ਲਾਮਿਸਾਲ ਸੰਘਰਸ਼ ਕੀਤਾ ਅਤੇ ਕਿਹਾ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਬਾਦਲ ਵੀ ਇੰਦਰਾਕਿਆਂ ਨਾਲ ਰਲੇ ਹੋਏ ਸਨ।
ਸਮਾਗਮ ਨੂੰ ਨਸ਼ਾ ਵਿਰੋਧੀ ਫਰੰਟ ਵੱਲੋਂ ਮੁਖਤਾਰ ਸਿੰਘ ਪੱਟੀ ਨੇ ਸੰਬੋਧਨ ਕੀਤਾ। ਇਸ ਮੌਕੇ ‘ਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਵੱਲੋਂ ਪੜੇ ਮਤਿਆਂ ਵਿੱਚ ਮੰਗ ਕੀਤੀ ਕਿ ਚਮਨ ਲਾਲ ਦੇ ਪੁੱਤਰ ਗੁਲਸ਼ਨ ਕੁਮਾਰ ਸਮੇਤ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਡਿਊਟੀਆਂ ਤੋਂ ਪਾਸੇ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ। ਪਾਸ ਮਤੇ ਵਿੱਚ ਇਕੱਠ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਨੂੰ ਕਟਿਹਰੇ ਵਿੱਚ ਖੜਾ ਕਰਦਿਆਂ 10 ਸਵਾਲ ਪੁੱਛਦਿਆਂ ਕਿਹਾ;
ਇਕੱਠ ਵੱਲੋਂ ਪਾਸ ਕੀਤੇ ਮਤੇ ਵਿੱਚ ਬਾਦਲ-ਭਾਜਪਾ-ਕਾਂਗਰਸ-ਆਰ.ਐਸ.ਐਸ. ਨੂੰ ਪੰਜਾਬ ਅੰਦਰ ਪੈ ਰਹੇ ਵੈਣਾਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਇਨ੍ਹਾਂ ਦੀਆਂ ਜੜ੍ਹਾਂ ਪੁੱਟਣ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਅਤੇ ਪੰਜਾਬ ਅੰਦਰ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ‘ਤੇ ਇਕੱਠ ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਿਰਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ਪ੍ਰਧਾਨ ਮਨੁੱਖੀ ਇਨਸਾਫ ਸੰਘਰਸ਼ ਕਮੇਟੀ, ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੌਰ, ਭਾਈ ਜੋਗਿੰਦਰ ਸਿੰਘ ਫੌਜੀ, ਭਾਈ ਪਰਮਜੀਤ ਸਿੰਘ ਗਾਜ਼ੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਹਾਜ਼ਰੀ ਭਰਨ ਵਾਲਿਆਂ ਵਿੱਚ ਪ੍ਰਮੁੱਖ ਸਨ ਪਰਿਵਾਰਕ ਮੈਂਬਰਾਂ ਵੱਲੋਂ ਪਰਵੀਨ ਕੁਮਾਰ, ਬੋਬੀ ਕੁਮਾਰ, ਧਰਮਿੰਦਰ ਕੁਮਾਰ, ਬਲਵਿੰਦਰ ਕੁਮਾਰ ਅਤੇ ਦਰਸ਼ਨ ਸਿੰਘ ਮਨਿਹਾਲਾ, ਜਸਬੀਰ ਸਿੰਘ ਪੱਧਰੀ, ਐਡਵੋਕੇਟ ਸੁਰਿੰਦਰ ਸਿੰਘ, ਸ਼ਰਨਜੀਤ ਸਿੰਘ ਰਟੋਲ, ਕਾਬਲ ਸਿੰਘ ਜੋਧਪੁਰ, ਸੰਤੋਖ ਸਿੰਘ ਕੰਡਿਆਲਾ, ਸੇਵਾ ਸਿੰਘ ਦੇਉੇ, ਦਰਸ਼ਨ ਸਿੰਘ ਮੈਨੇਜਰ, ਜਗਰੂਪ ਸਿੰਘ ਤੂਤ, ਗੁਰਜੀਤ ਸਿੰਘ ਤਰਸਿੱਕਾ, ਤਰਸੇਮ ਸਿੰਘ ਤਾਰਪੁਰਾ ਹਾਜ਼ਰੀ ਭਰਨ ਵਾਲਿਆਂ ਵਿੱਚ ਸ਼ਾਮਿਲ ਸਨ।
Related Topics: Bapu Chaman Lal (Tarn Taran), KMO