ਮਨੁੱਖੀ ਅਧਿਕਾਰ » ਸਿਆਸੀ ਖਬਰਾਂ

ਪੰਜਾਬ ਅਤੇ ਕਸ਼ਮੀਰ ਨੂੰ ਸ਼ਮਸ਼ਾਨ ਬਨਾਉਣ ਵਾਲੀਆਂ ਧਿਰਾਂ ਕਰ ਰਹੀਆਂ ਹਨ ਸ਼ਾਂਤੀ ਦੇ ਝੂਠੇ ਦਾਅਵੇ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ

December 9, 2017 | By

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਹਰਮਨਦੀਪ ਸਿੰਘ ਸਰਹਾਲੀ, ਵਿਰਸਾ ਸਿੰਘ ਬਹਿਲਾ ਅਤੇ ਸਤਵਿੰਦਰ ਸਿੰਘ ਸਰਹਾਲੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਸ਼ੁੱਕਰਵਾਰ (8 ਦਸੰਬਰ) ਨੂੰ ਤਰਸਿੱਕਾ ਵਿਖੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪਾਸ ਮਤੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਜ਼ੁਲਮ ਨੂੰ ਠੱਲ੍ਹਣ ਵਾਲੀ ਸ਼ਹਾਦਤ ਦੱਸਦਿਆਂ ਕਿਹਾ ਗਿਆ ਹੈ ਕਿ ਜਿੰਨ੍ਹਾਂ ਲੋਕਾਂ ਦੀ ਗੁਰੂ ਸਾਹਿਬਾਨ ਨੇ ਬਾਂਹ ਫੜੀ ਉਨ੍ਹਾਂ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ‘ਤੇ ਹਮਲੇ ਕੀਤੇ ਗਏ। ਨਵੰਬਰ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਸਣੇ ਹੋਰ ਸ਼ਹਿਰਾਂ ‘ਚ ਸਰਕਾਰੀ ਸਰਪ੍ਰਸਤੀ ਹੇਠ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ੳੇੁਪਰੰਤ ਪੰਜਾਬ ਅੰਦਰ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਗਏ।

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਤ ਸਮਾਗਮ 'ਚ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਹੋਰ

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਤ ਸਮਾਗਮ ‘ਚ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਹੋਰ

ਮਨੁੱਖੀ ਅਧਿਕਾਰੀ ਦੇ ਕੌਮਾਂਤਰੀ ਦਿਹਾੜੇ ਨੂੰ ਸਮਰਪਤ ਸਮਾਗਮ ‘ਚ ਪ੍ਰਕਾਸ਼ ਸਿੰਘ ਬਾਦਲ ਨੂੰ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦੀ ਯੋਜਨਾਬੰਦੀ ਅਤੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਉਂਦਿਆ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਬਰਬਾਦ ਕਰਨ ਅਤੇ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਨੂੰ ਰੋਲ੍ਹਣ ਦਾ ਦੋਸ਼ੀ ਠਹਿਰਾਇਆ ਗਿਆ। ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਨਸ਼ੇ ਦੇ ਵਪਾਰੀਆਂ ਖਿਲਾਫ ਕਦਮ ਨਾ ਚੁੱਕਣ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਗਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇ.ਪੀ.ਐਸ. ਗਿੱਲ ਦੇ ਭੋਗ ‘ਤੇ ਜਾ ਕੇ, ਨਸ਼ਿਆਂ ਦੇ ਸੌਦਾਗਰਾਂ ਨੂੰ ਬਚਾ ਕੇ, ਕਿਸਾਨਾਂ ਦੇ ਕਰਜ਼ੇ ‘ਤੇ ਲੀਕ ਨਾ ਫੇਰ ਕੇ, ਸਿੱਖ ਪੰਥ ਦੀ ਛਾਤੀ ਵਿੱਚ ਛੁਰਾ ਖੋਪਿਆ ਹੈ। ਸਮਾਗਮ ‘ਚ ਬਾਦਲ-ਕੈਪਟਨ ‘ਤੇ ਦੋਸ਼ ਲਾਇਆ ਗਿਆ ਕਿ ਉਹ ਦਿੱਲੀ-ਨਾਗਪੁਰ ਦੇ ਬਣ ਕੇ ਸਿੱਖਾਂ ਨੂੰ ਆਈ.ਐਸ.ਆਈ. ਦਾ ਏਜੰਟ ਦੱਸ ਰਹੇ ਹਨ।

ਸਮਾਗਮ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰਾਂ ਨੂੰ ਹਿੰਮਤ ਵਖਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਬਾਦਲ-ਕੈਪਟਨ ਨੂੰ ਅਕਾਲ ਤਖਤ ਸਾਹਿਬ ‘ਤੇ ਸੱਦਣ ਕਿਉਂਕਿ ਇਨ੍ਹਾਂ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਬਚਾਇਆ ਹੈ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਧੋਖਾ ਕੀਤਾ ਹੈ। ਸਮਾਗਮ ਵਿੱਚ ਜਗਤਾਰ ਸਿੰਘ ਜੋਹਲ ਅਤੇ ਸਿੱਖ ਨੌਜਵਾਨਾਂ ਉੱਪਰ ਤਸ਼ਦੱਦ ਢਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਅੰਦਰ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀ ਨਾ ਫੜ ਸਕੇ ਉਹ ਨਿਰਪੱਖ ਪੜਤਾਲ ਨਹੀਂ ਕਰ ਸਕਦੇ। ਸਮਾਗਮ ‘ਚ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾ ਕੇ ਝੂਠੇ ਮੁਕਾਬਲਿਆਂ ਵਿੱਚ ਕਤਲ ਕਰਵਾਏ 21 ਸਿੱਖ ਨੌਜਵਾਨਾਂ ਅਤੇ ਉਨ੍ਹਾਂ ਦੇ ਕਾਤਲਾਂ ਦੇ ਨਾਮ ਨਾ ਦੱਸ ਕੇ ਸਿੱਖਾਂ ਦੇ ਜ਼ਖਮਾਂ ਉੱਪਰ ਲੂਣ ਛਿੜਕ ਰਿਹਾ ਹੈ।

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਤ ਸਮਾਗਮ 'ਚ ਬੈਠੀਆਂ ਸੰਗਤਾਂ, ਬੀਬੀ ਪਰਮਜੀਤ ਕੌਰ ਖਾਲੜਾ

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਤ ਸਮਾਗਮ ‘ਚ ਬੈਠੀਆਂ ਸੰਗਤਾਂ, ਬੀਬੀ ਪਰਮਜੀਤ ਕੌਰ ਖਾਲੜਾ

ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਝੂਠੇ ਮੁਕਾਬਲੇ ਬਣਾਉਣ ਵਾਲੇ ਦੋਸ਼ੀ ਹਰ ਹਾਲਤ ਵਿੱਚ ਨੰਗੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ 8257 ਝੂਠੇ ਮੁਕਾਬਲਿਆਂ ਦੀ ਬਕਾਇਦਾ ਰਿਪੋਰਟ ਤਿਆਰ ਕਰਕੇ ਦੁਬਾਰਾ ਫਿਰ ਸੁਪਰੀਮ ਕੌਰਟ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਅੰਦਰ ਚੱਪੇ-ਚੱਪੇ ‘ਤੇ ਹੋਏ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਆ ਸਕੇ। ਸਮਾਗਮ ਵਿੱਚ ਬਾਬਾ ਗੁਰਜੀਤ ਸਿੰਘ ਤਰਸਿੱਕਾ, ਬਾਬਾ ਗੁਰਦੇਵ ਸਿੰਘ ਕਥਾਵਾਚਕ, ਸਿਮਰਜੀਤ ਸਿੰਘ, ਜੋਬਨਪ੍ਰੀਤ ਸਿੰਘ, ਸਵਿੰਦਰ ਕੌਰ ਡੇਰੀਵਾਲ, ਜਗਦੀਪ ਸਿੰਘ ਰੰਧਾਵਾ, ਪ੍ਰੇਮ ਸਿੰਘ, ਤਰਸੇਮ ਸਿੰਘ ਤਾਰਪੁਰਾ, ਪ੍ਰਵੀਨ ਕੁਮਾਰ, ਸੇਵਾ ਸਿੰਘ ਦੇਓ, ਸੁਖਦੇਵ ਸਿੰਘ, ਕਾਬਲ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,