ਚੋਣਵੀਆਂ ਲਿਖਤਾਂ » ਲੇਖ » ਸਿਆਸੀ ਖਬਰਾਂ » ਸਿੱਖ ਖਬਰਾਂ

ਪੰਥ ਵਿਚ ਇੱਕ ਅਸੂਲੀ ਲਕੀਰ ਖਿੱਚ ਗਈ ਸੀ 1978 ਵਾਲੀ ਅਕਾਲੀ ਕਾਨਫਰੰਸ (ਲੇਖ)

October 29, 2017 | By

(ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ) 29 ਅਕਤੂਬਰ 1978 ਨੂੰ ਲੁਧਿਆਣੇ ਵਾਲੀ ਸਰਬ ਹਿੰਦ ਅਕਾਲੀ ਕਾਨਫਰੰਸ ਦੀ ਪ੍ਰਮੁੱਖ ਘਟਨਾ ਇਹ ਸੀ ਕਿ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਮਿਆਨ ਵਿਚਾਰਧਾਰਕ ਟਕਰਾਅ-ਖੁੱਲ੍ਹ ਕੇ ਸਾਹਮਣੇ ਆਇਆ ਸੀ, ਇਹ ਟਕਰਾਅ ਨਿਰੰਕਾਰੀਆਂ ਨਾਲ ਪੰਜਾਬ ਸਰਕਾਰ ਅਤੇ ਅਕਾਲੀ ਦਲ ਵੱਲੋਂ ਅਖ਼ਤਿਆਰ ਕੀਤੀ ਨੀਤੀ ਦੇ ਮਾਮਲੇ ‘ਤੇ ਸੀ। ਕਾਨਫਰੰਸ ਮੌਕੇ ਅਕਾਲੀਆਂ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਸਮਾਂ ਨਾ ਦੇਣਾ, ਲੋਕਾਂ ਵੱਲੋਂ ਸੰਤ ਦੇ ਹੱਕ ’ਚ ਉ¤ਠ ਖੜ੍ਹੇ ਹੋਣ ਤੋਂ ਬਾਅਦ ਮਜਬੂਰੀ ਵੱਸ ਸਮਾਂ ਦੇਣਾ, ਸੰਤਾਂ ਵੱਲੋਂ ਨਿਰੰਕਾਰੀ ਮਾਮਲੇ ’ਤੇ ਸਪਸ਼ੱਟ ਸਟੈਂਡ ਲੈਣ ਵਾਲੀ ਤਾੜਨਾ ਕਰਨੀ, ਸੰਗਤਾਂ ਵੱਲੋਂ ਸੰਤਾਂ ਦੀ ਤਕਰੀਰ ਦਾ ਜੋਸ਼ੀਲੇ ਜੈਕਾਰਿਆਂ ਨਾਲ ਸੁਵਾਗਤ ਕਰਨਾ, ਤਕਰੀਰ ਤੋਂ ਬਾਅਦ ਸੰਤ ਭਿੰਡਰਾਂਵਾਲੇ ਜਦੋਂ ਆਪਣੇ ਸਾਥੀਆਂ ਸਮੇਤ ਕਾਨਫਰੰਸ ਵਿੱਚ ਗੁੱਸੇ ਦੇ ਰੌਂਅ ਵਿੱਚ ਜਾ ਰਹੇ ਸਨ ਤਾਂ ਉਸ ਮੌਕੇ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਵੱਲੋਂ ਉਹਨਾਂ ਨੂੰ ਢਾਈ ਟੋਟਰੂ ਦਾ ਨਾਮ (ਬਦ-ਨਾਮ) ਦੇਣਾ, ਇਹ ਸਪੱਸ਼ਟ ਇਸ਼ਾਰਾ ਕਰ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁਣ ਚੁੱਪ ਕਰਕੇ ਨਹੀਂ ਬੈਠਣਗੇ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

28-29 ਅਕਤੂਬਰ ਨੂੰ ਹੋਈ ਉਹ ਸਰਬ ਹਿੰਦ ਅਕਾਲੀ ਕਾਨਫਰੰਸ ਅਕਾਲੀ ਦਲ ਦੀ ਪੂਰੀ ਸਿਆਸੀ ਚੜ੍ਹਤ ਦੇ ਦੌਰ ਵਿੱਚ ਹੋਈ ਸੀ। ਪ੍ਰਕਾਸ਼ ਸਿੰਘ ਬਾਦਲ ਅਕਾਲੀ-ਜਨਤਾ ਪਾਰਟੀ ਗਠਜੋੜ ਸਰਕਾਰ ਦੇ ਮੁੱਖ ਮੰਤਰੀ ਸਨ ਤੇ ਅਕਾਲੀ ਦਲ ਪਹਿਲੀ ਵਾਰ ਕੇਂਦਰੀ ਵਜ਼ਾਰਤ ਵਿੱਚ ਹਿੱਸੇਦਾਰ ਬਣਿਆ ਸੀ। ਸੁਰਜੀਤ ਬਰਨਾਲਾ ਕੇਂਦਰ ਵਿੱਚ ਖੇਤੀਬਾੜੀ ਕੈਬਨਿਟ ਮੰਤਰੀ ਤੇ ਧੰਨਾ ਸਿੰਘ ਗੁਲਸ਼ਨ ਸਿੱਖਿਆ ਰਾਜ ਮੰਤਰੀ ਵਜੋਂ ਕੇਂਦਰ ਵਿੱਚ ਅਕਾਲੀ ਦਲ ਦੀ ਨੁਮਾਇੰਦੀ ਕਰਦੇ ਸੀ। ਪਹਿਲੀ ਵਾਰ ਅਕਾਲੀ ਦਲ ਦੇ 9 ਐਮ.ਪੀ ਬਣੇ ਸੀ। ਅਕਾਲੀ ਦਲ ਹੀ ਸਾਰੇ ਮੁਲਕ ਵਿੱਚ ਸਿੱਖਾਂ ਦੀ ਇੱਕੋਂ-ਇੱਕ ਨੁਮਾਇੰਦਾ ਜਮਾਤ ਸੀ। ਅਕਾਲੀ ਦਲ ਨੂੰ ਸਿੱਖਾਂ ਵਿੱਚੋਂ ਕੋਈ ਚੈਲਿੰਜ ਨਹੀਂ ਸੀ। 28 ਅਕਤੂਬਰ ਦਾ ਦਿਨ ਤਾਂ ਅਕਾਲੀਆਂ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਅਕਾਲੀ ਦਲ ਵੱਲੋਂ ਕੱਢੇ ਗਏ ਜਲੂਸ ਵਿੱਚ ਹੀ ਨਿਕਲ ਗਿਆ।

ਮੀਲਾਂ ਲੰਮੇ ਜਲੂਸ ਦੀ ਅਗਵਾਈ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਹਾਥੀ ‘ਤੇ ਬੈਠ ਕੇ ਕੀਤੀ ਸੀ। ਉਹਨਾਂ ਦੇ ਨਾਲ ਲੁਧਿਆਣਾ (ਸ਼ਹਿਰੀ) ਅਕਾਲੀ ਜ਼ਿਲ੍ਹਾ ਜੱਥਾ ਦੇ ਜਥੇਦਾਰ ਅਤੇ ਕਾਨਫਰੰਸ ਸੁਆਗਤੀ ਕਮੇਟੀ ਦੇ ਪ੍ਰਧਾਨ ਜਥੇਦਾਰ ਸੁਰਜਣ ਸਿੰਘ ਠੇਕੇਦਾਰ ਤਲਵੰਡੀ ਸਾਹਿਬ ਦੇ ਨਾਲ ਹੀ ਹਾਥੀ ‘ਤੇ ਬੈਠੇ ਸਨ। ਉਨੀਂ ਦਿਨੀਂ ਮੈਂ ਗੌਰਮਿੰਟ ਕਾਲਜ ਲੁਧਿਆਣੇ ਪੜ੍ਹਦਾ ਸੀ ਤੇ ਮੈਂ ਇਹ ਸਾਰਾ ਜਲੂਸ ਆਪਣੇ ਅੱਖੀਂ ਦੇਖਿਆ ਤੇ ਇਹ ਦਿਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਿਆਸੀ ਚੜ੍ਹਤ ਦਾ ਸਿਖ਼ਰ ਦੁਪਹਿਰ ਹੋ ਨਿਬੜਿਆ। ਇਹ ਜਲੂਸ ਪੁਰਾਣੇ ਸ਼ਹਿਰ ਤੋਂ ਹੋਕੇ ਫਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਕਾਨਫਰੰਸ ਵਾਲੀ ਥਾਂ ‘ਤੇ ਜਾ ਕੇ ਮੁੱਕਿਆ। ਉਨੀਂ ਦਿਨੀਂ ਇਸ ਥਾਂ ‘ਤੇ ਅਜੇ ਆਬਾਦੀ ਨਹੀਂ ਸੀ। ਸੁਨੇਤ ਪਿੰਡ ਦੀ ਜ਼ਮੀਨ ਵਿੱਚ ਕਾਨਫਰੰਸ ਵਾਲੀ ਥਾਂ ਨੂੰ ਭਾਈ ਰਣਧੀਰ ਸਿੰਘ ਨਗਰ ਦਾ ਨਾਅ ਦਿੱਤਾ ਗਿਆ। ਬਾਅਦ ਇੰਮਪਰੂਵਮੈਂਟ ਟਰੱਸਟ ਵੱਲੋਂ ਇੱਥੇ ਪੱਕੀ ਵਸਾਈ ਪੱਕੀ ਰਿਹਾਇਸ਼ੀ ਕਾਲੋਨੀ ਦਾ ਨਾਂ ਵੀ ਭਾਈ ਰਣਧੀਰ ਸਿੰਘ ਨਗਰ ਹੀ ਰੱਖਿਆ ਗਿਆ।

ਜਥੇਦਾਰ ਜਗਦੇਵ ਸਿੰਘ ਤਲਵੰਡੀ (ਫਾਈਲ ਫੋਟੋ)

ਜਥੇਦਾਰ ਜਗਦੇਵ ਸਿੰਘ ਤਲਵੰਡੀ (ਫਾਈਲ ਫੋਟੋ)

ਸਹੀ ਮਾਅਨਿਆਂ ਵਿੱਚ ਕਾਨਫਰੰਸ ਦੀ ਕਾਰਵਾਈ 29 ਅਕਤੂਬਰ ਨੂੰ ਹੀ ਸ਼ੁਰੂ ਹੋਈ ਦਿਨ ਐਤਵਾਰ ਸੀ। ਮੇਰੀ ਉਮਰ 18 ਸਾਲ ਦੀ ਸੀ। ਸਾਡੇ ਘਰ ਵਿੱਚ ਮੇਰੇ ਜਨਮ ਤੋਂ ਪਹਿਲਾ ਦਾ ਹੀ ਅਖ਼ਬਾਰ ਆਉਂਦਾ ਸੀ। ਵੱਡਿਆਂ ਵੱਲੋਂ ਅਖਬਾਰ ਪੜਨ ਕਰਕੇ ਸਿਆਸੀ ਘਟਨਾਵਾਂ ਵਿੱਚ ਦਿਲਚਸਪੀ ਸੀ। ਛੁੱਟੀ ਵਾਲਾ ਦਿਨ ਹੋਣ ਕਰਕੇ ਵੀ ਮੈਂ ਕਾਨਫਰੰਸ ਵਿੱਚ ਗਿਆ। ਮੇਰੇ ਪੁੱਜਣ ਤੱਕ ਆਗੂਆਂ ਦੀਆਂ ਤਕਰੀਰਾਂ ਲਗਭਗ ਮੁੱਕ ਚੁਕੀਆਂ ਸਨ। ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਸਟੇਜ ‘ਤੇ ਬੈਠੇ ਸਨ ਅਜੇ ਉਹਨਾਂ ਦੀ ਤਕਰੀਰ ਹੋਣੀ ਬਾਕੀ ਸੀ। 39 ਵਰ੍ਹੇ ਪੁਰਾਣਾ ਵਾਕਿਆ ਹੋਣ ਕਰਕੇ ਸਾਰੇ ਹਲਾਤ ਤਰਤੀਬਵਾਰ ਯਾਦ ਵੀ ਨਹੀਂ। ਪਰ ਕਈ ਗੱਲਾਂ ਅੱਜ ਤੱਕ ਵੀ ਚੰਗੀ ਤਰ੍ਹਾਂ ਯਾਦ ਨੇ। ਕਾਨਫਰੰਸ ਵਿੱਚ ਅਚਾਨਕ ਹਲਚਲ ਹੋਈ ਬਹੁਤ ਲੋਕ ਖੜ੍ਹੇ ਹੋ ਕੇ ਰੌਲਾ ਪਾਉਣ ਲੱਗੇ। ਬਾਅਦ ’ਚ ਪਤਾ ਲੱਗਿਆ ਕਿ ਰੌਲਾ ਪਾਉਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਸਮਾਂ ਨਾ ਦੇਣ ਕਰਕੇ ਔਖੇ ਸਨ ਤੇ ਸੰਤਾਂ ਨੂੰ ਸਮਾਂ ਦਿਵਾਉਣਾ ਚਾਹੁੰਦੇ ਸੀ। ਕੁੱਝ ਮਿੰਟਾਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਾਈਕ ‘ਤੇ ਆਏ। ਉਹਨਾਂ ਦੀ ਕੋਈ ਹੋਰ ਗੱਲ ਤਾਂ ਬਹੁਤ ਯਾਦ ਨਹੀਂ ਪਰ ਇੱਕ ਮੁੱਦਾ ਪੂਰੀ ਤਰ੍ਹਾਂ ਯਾਦ ਹੈ। ਉਹਨਾਂ ਕਿਹਾ ਕਿ, “ਕੱਲ੍ਹ ਕੁੱਝ ਸੱਜਣ ਮੇਰੇ ਕੋਲ ਆਏ ਤੇ ਆਖਣ ਲੱਗੇ ਕਿ ਸੰਤ ਜੀ ਮੱਥਾ ਕੀਹਨੂੰ ਟੇਕੀਏ, ਮੈਂ ਕਿਹਾ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ। ਸੱਜਣ ਕਹਿੰਦੇ, ਸੰਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਜਲੂਸ ਮੂਹਰੇ ਹੈ ਨੀਂ, (ਉਹ ਇੱਕ ਦਿਨ ਪਹਿਲਾਂ ਨਿਕਲੇ ਅਕਾਲੀ ਜਲੂਸ ਦੀ ਕਰ ਰਹੇ ਸਨ) ਮੇਰਾ ਸਰੀਰ ਤਾਂ ਭਾਵੇਂ ਢਿੱਲਾਂ ਸੀ ਪਰ ਮੈਂ ਖੁਦ ਜਾ ਕੇ ਪੜਤਾਲ ਕਰਨੀ ਚਾਹੀ।

ਚੰਦਰਸ਼ੇਖਰ (ਫਾਈਲ ਫੋਟੋ)

ਚੰਦਰਸ਼ੇਖਰ (ਫਾਈਲ ਫੋਟੋ)

ਮੈਂ ਕੀ ਦੇਖਦਾ ਹਾਂ ਜਲੂਸ ਮੂਹਰੇ ਇੱਕ ਹਾਥੀ ਸੀ, ਜਿਸ ਤੇ ਦੋ ਮਨੁੱਖ ਬੈਠੇ ਹੋਏ ਸਨ।” ਸੰਤਾਂ ਵੱਲੋਂ ਦੋ ਮਨੁੱਖ ਕਹੇ ਜਾਣਾ ਮੈਨੂੰ ਅੱਜ ਤੱਕ ਵੀ ਸਪੱਸ਼ਟ ਤੌਰ ‘ਤੇ ਯਾਦ ਹੈ। ਹਾਥੀ ‘ਤੇ ਬੈਠੇ ਦੋ ਮਨੁੱਖਾਂ ਵਿੱਚ ਇੱਕ ਰਾਜ ਭਾਗ ਦੀ ਮਾਲਕ ਪਾਰਟੀ ਅਕਾਲੀ ਦਲ ਦਾ ਪ੍ਰਧਾਨ ਅਤੇ ਲੋਹ ਪੁਰਸ਼ ਆਖੀ ਜਾਣ ਵਾਲੀ ਅਹਿਮ ਸ਼ਖ਼ਸੀਅਤ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸੀ। ਇਸ ਸ਼ਖ਼ਸੀਅਤ ਨੂੰ ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ ਜਾਂ ਤਲਵੰਡੀ ਸਾਹਿਬ ਵਰਗਾ ਨਾਮ ਨਾ ਵਰਤ ਕੇ ਸਿਰਫ਼ ਮਨੁੱਖ ਸ਼ਬਦ ਨਾਲ ਮੁਖਾਤਿਬ ਹੋਣ ਵਾਲੀ ਗੱਲ ਨੇ ਤਲਵੰਡੀ ਸਾਹਿਬ ਦੇ ਗੁੱਸੇ ਦਾ ਪਾਰਾ ਜ਼ਰੂਰ ਝੜਾਇਆ ਹੋਣਾ ਹੈ। ਤਲਵੰਡੀ ਸਾਹਿਬ ਇੱਕ ਗੁੱਸੇਖੋਰੀ ਸ਼ਖ਼ਸੀਅਤ ਵਜੋਂ ਮਸ਼ਹੂਰ ਸਨ ਨਾਲੇ ਉਦੋਂ ਤਾਂ ਤਲਵੰਡੀ ਸਾਹਿਬ ਦਾ ਸਿਤਾਰਾ ਪੂਰੀ ਬੁਲੰਦੀ ‘ਤੇ ਸੀ। 30 ਅਕਤੂਬਰ ਦੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ‘ਸੰਤ ਜਰਨੈਲ ਸਿੰਘ ਨੇ ਬਹੁਤ ਹੀ ਸ਼ਾਂਤ ਪ੍ਰੰਤੂ ਸਪੱਸ਼ਟ ਸ਼ਬਦਾਂ ਵਿੱਚ ਨਿਰੰਕਾਰੀ ਮਸਲੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਦੇ ਆਗੂਆਂ ਦੀ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਜਦੋਂ ਕੌਮ ਦੇ 21 ਸਿੰਘ ਸ਼ਹੀਦ ਹੋ ਗਏ ਨੇ ਤਾਂ ਉਸ ਸਮੇਂ ਦਲ ਦੇ ਪ੍ਰਧਾਨ ਵੱਲੋਂ ਹਾਥੀ ‘ਤੇ ਬੈਠ ਕੇ ਜਲੂਸ ਕਢਾਉਣਾ ਸ਼ੋਭਾ ਨਹੀਂ ਦਿੰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਜਲੁਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਕਿਧਰੇ ਵੀ ਥਾਂ ਨਹੀਂ ਦਿੱਤੀ ਗਈ। ਉਹਨਾਂ ਅਕਾਲੀ ਆਗੂਆਂ ਤੋਂ ਨਿਰੰਕਾਰੀਆਂ ਦੀਆਂ ਪੁਸਤਕਾਂ ਜ਼ਬਤ ਕਰਨ ਦੀ ਸਪੱਸ਼ਟ ਤਾਰੀਖ ਦੀ ਮੰਗ ਕੀਤੀ। ਉਹਨਾਂ ਨੇ ਕਾਨਫਰੰਸ ਵੱਲੋਂ ਪਾਸ ਕੀਤੇ ਇਸ ਮਤੇ ਨੂੰ ਟਾਲ ਮਟੋਲ ਦੱਸਿਆ। ਜਿਸ ਵਿੱਚ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਉਹ ਨਿਰੰਕਾਰੀ ਪੁਸਤਕਾਂ ‘ਤੇ ਪਾਬੰਦੀ ਲਾਵੇ। ਉਹਨਾਂ ਨੇ ਇੱਕ ਪੱਕੀ ਤਾਰੀਖ ਤੇ ਕੇਂਦਰ ਸਰਕਾਰ ਵੱਲੋਂ ਪੁਸਤਕਾਂ ਜ਼ਬਤ ਨਾ ਕੀਤੇ ਜਾਣ ‘ਤੇ ਅਕਾਲੀ ਦਲ ਨੂੰ ਮੋਰਚਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਆਪ ਇਸ ਵਿੱਚ ਸਭ ਤੋਂ ਪਹਿਲਾਂ ਕੁਰਬਾਨੀ ਦੇਣਗੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਸ 15 ਕੁ ਮਿੰਟ ਦੇ ਲਗਭਗ ਕੀਤੀ ਇਸ ਤਕਰੀਰ ਨੂੰ ਕਰੀਬ ਇੱਕ ਲੱਖ ਸਰੋਤਿਆਂ ਦੇ ਇਕੱਠ ਨੇ ਬੜੀ ਸ਼ਾਂਤੀ ਨਾਲ ਸੁਣਿਆ ਅਤੇ ਇਸ ਸਾਰੇ ਸਮੇਂ ਵਿੱਚ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ, ਗੁੰਜਦੇ ਰਹੇ। ਇਸ ਸਾਰੇ ਸਮੇਂ ਵਿੱਚ ਸਟੇਜ ‘ਤੇ ਬੈਠੇ ਅਕਾਲੀ ਆਗੂ ਬੜੇ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਅਤੇ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਚੰਦਰ ਸ਼ੇਖਰ ਵੀ ਇਸ ਸਮੇਂ ਕਾਫ਼ੀ ਤਣਾਅ ਵਿੱਚ ਵਿਖਾਈ ਦੇ ਰਹੇ ਸਨ। ਇੰਝ ਲੱਗਦਾ ਸੀ ਕਿ ਜਿਵੇਂ ਅਕਾਲੀ ਆਗੂਆਂ ਨੂੰ ਇਸ ਅਣ ਕਿਆਸੀ ਗੱਲ ਹੋਣ ਦੀ ਆਸ ਨਹੀਂ ਸੀ। ਪੰ੍ਰਤੂ ਦੂਜੇ ਪਾਸੇ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਹ ਸਾਰੀ ਕਾਰਵਾਈ ਇਕ ਮਿੱਥੀ ਹੋਈ ਸਕੀਮ ਅਨੁਸਾਰ ਸਮੇਂ ਨੂੰ ਵੇਖ ਕੇ ਕੀਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਠੀਕ ਨਿਸ਼ਾਨਾ ਬੈਠਣ ਕਰਕੇ ਅਤੇ ਮੌਕੇ ਅਨੁਸਾਰ ਸੰਤ ਜਰਨੈਲ ਸਿੰਘ ਨੇ ਸਿੱਖਾਂ ਦੇ ਬਹੁਤ ਸਾਰੇ ਜਜ਼ਬਾਤਾਂ ਨੂੰ ਆਪਣੇ ਨਾਲ ਲੈ ਲਿਆ ਸੀ।” ਪੰਜਾਬੀ ਟ੍ਰਿਬਿਊਨ ਰਿਪੋਟਰ ਦੇ ਮੁਤਾਬਕ ਤਾਂ ਅਕਾਲੀ ਲੀਡਰਾਂ ਨੂੰ ਇਸ ਅਣਕਿਆਸੀ ਦੀ ਕੋਈ ਆਸ ਨਹੀਂ ਸੀ। ਪਰ ਅਸਲੀਅਤ ਵਿੱਚ ਅਕਾਲੀ ਲੀਡਰਾਂ ਨੂੰ ਇਹ ਬਿਲਕੁਲ ਪਤਾ ਸੀ ਸੰਤ ਭਿੰਡਰਾਂਵਾਲਿਆਂ ਨੇ ਜੋ ਕੁੱਝ ਕਹਿਣਾ ਹੈ ਉਹ ਸਾਨੂੰ ਸੂਤ ਨਹੀਂ ਬਹਿਣਾ ਇਹ ਸੋਚ ਕੇ ਉਹਨਾਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਟਾਈਮ ਨਹੀਂ ਸੀ ਦਿੱਤਾ। ਸੰਤਾਂ ਨੇ ਇਸ ਗੱਲ ਦਾ ਪਹਿਲਾ ਹੀ ਐਲਾਨ ਕੀਤਾ ਹੋਇਆ ਸੀ ਕਿ ਉਹ ਨਿਰੰਕਾਰੀ ਮਾਮਲੇ ’ਤੇ ਆਪਣੇ ਦਿਲ ਦੀ ਗੱਲ ਅਕਾਲੀ ਕਾਨਫਰੰਸ ਮੌਕੇ ਕਰਨਗੇ ਤੇ ਨਵਾਂ ਪ੍ਰੋਗਰਾਮ ਦੇਣਗੇ। ਇਸ ਗੱਲ ਦੀ ਤਸਦੀਕ ਉਸ ਵੇਲੇ ਦੀਆਂ ਅਖ਼ਬਾਰੀ ਖ਼ਬਰਾਂ ਤੋਂ ਵੀ ਹੁੰਦੀ ਹੈ। 24 ਅਕਤੂਬਰ 1978 ਦੇ ਪੰਜਾਬੀ ਟ੍ਰਿਬਿਊਨ ਵਿੱਚ ਇਸਦੇ ਸਟਾਫ ਰਿਪੋਟਰ ਦੇ ਹਵਾਲੇ ਨਾਲ ਖ਼ਬਰ ਛਪੀ ਸੀ, ਜਿਸ ਵਿੱਚ ਸੰਤ ਭਿੰਡਰਾਂਵਾਲਿਆਂ ਨੇ ਸਿੱਖਾਂ ਨੂੰ ਅਪੀਲ ਕੀਤੀ ਕੀ ਉਹ 28 ਅਕਤੂਬਰ ਨੂੰ ਲੁਧਿਆਣੇ ਅਕਾਲੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ। ਸੰਤਾਂ ਨੇ ਕਿਹਾ ਮੇਰੇ ਕੋਲ ਕੁੱਝ ਸਵਾਲ ਹਨ ਜਿਸ ਬਾਰੇ ਉਹ ਅਕਾਲੀ ਲੀਡਰਸ਼ਿਪ ਤੋਂ ਜਵਾਬ ਮੰਗਣਗੇ। ਮੈਂ ਪ੍ਰਮਾਤਮਾ ਆਸਰੇ ਤੁਰ ਰਿਹਾ ਹਾਂ। ਭਿੰਡਰਾਂਵਾਲਿਆਂ ਨੇ ਇਹ ਵੀ ਕਿਹਾ ਕਿ ਉਹ ਕਾਨਫਰੰਸ ਵਿੱਚ ਨਿਰੰਕਾਰੀ ਮਾਮਲੇ ’ਤੇ ਆਪਣੀ ਤਾਜ਼ਾ ਯੋਜਨਾ ਪੇਸ਼ ਕਰਨਾ ਚਾਹੁੰਦੇ ਹਨ। ਭਿੰਡਰਾਂਵਾਲਿਆਂ ਦੇ ਅਜਿਹੇ ਖੁੱਲ੍ਹੇ ਪ੍ਰਚਾਰ ਅਤੇ ਅਖ਼ਬਾਰੀ ਬਿਆਨਾਂ ਤੋਂ ਬਾਅਦ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ਅਕਾਲੀ ਲੀਡਰਾਂ ਨੂੰ ਸੰਤ ਦੇ ਇਰਾਦਿਆਂ ਦਾ ਇਲਮ ਨਹੀਂ ਸੀ। ਇਹੀ ਕਾਰਨ ਸੀ ਅਕਾਲੀ ਲੀਡਰ ਭਿੰਡਰਾਂਵਾਲਿਆਂ ਨੂੰ ਕਾਨਫਰੰਸ ਵਿੱਚ ਟਾਈਮ ਦੇ ਕੇ ਆਪਣੀ ਫਜੀਹਤ ਨਹੀਂ ਸੀ ਹੋਣ ਦੇਣਾ ਚਾਹੁੰਦੇ, ਜੋ ਕਿ ਹੋ ਕੇ ਰਹੀਂ।

ਲੇਖਕ ਗੁਰਪ੍ਰੀਤ ਸਿੰਘ ਮੰਡਿਆਣੀ (ਫਾਈਲ ਫੋਟੋ)

ਲੇਖਕ ਗੁਰਪ੍ਰੀਤ ਸਿੰਘ ਮੰਡਿਆਣੀ (ਫਾਈਲ ਫੋਟੋ)

ਮੈਨੂੰ ਇਹ ਵੀ ਯਾਦ ਹੈ ਕਿ ਭਿੰਡਰਾਂਵਾਲਿਆਂ ਦੀ ਤਕਰੀਰ ਨਾਲ ਸਰੋਤਿਆਂ ਵਿਚ ਮਾਹੌਲ ਇੰਨਾ ਜੋਸ਼ ਵਾਲਾ ਬਣ ਗਿਆ ਸੀ। ਬਹੁਤ ਸਾਰੇ ਲੋਕ ਉਠ ਕੇ ਜੈਕਾਰੇ ਲਾਉਣ ਲੱਗੇ। ਲਗਭਗ ਸਾਰੀਆਂ ਹੀ ਸੰਗਤਾਂ ਜੈਕਾਰਿਆਂ ਦਾ ਜਵਾਬ ਪੂਰੀ ਆਵਾਜ਼ ਨਾਲ ਦੇ ਰਹੀਆਂ ਸਨ। ਇਹ ਵੀ ਸਪੱਸ਼ਟ ਸੀ ਕਿ ਉਹ ਸਾਰੇ ਸੰਤ ਭਿੰਡਰਾਂਵਾਲਿਆਂ ਦੀ ਤਕਰੀਰ ਨੂੰ ਸਹੀ ਕਰਾਰ ਦੇ ਰਹੇ ਸਨ। ਚੰਦਰ ਸ਼ੇਖਰ ਨੇ ਅਜੇ ਬੋਲਣਾ ਸੀ। ਕਿਸੇ ਸੰਭਾਵਿਤ ਖਤਰੇ ਨੂੰ ਮੁੱਖ ਰੱਖਦਿਆਂ ਉਹਨੂੰ ਪੁਲਿਸ ਵਾਲੇ ਸਟੇਜ਼ ਤੋਂ ਉਠਾ ਕੇ ਲੈ ਗਏ। ਅਕਾਲੀ ਪੱਤ੍ਰਕਾ ਅਖਬਾਰ ਦੇ ਐਡੀਟਰ ਅਮਰ ਸਿੰਘ ਦੁਸਾਂਝ ਦਾ ਸਿੱਖਾਂ ਵਿਚ ਚੰਗਾ ਅਸਰ ਸੀ ਅਤੇ ਉਹ ਵਧੀਆ ਬੁਲਾਰੇ ਵੀ ਹਨ। ਦੁਸਾਂਝ ਸਾਹਿਬ ਨੇ ਸਟੇਜ ਸੰਭਾਲੀ ਤੇ ਲੋਕਾਂ ਨੂੰ ਇਹ ਕਹਿੰਦਿਆਂ ਸ਼ਾਂਤ ਹੋਣ ਦੀ ਅਪੀਲ ਕੀਤੀ। ‘ਖਾਲਸਾ ਜੀ, ਪੰਜਾਬ ਦੇਸ਼ ਦੀ ਖੜਗ ਭੁਜਾ ਹੈ, ਜਨਤਾ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਬਿਨਾਂ ਬੋਲਿਓਂ ਮੁੜ ਗਏ ਤਾਂ ਸਾਡਾ ਮੁਲਕ ਵਿਚ ਕੀ ਪ੍ਰਭਾਵ ਪਏਗਾ’। ਉਨ੍ਹਾਂ ਨੇ ਹੋਰ ਵੀ ਕਈ ਕਿਸਮ ਦੇ ਵਾਸਤੇ ਪਾ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਅਗਲੀ ਕਾਰਵਾਈ ਦਾ ਜ਼ਿਕਰ ਕਰਦਿਆਂ ਪੰਜਾਬੀ ਟ੍ਰਿਬਿਊਨ ਨੇ ਉਕਤ ਖਬਰ ਵਿਚ ਅਗਾਂਹ ਜਾ ਕੇ ਇਉਂ ਲਿਖਿਆ ‘‘ਭਾਂਵੇ ਸ. ਅਮਰ ਸਿੰਘ ਦੁਸਾਂਝ ਦੀ ਲੱਛੇਦਾਰ, ਚੁਸਤ ਅਤੇ ਸੰਖੇਪ ਜਿਹੀ ਤਕਰੀਰ ਨਾਲ ਮਾਹੌਲ ਕੁੱਝ ਸੰਭਲਿਆ, ਪੰ੍ਰਤੂ ਜਦੋਂ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਉਤੇਜਨਾ ਅਤੇ ਪ੍ਰੇਸ਼ਾਨੀ ਨਾਲ ਤਕਰੀਰ ਕਰਨ ਲਈ ਉਠੇ ਤਾਂ ਇਕ ਵਾਰ ਫਿਰ ਮਾਹੌਲ ਵਿਗੜਦਾ ਨਜ਼ਰ ਆਇਆ। ਸ. ਤਲਵੰਡੀ ਇਸ ਅਣਕਿਆਸੇ ਹਮਲੇ ਲਈ ਤਿਆਰ ਨਾ ਹੋਣ ਕਾਰਨ, ਤਕਰੀਰ ਵਿਚ ਸੰਤ ਜਰਨੈਲ ਸਿੰਘ ਵੱਲੋਂ ਕਹੇ ਸ਼ਬਦਾਂ ਦਾ ਗੁੱਸਾ ਸਾਫ ਝਲਕਦਾ ਸੀ ਤੇ ਉਨ੍ਹਾਂ ਵੱਲੋ ਸੰਤਾਂ ਬਾਬਤ ਵਰਤੇ ਕੁੜੱਤਣ ਵਾਲੇ ਲਫਜ਼ਾਂ ਨੇ ਇਹਦੀ ਤਸਦੀਕ ਵੀ ਕੀਤੀ। ਸ. ਤਲਵੰਡੀ ਨੇ ਬੜੇ ਜੋਸ਼ ਵਿਚ ਸਫਾਈ ਦਿੰਦਿਆਂ ਆਖਿਆ ਕਿ ਪਹਿਲਾਂ ਹੋਈਆਂ ਅਕਾਲੀ ਕਾਨਫਰੰਸਾਂ ਵਿਚ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਲੂਸ ਵਿਚ ਨਹੀਂ ਲਿਆਂਦੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਹਾਥੀ ਉਪਰ ਪ੍ਰਧਾਨ ਦੇ ਜਲੂਸ ਦਾ ਫੈਸਲਾ ਵਰਕਿੰਗ ਕਮੇਟੀ ਦਾ ਹੈ। ਉਨ੍ਹਾਂ ਕਿਹਾ ਕਿ ਅਗਰ ਲੋਕ ਸਾਡੇ ਤੋਂ ਸੰਤੁਸ਼ਟ ਨਹੀ ਤਾਂ ਅਕਾਲੀ ਦਲ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਸਾਰੇ ਅਹੁਦੇਦਾਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਲਈ ਤਿਆਰ ਹਨ। ਇਸ ਮੰਤਵ ਲਈ ਲੋਕਾਂ ਪਾਸੋਂ ਹਿਮਾਇਤ ਹਾਸਲ ਕਰਨ ਹਿੱਤ ਉਨ੍ਹਾਂ ਲੋਕਾਂ ਨੂੰ ਹੱਥ ਖੜ੍ਹੇ ਕਰਨ ਲਈ ਕਿਹਾ। ਇਸਦਾ ਉਤਰ ਇਕੱਠ ਵਿਚ ਕੁੱਝ ਲੋਕਾਂ ਨੇ ਹੱਥ ਖੜ੍ਹੇ ਕਰਕੇ ਦਿੱਤਾ।

ਜੋ ਮੈਂ ਦੇਖਿਆ ਸੁਣਿਆ, ਉਹ ਇਹ ਸੀ ਕਿ ਜਥੇਦਾਰ ਤਲਵੰਡੀ ਨੇ ਲੋਕਾਂ ਨੂੰ ਇਹ ਕਿਹਾ ਸੀ ਕਿ ਜੇ ਸਾਡੇ ਅਸਤੀਫੇ ਦਿੱਤਿਆਂ ਕਿਸੇ ਮਸਲੇ ਦਾ ਹੱਲ ਹੁੰਦਾ ਹੈ ਤਾਂ ਅਸੀਂ ਸਾਰੇ ਅੱਜੇ ਹੀ ਅਸਤੀਫੇ ਦੇਣ ਨੂੰ ਤਿਆਰ ਹਾਂ। ਹੁਣ ਹੱਥ ਖੜ੍ਹੇ ਕਰਕੇ ਤੁਸੀਂ ਦੱਸੋ। ਇਸ ‘ਤੇ ਬਹੁਤ ਸਾਰੇ ਲੋਕਾਂ ਨੇ ਹੱਥ ਖੜ੍ਹੇ ਕਰ ਦਿੱਤੇ। ਮੈਂ ਇਹੀ ਮਹਿਸੂਸ ਕੀਤਾ ਕਿ ਲੋਕਾਂ ਨੇ ਅਸਤੀਫੇ ਦੇਣ ਦੇ ਹੱਕ ਵਿਚ ਹੱਥ ਖੜ੍ਹੇ ਕੀਤੇ ਪਰ ਤਲਵੰਡੀ ਸਾਹਿਬ ਨੇ ਲੋਕਾਂ ਵੱਲੋਂ ਹੱਥ ਖੜ੍ਹੇ ਕਰਨ ਦੀ ਵਿਆਖਿਆ ਇਉਂ ਕੀਤੀ ‘ਦੇਖੋ। ਕਿੰਨੇ ਲੋਕ ਸਾਡੇ ਹੱਕ ਵਿਚ ਨੇ।’ ਮੈਂ ਜੋ ਮਹਿਸੂਸ ਕੀਤਾ ਸੀ, ਤਲਵੰਡੀ ਸਾਹਿਬ ਨੇ ਉਸਦੇ ਅਰਥਾਂ ਨੂੰ ਬਿਲਕੁਲ ਪਲਟ ਦਿੱਤਾ ਸੀ। ਆਪਣੀ ਗੱਲ ਦੀ ਤਸਕੀਕ ਕਰਨ ਲਈ ਮੈਂ ਆਪਣੇ ਆਲੇ ਦੁਆਲੇ ਬੈਠੇ ਇਕ ਦੋ ਤਿੰਨ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਬੰਦਿਆਂ ਨੇ ਕਿਹਾ ਕਿ ਅਸੀਂ ਵੀ ਤੇਰੇ ਵਾਂਗੂੰ ਹੀ ਗੱਲ ਸਮਝੀ ਸੀ। ਉਨ੍ਹਾਂ ਨੇ ਵੀ ਲੋਕਾਂ ਵੱਲੋਂ ਅਸਤੀਫਿਆਂ ਦੇ ਹੱਕ ਵਿਚ ਹੱਥ ਖੜ੍ਹੇ ਕਰਨਾ ਹੀ ਸਮਝਿਆ ਸੀ। ਨਾਲੇ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਤਕਰੀਰ ਵਿਚ ਕਿਸੇ ਦੇ ਅਸਤੀਫੇ ਦੀ ਮੰਗ ਨਹੀਂ ਸੀ ਕੀਤੀ। ਬਲਕਿ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਸੋ ਇਸ ਮੌਕੇ ਲੋਕਾਂ ਤੋਂ ਅਸਤੀਫਿਆਂ ਬਾਰੇ ਰਾਇ ਲੈਣ ਦੀ ਕੋਈ ਤੁੱਕ ਨਹੀਂ ਸੀ ਬਣਦੀ। ਸ਼ਾਇਦ ਘਬਰਾਹਟ ਅਤੇ ਗੁੱਸੇ ਵਿਚ ਤਲਵੰਡੀ ਸਾਹਿਬ ਲੋਕਾਂ ਤੋਂ ਬੇਲੋੜਾ ਸਵਾਲ ਤਾਂ ਪੁੱਛ ਗਏ, ਪਰ ਲੋਕਾਂ ਵੱਲੋਂ ਹੱਥ ਖੜ੍ਹੇ ਕਰਕੇ ਮਨਜ਼ੂਰੀ ਦੇਣ ਵਾਲੀ ਗੱਲ ਨੂੰ ਇਹ ਕਹਿ ਕੇ ਆਪਣੇ ਹੱਕ ਵਿਚ ਮੋੜਾ ਦਿੱਤਾ ਕਿ ਦੋਖੇ ਕਿੰਨੇ ਲੋਕ ਸਾਡੇ ਨਾਲ ਨੇ। ਤਲਵੰਡੀ ਸਾਹਿਬ ਦੀ ਇਸੇ ਗੱਲ ਦੇ ਅਸਰ ਹੇਠ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਵੀ ਉਹ ਪ੍ਰਭਾਵ ਲੈ ਗਿਆ ਕਿ ਲੋਕਾਂ ਨੇ ਸ਼ਾਇਦ ਤਲਵੰਡੀ ਸਾਹਿਬ ਦੀ ਹਿਮਾਇਤ ਹੀ ਕੀਤੀ ਹੈ। ਭਿੰਡਰਾਂਵਾਲਿਆਂ ਨੇ ਆਪਣੇ 25-30 ਹਥਿਆਰਬੰਦ ਸਾਥੀਆਂ ਨਾਲ ਪੂਰੇ ਗੁੱਸੇ ਵਿਚ ਕਾਨਫਰੰਸ ਵਿਚ ਉਠ ਕੇ ਜਾਂਦਿਆ ਨੂੰ ਮੈਂ ਬਿਲਕੁਲ ਨੇੜਿਓਂ ਤੱਕਿਆ ਸੀ। ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਹੁਣ ਭਿੰਡਰਾਂਵਾਲਾ ਕੁੱਝ ਕਰੂਗਾ। ਜਥੇਦਾਰ ਤਲਵੰਡੀ ਨੇ ਆਪਣੀ ਤਕਰੀਰ ਵਿਚ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ ਸੀ ਕਿ “ਢਾਈ ਕੁ ਟੋਟਰੂ ਉਠ ਕੇ ਆ ਜਾਂਦੇ ਆ।” ਢਾਈ ਟੋਟਰੂਆਂ ਵਾਲੀ ਗੱਲ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਯਾਦ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,